ਕੀ 2004 ‘ਚ ਆਰ.ਆਰ.ਐਸ. ਖਿਲਾਫ ਜਾਰੀ ਹੁਕਮਨਾਮਾ ਬਦਲਣ ਦੀ ਤਿਆਰੀ?

By September 23, 2016 0 Comments


rss-leadersਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਬੀਤੇ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਏ ਗਏ ਤਖਤਾਂ ਦੇ ਜਥੇਦਾਰਾਂ ਵਲੋਂ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਗਈ ਬਿਨ ਮੰਗੀ ਮੁਆਫੀ ਮਾਮਲੇ ਵਿੱਚ ਚਰਚਾ ‘ਚ ਰਹੇ ਗਿਆਨੀ ਗੁਰਮੁੱਖ ਸਿੰਘ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ। ਇਸ ਵਾਰ ਉਨ੍ਹਾਂ ਨੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਕੁਝ ਹੋਰ ਅਹਿਮ ਭਾਜਪਾ ਆਗੂਆਂ ਨਾਲ ਮੁਲਾਕਾਤ ਕੀਤੀ, ਰਾਤ ਦਾ ਖਾਣਾ ਖਵਾਇਆ ਅਤੇ ਮਾਣ ਸਤਿਕਾਰ ਵੀ ਦਿੱਤਾ। ਅਜਿਹਾ ਹੀ ਰਾਤ ਦਾ ਭੋਜਨ ਤੇ ਮਾਣ ਸਤਿਕਾਰ ਗਿਆਨੀ ਗੁਰਮੁੱਖ ਸਿੰਘ ਹੁਰਾਂ 22 ਸਤੰਬਰ 2015 ਦੀ ਰਾਤ ਨੂੰ ਗਿਆਨੀ ਗੁਰਬਚਨ ਸਿੰਘ (ਸ਼੍ਰੋਮਣੀ ਕਮੇਟੀ ਵਲੋਂ ਲਾਏ ਗਏ ਜਥੇਦਾਰ), ਗਿਆਨੀ ਇਕਬਾਲ ਸਿੰਘ (ਪਟਨਾ ਸਾਹਿਬ), ਗਿਆਨੀ ਮੱਲ੍ਹ ਸਿੰਘ (ਕੇਸਗੜ੍ਹ ਸਾਹਿਬ) ਨੂੰ ਦਿੱਤਾ ਸੀ। ਉਸਤੋਂ ਬਾਅਦ ਹੀ 24 ਸਤੰਬਰ 2015 ਨੂੰ “ਜਥੇਦਾਰਾਂ” ਵਲੋਂ ਡੇਰਾ ਸਿਰਸਾ ਮੁੱਖੀ ਨੂੰ ਬਿਨ ਮੰਗੀ ਮੁਆਫੀ ਦੇ ਦਿੱਤੀ ਗਈ ਸੀ।
ਗਿਆਨੀ ਗੁਰਮੁੱਖ ਸਿੰਘ ਵਲੋਂ ਭਾਜਪਾ ਦੇ ਸਾਬਕਾ ਸੂਬਾਈ ਪ੍ਰਧਾਨ ਕਮਲ ਸ਼ਰਮਾ, ਅੰਮ੍ਰਿਤਸਰ ਤੋਂ ਹੀ ਭਾਜਪਾ ਦੇ ਸੀਨੀਅਰ ਆਗੂ ਤਰੁੱਣ ਚੁੱਘ, ਖਾਲਸਾ ਯੂਨੀਵਰਸਿਟੀ ਦੇ ਪਰੋ-ਵਾਈਸ ਚਾਂਸਲਰ ਅਤੇ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ, ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨਾਲ 20 ਸਤੰਬਰ ਦੀ ਦੇਰ ਸ਼ਾਮ ਕੀਤੀ ਮੁਲਾਕਾਤ, ਇਨ੍ਹਾਂ ਆਗੂਆਂ ਨੂੰ ਖਾਣੇ ‘ਤੇ ਕੀਤੇ ਗਏ ਸਨਮਾਨ ਨੇ ਇੱਕ ਵਾਰ ਫਿਰ ਗਿਆਨੀ ਗੁਰਮੁਖ ਸਿੰਘ ਦੇ ਕਿਸੇ ਹੋਰ ਮਾਮਲੇ ਵਿੱਚ ਮੋਹਰੀ ਭੂਮਿਕਾ ਨਿਭਾਉਣ ਬਾਰੇ ਵੀ ਸ਼ੰਕਾ ਖੜ੍ਹੀ ਕੀਤੀ ਹੈ।

