ਆਸਾ ਰਾਮ ਦੇ ਚੇਲਿਆਂ ਵੱਲੋਂ ਉੱਡਦੇ ਜਹਾਜ਼ ‘ਚ ਹੰਗਾਮਾ, ਯਾਤਰੀਆਂ ਦੀ ਮੁੱਠੀ ‘ਚ ਜਾਨ

By September 20, 2016 0 Comments


asaramਜੋਧਪੁਰ: ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਫਸੇ ਬਾਪੂ ਆਸਾ ਰਾਮ ਦੇ ਹਮਾਇਤੀਆਂ ਨੇ ਜੋਧਪੁਰ ਤੋਂ ਦਿੱਲੀ ਆਉਂਦੇ ਸਮੇਂ ਜਹਾਜ਼ ਵਿੱਚ ਹੰਗਾਮਾ ਕਰ ਦਿੱਤਾ। ਇਸ ਕਾਰਨ ਫਲਾਈਟ ਵਿੱਚ ਸਫ਼ਰ ਕਰ ਰਹੇ ਦੂਜੇ ਯਾਤਰੀਆਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਅਸਲ ਵਿੱਚ ਜਿਸ ਫਲਾਈਟ ਵਿੱਚ ਬਾਪੂ ਆਸਾ ਰਾਮ ਨੂੰ ਦਿੱਲੀ ਲਿਆਂਦਾ ਜਾ ਰਿਹਾ ਸੀ, ਉਸ ਦੀਆਂ 70 ਸੀਟਾਂ ਵਿੱਚੋਂ 35 ‘ਤੇ ਉਨ੍ਹਾਂ ਦੇ ਸਮਰਥਕ ਬੈਠੇ ਸਨ।
ਬੱਸ ਫਿਰ ਕੀ ਸੀ ਆਸਾ ਰਾਮ ਦੇ ਸਮਰਥਕਾਂ ਨੇ ਜਹਾਜ਼ ਦੀ ਉਡਾਣ ਤੋਂ ਲੈ ਕੇ ਲੈਂਡਿੰਗ ਤੱਕ ਖ਼ੂਬ ਹੰਗਾਮਾ ਕੀਤਾ। ਉਡਾਣ ਦੌਰਾਨ ਇੱਕ ਵਕਤ ਤਾਂ ਸਾਰੇ ਸਮਰਥਕ ਅਚਾਨਕ ਖੜ੍ਹੇ ਹੋ ਗਏ ਜਿਸ ਕਾਰਨ ਜਹਾਜ਼ ਦਾ ਸੰਤੁਲਨ ਇੱਕਦਮ ਵਿਗੜ ਗਿਆ। ਪਾਈਲਟ ਨੇ ਬਹੁਤ ਹੀ ਔਖੇ ਤਰੀਕੇ ਨਾਲ ਇਸ ਉੱਤੇ ਕਾਬੂ ਪਾਇਆ।
ਇਸ ਤੋਂ ਬਾਅਦ ਪਾਈਲਟ ਨੇ ਚੇਤਾਵਨੀ ਦਿੱਤੀ। ਫਿਰ ਜਾ ਕੇ ਸਮਰਥਕ ਸ਼ਾਂਤ ਹੋਏ। ਜੈੱਟ ਏਅਰਵੇਜ਼ ਦੀ ਇਸ ਫਲਾਈਟ ਵਿੱਚ ਅੱਧੇ ਆਸਾ ਰਾਮ ਦੇ ਸਮਰਥਕ ਸਨ। ਜਿਵੇਂ ਹੀ ਜਹਾਜ਼ ਨੇ ਉਡਾਣ ਭਰਨ ਦੀ ਤਿਆਰੀ ਕੀਤੀ ਤਾਂ ਆਸਾ ਰਾਮ ਦੀ ਇੱਕ ਮਹਿਲਾ ਸਮਰਥਕ ਏਅਰ ਹੋਸਟਸ ਨਾਲ ਭਿੜ ਗਈ। ਪਾਈਲਟ ਨੇ ਸਾਰਿਆਂ ਨੂੰ ਸੀਟ ਬੈਲਟ ਲਾਉਣ ਦੀ ਅਪੀਲ ਕੀਤੀ ਪਰ ਸਾਰੇ ਸਮਰਥਕ ਖੜ੍ਹੇ ਹੋ ਗਏ।
ਇਸ ਤੋਂ ਬਾਅਦ ਪਾਈਲਟ ਨੇ ਜਹਾਜ਼ ਨੂੰ ਉਡਾਉਣ ਤੋਂ ਇਨਕਾਰ ਕਰ ਦਿੱਤਾ। ਇਸੇ ਦੌਰਾਨ ਜਦੋਂ ਪਾਈਲਟ ਨੇ ਜਹਾਜ਼ ਨੂੰ ਉਡਾਇਆ ਤਾਂ ਸਮਰਥਕ ਵਾਰ ਵਾਰ ਬਾਥਰੂਮ ਦਾ ਬਹਾਨਾ ਬਣਾ ਕੇ ਆਸਾ ਰਾਮ ਦਾ ਅਸ਼ੀਰਵਾਦ ਲੈਣ ਦੀ ਕੋਸ਼ਿਸ਼ ਕਰਨ ਲੱਗੇ ਪਰ ਜਹਾਜ਼ ਵਿੱਚ ਮੌਜੂਦ ਪੁਲਿਸ ਕਰਮੀਆਂ ਨੇ ਸਾਰੇ ਸਮਰਥਕਾਂ ਨੂੰ ਪਿੱਛੇ ਕਰ ਦਿੱਤਾ। ਇਸ ਤੋਂ ਬਾਅਦ ਸਮਰਥਕਾਂ ਨੇ ਆਸਾ ਰਾਮ ਦੇ ਹੱਕ ਵਿੱਚ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
ਇਹ ਦੇਖ ਕੇ ਆਸਾ ਰਾਮ ਦੇ ਉਦਾਸ ਚਿਹਰੇ ਉੱਤੇ ਅਚਾਨਕ ਰੌਣਕ ਆ ਗਈ। ਆਸਾ ਰਾਮ ਖ਼ੁਦ ਆਪਣੇ ਸਮਰਥਕਾਂ ਨੂੰ ਹੰਗਾਮਾ ਕਰਨ ਲਈ ਉਤਸ਼ਾਹਤ ਕਰ ਰਿਹਾ ਸੀ। ਇਸ ਤੋਂ ਬਾਅਦ ਜਦੋਂ ਜਹਾਜ਼ ਦਿੱਲੀ ਪਹੁੰਚਿਆ ਤਾਂ ਪੁਲਿਸ ਨੇ ਆਸਾ ਰਾਮ ਨੂੰ ਹੇਠਾਂ ਉੱਤਰਨ ਲਈ ਆਖਿਆ ਤਾਂ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੇ ਇਸ ਤੋਂ ਬਾਅਦ ਜ਼ਬਰਦਸਤੀ ਆਸਾ ਰਾਮ ਨੂੰ ਹੇਠਾਂ ਉਤਾਰਿਆ। ਆਸਾ ਰਾਮ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਚੈੱਕਅਪ ਲਈ ਲਿਆਂਦਾ ਗਿਆ।