ਬਾਬਾ ਬੰਦਾ ਸਿੰਘ ਬਹਾਦਰ

By September 22, 2016 0 Comments


baba-banda-singh-bhadur-2ਗੁਰਮੱਤ ਅਨੁਸਾਰ ‘ਸਤਿਗੁਰ ਕੈ ਜਨਮੈ ਗਵਨੁ ਮਿਟਾਇਆ’ ॥੯੪੦॥ਭਾਵ ਸਤਿਗੁਰੂ ਜਦੋਂ ਕਿਸੇ ਮਨੁੱਖ ਨੂੰ ਅੰਮ੍ਰਿਤ ਛਕਾ ਕੇ ਨਵੇਂ ਜਨਮ ਦੀ ਬਖਸ਼ਿਸ਼ ਕਰਦੇ ਹਨ ਤਾਂ ਉਸ ਮਨੁੱਖ ਦੀ ਪਿਛਲੀ ਜਾਤ ਕੁੱਲ ਤੇ ਕਿਰਤ ਮਿਟ ਜਾਂਦੀ ਹੈ । ਇਸ ਸਿਧਾਂਤ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ੧੭੦੮ ਈ. ਨੂੰ ਨੰਦੇੜ ਵਿਖੇ ਹੋਇਆ ਹੈ । ਆਪ ਜੀ ਦੀ ਮਾਤਾ ਸਾਹਿਬ ਕੌਰ ਪਿਤਾ ਗੁਰੂ ਗੋਬਿੰਦ ਸਿੰਘ ਹਨ ਅਤੇ ਵਾਸੀ ਅਨੰਦਪੁਰ ਸਾਹਿਬ ਦੇ ਹੋ ਗਏ । ਗੁਰੂ ਜੀ ਦੀ ਬਖ਼ਸਿਸ ਹੋਣ ਉਪਰੰਤ ਸਿੰਘਾਂ ਨੇ ਪਹਿਲਾ ਨਾਮ ਭੀ ਗੁਰਬਖ਼ਸ ਸਿੰਘ ਰੱਖਿਆ ਸੀ । ਮਾਧੋ ਦਾਸ ਨੇ ਤਾਂ ਆਪਣਾ ਤਨ ਮਨ ਤੇ ਧੰਨ ਸੱਭ ਗੁਰੂ ਨੂੰ ਸੌਂਪ ਦਿੱਤਾ ਸੀ । ਕੇਵਲ ਤੇ ਕੇਵਲ ਗੁਰੂ ਜੀ ਦਾ ਬੰਦਾ ਬਣਨ ਦੀ ਬੇਨਤੀ ਕੀਤੀ ਸੀ ।
“ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਵਜਲਿ ਫੇਰਾ” ॥੧੧੦੪॥
ਗੁਰੂ ਗੋਬਿੰਦ ਸਿੰਘ ਜੀ ਨੇ ਨਾਮ ਹੀ ਬੰਦਾ ਸਿੰਘ ਰੱਖ ਦਿੱਤਾ ਸੀ । ਸਿੰਘਾਂ ਨੇ ਜੈਕਾਰਿਆਂ ਨਾਲ਼ ਪ੍ਰਵਾਨਗੀ ਦਿੱਤੀ ਸੀ । ਇੱਕ ਭੱਟ ਬਹੀ ਵਿੱਚ ਹਵਾਲਾ ਇਸ ਪ੍ਰਕਾਰ ਹੈ, ‘ਗੁਰੂ ਗੋਬਿੰਦ ਸਿੰਘ ਮਹਲ ਦਸਵਾਂ—- ਸੰਮਤ ਸਤਰਾ ਸੈ ਪੈਂਸਠ ਕਾਰਤਕ ਪ੍ਰਵਿਸਟੇ ਤੀਜ ਸੁਕਰਵਾਰ ਕੇ ਦਿਉਂ ਨਾਦੇੜ ਗਾaਂ ਮੇਂ ਸੂਰਜ ਗ੍ਰਹਣ ਦੇ ਮੇਲੇ ਤੇ ਗੋਦਾਵਰੀ ਨਦੀ ਦੇ ਤੀਰ ਜਾਨਕੀ ਪ੍ਰਸਾਦਿ ਦੇ ਚੇਲੇ ਮਾਧੋ ਦਾਸ ਕੇ ਡੇਰੇ ਮੇਂ ਆਇ ਗਏ । ਮਾਧੋ ਦਾਸ ਡੇਰੇ ਮੇਂ ਹਾਜ਼ਿਰ ਨਾ ਥਾ, ਗੁਰੂ ਜੀ ਨੇ ਉ ਸਕੇ ਪਲੰਘ ਮੇ ਆਸਣ ਲਗਾ ਲਿਆ । ਮਾਧੋ ਦਾਸ ਚੇਲੋ ਕੀ ਸੱਭ ਬਾਤ ਸੁਨ ਕਰ ਆਗ ਬਬੂਲਾ ਹੋਇ, ਡੇਰੇ ਮੇਂ ਆਇਆ । ਏਸੇ ਜਗਹ ਅਭਿਆਸ ਕੇ ਬਲ ਸੇ ਪਲੰਘ ਉਠਵਾਨਾ ਚਾਹਾ । ਪਲੰਘ ਸੁਮੇਰ ਪਰਬਤ ਕੀ ਤਰਹ ਅਡੋਲ ਹੋਇ ਗਇਆ । ਆਖਰ ਮਾਧੋ ਦਾਸ ਗੁਰੂ ਜੀ ਕੇ ਪਾਂਓ ਪਕੜ ਬੋਲੇ, ਮੁਝੇ ਰਾਖ ਲੇਨਾ , ਮੈਂ ਆਪਿ ਕੇ ਦਰ ਕਾ ਬੰਦਾ ਹੂੰ । ਸਤਿਗੁਰਾਂ ਇਸੇ ਬਾਜੂ ਸੇ ਪਕੜ ਆਪਣੇ ਸੀਨੇ ਸੇ ਲਾਇ ਲੀਆ । ਇਸੇ ਗੈਲ ਲੈ ਆਪਨੇ ਡੇਰੇ ਮੈਂ ਆਇ ਗਇ । ਅਗਲੇ ਦਿਵਸ ਇਸਕੇ ਅਰਜੋਇ ਪਰ ਖੰਡੇ ਕੀ ਪਹੁਲ ਦੇ ਕਰ ਖਾਲਸਾ ਬਨਾਇ ਲੀਆ’।
ਆਓ ਜਰਾ ਬਾਬਾ ਬੰਦਾ ਸਿੰਘ ਬਹਾਦਰ ਦੇ ਪਹਿਲੇ ਜਨਮ ਤੇ ਪੰਛੀ ਝਾਤ ਮਾਰੀਏ । ੧੬-੧੦-੧੬੭੦ ਈਸਵੀ ਨੂੰ ਜੰਮੂ ਰਿਆਸਤ ਦੇ ਪੁੰਛ ਜਿਲੇ ਦੀਆਂ ਰਮਣੀਕ ਪਹਾੜੀਆਂ ਵਿੱਚ ਰਜੌਰੀ ਲਾਗੇ ਇੱਕ ਪਿੰਡ ਰਿਆਸੀ ਵਿਖੇ ਰਾਮਦੇਵ ਭਾਰਦਵਾਜ ਰਾਜਪੂਤ ਦੇ ਘਰ ਮਾਤਾ ਸੁਲੱਖਣੀ ਦੇਵੀ ਦੀ ਕੁੱਖੋਂ ਇੱਕ ਰਿਸ਼ਟ ਪੁਸ਼ਟ ਸੁੰਦਰ ਬਾਲਕ ਨੇ ਜਨਮ ਲਿਆ । ਮਾਤਾ ਪਿਤਾ ਨੇ ਇਸ ਬਾਲਕ ਦਾ ਨਾਮ ਲਛਮਣ ਦਾਸ ਰੱਖਿਆ । ਪਿਤਾ ਪੁਰਖੀ ਕਿੱਤਾ ਸ਼ਿਕਾਰ ਕਰਕੇ ਪੇਟ ਪੂਰਤੀ ਕਰਨਾ ਸੀ । ਲਛਮਣ ਦਾਸ ਵੀ ਪਿਤਾ ਪੁਰਖੀ ਕਿੱਤੇ ਵਿੱਚ ਲਾਗ ਗਿਆ । ਸਿਕਾਰ ਪਿੱਛੇ ਸਾਰਾ ਦਿਨ ਭੱਜਿਆ ਫਿਰਦਾ ਅਤੇ ਪਹਾੜੀਆਂ ਚੜ੍ਹਦਾ ਉੱਤਰਦਾ ਦਿਨਾ ਵਿੱਚ ਹੀ ਸੋਹਣਾ ਗੱਭਰੂ ਸਸ਼ਤਰ ਚਲਾਉਣ ਵਿੱਚ ਮਾਹਰ ਹੋ ਗਿਆ । ਇੱਕ ਦਿਨ ਇਤਫਾਕ ਵੱਸ ਲਛਮਣ ਦਾਸ ਨੇ ਇੱਕ ਹਿਰਨੀ ਦਾ ਸ਼ਿਕਾਰ ਕੀਤਾ । ਜਦੋਂ ਹਿਰਨੀ ਦੀ ਕੱਟ-ਵੱਢ ਕੀਤੀ ਗਈ ਤਾਂ ਹਿਰਨੀ ਦੇ ਪੇਟ ਵਿੱਚੋਂ ਦੋ ਜਿੰਦਾ ਬੱਚੇ ਨਿਕਲ਼ੇ । ਬੱਚੇ ਲਛਮਣ ਦਾਸ ਦੇ ਸਾਹਮਣੇ ਹੀ ਤੜਫ-ਤੜਫ ਕੇ ਮਰ ਗਏ । ਲਛਮਣ ਦਾਸ ਦਾ ਮਨ ਬੜਾ ਦੁੱਖੀ ਹੋਇਆ । ਉਸ ਨੇ ਸਿਕਾਰ ਕਰਨ ਤੋਂ ਤੌਬਾ ਕਰ ਲਈ । ਹਥਿਆਰ ਦਾਹ ਆਦਿ ਵਗਾਹ ਸੁੱਟੇ ਘਰ ਬਾਰ ਛੱਡ ਦਿੱਤਾ । ਸੱਤ ਸਾਲ ਵੱਖ-ਵੱਖ ਕਿਸਮ ਦੇ ਸਾਧੂਆਂ ਨਾਲ਼ ਫਿਰਦਾ ਰਿਹਾ । ਇਸ ਵੇਰ ਇੱਕ ਬੈਰਾਗੀ ਸਾਧੂ ਜਾਨਕੀ ਦਾਸ ਨਾਲ ਮੇਲ ਹੋਇਆ । ਜਾਨਕੀ ਦਾਸ ਇਸ ਸੁੰਦਰ ਛੈਲ ਛਬੀਲੇ ਨੌਜੁਆਨ ਤੋਂ ਬਹੁਤ ਪ੍ਰਭਾਵਿਤ ਹੋਇਆ । ਲਛਮਣ ਦਾਸ ਨੂੰ ਵੀ ਬੈਗਾਰੀ ਸਾਧ ਪਸੰਦ ਆ ਗਿਆ । ਜਾਨਕੀ ਦਾਸ, ਲਛਮਣ ਦਾਸ ਨੂੰ ਆਪਣੇ ਡੇਰੇ ਲਹੌਰ ਲੈ ਗਿਆ । ਲਹੌਰ ਲਛਮਣ ਦਾਸ ਨੇ ਬੈਰਾਗ ਧਾਰਨ ਕੀਤਾ । ਨਾਮ ਹੋ ਗਿਆ ਮਾਧੋ ਦਾਸ ਬੈਰਾਗੀ । ਜਾਨਕੀ ਦਾਸ ਨੇ ਮਾਧੋ ਦਾਸ ਨੂੰ ਬੈਰਾਗ ਦੀ ਸਿੱਖਿਆ ਲਈ ਸਾਧੂ ਰਾਮ ਦਾਸ ਦੇ ਅਧੀਨ ਕਰ ਦਿੱਤਾ । ਮਾਧੋ ਦਾਸ ਦਿਨਾ ਵਿੱਚ ਹੀ ਬੈਰਾਗੀਆਂ ਦੇ ਸਾਰੇ ਜੰਤਰ-ਮੰਤਰ ਸਿੱਖ ਗਿਆ । ਜਾਨਕੀ ਦਾਸ ਦਾ ਇੱਕ ਹੋਰ ਡੇਰਾ ਦੱਖਣ ਦੇਸ਼ ਦੇ ਪੰਚਵਟੀ ਵਿਖੇ ਵੀ ਸੀ । ਉਥੋਂ ਦੇ ਡੇਰੇ ਦਾ ਡੇਰੇਦਾਰ ਇੱਕ ਅਉਗੜ ਦਾਸ ਸੀ ਜੋ ਕਿ ਬੁੱਢਾ ਹੋ ਗਿਆ ਸੀ । ਇੱਕ ਵੇਰ ਅਉਗੜ ਦਾਸ ਲਹੌਰ ਆਇਆ ਅਤੇ ਮਾਧੋ ਦਾਸ ਬੈਰਾਗੀ ਦੀ ਸੇਵਾ ਤੋਂ ਬਹੁਤ ਖੁਸ਼ ਹੋਇਆ । ਜਾਨਕੀ ਦਾਸ ਨੇ ਮਾਧੋ ਦਾਸ ਨੂੰ ਅਉਗੜ ਦਾਸ ਨੂੰ ਸੌਂਪ ਦਿੱਤਾ । ਅਉਗੜ ਦਾਸ , ਮਾਧੋ ਦਾਸ ਨੂੰ ਪੰਚਵਟੀ ਲੈ ਗਿਆ । ਜਦੋਂ ਅਉਗੜਦਾਸ ਪੂਰਾ ਹੋਣ ਲੱਗਾ ਤਾਂ ਗੱਦੀ ਮਾਧੋ ਦਾਸ ਨੂੰ ਸੰਭਾਲ਼ ਦਿੱਤੀ । ਮਾਧੋ ਦਾਸ ਬੈਰਾਗੀ ਅਜਾਦ ਹੋ ਕੇ ਜੰਤਰ ਮੰਤਰ, ਟੂਣੇ ਟਾਮਣ, ਅਤੇ ਰਿੱਧੀਆਂ ਸਿੱਧੀਆਂ ਨਾਲ਼ ਲੋਕਾਂ ਦੀਆਂ ਇਛਾਵਾਂ ਪੂਰੀਆਂ ਕਰਦਾ ਰਿਹਾ । ਨੌਜੁਆਨ ਸੀ । ਰਿਸ਼ਟ ਪੁਸ਼ਟ ਸੀ । ਰੁੱਸੇ ਢੋਲਾਂ ਨੂੰ ਮਨਾਉਣ ਵਾਲ਼ੀਆਂ ਜਾਂ ਵੱਸ ਵਿੱਚ ਕਰਨ ਵਾਲ਼ੀਆਂ ਅਤੇ ਸਮਾਜਿਕ ਮੇਹਣਿਆਂ ਤੋਂ ਡਰਦੀਆਂ ਸੱਖਣੀਆਂ ਝੋਲਾਂ ਭਰਵਾਉਣ ਵਾਲ਼ੀਆਂ ਬੀਬੀਆਂ ਦਾ ਪ੍ਰਭਾਵਿਤ ਹੋਣਾ ਸੁਭਾਵਿਕ ਹੁੰਦਾ ਹੈ । ਅੱਜ ਕੱਲ ਦੇ ਡੀਜੀਟਲ ਯੁੱਗ ਵਿੱਚ ਵੀ ਭਾਰਤ ਵਿੱਚ ਏਵੇਂ ਹੀ ਚੱਲਦਾ ਹੈ । ਸਾਧ ਆਸਾਰਾਮ ਅਤੇ ਝੂਠੇ ਸੌਦੇ ਵਾਲ਼ੇ ਦੀ ਉਦਾਹਰਣ ਸੱਭ ਦੇ ਸਾਹਮਣੇ ਹੈ । ਪਖੰਡੀ ਸਾਧਾ ਅਤੇ ਅਵਾਰਾ ਸਾਨ ਵਿੱਚ ਕੋਈ ਫਰਕ ਨਹੀਂ ਹੁੰਦਾ । ਪਖੰਡੀ ਸਾਧਾਂ ਤੇ ਗੁਰੂ ਜੀ ਨੇ ਕਰਾਰੀ ਚੋਟ ਕਰਦਿਆਂ ਫੁਰਮਾਇਆ ਹੈ :-
ਜਤੀ ਸਦਾਵਹਿ ਜੁਗਤਿ ਨਾ ਜਾਣਹਿ , ਛੱਡ ਬਹਹਿ ਘਰਿ ਬਾਰ ॥੪੬੯॥
ਇਸ ਦਾ ਭਾਵ ਹੈ ਦੂਸਰਿਆਂ ਨੂੰ ਬੱਚੇ ਬਖਸ਼ਣ ਵਾਲ਼ੇ ਆਪਣਾ ਘਰ ਪਰਿਵਾਰ ਚਲਾਉਣ ਅਤੇ ਆਪਣੀਆਂ ਪਤਨੀਆਂ ਨੂੰ ਖੁਸ਼ ਰੱਖਣ ਦੀ ਜੁਗਤੀ ਤਾਂ ਜਾਣਦੇ ਨਹੀਂ ਹੁੰਦੇ , ਘਰ ਦੀਆਂ ਜਿੰਮੇਵਾਰੀਆਂ ਤੋਂ ਡਰ ਬਾਹਰ ਜਤੀ ਸਤੀ ਸਦਵਾਉਂਦੇ ਫਿਰਦੇ ਹੁੰਦੇ ਹਨ । ਇਸ ਤਰਾਂ ਦੇ ਸਾਧੂਆਂ ਨਾਲ਼ ਹਰ ਕਿਸਮ ਦੇ ਹੋਰ ਵੀ ਸਹਾਇਕ ਸਾਧ ਹੁੰਦੇ ਹਨ । ਇਹਨਾਂ ਦੁਆਲ਼ੇ ਪਰੇਸਾਨ ਬੀਬੀਆਂ ਜਿਆਦਾ ਹੁੰਦੀਆਂ ਹਨ । ਇਹਨਾਂ ਬੀਬੀਆਂ ਨੂੰ ਦੇਖਣ ਵਾਲ਼ੇ ਮਨਚਲਿਆ ਦਾ ਝੁਰਮਟ ਹੁੰਦਾ ਹੈ । ਤਕੜੀ ਭੀੜ ਇਕੱਠੀ ਹੋ ਜਾਂਦੀ ਹੈ । ਭੀੜ ਨੂੰ ਦੇਖਣ ਲਈ ਹੋਰ ਭੀੜ ਹੋ ਜਾਂਦੀ ਹੈ । ਭੋਲ਼ੇ ਭਾਲ਼ੇ ਲੋਕ ਇਹ ਦੇਖ ਕੇ ਹੈਰਾਨ ਹੋਏ ਰਹਿੰਦੇ ਹਨ ਅਤੇ ਰੀਸੋ ਰੀਸ ਸਾਧ ਦੇ ਗੁਣ ਗਾਉਂਦੇ ਰਹਿੰਦੇ ਹਨ । ਅੱਜ ਕੱਲ ਰਾਜਨੀਤਕਿ ਨੇਤਾ ਇਸ ਤਰਾਂ ਦੀਆਂ ਭੀੜਾਂ ਨੂੰ ਆਪਣੇ ਪੱਖ ਵਿੱਚ ਵਰਤਦੇ ਹਨ । ਇਹ ਇਹਨਾਂ ਨੂੰ ਵੋਟਾਂ ਹੀ ਸਮਝਦੇ ਹਨ । ਸਾਧ ਦੀ ਚੌਂਕੀ ਭਰ ਕੇ ਰਾਜਗੱਦੀਆਂ ਸੰਭਾਲ਼ਦੇ ਹਨ ਅਤੇ ਸਾਧਾਂ ਦੇ ਕੁਕਰਮਾਂ ਤੇ ਪਰਦਾ ਪਾਉਂਦੇ ਰਹਿੰਦੇ ਹਨ । ਏਸੇ ਤਰਾਂ ਮਾਧੋ ਦਾਸ ਬੈਰਾਗੀ ਦਾ ਡੇਰਾ ਵੀ ਮਸ਼ਹੂਰ ਸੀ । ਹਰ ਕੋਈ ਮਾਧੋਦਾਸ ਦੇ ਗੁਣ ਗਾਉਂਦਾ ਸੀ । ਆਲ਼ੇ ਦੁਆਲ਼ੇ ਦੂਰ-ਦੂਰ ਤੱਕ ਮਾਧੋਦਾਸ ਦੇ ਬਰਾਬਰ ਦਾ ਹੋਰ ਸਾਧ ਕੋਈ ਨਹੀਂ ਸੀ ।
