ਬਾਬਾ ਫ਼ਰੀਦ ਦਾ ਜੀਵਨ ਤੇ ਸਿੱਖਿਆਵਾਂ

By September 24, 2016 0 Comments


ਡਾ. ਮੁਹੰਮਦ ਇਦਰੀਸ
baba-farid
ਬਾਬਾ ਫ਼ਰੀਦ ਦਾ ਜਨਮ 1175 ਨੂੰ ਪਿੰਡ ਕੋਠਵਾਲ, ਜ਼ਿਲ੍ਹਾ ਮੁਲਤਾਨ ਵਿੱਚ ਹੋਇਆ ਸੀ। ਇਹ ਪਿੰਡ ਮੌਜੂਦਾ ਸਮੇਂ ਪਾਕਿਸਤਾਨ ਦੇ ਮਹਾਰਨ ਤੇ ਅਜੋਧਨ (ਪਾਕਪਟਨ) ਸ਼ਹਿਰਾਂ ਦੇ ਵਿਚਕਾਰ ਸਥਿਤ ਹੈ। ਇਸ ਦਾ ਪ੍ਰਚੱਲਿਤ ਨਾਂ ਹੁਣ ਮਸਾਇਖ-ਕੀ-ਚਾਵਲੀ ਹੈ। ਬਾਬਾ ਫ਼ਰੀਦ ਦਾ ਪੂਰਾ ਨਾਂ ਫ਼ਰੀਦ-ਉਦ-ਦੀਨ ਮਸਊਦ ਸ਼ਕਰਗੰਜ ਸੀ। ਫ਼ਰੀਦ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਅਨੋਖਾ ਜਾਂ ਅਦੁੱਤੀ ਹੋਣਾ ਹੈ। ਸ਼ੇਖ਼ ਸ਼ਬਦ ਵੀ ਅਰਬੀ ਭਾਸ਼ਾ ਦਾ ਹੈ, ਜਿਸ ਤੋਂ ਭਾਵ ਕਬੀਲੇ ਦੇ ਬਜ਼ੁਰਗ ਆਦਮੀ ਤੋਂ ਹੈ। ਸ਼ਕਰਗੰਜ ਤੋਂ ਭਾਵ ‘ਮਿਠਾਸ ਦਾ ਭੰਡਾਰ’ ਹੈ। ਫ਼ਰੀਦ ਦੇ ਨਾਂ ਨਾਲ ਸ਼ਕਰਗੰਜ ਸ਼ਬਦ ਕਿਸ ਤਰ੍ਹਾਂ ਲੱਗਾ ਇਸ ਬਾਰੇ ਕਈ ਪ੍ਰਥਾਵਾਂ ਪ੍ਰਚੱਲਿਤ ਹਨ। ਵਧੇਰੇ ਪ੍ਰਚੱਲਿਤ ਪ੍ਰਥਾ ਅਨੁਸਾਰ ਬਚਪਨ ਵਿੱਚ ਫ਼ਰੀਦ ਦੇ ਮਾਤਾ ਜੀ ਉਨ੍ਹਾਂ ਨੂੰ ਨਮਾਜ਼ ਪੜ੍ਹਨ ਲਈ ਪ੍ਰੇਰਦੇ ਸਨ। ਬਾਲ ਮਨ ਨੂੰ ਪ੍ਰੇਰਿਤ ਕਰਨ ਲਈ ਉਹ ਨਮਾਜ਼ ਪੜ੍ਹਨ ਵਾਲੇ ਮੁਸੱਲੇ ਹੇਠ ਕੁਝ ਸ਼ੱਕਰ ਰੱਖ ਦਿੰਦੇ ਸਨ। ਇੱਕ ਦਿਨ ਉਹ ਸ਼ੱਕਰ ਰੱਖਣੀ ਭੁੱਲ ਗਏ ਪਰ ਜਦੋਂ ਉਹ ਨਮਾਜ਼ ਪੜ੍ਹ ਕੇ ਹਟੇ ਤਾਂ ਸ਼ੱਕਰ ਮੁਸੱਲੇ ਹੇਠ ਪਈ ਸੀ। ਅਗੰਮੀ ਤੌਰ ’ਤੇ ਪ੍ਰਾਪਤ ਹੋਈ ਸ਼ੱਕਰ ਦੀ ਚਾਰੇ ਪਾਸੇ ਚਰਚਾ ਹੋਈ ਤੇ ਬਾਬਾ ਫ਼ਰੀਦ ਨੂੰ ਸ਼ਕਰਗੰਜ ਦੇ ਨਾਂ ਨਾਲ ਬੁਲਾਇਆ ਜਾਣ ਲੱਗਾ।
