ਟੀ.ਵੀ. ਚੈਨਲ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਤੋਂ ਬਾਜ਼ ਆਉਣ- ਮੱਕੜ

By September 24, 2016 0 Comments


ਅੰਮਿ੍ਤਸਰ, 23 ਸਤੰਬਰ -ਜੀ. ਟੀ. ਵੀ. ‘ਤੇ ਚੱਲਦੇ ਸੀਰੀਅਲ ‘ਕਾਲਾ ਟੀਕਾ’ ‘ਤੇ 20 ਸਤੰਬਰ ਨੂੰ ਵਿਖਾਈ ਗਈੇ 258ਵੀਂ ਕਿਸ਼ਤ ‘ਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਸ੍ਰੀ ਸਾਹਿਬ ਦੀ ਗਲਤ ਢੰਗ ਨਾਲ ਵਰਤੋਂ ਕਰਨ ਦੀ ਪ੍ਰਧਾਨ ਸ਼੍ਰੋਮਣੀ ਕਮੇਟੀ ਜਥੇ: ਅਵਤਾਰ ਸਿੰਘ ਨੇ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ | ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਇਕ ਬਿਆਨ ਰਾਹੀ ਜਥੇ: ਅਵਤਾਰ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਸੀਰੀਅਲ ‘ਕਾਲਾ ਟੀਕਾ’ ‘ਚ ਇਕ ਨਵਜੰਮੀ ਬੱਚੀ ਦੀ ਬਲੀ ਦੇਣ ਲਈ ਇਕ ਔਰਤ ਵੱਲੋਂ ਸ੍ਰੀ ਸਾਹਿਬ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਦੇਸ਼-ਵਿਦੇਸ਼ ‘ਚ ਵੱਸਦੇ ਸਿੱਖਾਂ ‘ਚ ਭਾਰੀ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਆਪਣੇ ਸੀਰੀਅਲ ਦੀ ਪ੍ਰਸਿੱਧੀ ਲਈ ਟੀ.ਵੀ. ਚੈਨਲ ਸਿੱਖ ਭਾਵਨਾਵਾਂ ਨੂੰ ਢਾਹ ਲਗਾਉਣ ਵਾਲੀਆਂ ਕਾਰਵਾਈਆਂ ਤੋਂ ਬਾਜ਼ ਆਉਣ | ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਸਬ ਟੀ.ਵੀ. ਦੇ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਗਣੇਸ਼ ਦੀ ਮੂਰਤੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਕਰਦਿਆਂ ਵਿਖਾਇਆ ਗਿਆ ਜਿਸ ਸਬੰਧੀ ਸਬ ਟੀ.ਵੀ ਦੇ ਮੈਨੇਜਿੰਗ ਡਾਇਰੈਕਟਰ ਨੂੰ ਪੱਤਰ ਲਿਖ ਕੇ ਇਸ ਸੀਰੀਅਲ ਨੂੰ ਤੁਰੰਤ ਬੰਦ ਕਰਨ ਲਈ ਕਿਹਾ ਗਿਆ ਹੈ | ਉਨ੍ਹਾਂ ਕਿਹਾ ਕਿ ਜਥੇ: ਅਵਤਾਰ ਸਿੰਘ ਨੇ ਜੀ.ਟੀ.ਵੀ. ਦੇ ਉੱਚ ਅਧਿਕਾਰੀਆਂ ਨੂੰ ਵੀ ਸਿੱਖ ਧਰਮ ਨਾਲ ਖਿਲਵਾੜ ਕਰਨ ਵਾਲੇ ਸੀਰੀਅਲ ‘ਕਾਲਾ ਟੀਕਾ’ ਬੰਦ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਜੇਕਰ ਇਸ ਸੀਰੀਅਲ ਨੂੰ ਬੰਦ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |