ਨਸ਼ਈ ਨੌਜਵਾਨ ਪੁੱਤਰ ਨੂੰ ਮਾਪਿਆਂ ਨੇ ਸੰਗਲਾਂ ਨਾਲ ਬੰਨਿਆ

By September 23, 2016 0 Comments


ਨਸ਼ਿਆਂ ਦੇ ਪੂਰਤੀ ਲਈ ਸੋਨਾ, ਨਕਦੀ, ਕੀਮਤੀ ਵਸਤਾਂ ਚੋਰੀ ਕਰਕੇ ਵੇਚੀਆਂ

nashaਭਿੱਖੀਵਿੰਡ 23 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪੰਜ ਦਰਿਆਵਾਂ ਦੇ ਨਾਮ ਨਾਲ ਜਾਣੇ ਜਾਂਦੇ ਪੰਜਾਬ ਵਿਚ ਵੱਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਵਿਚ ਡੁੱਬ ਰਹੀ ਜੁਵਾਨੀ ਨੂੰ ਵੇਖ ਕੇ ਜਿਥੇ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ, ਧਾਰਮਿਕ ਸੰਸਥਾਵਾਂ, ਸਮਾਜਸੇਵੀ ਲੋਕ ਸਰਕਾਰਾਂ ਨੂੰ ਕੋਸ ਰਹੇ ਹਨ, ਉਥੇ ਦੂਜੇ ਪਾਸੇ ਪੰਜਾਬ ਦੀ ਅਕਾਲੀ ਸਰਕਾਰ ਮਾਰੂ ਨਸ਼ਿਆਂ ‘ਤੇ ਕੰਟਰੋਲ ਕਰਨ ਦੀ ਬਜਾਏ ਪੰਜਾਬ ਵਿਚ ਨਸ਼ਾ ਨਾ ਹੋਣ ਦਾ ਰਾਗ ਅਲਾਪ ਕੇ ਪਾਸਾ ਵੱਟ ਰਹੀ ਹੈ। ਜਦੋਂ ਕਿ ਮਾਰੂ ਨਸ਼ਿਆਂ ਵਿਚ ਡੁੱਬ ਚੁੱਕੇ ਨੌਜਵਾਨਾਂ ਤੇ ਮਾਪਿਆਂ ਦੀ ਤਰਸਯੋਗ ਹਾਲਤ ਨੂੰ ਨੇੜਿਉ ਹੋ ਕੇ ਵੇਖਿਆ ਜਾਵੇ ਤਾਂ ਸੂਬਾ ਪੰਜਾਬ ਦੀ ਅਤਿਮੰਦੀ ਹਾਲਤ ਦਾ ਨਕਸ਼ਾ ਸਾਹਮਣੇ ਆ ਜਾਂਦਾ ਹੈ ਅਤੇ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੋ ਜਾਂਦੇ ਹਨ। ਐਸੀ ਹੀ ਤਸਵੀਰ ਅੱਜ “ਪੰਜਾਬੀ ਜਾਗਰਣ” ਨੂੰ ਉਸ ਵਕਤ ਵੇਖਣ ਨੂੰ ਮਿਲੀ, ਜਦੋਂ ਨਸ਼ਿਆਂ ਦੇ ਆਦੀ ਹੋ ਚੁੱਕੇ ਨੌਜਵਾਨ ਸੁਖਵਿੰਦਰ ਸਿੰਘ ਉਰਫ ਗੱਬਰ ਪੁੱਤਰ ਜਗਤਾਰ ਸਿੰਘ ਵਾਸੀ ਭਿੱਖੀਵਿੰਡ ਨੂੰ ਘਰ ਦੇ ਬਾਹਰ ਟਾਹਲੀ ਦੇ ਦਰੱਖਤ ਨਾਲ ਸੰਗਲਾਂ ਨਾਲ ਬੰਨਿਆ ਹੋਇਆ ਸੀ। ਸੁਖਵਿੰਦਰ ਸਿੰਘ ਦੀਆਂ ਮਾੜੀਆਂ ਹਰਕਤਾਂ ਤੋਂ ਖਫਾ ਹੋਏ ਉਸ ਦੇ ਪਿਤਾ ਜਗਤਾਰ ਸਿੰਘ, ਦਾਦਾ ਸਾਉਣ ਸਿੰਘ, ਦਾਦੀ ਬਲਬੀਰ ਕੌਰ ਆਦਿ ਪਰਿਵਾਰ ਵੱਲੋਂ ਉਸ ਨੂੰ ਪਿਛਲੇ 15 ਦਿਨਾਂ ਤੋਂ ਲਗਾਤਾਰ ਸੰਗਲਾਂ ਨਾਲ ਬੰਨ ਕੇ ਰੱਖਿਆ ਹੋਇਆ ਹੈ। ਜਗਤਾਰ ਸਿੰਘ ਨੇ ਦੁੱਖੀ ਮਨ ਨਾਲ ਦੱਸਿਆ ਕਿ ਮੇਰਾ ਲੜਕਾ ਸੁਖਵਿੰਦਰ ਸਿੰਘ ਹੈਰੋਇਨ ਪੀਣ ਦਾ ਆਦੀ ਹੋ ਚੁੱਕਾ ਹੈ ਤੇ ਘਰ ਦੀਆਂ ਕੀਮਤੀ ਵਸਤੂਆਂ ਚੋਰੀ ਕਰਕੇ ਵੇਚ ਕੇ ਨਸ਼ਿਆਂ ਦੀ ਪੂਰਤੀ ਕਰਦਾ ਸੀ ਅਤੇ ਮਿਤੀ 23-8-2016 