ਉਹਨੀਂ ਦਿੱਨੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਵੀ ਦੱਖਣ ਵਿੱਚ ਹੀ ਸਨ । ਲੋਕੀ ਗੁਰੂ ਜੀ ਕੋਲ਼ ਵੀ ਮਾਧੋ ਦਾਸ ਦੇ ਕਿੱਸੇ ਸੁਣਾਉਂਦੇ ਰਹਿੰਦੇ ਸਨ । ਗੁਰੂ ਜੀ ਨੇ ਮਾਧੋਦਾਸ ਬੈਰਾਗੀ ਦੇ ਡੇਰੇ ਜਾਣਾ ਉਲੀਕ ਲਿਆ । ਬਰਸਾਤਾਂ ਤੋਂ ਬਾਆਦ ੧੭੦੮ ਈ. ਨੂੰ ਗੁਰੂ ਜੀ ਆਪਣੇ ਜੱਥੇ ਸਮੇਤ ਮਾਧੋ ਦਾਸ ਬੈਰਾਗੀ ਦੇ ਡੇਰੇ ਪਹੁੰਚ ਗਏ । ਸਿੰਘਾਂ ਨੂੰ ਲੰਗਰ ਤਿਆਰ ਕਰਨ ਦੀ ਸੇਵਾ ਤੇ ਲਗਾ ਦਿੱਤਾ ਅਤੇ ਆਪ ਮਾਧੋਦਾਸ ਦੇ ਕਰਾਮਾਤੀ ਪਲੰਘ ਤੇ ਸਜ ਗਏ । ਮਾਧੋਦਾਸ ਡੇਰੇ ਵਿੱਚ ਨਹੀਂ ਸੀ । ਇਹ ਕੌਤਕ ਦੇਖ ਕੇ ਮਾਧੋ ਦਾਸ ਦੇ ਚੇਲੇ ਘਬਰਾ ਗਏ । ਕੁੱਝ ਮਾਧੋ ਦਾਸ ਨੂੰ ਦੱਸਣ ਭੱਜ ਤੁਰੇ । ਜੰਗਲ਼ ਦੀ ਅੱਗ ਵਾਗੂੰ ਇਹ ਗੱਲ ਸਾਰੇ ਫੈਲ ਗਈ । ਜਦੋਂ ਮਾਧੋ ਦਾਸ ਨੂੰ ਇਹ ਪਤਾ ਲੱਗਿਆ ਕਿ ਡੇਰੇ ਵਿੱਚ ਕੋਈ ਅਣਹੋਣੀ ਹੋਈ ਹੈ ਉਹ ਅੱਗ ਬਬੂਲਾ ਹੋ ਗਿਆ । ਬੱਸ ਫਿਰ ਕੀ ਸੀ , ਮਾਧੋ ਦਾਸ ਬੈਰਾਗੀ ਅਲਖ ਜਗਾਉਂਦਾ ਟੱਲ ਖੜਕਾਉਂਦਾ ਵਾਹੋ ਦਾਹੀ ਡੇਰੇ ਵੱਲ ਨੂੰ ਭੱਜਾ । ਚੇਲੇ ਵੀ ਪਿਛੇ-ਪਿੱਛੇ ਧੂੜਾਂ ਪੁੱਟਦੇ ਨਾਲ਼ ਹੀ ਭੱਜੇ । ਡੇਰੇ ਪਹੁੰਚ ਕੇ ਆਪਣੇ ਪਲੰਘ ਦੇ ਕੋਲ਼ ਆ ਕੇ ਨੀਲ਼ੀਆਂ ਪੀਲ਼ੀਆਂ ਅੱਖਾਂ ਕੱਢ ਕੇ ਹਾਤ ਹੂਤ ਕਰਨ ਲੱਗਾ । ਮਾੜੇ ਮੋਟੇ ਸਾਧ ਤਾਂ ਜਰੂਰ ਹੀ ਪਲੰਘ ਸਮੇਤ ਪੁੱਠੇ ਹੋ ਜਾਂਦੇ ਹੋਣਗੇ । ਏਥੇ ਤਾਂ ਗੱਲ ਹੀ ਹੋਰ ਸੀ । ਬੈਠਣ ਵਾਲ਼ਾ ਅਡੋਲ ਟੱਸ ਤੋਂ ਮੱਸ ਨਾ ਹੋਇਆ । ਸਗੋਂ ਮੁਸਕਣੀਆਂ ਹੱਸ ਰਿਹਾ ਸੀ । ਮਾਧੋ ਦਾਸ ਬੈਰਾਗੀ ਨੇ ਆਖਰੀ ਤਰੀਕਾ ਵਰਤਿਆ । ਵੱਖ-ਵੱਖ ਕਿਸਮ ਦੀਆਂ ਸੁਗੰਧੀਆਂ ਵਾਲ਼ੀਆਂ ਧੂਪਾਂ ਅਤੇ ਧੂਣੇ ਧੁਖਾਏ । ਜਦੋਂ ਕੋਈ ਫਰਕ ਨਾ ਪਿਆ ਤਾਂ ਮਾਧੋ ਦਾਸ ਬੈਰਾਗੀ ਹੱਥ ਜੋੜ ਕੇ ਖੜਾ ਹੋ ਗਿਆ ਕਿਹਾ ਤੁਸੀਂ ਕੌਣ ਹੋ ? ਜਵਾਬ : ਬੁੱਝੋ ? ਮਾਧੋ ਦਾਸ ਨੇ ਕਿਹਾ ਤੁਸੀਂ ਗੁਰੂ ਗੋਬਿੰਦ ਸਿੰਘ ਹੋ ? ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਨਾਲ ਹਾਂ ਦਾ ਇਸ਼ਾਰਾ ਕੀਤਾ । ਮਾਧੋ ਦਾਸ ਇੱਕਦਮ ਗੁਰੂ ਜੀ ਦੇ ਚਰਨਾ ਤੇ ਢਹਿ ਪਿਆਂ ਅਤੇ ਕਿਹਾ ਕਿ ਬਖ਼ਸੋ ! ਬਖ਼ਸ਼ੋ!! ਭੁੱਲ ਹੋ ਗਈ!!! ਗੁਰੂ ਜੀ ਨੇ ਮੋਢੇ ਤੋਂ ਫੜ ਕੇ ਛਾਤੀ ਨਾਲ ਲਗਾ ਲਿਆਂ ਅਤੇ ਨਾਲ਼ ਹੀ ਪਲੰਘ ਤੇ ਬੈਠਾ ਲਿਆ । ਬਚਨ ਬਿਲਾਸ ਹੋਏ ਆਪੋ ਆਪਣੀਆਂ ਹੱਡ ਬੀਤੀਆਂ ਹੋਈਆ । ਕਈ ਦਿਨ ਏਵੇਂ ਹੀ ਹੁੰਦਾ ਰਿਹਾ । ਕਦੀ ਆਪਣੇ ਡੇਰੇ ਵਿੱਚ ਕਦੀ ਮਾਧੋ ਦਾਸ ਦੇ ਡੇਰੇ ਵਿੱਚ , ਗੁਰਮਤਿ ਦੀਆਂ ਖੁੱਲੀਆਂ ਵੀਚਾਰਾਂ ਹੋਈਆਂ । ਇੱਕ ਦਿਨ ਮਾਧੋ ਦਾਸ ਨੇ ਅੰਮ੍ਰਿਤ ਛਕਣ ਦੀ ਇੱਛਾ ਪ੍ਰਗਟ ਕੀਤੀ । ਇਹ ਪ੍ਰਸੰਗ ਇੱਕ ਭੱਟ ਬਹੀ ਵਿੱਚ ਏਸ ਤਰਾਂ ਦਰਜ ਹੈ :-
ਗੁਰੂ ਗੋਬਿੰਦ ਸਿੰਘ ਮਹਲ ਦਸਵਾਂ ਬੇਟਾ ਗੁਰੂ ਤੇਗ ਬਹਾਦਰ ਜੀ ਕਾ ਸੰਮਤ ਸੱਤਰਾਂ ਸੇ ਪੈਸਠ, ਗਾਂਵ ਨਾਦੇੜ ਮੇਂ ਗੁਰੂ ਜੀ ਨੇ ਦਇਆ ਸਿੰਘ ਸੇ ਕਹਾ , ਮਾਧੋ ਦਾਸ ਸਸਤਰ ਬਸਤਰ ਸਜਾਇ ਹਾਥਿ ਮੇ ਨੇਜਾ ਪਕੜ ਗੁਰੂ ਜੀ ਕੇ ਸਹਵੇਂ ਖੜਾ ਹੂਆ । ਸਤਿਗੁਰਾਂ ਇਸੇ ਆਪਣੇ ਦਸਤ ਕਮਲਾ ਮੁਬਾਰਕ ਹਾਥੋ ਸੇ ਪਾਹੁਲ ਦੀ । ਨਾਵ ਬੰਦਾ ਸਿੰਘ ਰੱਖਿਆ । ਰਹਿਤ ਸਮਝਾਈ ।
ਏਥੋਂ ਤੱਕ ਮਾਧੋ ਦਾਸ ਬੈਰਾਗੀ ਦਾ ਸਫਰ ਖਤਮ ਹੁੰਦਾ ਹੈ । ਗੁਰੂ ਹੁਕਮਿ ਅਨੁਸਾਰ ‘ਸਤਿਗੁਰ ਕੈ ਜਨਮੇ ਗਵਨਿ ਮਿਟਾਇਆ’ ਨਵਾਂ ਜਨਮ ਬੰਦਾ ਸਿੰਘ ਦਾ ਸ਼ੁਰੂ ਹੁੰਦਾ ਹੈ । ਜਦੋਂ ਬੰਦਾ ਸਿੰਘ ਜੀ ਨੇ ਗੁਰਮਤਿ ਦਾ ਨਿਸ਼ਾਨਾ ਜੁਲਮ ਦਾ ਨਾਸ ਕਰਨਾ ਚੰਗੀ ਤਰਾਂ ਸਮਝ ਲਿਆ ਤਾਂ ਜੁਲਮ ਦੇ ਨਾਸ਼ ਲਈ ਬੰਦਾ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਆਗਿਆ ਲਈ । ਗੁਰੂ ਗੋਬਿੰਦ ਸਿੰਘ ਜੀ ਬੰਦਾ ਸਿੰਘ ਨੂੰ ਖਾਲਸਾਈ ਨਿਸ਼ਾਨ ਸਾਹਿਬ, ਨਗਾਰਾ, ਪੰਜ ਤੀਰ, ਧਨੁੱਖ ਤੇ ਇੱਕ ਵਧੀਆ ਘੋੜੇ ਦੀ ਬਖਸਿਸ ਕੀਤੀ । ਹੁਕਮ ਦਿਤਾ ਕਿ ਪੰਜਾ ਸਿੰਘਾਂ ਦੇ ਅਧੀਨ ਰਹਿ ਕੇ ਹੀ ਫਤਿਹ ਦੀ ਪ੍ਰਾਪਤੀ ਹੋਵੇਗੀ । ਪੰਜ ਸਿੰਘ ਇਹ ਸਨ , ਭਾਈ ਬਿਨੋਦ ਸਿੰਘ ਜੀ, ਭਾਈ ਕਾਨ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਰਣ ਸਿੰਘ ਜੀ ਅਤੇ ਭਾਈ ਬਾਜ ਸਿੰਘ ਜੀ ਦੇ ਸਪੁੱਰਦ ਬੰਦਾ ਸਿੰਘ ਨੂੰ ਕੀਤਾ । ਗੁਰੂ ਜੀ ਨੇ ਥਾਪੜਾ ਦੇ ਕੇ ਨਾਲ਼ ਹੀ ਬਹਾਦਰ ਦਾ ਖਿਤਾਬ ਬਖਸ ਦਿੱਤਾ । ਸਿੰਘਾਂ ਨੇ ਜੈਕਾਰਿਆਂ ਦੀ ਗੁੰਜ ਨਾਲ਼ ਇਹਨਾਂ ਨੂੰ ਜੰਗ ਲਈ ਤੋਰਿਆ । ਇਹਨਾਂ ਦੇ ਨਾਲ਼ ਡੇਰੇ ਵਿੱਚੋਂ ਹੀ ਪੰਝੀ ਸਿੰਘ ਹੋਰ ਰਲ਼ ਗਏ । ਰਾਸਤੇ ਵਿੱਚ ਦੀਵਾਨ ਸਜਾਉਂਦੇ, ਕੀਰਤਨ ਕਰਦੇ ਲੋਕਾਂ ਦੀਆਂ ਤਕਲ਼ੀਫਾਂ ਸੁਣਦੇ ਅਤੇ ਉਹਨਾਂ ਨੂੰ ਹੱਲ ਕਰਦੇ- ਕਰਦੇ ਅੱਗੇ ਵੱਧ ਰਹੇ ਸਨ । ਜੱਥੇ ਦੀ ਗਿਣਤੀ ਵੀ ਵੱਧਦੀ ਰਹੀ । ਇਹ ਸਫਰ ੧੫-੧੦-੧੭੦੮ ਨੂੰ ਸ਼ੂਰੂ ਕੀਤਾ ਸੀ ਅਤੇ ਤਕਰੀਬਨ ਇੱਕ ਸਾਲ ਵਿੱਚ ੧੬੦੦ ਕੋਹ ਦਾ ਸਫਰ ਤਹਿ ਕਰਕੇ ਹਿਸਾਰ ਪਹੁੰਚੇ । ਏਥੇ ਹੀ ਪਤਾ ਲੱਗਿਆ ਕਿ ਸੋਨੀਪਤ ਤੋਂ ਮੁਗਲਾਂ ਦਾ ਖਜਾਨਾ ਦਿੱਲ਼ੀ ਜਾਂਦਾ ਸੀ । ਪਹਿਲਾ ਹਮਲਾ ਸੋਨੀਪਤ ਤੇ ਹੀ ਕਰਕੇ ਮੁਗਲਾ ਦਾ ਖਜਾਨਾ ਲੁੱਟਿਆ । ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਸਾਰਾ ਖਜਾਨਾ ਲੋੜਵੰਦਾਂ ਅਤੇ ਸਿੰਘਾਂ ਵਿੱਚ ਵੰਡ ਦਿੱਤਾ । ਸਿੰਘਾਂ ਨੂੰ ਹੌਸਲਾ ਹੋਇਆ ਅਤੇ ਹੋਰ ਵੀ ਸਿੰਘ ਨਾਲ਼ ਰਲ਼ਦੇ ਗਏ । ਇਹਨਾਂ ਦਾ ਹਮਲਾ ਕਰਨ ਦਾ ਢੰਗ : ਨਗਾਰਾ ਵਜਾਉਂਦੇ, ਜੈਕਾਰੇ ਛੱਡਦੇ, ਦਹਿਸਤ ਪਾਉਂਦੇ ਅਤੇ ਟੁੱਟ ਕੇ ਪੈ ਜਾਂਦੇ । ਅਗਲਾ ਨਿਸ਼ਾਨਾ ਸਮਾਣਾ ਉਲੀਕਿਆ ਗਿਆ । ਸਮਾਣੇ ਜਲਾਦ ਜਲਾਲੁਦੀਨ ਰਹਿੰਦਾ ਸੀ । ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਤੋਂ ਵੱਖ ਕਰਨ ਵਾਲ਼ਾਂ ਏਹੋ ਸੀ । ਇਸ ਦੇ ਪੁੱਤਰ ਵਿਸ਼ਾਲ ਵੇਗ ਅਤੇ ਸੁਸ਼ਾਲ ਵੇਗ ਨੇ ਛੋਟੇ ਸਹਿਬਜਾਦਿਆਂ ਨੂੰ ਸ਼ਹੀਦ ਕੀਤਾ ਸੀ । ਏਥੇ ਇੱਕ ਅਲੀ ਹੁਸੈਨ ਦਾ ਘਰ ਵੀ ਸੀ । ਜਿਸ ਨੇ ਝੂਠੀਆਂ ਕਸਮਾਂ ਖਾ ਕੇ ਗੁਰੂ ਗੋਬਿੰਦ ਸਿੰਘ ਜੀ ਤੋਂ ਅਨੰਦਪੁਰ ਸਾਹਿਬ ਦਾ ਕਿਲਾ ਛੁਡਵਾਇਆ ਸੀ । ਇਹ ਇੱਕ ਅਮੀਰ ਸ਼ਹਿਰ ਸੀ । ਏਥੋਂ ਦੇ ਧਨਾਢ ਪਾਲਕੀਆਂ ਵਿੱਚ ਨਿਕਲ਼ਦੇ ਸਨ । ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਹਿਰ ਸਮਾਣੇ ਤੇ ਹਮਲਾ ਕਰਕੇ ਲੁੱਟ ਪੁੱਟ ਕੇ ਮਿੱਟੀ ਵਿੱਚ ਮਿਲ਼ਾ ਦਿੱਤਾ ਸੀ । ਏਥੋਂ ਬਹੁਤ ਸਾਰਾ ਧੰਨ ਸਿੰਘਾਂ ਹੱਥ ਲੱਗਿਆ । ਭਾਈ ਫਤਿਹ ਸਿੰਘ ਜੀ ਨੂੰ ਵੀਹ ਲੱਖ ਰੁਪੱਈਆ ਦੇ ਕੇ ਸਮਾਣੇ ਦਾ ਸੂਬੇਦਾਰ ਥਾਪ ਦਿੱਤਾ । ਅਗਲਾ ਨਿਸ਼ਾਨਾ ਸਢੌਰਾ ਮਿੱਥਿਆ । ਸਿਢੌਰੇ ਨੂੰ ਸਾਧੂਵਾੜਾ ਵੀ ਆਖਦੇ ਸਨ । ਏਥੇ ਪੀਰ ਬੁੱਧੂ ਸ਼ਾਹ ਦਾ ਡੇਰਾ ਸੀ । ਔਰੰਗਜੇਬ ਨੇ ਆਪਣੀ ਫੌਜ ਵਿੱਚੋਂ ਪੰਜ ਸੌ ਪਠਾਣਾ ਦੀ ਛਾਂਟੀ ਕੀਤੀ ਸੀ । ਇਹ ਸਾਰੇ ਪਠਾਣ ਪੀਰ ਬੁੱਧੂ ਸ਼ਾਹ ਕੋਲ਼ ਆ ਗਏ ਸਨ । ਪੀਰ ਬੁੱਧੂ ਸ਼ਾਹ ਨੇ ਇਹਨਾਂ ਪਠਾਣਾ ਨੂੰ ਗੁਰੂ ਗੋਬਿੰਦ ਸਿੰਘ ਜੀ ਕੋਲ਼ ਭੱੇਜ ਦਿੱਤਾ । ਪੀਰ ਬੁੱਧੂ ਸ਼ਾਹ ਦੀ ਸਿਫਾਰਿਸ਼ ਨਾਲ਼ ਸਾਰੇ ਪਠਾਣ ਗੁਰੂ ਜੀ ਨੇ ਆਪਣੀ ਫੌਜ ਵਿੱਚ ਰੱਖ ਲਏ ਸਨ । ਭੰਗਾਣੀ ਦੀ ਜੰਗ ਵੇਲ਼ੇ ਇਹਨਾਂ ਵਿੱਚੋਂ ੪੦੦ ਪਠਾਣ ਦੁਸ਼ਮਣ ਦੀਆਂ ਫੌਜਾਂ ਨਾਲ਼ ਰਲ਼ ਗਏ । ਜਦੋਂ ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਾ ਤਾਂ ਉਹ ਬਹੁਤ ਦੁੱਖੀ ਹੋਏ । ਪੀਰ ਬੁੱਧੂ ਸ਼ਾਹ ਆਪ ਅਤੇ ਆਪਣੇ ਚਾਰ ਪੁੱਤਰਾਂ ਸਮੇਤ ਸੱਤ ਸੌ ਪਠਾਣ ਲੈ ਕੇ ਸਿੱਧੇ ਭੰਗਾਣੀ ਪਹੁੰਚ ਗਏ । ਇਸ ਲੜਾਈ ਵਿੱਚ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਅਤੇ ਕਈ ਰਿਸਤੇਦਾਰ ਸ਼ਹੀਦ ਹੋ ਗਏ ਸਨ । ਭੰਗਾਣੀ ਦੇ ਯੁੱਧ ਵਿੱਚ ਗੁਰੂ ਜੀ ਦੀ ਜਿੱਤ ਹੋਈ ਸੀ । ਪੀਰ ਬੁੱਧੂ ਸ਼ਾਹ ਉਸਮਾਨ ਖਾਨ ਦੇ ਹੱਥ ਆ ਗਿਆ ਸੀ । ਉਸ ਨੇ ਪੀਰ ਬੁੱਧੂ ਸਾਹ ਨੂੰ ਕਤਲ ਕਰਕੇ ਉਸ ਦੀ ਹਵੇਲੀ ਜਬਤ ਕਰ ਲਈ ਸੀ । ਉਸਮਾਨ ਖਾਨ ਗਰੀਬਾਂ ਨੂੰ ਬਹੁਤ ਦੁੱਖੀ ਕਰਦਾ ਸੀ , ਇਸ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਸਢੌਰੇ ਤੇ ਹਮਲਾ ਕਰਕੇ ਉਸਮਾਨ ਖਾਨ ਨੂੰ ਮਾਰ ਗਿਰਾਇਆ । ਇਹ ਲੜਾਈ ੮ ਘੰਟੇ ਚੱਲੀ ਸੀ ਅਤੇ ਬਹੁਤ ਖੂਨ ਖਰਾਬਾ ਹੋਇਆ ਸੀ । ਏਥੋਂ ਵੀ ਸਿੰਘਾਂ ਦੇ ਹੱਥ ਬਹੁਤ ਕੁੱਝ ਲੱਗਾ ਸੀ । ਅਗਲਾ ਨਿਸ਼ਾਨਾ ਸਰਹਿੰਦ ਸੀ ।ਏਥੇ ਮੁਗਲਾਂ ਦੀ ਸੱਭ ਤੋਂ ਜਿਆਦਾ ਫੌਜ ਸੀ । ਏਥੋਂ ਦਾ ਸੂਬੇਦਾਰ ਵਜੀਰ ਖਾਨ ਸੀ । ਪੰਜਾਬ ਵਿੱਚ ਮੁਗਲਾਂ ਦੇ ਦੋ ਸ਼ਹਿਰ ਹੀ ਖਾਸ ਸਨ । ਇੱਕ ਸਰਹੰਦ ਅਤੇ ਦੂਜਾ ਲਹੌਰ । ਸਰਹਿੰਦ ਫਤਿਹ ਦਾ ਮਤਲਬ ਸੀ ਮੁਗਲ ਰਾਜ ਦੀ ਨੀਂਹ ਪੁੱਟ ਦੇਣੀ ਜਾਂ ਮੁਗਲ ਰਾਜ ਦਾ ਲੱਕ ਤੋੜ ਦੇਣਾ । ਇਹ ਲੜਾਈ ਬਹੁਤ ਹੀ ਵਿਉਂਤਬੰਦੀ ਨਾਲ਼ ਲੜੀ ਸੀ । ਵਿਉਂਤਬੰਦੀ ਵਜੀਰ ਖਾਨ ਵੀ ਕਰ ਰਿਹਾ ਸੀ । ਆਖਰ ੧੦.੦੫.੧੭੧੦ ਨੂੰ ਦੋਹਾਂ ਫੌਜਾਂ ਦਾ ਆਹਮਣਾ ਸਾਹਮਣਾ ਸਰਹਿੰਦ ਤੋਂ ੨੦ ਕੁ ਕਿਲੋਮੀਟਰ ਦੀ ਵਿੱਥ ਤੇ ਚਪੜਚਿੜੀ ਦੇ ਮੈਦਾਨ ਵਿੱਚ ਹੋਇਆ । ਬੜੀ ਗਹਿਗੱਚ ਲੜਾਈ ਹੋਈ । ਇੱਕ ਵੇਰਾਂ ਤਾਂ ਇਸ ਤਰਾਂ ਲੱਗਿਆ ਕਿ ਵਜੀਰ ਖਾਨ ਦੀ ਫੌਜ ਨੇ ਖਾਲਸਾ ਫੌਜ ਨੂੰ ਹਰਾ ਦਿੱਤਾ ਹੋਵੇ । ਜਿਉਂ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਬਿਜਲੀ ਦੀ ਫੁਰਤੀ ਨਾਲ਼ ਖਾਲਸਾ ਫੌਜ ਦੀ ਕਮਾਨ ਸੰਭਾਲ਼ੀ ਤਾਂ ਮੁਗਲ ਫੌਜਾਂ ਨੂੰ ਭਾਜੜਾਂ ਪੈ ਗਈਆਂ । ਬਹੁਤ ਸਾਰੇ ਕਵੀਆਂ ਨੇ ਏਸ ਲੜਾਈ ਦੀਆਂ ਵਾਰਾਂ ਵੀ ਗਈਆਂ । ਕਵੀ ਬੂਟਾ ਸਿੰਘ ਸਰਹੰਦ ਫਤਿਹ ਦਾ ਵਖਿਆਨ ਏਸ ਤਰਾਂ ਕੀਤਾ ਹੈ :-
ਕਰ ਦਿੱਤੀ ਚੜਾਈ ਸਰਹੰਦ ਉੱਤੇ, ਘੇਰਾ ਆਣਿ ਸਰਹੰਦ ਨੂੰ ਪਾਣ ਲੱਗੇ,
ਅੱਗੋ ਉਹਨਾਂ ਵੀ ਢੋਲ ਵਜਾ ਦਿੱਤਾ ਦੋਹਾਂ ਤਰਫਾਂ ਤੋਂ ਹੋਣ ਘਸਮਾਣ ਲੱਗੇ,
ਮਾਰੋ ਮਾਰ ਲੱਗੀ ਹੋਣ ਦੋਹੀਂ ਪਾਸੀ ਕੱਟ-ਕੱਟ ਕੇ ਢੇਰ ਲਗਾਣ ਲੱਗੇ,
ਸਿਰ ਉੱਡਦੇ ਇਸ ਤਰਾਂ ਨਜ਼ਰ ਆਵਣ ਪੇਜੇ ਰੂੰ ਨੂੰ ਜਿਵੇਂ ਉਢਾਣ ਲੱਗੇ,
ਮੈਦਾਨ ਖਾਲਸਾ ਫੌਜ ਦੇ ਹੱਥ ਆਇਆ । ਵਜੀਰ ਖਾਨ ਮਾਰਿਆ ਗਿਆ । ਉਹਦੀ ਲਾਸ਼ ਨੂੰ ਘੋੜੇ ਪਿੱਛੇ ਬੰਨ ਕੇ ਘੜੀਸਦੇ ਹੋਏ, ਨਗਾਰਿਆਂ ਜੈਕਾਰਿਆਂ ਸਰਹੰਦ ਸ਼ਹਿਰ ਵਿੱਚ ਜੇਤੂ ਹਾਲਤ ਨਾਲ਼ ਦਾਖਿਲ ਹੋਏ । ਮੁਗਲਾਂ ਦੀ ਸੱਤਾਂ ਪੀਹੜੀਆਂ ਦੀ ਜੰਮੀ ਹੋਈ ਸਰਕਾਰ ਨੂੰ ਉਖਾੜ ਦਿੱਤਾ । ਇਹ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਬੰਦੇ ਨੂੰ ਥਾਪੜਾ ਦੇਣ ਕਰਕੇ ਹੀ ਹੋਇਆ ਸੀ । ਸਰਹੰਦ ਦਾ ਸੂਬੇਦਾਰ ਭਾਈ ਬਾਜ ਸਿੰਘ ਨੂੰ ਥਾਪ ਦਿੱਤਾ । ਹਿੰਦੂਆਂ ਤੇ ਲੱਗਿਆ ਹੋਇਆ ਜਜੀਆ ਟੈਕਸ ਖਤਮ ਕਰਨ ਦਾ ਹੁਕਮਿ ਦਿੱਤਾ ਸੀ । ਗਰੀਬ ਸਿੰਘਾਂ ਨੂੰ ਪਾਤਿਸ਼ਾਹੀ ਦੇਣ ਦਾ ਹੁਕਮਿ ਗੁਰੂ ਗੋਬਿੰਦ ਸਿੰਘ ਜੀ ਨੇ ਏਸ ਤਰਾਂ ਦਿੱਤਾ ਸੀ । ਇੰਨ ਗਰੀਬ ਸਿੰਘਨ ਕੋ ਦੀਓ ਪਾਤਿਸਾਹੀ ਇਹ ਯਾਦ ਕਰੇ ਹਮਰੀ ਗੁਰਿਆਈ । ਜਿਮਦਾਰਾ ਸਿਸਟਮ ਖਤਮ ਕੀਤਾ । ਖੇਤ ਮਜਦੂਰਾ ਦੇ ਨਾਮ ਜਮੀਨਾ ਲਗਾ ਦਿੱਤੀਆਂ । ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਜਿਆਦਾਤਰ ਕਿਰਤੀ ਕਿਸਾਨ ਕੰਮੀ ਅਤੇ ਮਿਹਨਤਕਸ਼ ਲੋਕ ਹੀ ਸਨ । ਇਹਨਾਂ ਨੂੰ ਅੱਜਕੱਲ ਦਲਿਤ ਕਿਹਾ ਜਾਂਦਾ ਹੈ । ਅੱਜ ਜੋ ਪੰਜਾਬ ਵਿੱਚ ਜਮੀਨਾ ਦੇ ਮਾਲਕ ਹਨ ਇਹ ਸੱਭ ਬਾਬਾ ਬੰਦਾ ਸਿੰਘ ਬਹਾਦਰ ਦੀ ਬਖਸ਼ਿਸ ਸਦਕਾ ਹੀ ਹਨ । ਜਦੋਂ ਜਦੋਂ ਵੀ ਪੰਜਾਬ ਦੇ ਲੋਕਾਂ ਨੂੰ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤਾਂ ਦਾ ਧਾਰਨੀ ਆਗੂ ਮਿਲ਼ਦਾ ਰਿਹਾ ਤਾਂ ਲੋਕ ਵੀ ਆਪੋ ਆਪਣੇ ਹਥਿਆਰ ਚੁੱਕ ਕੇ ਏਸ ਤਰਾਂ ਦੇ ਆਗੂ ਪਿੱਛੇ ਲੱਗਦੇ ਰਹੇ ਹਨ । ਅੱਜ ਵੀ ਪੰਜਾਬ ਦੇ ਲੋਕਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਆਗੂ ਦੀ ਭਾਲ਼ ਹੈ । ੧੭੧੦ ਵਿੱਚ ਲੋਹਗੜ੍ਹ ਦੇ ਕਿਲੇ ਵਿੱਚੋਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਸਿੱਕੇ ਜਾਰੀ ਕੀਤੇ । ਮੋਹਰ ਤੇ ਇਉਂ ਉਕਰਿਆ ਸੀ ।
