ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦੀ ਗਿਆਨੀ ਗੁਰਮੁੱਖ ਸਿੰਘ ਦੀ ਬੰਦ ਕਮਰਾ ਮੀਟਿੰਗ ਚਰਚਾ ਦਾ ਵਿਸ਼ਾ ਬਣੀ

By September 23, 2016 0 Comments


rss-leadersਅੰਮ੍ਰਿਤਸਰ 23 ਸਤੰਬਰ (ਜਸਬੀਰ ਸਿੰਘ ਪੱਟੀ) ਸੌਦਾ ਸਾਧ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਮੁਆਫੀ ਦਿਵਾਉਣ ਤੇ ਫਿਰ ਸੰਗਤਾਂ ਦੇ ਜਬਰਦਸਤ ਵਿਰੋਧ ਕਾਰਨ ਮੁਆਫੀ ਰੱਦ ਕਰਨ ਲਈ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਇੱਕ ਫਿਰ ਉਸ ਵੇਲੇ ਸੁਰਖੀਆ ਵਿੱਚ ਆ ਗਏ ਹਨ ਜਦੋ ਉਹਨਾਂ ਨੇ ਬੀਤੀ ਰਾਤ ਆਰ.ਐਸ.ਐਸ ਦੇ ਕੱਟੜ ਵਰਕਰ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਹੀ ਨਹੀ ਕੀਤੀ ਸਗੋ ਉਹਨਾਂ ਨੂੰ ਆਪਣੇ ਘਰ ਪ੍ਰਸ਼ਾਦਾ ਪਾਣੀ ਛਕਾ ਕੇ ਉਹਨਾਂ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਿਸ ਨੂੰ ਲੈ ਕੇ ਸਮੁੱਚਾ ਪੰਥ ਸਕਤੇ ਵਿੱਚ ਹੈ ਤੇ ਕਿਸੇ ਨਵੀ ਪੰਥਕ ਮੁਸੀਬਤ ਵੱਲ ਹੈਰਾਨਗੀ ਭਰੀਆ ਨਜ਼ਰਾਂ ਨਾਲ ਵੇਖ ਰਿਹਾ ਹੈ।
ਪ੍ਰਾਪਤ ਜਾਣਕਾਰੀ ਸਾਬਕਾ ਪ੍ਰਧਾਨ ਸ੍ਰੀ ਕਮਲ ਸ਼ਰਮਾ, ਸਥਾਨਕ ਨਗਰ ਨਿਗਮ ਦੇ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ, ਭਾਜਪਾ ਦੇ ਕੌਮੀ ਸਕੱਤਰ ਤਰੂਣ ਚੁਗ, ਕੌਸਲਰ ਜਰਨੈਲ ਸਿੰਘ ਢੋਟ ਤੇ ਇੱਕ ਸਥਾਨਕ ਕੱਪੜੇ ਦੇ ਵਪਾਰੀ ਨੇ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਿਆ ਤੇ ਫਿਰ ਪੁਰਾਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਦਰਸ਼ਨ ਕੀਤੇ। ਇਸ ਤੋ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੀ ਇਹਨਾਂ ਭਾਜਪਾਈਆ ਨੇ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਲੰਗਰ ਵੀ ਛੱਕਿਆ ਪਰ ਇਹ ਟੀਮ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਨਹੀ ਗਈ। ਇਸ ਟੀਮ ਦੇ ਨਾਲ ਗਏ ਇੱਕ ਕੱਪੜੇ ਦੇ ਵਾਪਰੀ ਨੇ ਇਸ ਟੀਮ ਦੇ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਬਿਰਧ ਸਰੂਪਾਂ ਦੇ ਦਰਸ਼ਨ ਕਰਨ ਤੇ ਗਿਆਨੀ ਗੁਰਮੁੱਖ ਸਿੰਘ ਨਾਲ ਬੰਦ ਕਮਰਾ ਹੋਈ ਮੀਟਿੰਗ ਦੀ ਪੁਸ਼ਟੀ ਕਰਦਿਆ ਕਿਹਾ ਕਿ ਉਹ ਤਾਂ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਤੱਕ ਹੀ ਉਹਨਾਂ ਦੇ ਨਾਲ ਗਏ ਸਨ। ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਦੇ ਘਰ ਜਦੋਂ ਇਹ ਟੀਮ ਪੁੱਜੀ ਤਾਂ ਟੀਮ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ। ਗਿਆਨੀ ਗੁਰਮੁੱਖ ਸਿੰਘ ਨੇ ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਦੇ ਕਿਚਨ ਕੈਬਨਿਟ ਦੇ ਆਗੂ ਕਮਲ ਸ਼ਰਮਾ ਨਾਲ ਕਰੀਬ ਇੱਕ ਘੰਟਾ ਬੰਦ ਕਮਰਾ ਮੀਟਿੰਗ ਕੀਤੀ ਤੇ ਇਸ ਮੀਟਿੰਗ ਨੂੰ ਲੈ ਕੇ ਸਿੱਖ ਸੰਗਤਾਂ ਪੂਰੀ ਵਿੱਚ ਸਕਤੇ ਵਿੱਚ ਹੈ। ਕੁਝ ਸਿੱਖ ਬੁੱਧੀਜੀਵੀਆ ਦਾ ਮੰਨਣਾ ਹੈ ਕਿ ਸਿੱਖ ਨੌਜਵਾਨਾਂ ਨੂੰ ਕਿਸੇ ਨਵੇਂ ਸੰਕਟ ਵਿੱਚ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਹੜਾ ਪੰਜਾਬ ਦੇ ਅਮਨ ਸ਼ਾਤੀ ਲਈ ਖਤਰਾ ਪੈਦਾ ਕਰ ਸਕਦਾ ਹੈ।
ਮੀਟਿੰਗ ਦੇ ਵੇਰਵੇ ਤਾਂ ਭਾਂਵੇ ਨਹੀ ਮਿਲ ਸਕੇ ਪਰ ਚਰਚਾ ਪਾਈ ਜਾ ਰਹੀ ਹੈ ਕਿ ਗਿਆਨੀ ਗੁਰਮੁੱਖ ਸਿੰਘ ਇਸ ਤੋ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਵੀ ਗੁਪਤ ਮੀਟਿੰਗ ਕਰ ਚੁੱਕੇ ਹਨ ਤੇ ਇਹ ਮੀਟਿੰਗ ਵੀ ਉਸੇ ਮੀਟਿੰਗ ਦਾ ਇੱਕ ਹਿੱਸਾ ਹੈ। ਚਰਚਾ ਹੈ ਕਿ ਗਿਆਨੀ ਗੁਰਮੁੱਖ ਸਿੰਘ ਨੇ ਜਥੇਦਾਰ ਅਕਾਲ ਤਖਤ ਬਨਣ ਦੀ ਇੱਛਾ ਜ਼ਾਹਿਰ ਕੀਤੀ ਹੈ ਪਰ ਭਾਜਪਾ ਦੀ ਇੱਕ ਹੀ ਸ਼ਰਤ ਹੈ ਕਿ ਸੌਦਾ ਸਾਧ ਨੂੰ ਮੁਆਫੀ ਦਿੱਤੀ ਜਾਵੇ। ਗਿਆਨੀ ਗੁਰੁਮੱਖ ਸਿੰਘ ਨੇ ਪਹਿਲਾਂ ਵੀ ਜਦੋ 24 ਸਤੰਬਰ 2015 ਨੂੰ ਸੌਦਾ ਸਾਧ ਨੂੰ ਮੁਆਫੀ ਦੇਣ ਵਿੱਚ ਵੱਡਾ ਰੋਲ ਨਿਭਾਇਆ ਸੀ ਤੇ ਬਾਕੀ ਜਥੇਦਾਰਾਂ ਕੋਲੋ ਪੰਜਾਬ ਦੀ ਹਾਕਮ ਧਿਰ ਦੇ ਦਬਕੇ ਨਾਲ ਦਸਤਖਤ ਕਰਵਾਏ ਸਨ। ਸੌਦਾ ਸਾਧ ਦੀ ਮੁਆਫੀ ਉਪਰੰਤ ਪੰਥਕ ਸਫਾਂ ਵਿੱਚ ਅਜਿਹਾ ਤੂਫਾਨ ਖੜਾ ਹੋ ਗਿਆ ਸੀ ਕਿ ਇਸ ਤੂਫਾਨ ਤੋ ਜਥੇਦਾਰਾਂ ਨੂੰ ਬਚਾਉਣ ਲਈ ਸਰਕਾਰ ਨੂੰ ਸੰਗੀਨਾਂ ਤੇ ਜਵਾਨਾਂ ਦੀ ਦੀਵਾਰ ਖੜੀ ਕਰਨੀ ਪਈ ਸੀ ਅਤੇ ਉਹਨਾਂ ਦੀ ਸੁਰੱਖਿਆ ਵਿੱਚ ਢੇਰ ਸਾਰਾ ਵਾਧਾ ਕਰ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਘਰ ਨੂੰ ਵੀ ਸੰਗਤਾਂ ਤੇ ਚਾਰੇ ਪਾਸਿਆ ਤੋ ਘੇਰਿਆ ਹੋਇਆ ਸੀ ਪਰ ਖ਼ਾਕੀ ਵਰਦੀ ਪੁਲੀਸ ਵੀ ਸੰਗੀਨਾਂ ਸਮੇਤ ਪਹਿਰੇਦਾਰ ਬਣੀ ਹੋਈ ਸੀ ਕਿਉਕਿ ਸ਼੍ਰੋਮਣੀ ਕਮੇਟੀ ਨੇ ਸੌਦਾ ਸਾਧ ਦੀ ਮੁਆਫੀ ਨੂੰ ਸਹੀ ਦੱਸਣ ਲਈ ਗੁਰੂ ਦੀ ਗੋਲਕ ਵਿੱਚੋ 90 ਲੱਖ ਤੋ ਵਧੇਰੇ ਰਕਮ ਖਰਚ ਕਰਕੇ ਗੁਰੂ ਦੀ ਗੋਲਕ ਦੀ ਲੁੱਟ ਮਚਾਈ ਪਰ ਲੋਕ ਰੋਹ ਅੱਗੇ ਗੋਡੇ ਟੇਕਦਿਆ ਤਖਤਾਂ ਦੇ ਜਥੇਦਾਰਾਂ ਨੂੰ 16 ਅਕਤੂਬਰ 2015 ਨੂੰ ਸੌਦਾ ਸਾਧ ਦੇ ਅਪੁਸ਼੍ਰਟ ਮੁਆਫੀਨਾਮੇ ਤੇ ਦਿੱਤੀ ਗਈ ਮੁਆਫੀ ਇਹ ਕਹਿ ਕੇ ਵਾਪਸ ਲੈ ਗਈ ਕਿ ਉਹਨਾਂ ਨੇ ਆਦੇਸ਼ ਜਾਰੀ ਨਹੀ ਕੀਤਾ ਸੀ ਸਗੋ ਗੁਰਮਤਾ ਕੀਤਾ ਗਿਆ ਸੀ ਜਿਹੜਾ ਸੰਗਤਾਂ ਦੀ ਭਾਵਨਾਵਾਂ ਨੂੰ ਮੁੱਖ ਰੱਖਦਿਆ ਵਾਪਸ ਲਿਆ ਜਾਂਦਾ ਹੈ।
ਆਰ.ਐਸ.ਐਸ ਦੇ ਇੱਕ ਆਗੂ ਨੇ ਦੱਸਿਆ ਕਿ2014 ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਤਾਬਦੀ ਮਨਾਈ ਗਈ ਸੀ ਤਾਂ ਉਸ ਸਮੇਂ ਰਾਸ਼ਟਰੀ ਸਿੱਖ ਸੰਗਤ ਜਿਹੜੀ ਰਾਸ਼ਟਰੀ ਸੋਇਮ ਸੇਵਕ ਦੀ ਹੀ ਬਰਾਂਚ ਹੈ ਨੇ ਸ੍ਰੀ ਅਕਾਲ ਤਖਤ ਸਾਹਿਬ ਤੋ ਹਜੂਰ ਸਾਹਿਬ ਤੱਕ ਸਦਭਾਵਨਾ ਯਾਤਰਾ ਦੇ ਨਾਮ ਹੇਠ ਯਾਤਰਾ ਕਰਨ ਦੀ ਆਗਿਆ ਨਹੀ ਮੰਗੀ ਸੀ ਤਾਂ ਕਿ ਗੁਰੂਦੁਆਰਿਆ ਵਿੱਚ ਸਮਾਗਮ ਕੀਤੇ ਜਾ ਸਕਣ ਪਰ ਤੱਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਦੇਸ਼ ਭਰ ਦੇ ਗੁਰੂਦੁਆਰਿਆ ਨੂੰ ਆਦੇਸ਼ ਜਾਰੀ ਕਰ ਦਿੱਤੇ ਸਨ ਕਿ ਰਾਸ਼ਟਰੀ ਸਿੱਖ ਸੰਗਤ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਨਾ ਦਿੱਤੇ ਜਾਣ ਅਤੇ ਕਿਸੇ ਕਿਸਮ ਦਾ ਸਹਿਯੋਗ ਵੀ ਨਾ ਕੀਤਾ ਜਾਵੇ ਜਿਹਨਾਂ ਨੂੰ ਲੈ ਕੇ ਗਿਆਨੀ ਵੇਦਾਂਤੀ ਨੂੰ ਆਰ.