ਬਾਬਾ ਫ਼ਰੀਦ ਦੇ ਪਿਤਾ ਦਾ ਨਾਂ ਸ਼ੇਖ਼ ਜਮਾਲ-ਉਦ-ਦੀਨ ਸੁਲੇਮਾਨ ਤੇ ਮਾਤਾ ਦਾ ਨਾਂ ਕਰਸੂਮ ਸੀ। ਮੁੱਢਲੀ ਸਿੱਖਿਆ ਉਨ੍ਹਾਂ ਆਪਣੀ ਮਾਤਾ ਤੋਂ ਪ੍ਰਾਪਤ ਕੀਤੀ। ਉਨ੍ਹਾਂ ਦੇ ਦੋ ਭਰਾ ਵੱਡਾ ਇੱਜ-ਉਦ-ਦੀਨ ਮਹਿਮੂਦ ਦੇ ਛੋਟਾ ਨਜ਼ੀਬ-ਉਦ-ਦੀਨ ਮੁਹੰਮਦ ਮੁਤਵੱਕਿਲ ਸੀ। ਫ਼ਰੀਦ ਦੇ ਨਾਂ ਨਾਲ ਸ਼ੇਖ਼, ਬਾਬਾ, ਖ਼ਵਾਜ਼ਾ, ਪੀਰ, ਸੁਲਤਾਨ ਆਦਿ ਸ਼ਬਦ ਸ਼ਰਧਾ ਵਜੋਂ ਲਾਏ ਜਾਂਦੇ ਹਨ। ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਾਬਾ ਫ਼ਰੀਦ ਦੇ ਨਾਂ ਨਾਲ ਸ਼ੇਖ਼ ਸ਼ਬਦ ਲਿਖਿਆ ਗਿਆ ਹੈ। ਬਾਬਾ ਫ਼ਰੀਦ ਦਾ ਨਾਂ ਉਨ੍ਹਾਂ ਦੇ ਪਿਤਾ ਨੇ ਮਸ਼ਹੂਰ ਵਿਦਵਾਨ ਫ਼ਰੀਦ-ਉਦ-ਦੀਨ ਅਤਾਰ ਦੇ ਨਾਂ ’ਤੇ ਰੱਖਿਆ ਸੀ। ਉਨ੍ਹਾਂ ਦੇ ਪਿਤਾ ਸੁਲਤਾਨ ਮਹਿਮੂਦ ਗਜ਼ਨਵੀ ਦੇ ਭਾਣਜੇ ਸਨ। ਬਾਬਾ ਫ਼ਰੀਦ ਦੇ ਚਾਰ ਵਿਆਹ ਹੋਏ। ਇਨ੍ਹਾਂ ਵਿੱਚੋਂ ਇੱਕ ਵਿਆਹ ਦਿੱਲੀ ਦੇ ਸੁਲਤਾਨ ਨਸੀਰ-ਉਦ-ਦੀਨ ਮਹਿਮੂਦ ਦੀ ਪੁੱਤਰੀ ਹਜ਼ਬਰਾ ਨਾਲ ਹੋਇਆ ਸੀ। ਉਨ੍ਹਾਂ ਦੇ ਪੰਜ ਪੁੱਤਰ ਤੇ ਤਿੰਨ ਧੀਆਂ ਸਨ।
