ਭਰਤੀ ਲਈ ਵੱਢੀ: ਐਸਪੀ ਖ਼ਿਲਾਫ਼ ਵਿਜੀਲੈਂਸ ਜਾਂਚ ਸ਼ੁਰੂ

By September 20, 2016 0 Comments


police-recruਚੰਡੀਗੜ੍ਹ: ਪੰਜਾਬ ਪੁਲੀਸ ਵਿੱਚ ਸਿਪਾਹੀ ਭਰਤੀ ਕਰਾਉਣ ਦੇ ਨਾਮ ’ਤੇ ਐਸ.ਪੀ. ਸਰਬਜੀਤ ਸਿੰਘ ’ਤੇ 29 ਲੱਖ ਰੁਪਏ ਲੈਣ ਦੇ ਲੱਗੇ ਦੋਸ਼ਾਂ ਸਬੰਧੀ ਜਾਂਚ ਵਿਜੀਲੈਂਸ ਹਵਾਲੇ ਕਰ ਦਿੱਤੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੁਲੀਸ ਮੁਖੀ ਸੁਰੇਸ਼ ਅਰੋੜਾ ਨੇ ਐਸ.ਪੀ. ਖ਼ਿਲਾਫ਼ ਪੜਤਾਲ ਦੇ ਹੁਕਮ ਦਿੱਤੇ ਹਨ। ਵਿਜੀਲੈਂਸ ਨੇ ਪੀੜਤ ਧਿਰ ਨਾਲ ਸਬੰਧਤ ਗੁਰਚਰਨ ਸਿੰਘ ਅਤੇ ਮੱਖਣ ਸਿੰਘ ਨਾਮੀਂ ਵਿਅਕਤੀਆਂ ਦੇ ਬਿਆਨ ਦਰਜ ਕਰ ਲਏ ਹਨ। ਮਾਮਲੇ ਦੀ ਜਾਂਚ ਵਿਜੀਲੈਂਸ ਦੇ ਸੰਯੁਕਤ ਡਾਇਰੈਕਟਰ ਐਸ. ਭਾਨੂਪਤੀ ਨੂੰ ਸੌਂਪੀ ਗਈ ਹੈ। ਵਿਜੀਲੈਂਸ ਦੀ ਡਾਇਰੈਕਟਰ ਸ੍ਰੀਮਤੀ ਵੀ. ਨੀਰਜਾ ਨੇ ਐਸ.ਪੀ. ਖ਼ਿਲਾਫ਼ ਹੋ ਰਹੀ ਵਿਜੀਲੈਂਸ ਜਾਂਚ ਦੀ ਪੁਸ਼ਟੀ ਕੀਤੀ ਹੈ। ਵਿਜੀਲੈਂਸ ਨੇ ਚੱਲ ਰਹੀ ਪੁਲੀਸ ਭਰਤੀ ਦੌਰਾਨ ਸੌਦੇਬਾਜ਼ੀ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਦਲਾਲਾਂ ਦੀ ਭਾਲ ਵੀ ਸ਼ੁਰੂ ਕੀਤੀ ਹੋਈ ਹੈ।
ਮੱਖਣ ਸਿੰਘ ਅਤੇ ਗੁਰਚਰਨ ਸਿੰਘ ਵੱਲੋਂ ਡੀਜੀਪੀ ਨੂੰ ਕੀਤੀ ਸ਼ਿਕਾਇਤ ਮੁਤਾਬਕ ਐਸ.ਪੀ. ਸਰਬਜੀਤ ਸਿੰਘ ਨਾਲ ਪੁਲੀਸ ’ਚ ਭਰਤੀ ਕਰਾਉਣ ਸਬੰਧੀ ਸੌਦਾ ਲੁਧਿਆਣਾ ਦੇ ਇੱਕ ਹੋਟਲ ’ਚ ਹੋਇਆ। ਪੁਲੀਸ ਅਫ਼ਸਰ ਨੇ ਪ੍ਰਤੀ ਉਮੀਦਵਾਰ 20 ਲੱਖ ਰੁਪਏ ਮੰਗੇ ਤੇ ਅਖੀਰ ਸੌਦਾ ਪ੍ਰਤੀ ਉਮੀਦਵਾਰ 15 ਲੱਖ ਰੁਪਏ ’ਚ ਤੈਅ ਹੋਇਆ। ਸੌਦਾ ਹੋਣ ’ਤੇ ਨੌਕਰੀ ਲੈਣ ਦੇ ਚਾਹਵਾਨ ਵਿਅਕਤੀਆਂ ਨੇ ਜ਼ਮੀਨ ਵੇਚਣੀ ਲਾ ਦਿੱਤੀ ਤੇ ਜ਼ਮੀਨ ਦਾ ਸੌਦਾ ਹੋਣ ਤੋਂ ਬਾਅਦ 14 ਲੱਖ ਰੁਪਏ ਐਸ.ਪੀ. ਹਵਾਲੇ ਕਰ ਦਿੱਤੇ। ਇਸ ਤੋਂ ਬਾਅਦ ਇੱਕ ਲੱਖ ਰੁਪਏ ਐਸ.