ਦੇਗੋ ਤੇਗੋ ਫਤਿਹ a ਨੁਸਰਤਿ ਬੇਦਰੰਗ ਯਾਫ਼ਤ ਅਜ ਨਾਨਕ ਗੁਰੂ ਗੋਬਿੰਦ ਸਿੰਘ
ਬਾਬਾ ਬੰਦਾ ਸਿੰਘ ਬਹਾਦਰ ਨੇ ਮੁਸਲਮਾਨਾ ਨਾਲ਼ ਵੀ ਵਧੀਆ ਵਿਉਹਾਰ ਕੀਤਾ ਸੀ । ਫੌਜ ਵਿੱਚ ਮੁਸਲਮਾਨ ਵੀ ਸਨ । ਇਹ ਕੇਵਲ ਤੇ ਕੇਵਲ ਜੁਲਮੀ ਰਾਜ ਦਾ ਅੰਤ ਸੀ ਨਾ ਕਿ ਕੋਈ ਬਦਲੇ ਦੀ ਭਾਵਨਾ । ਸਰਹੰਦ ਫਤਿਹ ਤੋਂ ਬਾਅਦ ਹਿੰਦੂ ਪਹਾੜੀ ਰਾਜਿਆਂ ਵੱਲ ਚੜਾਈ ਕਰਦੇ ਵਖਤ ਰਸਤੇ ਵਿੱਚ ਜੋ ਵੀ ਅੜਦਾ ਗਿਆ ਉਹਨੂੰ ਝਾੜਦੇ ਰਹੇ । ਚਮਕੌਰ ਸਾਹਿਬ ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ ਤੋਂ ਹੁੰਦੇ ਹੋਏ ਨਾਹਨ ਤੱਕ ਖਾਲਸਾ ਰਾਜ ਦੇ ਝੰਡੇ ਝੁਲਾਏ ਗਏ । ਜਮਨਾ ਤੋਂ ਰਾਵੀ ਦੇ ਵਿਚਕਾਰ ਸਿੰਘਾਂ ਦਾ ਰਾਜ ਹੋ ਗਿਆ । ਜਦੋਂ ਬਾਬਾ ਬੰਦਾ ਸਿੰਘ ਬਹਾਦਰ ੧੭੧੧ ਵਿੱਚ ਚੰਬੇ ਦੀ ਰਿਆਸਤ ਪਹੁੰਚੇ, ਚੰਬੇ ਦਾ ਰਾਜਾ ਉਦੇ ਸਿੰਘ ਸੀ । ਉਹ ਸੁਆਗਤ ਲਈ ਹੱਥ ਜੋੜ ਕੇ ਖਾਲਸਾ ਫੌਜ ਦੇ ਅੱਗੇ ਖੜਾ ਹੋਇਆ। ਨਜ਼ਰਾਨੇ ਭੇਂਟ ਕੀਤੇ ਗਏ । ਉਦੇ ਸਿੰਘ ਦੀ ਲੜਕੀ ਬੀਬੀ ਸ਼ੁਸੀਲ ਕੌਰ ਬਾਬਾ ਬੰਦਾ ਸਿੰਘ ਬਹਾਦਰ ਦੀ ਮੁਗਲਾ ਤੇ ਜਿੱਤ ਤੋਂ ਬਹੁਤ ਪ੍ਰਭਾਵਿਤ ਹੋਈ ਸੀ । ਉਸ ਨੇ ਖਾਲਸਾ ਫੌਜ ਦੀ ਬਹੁਤ ਸੇਵਾ ਕੀਤੀ । ਉਦੇ ਸਿੰਘ ਨੇ ਆਪਣੀ ਇਸ ਲੜਕੀ ਦਾ ਰਿਸਤਾ ਬਾਬਾ ਬੰਦਾ ਸਿੰਘ ਬਹਾਦਰ ਨਾਲ਼ ਕਰਨ ਦੀ ਬੇਨਤੀ ਕੀਤੀ । ਸਿੰਘਾਂ ਦੀ ਸਲਾਹ ਨਾਲ਼ ਬਾਬਾ ਬੰਦਾ ਸਿੰਘ ਬਹਾਦਰ ਅਤੇ ਬੀਬੀ ਸ਼ੁਸੀਲ ਕੌਰ ਦਾ ਅਨੰਦ ਕਾਰਜ ਗੁਰਮਤਿ ਮਰਿਆਦਾ ਅਨੁਸਾਰ ਹੋ ਗਿਆ । ਰਾਜ ਭਾਗ ਸਿੰਘਾਂ ਨੂੰ ਸੰਭਾਲ਼ ਕੇ ਅਤੇ ਮੁਗਲ ਚੌਧਰੀਆਂ ਦੀਆਂ ਜਮੀਨਾ ਨੂੰ ਖੇਤ ਮਜਦੂਰਾਂ ਦੇ ਨਾਮ ਕਰਨ ਦਾ ਹੁਕਮ ਦੇ ਕੇ ਆਪਣੇ ਜੰਮੂ ਰਿਆਸਤ ਵਾਲ਼ੇ ਪਿੰਡ ਰਿਆਸੀ ਨੂੰ ਚਾਲੇ ਪਾ ਲਏ । ਰਿਆਸੀ ਵਿਖੇ ਹੀ ੧੨-੦੫-੧੭੧੨ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਪਤਨੀ ਬੀਬੀ ਸ਼ੁਸੀਲ ਕੌਰ ਦੀ ਕੁੱਖੋਂ ਪੁੱਤਰ ਅਜੈ ਸਿੰਘ ਪੈਦਾ ਹੋਇਆ । ਏਥੇ ਹੀ ਇੱਕ ਬੀਬੀ ਸਾਹਿਬ ਕੌਰ ਸੀ । ਜਿਸ ਨੇ ਬੀਬੀ ਸੁਸੀਲ ਕੌਰ ਜੱਚਾ ਅਤੇ ਬਾਲਕ ਅਜੈ ਸਿੰਘ ਬੱਚੇ ਦੀ ਤਨ ਮਨ ਲਾ ਕੇ ਸੇਵਾ ਸੰਭਾਲ਼ ਕੀਤੀ । ਬੀਬੀ ਸ਼ੁਸੀਲ ਕੌਰ ਦੀ ਬੇਨਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਦੂਸਰਾ ਵਿਆਹ ਬੀਬੀ ਸਾਹਿਬ ਕੌਰ ਨਾਲ਼ ਕਰਵਾਇਆ ਸੀ । ਜਿਸ ਦੀ ਕੁੱਖੋਂ ਪੁੱਤਰ ਰਣਜੀਤ ਸਿੰਘ ਪੈਦਾ ਹੋਇਆ । ਇਹ ਪੀਹੜੀ ਅੱਜ ਤੱਕ ਚੱਲਦੀ ਹੈ । ਅੱਜ ਕੱਲ ਇਹਨਾਂ ਬੰਦਈ ਖਾਲਸਿਆਂ ਦਾ ਡੇਰਾ ਚੱਲ ਰਿਹਾ ਹੈ ਜੋ ਕਿ ਰਿਆਸੀ ਵਿਖੇ ਹੈ ਮਾਲਕ ਜਤਿੰਦਰ ਸਿੰਘ ਜੀ ਹਨ ।
ਏਥੇ ਦਿਮਾਗ ਤੇ ਜੋਰ ਪਾ ਕੇ ਸੋਚਣ ਵੀਚਾਰਨ ਦੀਆਂ ਕੁੱਝ ਗੱਲਾਂ ਹਨ । ਬਾਬਾ ਬੰਦਾ ਸਿੰਘ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਤਕਰੀਬਨ ਹਾਣੀ ਸਨ । ਦੋਹਾਂ ਦੀ ਦਿੱਖ ਤਕਰੀਬਨ ਇੱਕੋ ਜਿਹੀ ਸੀ । ਗੁਰੂ ਗੋਬਿੰਦ ਸਿੰਘ ਜੀ ਦੇ ਗਹਿਰਾ ਜਖ਼ਮ ਸੀ । ਥੋੜੇ ਦਿਨਾਂ ਦਾ ਮੇਲਾ ਸੀ । ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ੧੫-੧੦-੧੭੦੮ ਨੂੰ ਨਾਦੇੜ ਤੋਂ ਜੁਲਮੀ ਮੁਗਲ ਰਾਜ ਦੀ ਜੜ੍ਹ ਪੁੱਟਣ ਲਈ ਪੰਜਾਬ ਨੂੰ ਵਿਦਾ ਕਰਦੇ ਹਨ । ਇੱਕ ਹਫਤੇ ਬਾਅਦ ੨੧-੧੦-੧੭੦੮ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਦੇੜ ਵਿਖੇ ਜੋਤੀ ਜੋਤ ਸਮਾਉਂਦੇ ਹਨ । ਰਾਸਤੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਜੱਥੇ ਨੂੰ ਲੋਕ ਦੇਖਦੇ ਹਨ । ਪੰਜਾਬ ਦੇ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੁੱਝ ਵੀ ਪਤਾ ਨਹੀਂ ਹੁੰਦਾ ਕਿਉਂਕਿ ਨਾਦੇੜ ਤੇ ਪੰਜਾਬ ਦੀ ਦੂਰੀ ਬਹੁਤ ਜਿਆਦਾ ਹੈ । ਗੁਰੂ ਗੋਬਿੰਦ ਸਿੰਘ ਜੀ ਦੀ ਘੋੜੇ ਸਮੇਤ ਬ੍ਰਹਮ ਲੀਨ ਹੋਣ ਦੀ ਖਬਰ ਫੈਲਦੀ ਹੈ । ਬਾਬਾ ਬੰਦਾ ਸਿੰਘ ਬਹਾਦਰ ਦਾ ਉਵੇਂ ਹੀ ਦੂਸਰਾ ਵਿਆਹ ਹੁੰਦਾ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਦੂਸਰਾ ਵਿਆਹ ਮਾਤਾ ਸਾਹਿਬ ਕੌਰ ਨਾਲ਼ ਹੋਇਆ ਸੀ । ਫਾਰਸੀ ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਵੇਲ਼ੇ ਦੇ ਅੱਖੀਂ ਦੇਖੇ ਹਵਾਲਿਆਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖਾਂ ਦਾ ਗੁਰੂ ਕਰਕੇ ਲਿਖਿਆ ਹੋਇਆ ਹੈ । ਮਾਤਾ ਸਾਹਿਬ ਕੌਰ ਬਾਰੇ ਸਿੱਖ ਇਤਿਹਾਸ ਚੁੱਪ ਹੀ ਹੈ । ਮਾਤਾ ਸੁੰਦਰੀ ਇੱਕ ਪੁੱਤਰ ਨੂੰ ਗੋਦ ਲੈਂਦੀ ਹੈ ਜਿਸ ਦਾ ਨਾਮ ਅਜੀਤ ਸਿੰਘ ਹੈ ।ਇਧਰ ਬਾਬਾ ਬੰਦਾ ਸਿੰਘ ਬਹਾਦਰ ਦੀ ਪਤਨੀ ਮਾਤਾ ਸਹਿਬ ਕੌਰ ਦੇ ਇੱਕ ਪੁੱਤਰ ਹੁੰਦਾ ਹੈ ਤੇ ਨਾਮ ਰਣਜੀਤ ਸਿੰਘ ਹੈ । ਇਹ ਸਾਰੀਆਂ ਗੱਲਾਂ ਇਤਫਾਕ ਵੱਸ ਨਹੀਂ ਹੋ ਸਕਦੀਆਂ । ਜਰੂਰ ਗੁਰੂ ਗੋਬਿੰਦ ਸਿੰਘ ਜੀ ਦੀ ਉਲੀਕੀ ਵਿਉਂਤਬੰਦੀ ਅਨੁਸਾਰ ਹੋ ਸਕਦੀਆਂ ਹਨ । ਇਹਨਾਂ ਗੱਲਾਂ ਨੂੰ ਵਿਦਵਾਨਾਂ ਦੇ ਵੀਚਾਰ ਅਧੀਨ ਛੱਡ ਕੇ ਅੱਗੇ ਵੱਧਦੇ ਹਾਂ । ਖਾਲਸਾ ਪੰਥ ਦੀ ਸਿਰਜਣਾ ਦਾ ਨਿਸ਼ਾਨਾ ਦਲਿਤ ਕਲਿਆਣ ਅਤੇ ਗਰੀਬ ਸਿੰਘਾਂ ਨੂੰ ਪਾਤਿਸ਼ਾਹੀ ਦੇਣ ਦਾ ਪੂਰਾ ਹੋ ਗਿਆ ਸੀ । ਜਿਹਨਾਂ ਨੂੰ ਜਮੀਨਾਂ ਦੀ ਬਖਸਿਸ ਹੋਈ ਸੀ ਉਹ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਛੱਡ ਕੇ ਜੱਟ ਬਣ ਬੈਠੇ ਹਨ ਅਤੇ ਖਾਲਸਾ ਪੰਥ ਦੇ ਨਿਸ਼ਾਨੇ ਤੋਂ ਭਟਕ ਗਏ ਹਨ । ਇਹਨਾਂ ਆਪਣੇ ਅਧੀਨ ਖੇਤ ਮਜਦੂਰਾਂ ਨੂੰ ਜਮੀਨਾਂ ਤਾਂ ਕੀ ਦੇਣੀਆਂ ਸਨ ਸਗੋਂ ਸਰਕਾਰ ਦੁਆਰਾ ਦਿੱਤੇ ਗਏ ਦਲਿਤਾਂ ਦੇ ਪਲਾਟਾਂ ਤੇ ਵੀ ਕਬਜਾ ਕਰੀ ਬੈਠੇ ਹਨ । ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਤੋਂ ਵਾਂਝੇ ਹੋ ਕੇ ਸਰਕਾਰੀ ਹਿੰਦੂਵਾਦੀ ਤਸ਼ੱਦਦ ਝੱਲ਼ ਿਜਾ ਰਹੇ ਹਨ ।
ਇਧਰ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੇ ਹੁਕਮ ਜਾਰੀ ਕਰ ਦਿੱਤਾ ਜਿੱਥੇ ਵੀ ਸਿੱਖ ਮਿਲ਼ੇ ਉਸ ਨੂੰ ਕਤਲ ਕਰ ਦਿੱਤਾ ਜਾਵੇ । ਉਸ ਤੋਂ ਬਾਅਦ ਫਰਖਸ਼ੀਅਰ ਨੇ ਵੀ ਏਹੀ ਨੀਤੀ ਜਾਰੀ ਰੱਖੀ ਸੀ । ਉਸ ਨੇ ਸਾਰੀ ਫੌਜ ਇਕੱਠੀ ਕਰਕੇ ਪੰਜਾਬ ਤੇ ਹਮਲਾ ਕਰ ਦਿੱਤਾ । ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿੰਦਾ ਗਰਿਫਤਾਰ ਕਰਨ ਲਈ ਸਾਰੇ ਖੁਫੀਆ ਤੌਰ ਤਰੀਕੇ ਵਰਤੇ ਗਏ । ਮਾਤਾ ਸੁੰਦਰੀ ਜੀ ਤੋਂ ਧੋਖੇ ਨਾਲ਼ ਹੁਕਮਨਾਮੇ ਜਾਰੀ ਕਰਵਾ ਕੇ ਸਿੰਘ ਵਿੱਚ ਫੁੱਟ ਪਵਾਈ ਗਈ । ਹਰ ਕਿਸਮ ਦੀਆਂ ਅਫਵਾਹਾਂ ਫੈਲਾਈਆਂ ਗਈਆਂ । ਬਾਬਾ ਬੰਦਾ ਸਿੰਘ ਬਹਾਦਰ ਕੋਲ਼ ਗੁਮਰਾਹਕੁੰਨ ਖਬਰਾ ਫੈਲਾਈਆਂ ਗਈਆਂ । ਬਾਬਾ ਬੰਦਾ ਸਿੰਘ ਬਹਾਦਰ ਆਪਣੇ ਪੁੱਤਰ ਅਜੈ ਸਿੰਘ ਅਤੇ ਪਤਨੀ ਸ਼ੁਸ਼ੀਲ ਕੌਰ ਨੂੰ ਲੈ ਕੇ ਗੁਰਦਾਸ ਨੰਗਲ਼ ਦੀ ਗੜੀ ਨੂੰ ਚਾਲੇ ਪਾ ਲਏ । ਅੱਗੇ ਮੁਗਲਾਂ ਨੇ ਗਦਾਰਾਂ ਦੀ ਮੱਦਦ ਨਾਲ਼ ਜਾਲ਼ ਵਿਛਾਇਆ ਹੋਇਆ ਸੀ । ਆਖਰ ੧੭੧੫ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੜੀ ਵਿੱਚ ਘੇਰ ਲਿਆ । ਅੱਠ ਮਹੀਨੇ ਸਿੰਘਾਂ ਨੇ ਮੁਗਲਾਂ ਦਾ ਮੁਕਾਬਲਾ ਕੀਤਾ । ਅਖੀਰ ਝੂਠੀਆਂ ਸੌਂਹਾਂ ਦਾ ਆਸਰਾ ਲੈ ਕੇ ੦੭-੧੨-੧੭੧੫ ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਗਿਣਤੀ ਦੇ ਸਿੰਘਾਂ ਨੂੰ ਗਰਿਫਤਾਰ ਕਰ ਲਿਆ । ਰਾਸਤੇ ਵਿੱਚ ਜੋ ਵੀ ਮਿਲ਼ਿਆ ਉਸ ਨੂੰ ਗਿਰਫਤਾਰ ਕਰਦੇ ਰਹੇ । ਬੀਬੀਆਂ ਦੇ ਕੇਸਾਂ ਵਾਲ਼ੇ ਸਿਰ ਵੱੱਢ ਕੇ ਨੇਜਿਆਂ ਤੇ ਟੰਗਦੇ ਰਹੇ । ਕੁੱਲ ੭੪੧ ਸਿੰਘ ਜਲੂਸ ਦੀ ਸ਼ਕਲ ਵਿੱਚ ਸਰਬਰਾਹ ਕੋਤਵਾਲ, ਮੀਰ ਏ ਆਤਿਸ਼ ਅਤੇ ਇਬਰਾਹੀਮ ਖਾਨ ਦੇ ਹਵਾਲੇ ਕੀਤਾ ਗਿਆ । ੭੪੧ ਸਿੰਘਾਂ ਨੂੰ ਤ੍ਰਿਪੋਲੀ ਜੇਹਲ਼ ਵਿੱਚ ਰੱਖ ਕੇ ਇੱਕ ਹਫਤੇ ਅੰਦਰ ਸਾਰੇ ਸਿੰਘਾਂ ਦਾ ਕਤਲ ਕੀਤਾ ਗਿਆ । ਜੂਨ ਦੇ ਪਹਿਲੇ ਹਫਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ਼ ਦੇ ਚੋਣਵੇਂ ਸਿੰਘਾਂ ਨੂੰ ਈਨ ਮੰਨਵਾਉਣ ਦੀ ਕੋਸ਼ਿਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਸ਼ਹੀਦ ਕੀਤੇ ਗਏ । ਵਾਰੀ ਆਈ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਤਬ ਮੀਨਾਰ ਦੇ ਨੇੜੇ ਮਹਿਰੌਲੀ ਬਾਦਸ਼ਾਹ ਬਹਾਦਰ ਸ਼ਾਹ ਦੀ ਕਬਰ ਸੀ । ਕਬਰ ਦੀ ਪ੍ਰਕਿਰਮਾ ਕਰਵਾਈ ਗਈ । ਸੰਗਲ਼ਾਂ ਨਾਲ਼ ਬੰਨਿਆ ਹੋਇਆ ਸੀ ।ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤਰ ਅਜੈ ਸਿੰਘ ਲੇਟਾਇਆ ਹੋਇਆ ਸੀ।ਲੱਖ ਯਤਨ ਕਰਨ ਉਪਰੰਤ ਜਦੋ ਬਾਬਾ ਬੰਦਾ ਸਿੰਘ ਬਹਾਦਰ ਨੇ ਈਨ ਨਹੀਂ ਮੰਨੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਬਾਲਕ ਅਜੈ ਸਿੰਘ ਦੀ ਛਾਤੀ ਚੀਰੀ ਗਈ।ਉਹਦਾ ਦਿਲ ਕੱਢਿਆ ਗਿਆ।ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨਿਆ ਗਿਆ।੦੯-੦੬-੧੭੧੬ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ।
ਜਦੋਂ ਕਿਸੇ ਗੁਰਸਿੱਖ ਨੂੰ ਗੂਰੁ ਜੀ ਦਾ ਹੁਕਮ ਹੋ ਜਾਵੇ ਕਿ ਜ਼ਾਲਮ ਰਾਜ ਦਾ ਤਖਤਾ ਪਲਟਣਾ ਹੈ । ਉਸ ਦਾ ਨਿਸ਼ਾਨਾ ਹੋ ਜਾਦਾ ਹੈ ਜਿੱਤ! ਬਾਬਾ ਬੰਦਾ ਸਿੰਘ ਬਹਾਦਰ ਨੂੰ ਗੂਰੁ ਗੋਬਿੰਦ ਸਿੰਘ ਜੀ ਦਾ ਹੁਕਮ ਪ੍ਰਾਪਤ ਹੋਇਆ ਸੀ । ਜਿੱਤ ਭੀ ਪ੍ਰਾਪਤ ਕੀਤੀ ਸੀ ।ਇਸ ਜਿੱਤ ਦੀ ਇੱਕ ਤਸਵੀਰ ਪ੍ਰਚਲੱਤ ਹੈ । ਬਾਬਾ ਬੰਦਾ ਸਿੰਘ ਬਹਾਦਰ ਲੋਹਗੜ ਕਿਲੇ ਦੇ ਬਾਹਰ ਸਿੱਖੀ ਬਾਣੇ ਵਿੱਚ ਬੈਠਾ ਹੈ । ਪੂਰਨ ਅਨੰਦਮਈ ਹਾਲਤ ਨਿਰਭੈ ਹੋ ਕੇ ਬੈਠਾ ਹੈ । ਛਾਟਿਆ ਮਜ਼ਬੂਤ ਸਰੀਰ ਹੈ । ਇੱੱਕ ਲੱਤ ਨਿਸ਼ਾਲੀ ਹੋਈ ਹੈ।ਇੱਕ ਹੱਥ ਖੜੀ ਕ੍ਰਿਪਾਨ ਦੇ ਮੁੱਠੇ ਤੇ ਹੈ, ਦੂਜਾ ਹੱਥ ਖੜੀ ਢਾਲ਼ ਦੇ ਉੱਪਰ ਹੈ । ਮੋਢੇ ਤੇ ਧਨੁੱਖ ਹੈ । ਪਿੱਛੇ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਝੂਲਦਾ ਹੈ । ਇੱਕ ਹੋਰ ਤਸਵੀਰ ਪ੍ਰਚਾਲਤ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਵਾਲ਼ੀ । ਮੁਗਲ ਅਹਿਲਕਾਰ ਕੁਰਸੀ ਤੇ ਬੈਠੇ ਨੂੰ ਕਾਜੀ ਕੁੱਝ ਕਹਿੰਦਾ ਹੈ , ਪਿੱਛੇ ਛਤਰ ਵਾਲ਼ਾ ਅਤੇ ਪੰਜ ਮੁਗਲ ਸਿਪਾਹੀ ਨੇਜਿਆਂ ਵਾਲ਼ੇ ਖੜੇ ਹਨ । ਕੁੱਝ ਆਮ ਦੇਖਣ ਵਾਲ਼ੇ ਲੋਕ ਵੀ ਹਨ । ਬਾਬਾ ਬੰਦਾ ਸਿੰਘ ਬਹਾਦਰ ਸੰਗਲ਼ਾ ਨਾਲ਼ ਬੰਨਿਆ ਹੋਇਆ ਹੈ ।ਕੇਵਲ ਕਛਿਹਿਰੇ ਵਿੱਚ ਦੋਨੋਂ ਲੱਤਾਂ ਨਸਾਲੀਆਂ ਹੋਈਆਂ ਹਨ । ਸੱਜੇ ਖੱਬੇ ਜਲਾਦ ਗਰਮ ਜਮੂਰਾਂ ਨਾਲ਼ ਮਾਸ ਖਿੱਚਦੇ ਹਨ । ਸਹਮਣੇ ਅਜੇ ਸਿੰਘ ਨੂੰ ਲੇਟਾਇਆ ਹੋਇਆ ਹੈ ਅਤੇ ਜਲਾਦ ਕਤਲ ਕਰਨ ਲਈ ਤਿਆਰ ਹੈ । ਬਾਬਾ ਬੰਦਾ ਸਿੰਘ ਬਹਾਦਰ ਜਿਵੇਂ ਕਹਿ ਰਿਹਾ ਹੋਵੇ ‘ਸਤਿਗੁਰਿ ਆਗੈ ਸੀਸ ਭੇਟ ਦੇਊ ਜੇ ਸਤਿਗੁਰਿ ਸਾਚੈ ਭਾਵੇ’੧੧੧੩ ॥ ਸ਼ਰੀਰ ਖਤਮ ਹੋਣਾ ਹੀ ਹੋਣਾ ਹੈ । ਮਰਨ ਤੋਂ ਪਹਿਲਾਂ ਗੁਰੂ ਜੀ ਦਾ ਦਿੱਤਾ ਹੁਕਮਿ ਪੂਰਾ ਹੋ ਜਾਵੇ ਤਾਂ ਗੁਰਸਿੱਖ ਅਨੰਦਮਈ ਹਾਲਤ ਵਿੱਚ ਹੁੰਦਾ ਹੈ ।
ਗੁਰਮੇਲ ਸਿੰਘ ਖਾਲਸਾ
੯੯੧੪੭੦੧੪੬੯
ਗਿਆਸਪੁਰਾ, ਲੁਧਿਆਣਾ ।
Tags: , ,
Posted in: ਸਾਹਿਤ