ਖ਼ਵਾਜਾ ਬਖ਼ਤਿਆਰ ਕਾਕੀ ਨੂੰ ਬਾਬਾ ਫ਼ਰੀਦ ਨੇ ਆਪਣਾ ਮੁਰਸ਼ਦ ਧਾਰਨ ਕੀਤਾ ਸੀ। ਬਖ਼ਤਿਆਰ ਕਾਕੀ ਦੇ ਚਿਸ਼ਤੀ ਸੂਫ਼ੀ ਸਿਲਸਿਲੇ ਦੇ ਮੁਖੀ ਬਣਨ ਪਿੱਛੋਂ ਬਾਬਾ ਫ਼ਰੀਦ ਨੇ ਅਜੌਧਨ ਨੂੰ ਆਪਣਾ ਸਥਾਈ ਟਿਕਾਣਾ ਬਣਾਇਆ। ਇੱਕ ਰਵਾਇਤ ਅਨੁਸਾਰ ਬਾਬਾ ਫ਼ਰੀਦ ਵਰਗੇ ਦਰਵੇਸ਼ ਦੀ ਰਿਹਾਇਸ਼ਗਾਹ ਹੋਣ ਕਰਕੇ ਅਜੋਧਨ ਦਾ ਨਾਂ ਪਾਕਪਟਨ ਪੈ ਗਿਆ। ਬਾਬਾ ਫ਼ਰੀਦ ਬਾਰੇ ਲਿਖਣ ਵਾਲੇ ਵਧੇਰੇ ਮੁਸਲਿਮ ਲੇਖਕਾਂ ਅਨੁਸਾਰ ਉਹ ਇਸਲਾਮ ਧਰਮ ਦੇ ਪੱਕੇ ਅਨੁਯਾਈ ਤੇ ਪ੍ਰਚਾਰਕ ਸਨ। ਮੁਸਲਿਮ ਲੇਖਕਾਂ ਅਨੁਸਾਰ ਬਾਬਾ ਫ਼ਰੀਦ ਨੇ ਆਪਣਾ ਪੂਰਾ ਜੀਵਨ ਇਸਲਾਮੀ ਸ਼ਰੀਅਤ ਤੇ ਮਰਿਆਦਾ ਅਨੁਸਾਰ ਬਤੀਤ ਕੀਤਾ। ਬਾਬਾ ਫ਼ਰੀਦ ਦੇ ਯਤਨਾਂ ਸਦਕਾ ਅਜੌਧਨ ਨੇੜਲੇ ਇਲਾਕਿਆਂ ਵਿੱਚ ਅਨੇਕਾਂ ਲੋਕਾਂ ਨੇ ਇਸਲਾਮ ਧਰਮ ਕਬੂਲ ਕੀਤਾ। ਇਸੇ ਕਾਰਨ ਮੁਸਲਿਮ ਲੇਖਕ ਬਾਬਾ ਫ਼ਰੀਦ ਨੂੰ ਸ਼ੇਖ਼-ਉਲ-ਇਸਲਾਮ ਆਦਿ ਨਾਵਾਂ ਨਾਲ ਬੁਲਾਉਂਦੇ ਹਨ। ਅਰਬੀ, ਫ਼ਾਰਸੀ, ਹਿੰਦੀ ਤੇ ਹੋਰ ਸਥਾਨਕ ਭਾਸ਼ਾਵਾਂ ਵਿੱਚ ਬਾਬਾ ਫ਼ਰੀਦ ਨੇ ਕਲਾਮ ਦੀ ਰਚਨਾ ਕੀਤੀ ਸੀ। ਉਹ ਪਹਿਲੇ ਸੂਫ਼ੀ ਸਨ, ਜਿਨ੍ਹਾਂ ਨੇ ਲਹਿੰਦੀ ਪੰਜਾਬੀ ਵਿੱਚ ਬਾਣੀ ਦੀ ਰਚਨਾ ਕੀਤੀ। ਉਨ੍ਹਾਂ ਨੂੰ ਪੰਜਾਬੀ ਭਾਸ਼ਾ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਬਾਬਾ ਫ਼ਰੀਦ ਪਹਿਲੇ ਸੂਫ਼ੀ ਸਨ, ਜਿਨ੍ਹਾਂ ਕੋਲ ਹਿੰਦੂ ਜੋਗੀ, ਸਾਧ, ਸੰਤ ਤੇ ਅਧਿਆਤਮਵਾਦੀ ਆ ਕੇ ਸੰਵਾਦ ਰਚਾਉਂਦੇ ਸਨ। ਬਾਬਾ ਫ਼ਰੀਦ ਆਪ ਵੀ ਗ਼ੈਰ-ਮੁਸਲਿਮ ਰਿਸ਼ੀਆਂ, ਮੁਨੀਆਂ ਤੇ ਜੋਗੀਆਂ ਦੇ ਡੇਰਿਆਂ ਉੱਤੇ ਜਾਂਦੇ ਸਨ ਤੇ ਉਨ੍ਹਾਂ ਨਾਲ ਸਦਭਾਵਨਾ, ਮਿਸ਼ਰਤ ਸੱਭਿਆਚਾਰ ਅਤੇ ਅਧਿਆਤਮਵਾਦ, ਮਾਨਵਤਾ ਦੇ ਭਲੇ ਤੇ ਏਕੀਕਰਨ ਆਦਿ ਵਿਸ਼ਿਆਂ ’ਤੇ ਵਿਚਾਰ ਗੋਸ਼ਟੀ ਕਰਦੇ ਸਨ।
ਮੱਧਕਾਲੀਨ ਸਮੇਂ ਦੌਰਾਨ ਸਰਬੱਤ ਦੇ ਭਲੇ, ਭਾਈਚਾਰਕ ਸਾਂਝ ਤੇ ਰਾਸ਼ਟਰਵਾਦ ਵਰਗੇ ਆਧੁਨਿਕ ਖੇਤਰਾਂ ਵਿੱਚ ਸ਼ੇਖ਼ ਫ਼ਰੀਦ, ਅਮੀਰ ਖ਼ੁਸਰੋ ਤੇ ਸਾਈਂ ਮੀਆਂ ਮੀਰ ਵਰਗੇ ਸੂਫ਼ੀਆਂ ਦਾ ਮਹੱਤਵਪੂਰਨ ਯੋਗਦਾਨ ਹੈ। ਬਾਬਾ ਫ਼ਰੀਦ ਨੇ ਸਿੱਖ ਗੁਰੂ ਸਾਹਿਬਾਨ ਵਾਂਗ ਸਰਬ ਸਾਂਝੀਵਾਲਤਾ, ਧਾਰਮਿਕ ਸਹਿਣਸ਼ੀਲਤਾ ਤੇ ਆਪਸੀ ਭਾਈਚਾਰੇ ’ਤੇ ਬਲ ਦਿੰਦਿਆਂ ਪਾਖੰਡ ਦੇ ਨਿਰੋਲ ਭੇਖ ਨੂੰ ਨਕਾਰਿਆ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਭਗਤੀ ਲਹਿਰ ਦੇ ਸੰਤਾਂ ਦੀਆਂ ਸਿੱਖਿਆਵਾਂ ਨਾਲ ਮੇਲ ਖਾਂਦੀਆਂ ਹਨ। ਇਸੇ ਕਾਰਨ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫ਼ਰੀਦ ਦੀ ਬਾਣੀ ਨੂੰ ਵੀ ਸਦੀਵੀਂ ਸਥਾਨ ਦਿੱਤਾ ਗਿਆ ਹੈ। ਬਾਬਾ ਫ਼ਰੀਦ ਨੇ ਮਨੁੱਖੀ ਜੀਵਨ ਜਿਉਣ ਲਈ ਪੰਜ ਮੰਜ਼ਿਲਾਂ ਦੱਸੀਆਂ ਹਨ, ਜਿਨ੍ਹਾਂ ਰਾਹੀਂ ਇਨਸਾਨ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਨੇ ਨਾਸ਼ਮਾਨਤਾ, ਗੁਰੂ ਦੀ ਸ਼ਰਨ, ਆਪੇ ਦੀ ਪਛਾਣ, ਪ੍ਰਭੂ ਪ੍ਰੇਮ ਤੇ ਰੱਬ ਦੀ ਰਜ਼ਾ ਨੂੰ ਜੀਵਨ ਦਾ ਮਨੋਰਥ ਮਿੱਥਿਆ ਹੈ।