ਪੀ. ਦੀ ਸੱਸ ਹਰਬੰਸ ਕੌਰ ਨੂੰ ਫਿਰੋਜ਼ਪੁਰ ’ਚ ਦਿੱਤੇ। ਸ਼ਿਕਾਇਤ ਕਰਨ ਵਾਲਿਆਂ ਮੁਤਾਬਕ 1 ਜੁਲਾਈ 2015 ਨੂੰ ਜ਼ਮੀਨ ਦੀ ਰਜਿਸਟਰੀ ਹੋਣ ਤੋਂ ਬਾਅਦ ਉਹ 14 ਲੱਖ ਰੁਪਏ ਹੋਰ ਲੈ ਕੇ ਲੁਧਿਆਣਾ ਦੇ ਹੋਟਲ ’ਚ ਪੁੱਜੇ ਜਿੱਥੇ ਐਸ.ਪੀ. ਦੇ ਪੁੱਤਰ ਨਿਸ਼ਾਨ ਸਿੰਘ ਅਤੇ ਪਤਨੀ ਰਿਪਨਦੀਪ ਕੌਰ ’ਤੇ ਪੈਸੇ ਲੈ ਲਏ। ਇਸ ਤਰ੍ਹਾਂ ਦੋ ਜਣਿਆਂ ਨੂੰ ਭਰਤੀ ਕਰਾਉਣ ਲਈ ਕੁੱਲ 29 ਲੱਖ ਰੁਪਏ ਦਿੱਤੇ ਗਏ।
ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਐਸ.ਪੀ. ਨੇ ਦਾਅਵਾ ਕੀਤਾ ਸੀ ਕਿ ਡੀਜੀਪੀ ਕੋਟੇ ਤਹਿਤ 52 ਸਿਪਾਹੀ ਭਰਤੀ ਕੀਤੇ ਜਾਣੇ ਹਨ ਤੇ 40 ਦਿਨਾਂ ਦੇ ਅੰਦਰ-ਅੰਦਰ ਦੋਵੇਂ ਨੌਜਵਾਨ ਭਰਤੀ ਕਰਵਾ ਦਿੱਤੇ ਜਾਣਗੇ। ਜਦੋਂ ਦੋਵੇਂ ਨੌਜਵਾਨ ਭਰਤੀ ਨਾ ਹੋਏ ਤਾਂ ਉਨ੍ਹਾਂ ਨੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ। ਪਹਿਲਾਂ ਤਾਂ ਸਰਬਜੀਤ ਸਿੰਘ ਨੇ ਲਾਰੇ ਲਾਏ ਅਖੀਰ ਜ਼ੀਰਕਪੁਰ ਵਿਚਲਾ ਇੱਕ ਫਲੈਟ ਜੋ ਕਿ ਐਸ.ਪੀ. ਦੀ ਪਤਨੀ ਦੇ ਨਾਮ ਹੈ, ਦੀ ਰਜਿਸਟਰਰੀ ਸ਼ਿਕਾਇਤ ਕਰਤਾਵਾਂ ਦੇ ਨਾਮ ਕਰਾਉਣ ਦਾ ਵਾਅਦਾ ਕਰ ਕੇ ਇਕਰਾਰਨਾਮਾ ਵੀ ਕਰ ਲਿਆ। ਬਾਅਦ ਵਿੱਚ ਐਸ.ਪੀ. ਨੇ ਫਲੈਟ ਦੀ ਰਜਿਸਟਰੀ ਵੀ ਨਾ ਕਰਾਈ। ਇਹ ਐਸ.ਪੀ. ਪੰਜਾਬ ਦੇ ਇੱਕ ਸੀਨੀਅਰ ਅਕਾਲੀ ਆਗੂ ਦਾ ਕਰੀਬੀ ਰਿਸ਼ਤੇਦਾਰ ਹੈ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਉਕਤ ਵਿਅਕਤੀਆਂ ਨੇ ਡੀਜੀਪੀ ਤੱਕ ਉਦੋਂ ਪਹੁੰਚ ਕੀਤੀ ਜਦੋਂ ਐਸ.ਪੀ. ਨੇ ਫੋਨ ਸੁਣਨਾ ਵੀ ਬੰਦ ਕਰ ਦਿੱਤਾ।

ਐਸ.ਪੀ. ਸਰਬਜੀਤ ਸਿੰਘ ਨੇ ਕਿਹਾ ਕਿ ਪੁਲੀਸ ’ਚ ਸਿਪਾਹੀ ਭਰਤੀ ਕਰਾਉਣ ਦੇ ਨਾਮ ’ਤੇ ਪੈਸੇ ਲੈਣ ਸਬੰਧੀ ਕੀਤੀ ਸ਼ਿਕਾਇਤ ਝੂਠੀ ਹੈ। ਉਨ੍ਹਾਂ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਦਿਆਂ ਕਿਹਾ ਕਿ ਗੁਰਚਰਨ ਸਿੰਘ ਅਤੇ ਮੱਖਣ ਸਿੰਘ ਨਾਲ ਜ਼ੀਰਕਪੁਰ ਵਿਚਲਾ ਫਲੈਟ ਵੇਚਣ ਦਾ ਸੌਦਾ ਜ਼ਰੂਰ ਹੋਇਆ ਸੀ, ਪਰ ਭਰਤੀ ਦੇ ਨਾਮ ’ਤੇ ਕੋਈ ਪੈਸਾ ਨਹੀਂ ਲਿਆ ਗਿਆ।