ਇਸ ਮਾਮਲੇ ਵਿੱਚ ਭਲੇ ਹੀ ਗਿਆਨੀ ਗੁਰਮੁੱਖ ਸਿੰਘ ਹੁਰਾਂ ਕਿਸੇ ਕਿਸਮ ਦੀ ਟਿੱਪਣੀ ਕਰਨੀ ਗਵਾਰਾ ਨਹੀਂ ਸਮਝੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਲਿਆਰਿਆਂ ਨੇ ਵੀ ਜ਼ੁਬਾਨ ਬੰਦ ਰੱਖਣਾ ਹੀ ਸਹੀ ਸਮਝੀ ਹੈ ਪਰ ਇਹ ਅੰਦਾਜ਼ਾ ਜ਼ਰੂਰ ਲਾਇਆ ਜਾ ਰਿਹਾ ਹੈ ਕਿ ਇਸ ਵਾਰ ਸ਼ਾਇਦ ਗਿਆਨੀ ਜੀ ਸਿੱਧੇ ਤੌਰ ‘ਤੇ ਅਕਾਲ ਤਖਤ ਸਾਹਿਬ ਦੁਆਰਾ ਜਾਰੀ ਕਿਸੇ ਹੁਕਮਨਾਮੇ ਨੂੰ ਰੱਦ/ਸੋਧ ਕਰਾਉਣ ਦੇ ਰਾਹ ਚੱਲ ਰਹੇ ਹਨ। ਜਾਣਕਾਰਾਂ ਦਾ ਮੰਨਣਾ ਹੈ ਕਿ ਸਾਲ 2004 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ 400 ਸਾਲਾ ਜਸ਼ਨ ਮਨਾਉਂਦਿਆਂ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਹੀ ਇੱਕ ਸ਼ਾਖਾ ਰਾਸ਼ਟਰੀ ਸਿੱਖ ਸੰਗਤ ਨੇ ਦੇਸ਼ ਭਰ ਵਿੱਚ ਇਸ ਸ਼ਤਾਬਦੀ ਸੰਬੰਧੀ ਨਗਰ ਕੀਰਤਨ ਕੱਢੇ ਜਾਣ ਦੀ ਅਕਾਲ ਤਖਤ ਸਾਹਿਬ ਪਾਸੋਂ ਇਜਾਜ਼ਤ ਮੰਗੀ ਸੀ। ਉਸ ਵੇਲੇ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਗਿਆਨੀ ਤਰਲੋਚਨ ਸਿੰਘ ਅਤੇ ਗਿਆਨੀ ਗੁਰਬਚਨ ਸਿੰਘ ਵਲੋਂ ਅਹਿਮ ਵਿਚਾਰ ਕਰਨ ਉਪਰੰਤ ਰਾਸ਼ਟਰੀ ਸਿੱਖ ਸੰਗਤ ਉਪਰ ਸ਼ਰਤ ਰੱਖੀ ਗਈ ਸੀ ਕਿ ਆਰ.ਐਸ.ਐਸ. ਆਪਣਾ ਸਿੱਖ ਵਿਰੋਧੀ ਏਜੰਡਾ ਵਾਪਿਸ ਲਵੇ ਅਤੇ ਸਿੱਖ ਇੱਕ ਵੱਖਰੀ ਕੌਮ ਦਾ ਐਲਾਨ ਕਰੇ ਪਰ ਸੰਸਥਾ ਨੇ ਅਜਿਹਾ ਕਰਨ ਤੋਂ ਕਿਨਾਰਾ ਕਰ ਲਿਆ ਸੀ।