ਭਾਰਤ ਵਿੱਚ ਚਿਸ਼ਤੀ ਸੂੂਫ਼ੀ ਸਿਲਸਿਲੇ ਨੂੰ ਸਥਾਈ ਰੂਪ ਵਿੱਚ ਸਥਾਪਿਤ ਕਰਨ ਦਾ ਸਿਹਰਾ ਬਾਬਾ ਫ਼ਰੀਦ ਨੂੰ ਹੀ ਜਾਂਦਾ ਹੈ। ਸ਼ੇਖ਼ ਨਿਜ਼ਾਮ-ਉਦ-ਦੀਨ ਔਲੀਆ ਨੇ ਕਿਹਾ ਸੀ ਕਿ ਸ਼ੇਖ਼ ਫ਼ਰੀਦ ਉਨ੍ਹਾਂ ਸੂਫ਼ੀਆਂ ਵਿੱਚੋੋਂ ਸਨ, ਜਿਨ੍ਹਾਂ ਨੇ ਸੂਫ਼ੀਵਾਦ ਨੂੰ ਜਨਵਾਦੀ ਅੰਦੋਲਨ ਬਣਾ ਦਿੱਤਾ ਸੀ ਤੇ ਕਿਹਾ ਕਿ ਸੂਫ਼ੀਵਾਦ ਵਿੱਚ ਹਰ ਵਰਗ ਤੇ ਧਰਮ ਦੇ ਲੋਕਾਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਜੋ ਲੋਕਾਂ ਵਿੱਚ ਧਾਰਮਿਕ ਜਾਗਰੂਕਤਾ ਆ ਜਾਵੇ। ਬਾਬਾ ਫ਼ਰੀਦ ਭਾਰਤ ਦੇ ਮੋਢੀ ਸੂਫ਼ੀਆਂ ਵਿੱਚੋਂ ਸਨ। ਉਨ੍ਹਾਂ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਲੱਖਾਂ ਲੋਕਾਂ ਦਾ ਦਿਲ ਜਿੱਤਿਆ ਸੀ। ਉਨ੍ਹਾਂ ਨੇ ਆਪਣੇ ਕਾਲ ਦੀ ਨੈਤਿਕ ਤੇ ਸਮਾਜਿਕ ਧਾਰਾ ਦਾ ਮਾਰਗ ਦਰਸ਼ਨ ਕਰਨ ਦੀ ਸਕਾਰਾਤਮਿਕ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੁਆਰਾ ਸਥਾਨਕ ਭਾਸ਼ਾ ਭਾਵ ਪੰਜਾਬੀ ਵਿੱਚ ਦਿੱਤੀਆਂ ਸਿੱਖਿਆਵਾਂ ਨੇ ਲੋਕਾਂ ਦੀ ਸੋਚ, ਆਸਥਾ ਤੇ ਸੱਭਿਆਚਾਰ ਉੱਤੇ ਡੂੰਘਾ ਪ੍ਰਭਾਵ ਪੈਦਾ ਕੀਤਾ ਸੀ। ਉਹ ਸੱਯਦ ਭਾਵ ਉੱਚ ਦਰਜੇ ਦੇ ਮੁਸਲਮਾਨ ਹੁੰਦੇ ਹੋਏ ਵੀ ਆਮ ਤੇ ਅਖੌਤੀ ਨੀਚ ਜਾਤੀ ਦੇ ਲੋਕਾਂ ਬਾਰੇ ਉੱਚ ਵਿਚਾਰ ਰੱਖਦੇ ਸਨ।