ਨੂੰ ਸੁਖਵਿੰਦਰ ਸਿੰਘ ਮੇਰੀ ਗੈਰ ਹਾਜਰੀ ਵਿਚ ਰਾਤ ਸਮੇਂ ਕੰਧ ਟੱਪ ਕੇ ਘਰ ਵਿਚੋਂ ਸੋਨੇ ਦੀਆਂ ਦੋਂ ਮੁੰਦੀਆਂ ਤੇ 1500 ਰੁਪਏ ਨਕਦ ਚੋਰੀ ਕਰਨ ਉਪਰੰਤ ਪਿੰਡ ਭਿੱਖੀਵਿੰਡ ਦੇ ਹਸ਼ਿਆਰ ਸਿੰਘ ਤੇ ਮਿੰਟੂ ਸਵਰਨਕਾਰ ਨੂੰ ਵੇਚ ਆਇਆ ਹੈ। ਇਸ ਚੋਰੀ ਸੰਬੰਧੀ ਮੇਰੀ ਮਾਂ ਬਲਵੀਰ ਕੌਰ ਵੱਲੋਂ ਡੀ.ਆਈ.ਜੀ ਬਾਰਡਰ ਰੇਂਜ ਅੰਮ੍ਰਿਤਸਰ ਤੇ ਐਸ.ਐਸ.ਪੀ ਤਰਨ ਤਾਰਨ, ਡੀ.ਐਸ.ਪੀ ਭਿੱਖੀਵਿੰਡ ਨੂੰ ਦਰਖਾਸਤਾਂ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਗਈ। ਚੱਲਣ-ਫਿਰਨ ਤੋਂ ਅਸਮੱਰਥ ਤੇ ਦਿਲ ਦੀ ਰੋਗੀ ਮਾਤਾ ਬਲਵੀਰ ਕੌਰ ਨੇ ਰੋਦਿਆਂ ਹੋਇਆ ਆਖਿਆ ਕਿ ਸਾਡੇ ਨੌਜਵਾਨ ਪੋਤਰੇ ਗੱਬਰ ਨੇ ਪਰਿਵਾਰ ਨੂੰ ਕਮਾਈ ਕਰਕੇ ਰੋਟੀ ਖੁਆਉਣੀ ਸੀ, ਪਰ ਮਾਰੂ ਨਸ਼ਿਆਂ ਨੇ ਗੱਬਰ ਵਰਗੇ ਅਨੇਕਾਂ ਨੌਜਵਾਨਾਂ ਨੂੰ ਆਪਣੀ ਲਪੇਟ ਵਿਚ ਲੈ ਕੇ ਇਹਨਾਂ ਦੀਆਂ ਜਿੰਦਗੀਆਂ ਬਰਬਾਦ ਕਰ ਦਿੱਤੀਆਂ ਹਨ। ਉਸ ਨੇ ਪੰਜਾਬ ਸਰਕਾਰ ‘ਤੇ ਗਿਲਾ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਅੱਤਵਾਦ ਨੂੰ ਖਤਮ ਕਰ ਸਕਦੀ ਹੈ ਤਾਂ ਪੰਜਾਬ ਵਿਚ ਨਸ਼ਿਆਂ ਦਾ ਧੰਦਾ ਕਰਨ ਵਾਲੇ ਨਸ਼ਿਆਂ ਦੇ ਵਪਾਰੀਆਂ ਨੂੰ ਨੱਥ ਕਿਉ ਨਹੀ ਪਾ ਸਕਦੀ। ਮਾਤਾ ਬਲਬੀਰ ਕੌਰ ਤੇ ਜਗਤਾਰ ਸਿੰਘ ਨੇ ਇਹ ਵੀ ਕਿਹਾ ਕਿ ਸਰਕਾਰ ਦੀ ਛੱਤਰ-ਛਾਇਆ ਤੇ ਪੁਲਿਸ ਦੀ ਮਿਲੀਭੁਗਤ ਨਾਲ ਪੂਰੇ ਭਿੱਖੀਵਿੰਡ ਵਿਚ ਅਨੇਕਾਂ ਹੀ ਹੈਰੋਇਨ ਵੇਚਣ ਵਾਲਿਆਂ ਦੇ ਅੱਡੇ ਚੱਲ ਰਹੇ ਹਨ, ਪਰ ਪੁਲਿਸ ਸਭ ਕੁਝ ਜਾਨਣ ਦੇ ਬਾਵਜੂਦ ਵੀ ਅੱਖਾਂ ਬੰਦ ਕਰਕੇ ਬੈਠੀ ਹੋਈ ਹੈ। ਉਹਨਾਂ ਨੇ ਮੁੱਖ ਮੰਤਰੀ ਪੰਜਾਬ, ਡੀ.ਜੀ.ਪੀ ਪੰਜਾਬ ਪਾਸੋਂ ਪੁਰਜੋਰ ਮੰਗ ਕੀਤੀ ਕਿ ਨਸ਼ਿਆਂ ਦੇ ਸੋਦਾਗਰਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਗੱਬਰ ਵਾਂਗ ਨੌਜਵਾਨਾਂ ਦੀ ਜਿੰਦਗੀਆਂ ਬਰਬਾਦ ਹੋਣ ਤੋਂ ਬੱਚ ਸਕਣ। ਇਸ ਮਸਲੇ ਸੰਬੰਧੀ ਸਵਰਨਕਾਰ ਮਿੰਟੂ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਮੈਂ ਦੋ ਸੋਨੇ ਦੀਆਂ ਮੰੁਦਰੀਆਂ ਹਸ਼ਿਆਰ ਸਿੰਘ ਕੋਲੋ 15000 ਰੁਪਏ ਵਿਚ ਖ੍ਰੀਦੀਆਂ ਹਨ।

Posted in: ਪੰਜਾਬ