ਗੁਰੂ ਅੰਗਦ ਦੇਵ ਜੀ

By September 24, 2016 0 Comments


ਅੰਗਰੇਜ ਸਿੰਘ ਹੁੰਦਲ

guru-angad-dev-jiਅਧਿਆਤਮਕ ਤੇ ਦੁਨਿਆਵੀ ਜੀਵਨ ਵਿੱਚ ਗੁਰੂ ਦਾ ਬਹੁਤ ਵੱਡਾ ਮਹੱਤਵ ਹੈ। ਪੰਜਾਬੀ ਲੋਕਧਾਰਾ ਵਿੱਚ ‘ਗੁਰੂ ਬਿਨਾਂ ਗੱਤ ਨਹੀਂ ਤੇ ਸ਼ਾਹ ਬਿਨਾਂ ਪੱਤ ਨਹੀਂ’ ਦੀ ਪੰਕਤੀ ਪ੍ਰਚੱਲਿਤ ਹੈ। ਗੁਰਬਾਣੀ ਵਿੱਚ ਗੁਰੂ ਨੂੰ ਗਿਆਨ ਤੇ ਗੁੜ੍ਹਤੀ ਦਾ ਦਾਤਾ ਹੋਣ ਦੇ ਨਾਲ-ਨਾਲ ਗੁਰੂ ਪਰਮੇਸ਼ਰ ਤੇ ਪਾਰਬ੍ਰਹਮ ਪਰਮੇਸ਼ਰ ਹੋਣ ਦਾ ਰੁਤਬਾ ਪ੍ਰਾਪਤ ਹੈ। ਭਾਈ ਵੀਰ ਸਿੰਘ ਗੁਰੂ ਦਾ ਅਰਥ ਅਗਿਆਨਤਾ ਦੇ ਹਨੇਰੇ ਨੂੰ ਕੱਟ ਕੇ ਗਿਆਨ ਰੂਪੀ ਪ੍ਰਕਾਸ਼ ਕਰ ਦੇਣ ਦੇ ਅਰਥਾਂ ਵਿੱਚ ਕਰਦੇ ਹਨ। ਸਿੱਖੀ ਵਿੱਚ ਗੁਰੂ ਤੇ ਗੁਰਗੱਦੀ ਦੀ ਬਖ਼ਸ਼ਿਸ਼, ਇਲਾਹੀ ਰਮਜ਼ ਦਾ ਵਰਤਾਰਾ ਹੈ।
ਗੁਰੂ ਨਾਨਕ ਦੇਵ ਜੀ ਨੇ ਇਸੇ ਇਲਾਹੀ ਫਰਮਾਨ ਰਾਹੀਂ ਭਾਈ ਲਹਿਣਾ ਜੀ ਨੂੰ ਸਤੰਬਰ 1539 ਵਿੱਚ ਗੁਰਗੱਦੀ ਬਖ਼ਸ਼ੀ। ਗੁਰੂ ਨਾਨਕ ਦੇਵ ਜੀ ਦੁਆਰਾ ਨਿਰਧਾਰਿਤ ਕੀਤੀਆਂ ਲੀਹਾਂ ਤੇ ਤਰਹੀਜਾਂ ਮੁਤਾਬਿਕ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ, ਲੰਗਰ, ਮੱਲ ਅਖਾੜੇ ਆਦਿ ਰਾਹੀਂ ਸਿੱਖੀ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦੀ ਰਸਮ ਆਪ ਅਦਾ ਕਰ ਕੇ ਭਾਈ ਲਹਿਣਾ ਤੋਂ ਗੁਰੂ ਅੰਗਦ ਬਣਾ ਕੇ ਆਪ ਮੱਥਾ ਟੇਕਿਆ ਤੇ ਆਪਣੇ ਪਿਆਰੇ ਸਿੱਖਾਂ ਨੂੰ ਵੀ ਉਨ੍ਹਾਂ ਨੂੰ ਮੱਥਾ ਟੇਕਣ ਦਾ ਆਦੇਸ਼ ਦਿੱਤਾ। ਇਸ ਨਾਲ ਸਿੱਖੀ ਨੂੰ ਗੁਰਿਆਈ ਪਰੰਪਰਾ ਦਾ ਗਿਆਨ ਹੋਇਆ ਤੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਸ ਦੀ ਸਪੱਸ਼ਟ ਪਛਾਣ ਹੋਈ।
ਗੁਰੂ ਨਾਨਕ ਦੇਵ ਜੀ ਆਪਣੇ ਪੁੱਤਰਾਂ ਦੇ ਸੁਭਾਅ ਤੋਂ ਪਹਿਲਾਂ ਹੀ ਜਾਣੂ ਸਨ ਤੇ ਉਹ ਸਿੱਖੀ ਪ੍ਰਚਾਰ ਦਾ ਨਵਾਂ ਕੇਂਦਰ ਸਥਾਪਿਤ ਕਰਨ ਦੇ ਇੱਛੁਕ ਵੀ ਸਨ। ਇਸ ਲਈ ਉਹ ਗੁਰੂ ਅੰਗਦ ਦੇਵ ਜੀ ਨੂੰ ‘ਖਡੂਰ ਸਾਹਿਬ’ ਨੂੰ ਆਪਣਾ ਪ੍ਰਚਾਰ ਕੇਂਦਰ ਬਣਾਉਣ ਬਾਰੇ ਕਹਿ ਗਏ ਸਨ। ਗੁਰੂ ਅੰਗਦ ਦੇਵ ਜੀ ਇੱਥੇ ਕਾਫ਼ੀ ਸਮਾਂ ਮਾਈ ਵਿਰਾਈ ਦੇ ਘਰ, ਗੁਪਤ-ਵਾਸ ਵਿੱਚ ਰਹੇ। ਗੁਰੂ ਜੀ ਨੇ ਇਸ ਮਾਈ ਨੂੰ ਕਹਿ ਰੱਖਿਆ ਸੀ ਕਿ ਕਿਸੇ ਨੂੰ ਵੀ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਾ ਦੇਣ। ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤ ਸਮਾਉਣ ਦੀ ਖ਼ਬਰ ਸੁਣ ਕੇ ਉਹ ਵੈਰਾਗ ਵਿੱਚ ਆ ਗਏ ਤੇ ਉਨ੍ਹਾਂ ਦੀ ਯਾਦ ਵਿੱਚ ਕਰਤਾਰ ਦੀ ਬੰਦਗੀ ਵਿੱਚ ਲੱਗੇ ਰਹੇ। ਸੰਗਤਾਂ ਨੇ ਅਖ਼ੀਰ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਉਹ ਗੁਰੂ ਅੰਗਦ ਦੇਵ ਜੀ ਦੇ ਟਿਕਾਣੇ ਦਾ ਪਤਾ ਕਰਨ। ਬਾਬਾ ਬੁੱਢਾ ਜੀ ਨੇ ਮਾਈ ਵਿਰਾਈ ਰਾਹੀਂ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਲਈ ਬੇਨਤੀ ਕੀਤੀ।
ਗੁਰੂ ਜੀ ਨੇ ਖਡੂਰ ਸਾਹਿਬ ਨੂੰ ਆਪਣਾ ਸਦਰ ਮੁਕਾਮ ਬਣਾਇਆ ਤੇ ਇੱਥੋਂ ਹੀ ਅਗਲੇਰੇ ਕਾਰਜ ਕਰਦੇ ਰਹੇ। ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿੱਪੀ ਦਾ ਪਹਿਲਾ ਬਾਲ ਬੋਧ ਜਾਰੀ ਕੀਤਾ ਗਿਆ। ਗੁਰੂ ਅੰਗਦ ਦੇਵ ਜੀ ਨੇ ਨਰੋਏ ਤੇ ਤੰਦਰੁਸਤ ਸਰੀਰਾਂ ਦੀ ਚੇਤਨਾ ਪੈਦਾ ਕਰਨ ਲਈ ਮੱਲ ਅਖਾੜਾ ਸਥਾਪਿਤ ਕੀਤਾ। ਗੁਰੂ ਜੀ ਦੁਆਰਾ ਨਰੋਈ ਦੇਹ ਦੀ ਪੈਦਾ ਕੀਤੀ ਚੇਤਨਾ ਵਿੱਚੋਂ ਹੀ ਸਿੱਖਾਂ ਵਿੱਚ ਇੱਕ ਸੱਭਿਆਚਾਰ ਪੈਦਾ ਹੋੋਇਆ, ਜੋ ਖ਼ਾਲਸਾ ਫ਼ੌਜ ਦੇ ਵਿਲੱਖਣ ਕਾਰਨਾਮਿਆਂ ਦਾ ਆਧਾਰ ਬਣਿਆ।
ਗੁਰੂ ਜੀ ਨੇ ਲੰਗਰ ਦੀ ਪ੍ਰਥਾ ਸਥਾਪਿਤ ਕੀਤੀ। ਇਸ ਵਿੱਚ ਗੁਰੂ ਜੀ ਦੇ ਮਹਿਲ ਮਾਤਾ ਖੀਵੀ ਜੀ ਨੇ ਵਡਮੁੱਲਾ ਯੋਗਦਾਨ ਪਾਇਆ। ਲੰਗਰ ਦੀ ਇਹ ਪ੍ਰਥਾ ਅੱਜ ਵੀ ਉਸੇ ਰੂਪ ਵਿੱਚ ਬਾਬਾ ਸੇਵਾ ਸਿੰਘ ਕਾਰ ਸੇਵਾ, ਖਡੂਰ ਸਾਹਿਬ ਦੀ ਸਰਪ੍ਰਸਤੀ ਹੇਠ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਿਰਵਿਘਨ ਚਲਾਈ ਜਾ ਰਹੀ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਗੁਰਿਆਈ ਦਾ ਲਗਪਗ 13 ਸਾਲ ਦਾ ਅਰਸਾ ਖਡੂਰ ਸਾਹਿਬ ਵਿੱਚ ਹੀ ਬਤੀਤ ਕੀਤਾ ਤੇ ਸਿੱਖੀ ਦੇ ਸੰਸਥਾਗਤ ਢਾਂਚੇ ਦੀ ਉਸਾਰੀ ਕੀਤੀ। ਇਸੇ ਸੰਸਥਾਗਤ ਢਾਂਚੇ ਕਰਕੇ ਸਿੱਖ ਕੌਮ ਦੀ ਵਿਲੱਖਣ ਹਸਤੀ ਤੇ ਸੱਭਿਆਚਾਰ ਹੋਂਦ ਵਿੱਚ ਆਇਆ।
Tags:
Posted in: ਸਾਹਿਤ