ਇਸ ਸਭ ਦੇ ਚਲਦਿਆਂ ਜਥੇਦਾਰਾਂ ਨੇ ਰਾਸ਼ਟਰੀ ਸਿੱਖ ਸੰਗਤ ਵਲੋਂ ਗੁਰਮਤਿ ਸਮਾਗਮਾ ਵਿੱਚ ਸ਼ਮੂਲੀਅਤ ਉਪਰ ਪਾਬੰਦੀ ਲਗਾ ਦਿੱਤੀ ਗਈ ਸੀ। ਉਸ ਵੇਲੇ ਵੀ ਗਿਆਨੀ ਵੇਦਾਂਤੀ ਉਪਰ ਰਾਸ਼ਟਰੀ ਸਿੱਖ ਸੰਗਤ ਆਗੂ ਰੁਲਦਾ ਸਿੰਘ, ਚਰਨਜੀਤ ਸਿੰਘ ਅਤੇ ਡਾ. ਬਲਦੇਵ ਰਾਜ ਚਾਵਲਾ ਵਲੋਂ ਬਾਰ ਬਾਰ ਮੀਟਿੰਗਾਂ ਕਰਕੇ ਦਬਾਅ ਬਣਾਇਆ ਸੀ ਕਿ ਉਹ ਜਾਰੀ ਹੁਕਮਨਾਮਾ ਵਾਪਸ ਲੈ ਲੈਣ ਪਰ ਅਜਿਹਾ ਹੋ ਨਾ ਸਕਿਆ। ਹੁਣ ਤੀਕ ਸ਼੍ਰੋਮਣੀ ਕਮੇਟੀ ਦੁਆਰਾ ਮਨਾਈਆਂ ਗਈਆਂ ਸਿੱਖ ਇਤਿਹਾਸ ਤੇ ਗੁਰ ਇਤਿਹਾਸ ਨਾਲ ਸੰਬੰਧਤ ਸ਼ਤਾਬਦੀਆਂ ਵਿੱਚ ਰਾਸ਼ਟਰੀ ਸਿੱਖ ਸੰਗਤ ਦੀ ਸਿੱਧੀ ਤੇ ਕਾਰਜਸ਼ੀਲ ਸ਼ਮੂਲੀਅਤ ਨਹੀਂ ਹੋ ਸਕੀ ਪਰ ਜਾਣਕਾਰਾਂ ਅਨੁਸਾਰ ਭਾਜਪਾ ਦੀ ਇਹ ਮਾਂ ਸੰਸਥਾ ਆਉਣ ਵਾਲੇ ਦਿਨਾਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਆਪਣੀ ਸ਼ਮੂਲੀਅਤ ਜ਼ਰੂਰ ਯਕੀਨੀ ਬਨਾਉਣ ਦੇ ਰੋਂਅ ਵਿੱਚ ਹੈ। ਜਿਸ ਸਬੰਧੀ ਉਸਨੇ ਗਿਆਨੀ ਗੁਰਮੁੱਖ ਸਿੰਘ ਵੱਲ ਹੱਥ ਵਧਾਇਆ ਹੈ।

ਗਿਆਨੀ ਜੀ ਦੇ ਨੇੜਲੇ ਜਾਣਕਾਰ ਕਹਿ ਰਹੇ ਹਨ ਕਿ ਕਮਲ ਸ਼ਰਮਾ ਵੀ ਫਿਰੋਜ਼ਪੁਰ ਨਾਲ ਸੰਬੰਧਤ ਹਨ ਜੋ ਕਿ ਗਿਆਨੀ ਗੁਰਮੁੱਖ ਸਿੰਘ ਹੁਰਾਂ ਦਾ ਜ਼ਿਲ੍ਹਾ ਹੈ। ਗਿਆਨੀ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦਾ ਅਹੁਦਾ ਸੰਭਾਲਿਆਂ ਕਾਫੀ ਸਮਾਂ ਹੋ ਚੁੱਕਾ ਹੈ। ਹੁਣ ਤੀਕ ਤਾਂ ਕਦੇ ਵੀ ਤਰੁਣ ਚੁੱਘ, ਅੰਮ੍ਰਿਤਸਰ ਦੇ ਪੰਜ ਸਾਲ ਮੇਅਰ ਰਹੇ ਸ਼ਵੇਤ ਮਲਿਕ ਅਤੇ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਗਿਆਨੀ ਗੁਰਮੁੱਖ ਸਿੰਘ ਨਾਲ ਨੇੜਤਾ ਨਜ਼ਰ ਨਹੀ ਆਈ। ਲੇਕਿਨ ਦਸਮੇਸ਼ ਪਿਤਾ ਦੇ ਪ੍ਰਕਾਸ਼ ਦਿਹਾੜੇ ਦੇ 350 ਸਾਲਾ ਜਸ਼ਨਾਂ ਦੇ ਐਨ ਮੌਕੇ ਭਾਜਪਾ ਆਗੂਆਂ ਦੀ ਗਿਆਨੀ ਗੁਰਮੁੱਖ ਸਿੰਘ ਨਾਲ ਨੇੜਤਾ ਸ਼ੰਕੇ ਜ਼ਰੂਰ ਖੜ੍ਹੇ ਕਰਦੀ ਹੈ।