ਬਾਬਾ ਫ਼ਰੀਦ ਦੇ ਕਾਲ ਸਮੇਂ ਹਿੰਦੂ-ਮੁਸਲਿਮ ਅਧਿਆਤਮਿਕਤਾ ਤੇ ਸਿਧਾਂਤਮਿਕਤਾ ਨੂੰ ਇਕਮਿਕ ਕਰਨਾ ਔਖਾ ਕੰਮ ਸੀ। ਭਾਵੁਕ ਇਕਸੁਰਤਾ ਸਥਾਪਿਤ ਕਰਨਾ ਛੇਤੀ ਸੰਭਵ ਸੀ। ਭਾਵੁਕ ਇਕਸੁਰਤਾ ਸਥਾਪਿਤ ਕਰਨ ਵਿੱਚ ਬਾਬਾ ਫ਼ਰੀਦ ਦੁਆਰਾ ਮਹੱਤਵਪੂਰਨ ਇਤਿਹਾਸਕ ਯੋਗਦਾਨ ਪਾਇਆ ਗਿਆ ਹੈ। ਪੰਜਾਬ ਦੇ ਆਧੁਨਿਕ ਸ਼ਹਿਰ ਫ਼ਰੀਦਕੋਟ ਦਾ ਨਾਂ ਵੀ ਬਾਬਾ ਫ਼ਰੀਦ ਦੇ ਨਾਂ ਤੋਂ ਹੀ ਪਿਆ ਹੈ। ਉਨ੍ਹਾਂ ਦੇ ਖ਼ਿਆਲ ਗੁਰਮਤਿ ਨਾਲ ਮਿਲਦੇ-ਜੁਲਦੇ ਸਨ। ਫ਼ਰਕ ਸਿਰਫ਼ ਇਹ ਸੀ ਕਿ ਉਨ੍ਹਾਂ ਦੇ ਧਾਰਮਿਕ ਸਿਧਾਂਤਾਂ ਦਾ ਆਧਾਰ ਇਸਲਾਮੀ ਵਿਚਾਰਧਾਰਾ ਹੈ। ਮਾਨਵਤਾ ਨਾਲ ਪਿਆਰ, ਸਰਬੱਤ ਦਾ ਭਲਾ, ਕਹਿਣੀ ਤੇ ਕਰਨੀ ਵਿੱਚ ਏਕਤਾ, ਸਿਦਕ, ਸਿਮਰਨ, ਨਿਮਰਤਾ ਤੇ ਸੱਚੇ-ਸੁੱਚੇ ਆਚਰਨ ਦੇ ਸਿਧਾਂਤ ਗੁਰਮਤਿ ਦੇ ਵਧੇਰੇ ਨੇੜੇ ਹਨ। ਬਾਬਾ ਫ਼ਰੀਦ 5 ਮੁਹੱਰਮ 664 ਹਿਜ਼ਰੀ ਭਾਵ 1265 ਨੂੰ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਨੂੰ ਪਾਕਪਟਨ ਵਿੱਚ ਦਫ਼ਨ ਕੀਤਾ ਗਿਆ ਸੀ। ਬਾਬਾ ਫ਼ਰੀਦ ਦੀ ਯਾਦ ਵਿੱਚ 19 ਤੋਂ 23 ਸਤੰਬਰ ਤਕ ਫ਼ਰੀਦਕੋਟ ਸ਼ਹਿਰ ’ਚ 47ਵੀਂ ਸਾਲਾਨਾ ਉਰਸ ਬਾਬਾ ਫ਼ਰੀਦ ਸੁਸਾਇਟੀ ਵੱਲੋਂ ਕਰਵਾਇਆ ਜਾ ਰਿਹਾ ਹੈ।
Tags:
Posted in: ਸਾਹਿਤ