ਐਸ.ਐਸ ਨੇ ਦਬਕਾ ਵੀ ਮਾਰਿਆ ਗਿਆ ਸੀ ਕਿ ਉਹ ਅੱਗ ਨਾਲ ਨਾ ਖੇਡੇ। ਉਹਨਾਂ ਕਿਹਾ ਕਿ ਉਹਨਾਂ ਨੇ ਹੀ ਗਿਆਨੀ ਵੇਦਾਂਤੀ ਨਾਲ ਆਰ.ਐਸ.ਐਸ ਦੇ ਆਗੂਆਂ ਨਾਲ ਦੋ ਮੀਟਿੰਗਾਂ ਵੀ ਕਰਵਾਈਆ ਸਨ। ਚਰਚਾ ਹੈ ਕਿ ਗਿਆਨੀ ਗੁਰਮੁੱਖ ਸਿੰਘ ਨੇ ਰਾਜਨਾਥ ਸਿੰਘ ਨਾਲ ਇਹ ਵਾਅਦਾ ਵੀ ਕੀਤਾ ਹੈ ਕਿ ਉਹ ਇਹ ਆਦੇਸ਼ ਵਾਪਸ ਲੈ ਲੈਣਗੇ। ਜੇਕਰ ਇਹ ਆਦੇਸ਼ ਵਾਪਸ ਹੁੰਦੇ ਹਨ ਤਾਂ ਫਿਰ ਆਰ ਐਸ ਐਸ ਦੀ ਗੁਰੂਦੁਆਰਿਆ ਵਿੱਚ ਸਿੱਧੀ ਦਖਲਅੰਦਾਜੀ ਨੂੰ ਰੋਕਿਆ ਨਹੀ ਜਾ ਸਕੇਗਾ ਤੇ ਉਹ ਮੰਦਰਾਂ ਵਾਂਗ ਹੀ ਆਪਣੇ ਨਿਯਮਾਂ ਅਨੁਸਾਰ ਗੁਰੂਦੁਆਰਿਆ ਵਿੱਚ ਕਾਰਜ ਕਰਨਗੇ।
ਉਸ ਸਮੇਂ ਜਥੇਦਾਰਾਂ ਨੇ ਸੌਦਾ ਸਾਧ ਦਾ ਮੁਆਫੀਨਾਮਾ ਭਾਂਵੇ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਪਰ ਸੰਗਤਾਂ ਦਾ ਰੋਹ ਪੂਰੀ ਤਰ•ਾ ਪਰਚੰਡ ਰਿਹਾ ਤੇ ਉਹ ਜਥੇਦਾਰਾਂ ਤੋ ਅਸਤੀਫੇ ਮੰਗਦੇ ਰਹੇ। ਜਥੇਦਾਰਾਂ ਦਾ ਜਨਤਕ ਤੌਰ ਤੇ ਵਿਚਰਨਾ ਕਈ ਮਹੀਨੇ ਬੰਦ ਰਿਹਾ ਤੇ ਉਹ ਜਾਂ ਤਾਂ ਅੰਦਰੀ ਵੜੇ ਰਹੇ ਜਾਂ ਫਿਰ ਬਿਨਾਂ ਦੱਸੇ ਆਪਣੇ ਵਿਸ਼ੇਸ਼ ਸ਼ਰਧਾਲੂਆ ਕੋਲ ਵਿਦੇਸ਼ਾਂ ਵਿੱਚ ਹੀ ਜਾ ਬਿਰਾਜੇ।
ਜਥੇਦਾਰੀ ਨੂੰ ਝੱਖ ਮਾਰਨ ਲਈ ਜੇਕਰ ਗਿਆਨੀ ਗੁਰਮੁੱਖ ਸਿੰਘ ਇੱਕ ਵਾਰੀ ਫਿਰ ਸੌਦਾ ਸਾਧ ਨੂੰ ਮੁਆਫੀ ਦੇਣ ਦੀ ਕੋਸ਼ਿਸ਼ ਕਰਨਗੇ ਤਾਂ ਫਿਰ ਮਾਲਵੇ ਵਿੱਚ ਸੌਦਾ ਸਾਧ ਦੇ ਚੇਲੇ ਤਾਂ ਅਕਾਲੀ ਦਲ ਭਾਜਪਾ ਨੂੰ ਵੋਟ ਪਾ ਦੇਣਗੇ ਪਰ ਬਾਕੀ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਡੱਬੇ ਖਾਲੀ ਹੀ ਰਹਿਣਗੇ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਨੇ ਇਸ ਮੁਲਾਕਾਤ ਤੇ ਚਿੰਤਾ ਪ੍ਰਗਟ ਕਰਦਿਆ ਕਿਹਾ ਕਿ ਸਿੱਖ ਕੌਮ ਤੇ ਕੋਈ ਨਵੀ ਭੀੜ ਬਣਨ ਵਾਲੀ ਹੈ ਜਿਸ ਦਾ ਸੰਗਤਾਂ ਨੂੰ ਸਮੇਂ ਤੋ ਪਹਿਲਾਂ ਹੀ ਵਿਰੋਧ ਸ਼ੁਰੂ ਕਰ ਦੇਣਾ ਚਾਹੀਦਾ ਹੈ।