ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਪੰਜ ਦੋਸ਼ੀ

By September 5, 2016 0 Comments


ਵਿਦਵਾਨ ਵਿਭਿੰਨ ਦ੍ਰਿਸ਼ਟੀਆਂ ਤੋਂ ਸ਼ਹਾਦਤ ਦੇ ਸਵਾਲ ਦਾ ਕੋਈ ਇਕ ਜਵਾਬ ਲੱਭਣ ਲਈ ਨਿਰੰਤਰ ਯਤਨਸ਼ੀਲ ਹਨ। ਇਨ੍ਹਾਂ ਯਤਨਾਂ ਦੌਰਾਨ ਗੁਰੂ ਜੀ ਦੀ ਸ਼ਹਾਦਤ ਦੇ ਕਾਰਨ ਬਣੇ ਪੰਜ ਇਤਿਹਾਸਕ ਪਾਤਰਾਂ ਦੀ ਸਿੱਧੀ ਤੇ ਅਸਿੱਧੀ ਭੂਮਿਕਾ ਬਾਰੇ ਇਤਿਹਾਸ ਹਾਮੀ ਭਰਦਾ ਹੈ।
guru arjan sahib ji
ਗੁਰੂ ਅਰਜਨ ਦੇਵ ਜੀ ਨੇ ਅੱਜ ਤੋਂ 453 ਸਾਲ ਪਹਿਲਾਂ ਜਨਮ ਧਾਰਿਆ ਸੀ। ਉਨ੍ਹਾਂ ਦੀ ਸ਼ਹਾਦਤ ਹੋਇਆਂ ਵੀ 410 ਸਾਲ ਗੁਜ਼ਰ ਗਏ ਹਨ। ਉਨ੍ਹਾਂ ਦੀ ਸੰਸਾਰਕ ਉਮਰ ਕੁੱਲ 43 ਸਾਲ ਸੀ। ਆਤਮਕ ਪੱਧਰ ਉੱਤੇ ਉਨ੍ਹਾਂ ਦੀ ਉਮਰ ਅਕਾਲ ਹੋ ਗਈ ਹੈ। ਉਨ੍ਹਾਂ ਦਾ ਜਨਮ ਵੈਸਾਖ ਮਹੀਨੇ ‘ਚ ਹੋਇਆ ਸੀ ਅਤੇ ਸ਼ਹਾਦਤ ਹਾੜ ਮਹੀਨੇ ‘ਚ ਹੋਈ ਸੀ। ਉਹ ਅੱਜ ਵੀ ਸਾਡੇ ਦਿਲਾਂ ਅੰਦਰ ਜਿਊਂਦੇ ਹਨ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਸੰਦਰਭ ਵਿਚ ਸਿੱਖ ਧਾਰਮਿਕ ਸੱਭਿਆਚਾਰ ਅਨੁਸਾਰ ਚਾਲੀ ਦਿਨ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਂਦੇ ਹਨ। ਇਸ ਨੂੰ ਚਾਲੀਸੇ ਦਾ ਨਾਂਅ ਦਿੱਤਾ ਗਿਆ ਹੈ।
birbalਵਿਸ਼ੇਸ਼ ਰੂਪ ਵਿਚ ਸੁਖਮਨੀ ਮਨ ਨੂੰ ਸੁਖ ਦੇਣ ਵਾਲੀ ਬਾਣੀ ਮੰਨੀ ਗਈ ਹੈ, ਜਿਸ ਦੀ ਰਚਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ। ਇਸ ਬਾਣੀ ਦਾ ਪਾਠ ਗੁਰੂ ਜੀ ਦੀ ਸ਼ਹਾਦਤ ਨੂੰ ਧਿਆਨ ‘ਚ ਰੱਖਦਿਆਂ ਖ਼ਾਸ ਤੌਰ ‘ਤੇ ਵੈਸਾਖ-ਜੇਠ-ਹਾੜ੍ਹ ਦੇ ਮਹੀਨਿਆਂ ਵਿਚ ਛਬੀਲਾਂ ਤੇ ਲੰਗਰਾਂ ਸੰਗ ਕੀਤਾ ਜਾਂਦਾ ਹੈ। ਸਿੱਖ ਇਤਿਹਾਸ ਅੰਦਰ ਗੁਰੂ ਜੀ ਦੀ ਸ਼ਹਾਦਤ ਦੇ ਕਾਰਨਾਂ ਬਾਰੇ ਗੰਭੀਰ ਸੰਵਾਦ ਹੁੰਦਾ ਰਹਿੰਦਾ ਹੈ। ਵਿਦਵਾਨਾਂ ਨੇ ਨਿਆਰੀਆਂ ਦਲੀਲਾਂ ਅਧੀਨ ਇਸ ਦੇ ਅਸਲ ਕਾਰਨ ਲੱਭਣ ਦਾ ਯਤਨ ਕੀਤਾ ਹੈ। ਵਿਦਵਾਨ ਵਿਭਿੰਨ ਦ੍ਰਿਸ਼ਟੀਆਂ ਤੋਂ ਸ਼ਹਾਦਤ ਦੇ ਸਵਾਲ ਦਾ ਕੋਈ ਇਕ ਜਵਾਬ ਲੱਭਣ ਲਈ ਨਿਰੰਤਰ ਯਤਨਸ਼ੀਲ ਹਨ। ਇਨ੍ਹਾਂ ਯਤਨਾਂ ਦੌਰਾਨ ਗੁਰੂ ਜੀ ਦੀ ਸ਼ਹਾਦਤ ਦੇ ਕਾਰਨ ਬਣੇ ਪੰਜ ਇਤਿਹਾਸਕ ਪਾਤਰਾਂ ਦੀ ਸਿੱਧੀ ਤੇ ਅਸਿੱਧੀ ਭੂਮਿਕਾ ਬਾਰੇ ਇਤਿਹਾਸ ਹਾਮੀ ਭਰਦਾ ਹੈ। ਵਿਦਵਾਨ ਆਪਣੀ ਦ੍ਰਿਸ਼ਟੀ ਦੇ ਬਲ ਨਾਲ ਤਰਕ-ਵਿਤਰਕ ਕਰਦੇ ਹੋਏ ਕਿਸੇ ਇਕ ਪਾਤਰ ਨੂੰ ਮੁੱਖ ਪਾਤਰ ਵਜੋਂ ਸਥਾਪਿਤ ਕਰ ਲੈਂਦੇ ਹਨ। ਇਨ੍ਹਾਂ ਪੰਜ ਪਾਤਰਾਂ ਬਾਰੇ ਜਾਣਨਾ ਅਹਿਮ ਵੀ ਹੈ ਤੇ ਦਿਲਚਪ ਵੀ।
ਪਹਿਲੇ ਪਾਤਰ ਗੁਰੂ ਜੀ ਦੇ ਵੱਡੇ ਭਰਾ ਹਨ। ਇਨ੍ਹਾਂ ਦਾ ਨਾਂਅ ਸੀ ਪ੍ਰਿਥੀ ਚੰਦ। ਪ੍ਰਿਥੀ ਚੰਦ ਬੀਬੀ ਭਾਨੀ ਜੀ ਦੇ ਜੇਠੇ ਪੁੱਤਰ ਸਨ। ਇਨ੍ਹਾਂ ਦਾ ਜਨਮ ਗੋਇੰਦਵਾਲ ਵਿਖੇ ਸੰਨ 1658 ਈ: ਵਿਚ ਹੋਇਆ ਸੀ। ਇਨ੍ਹਾਂ ਨੇ ਆਪਣੇ ਪਿਤਾ ਚੌਥੇ ਗੁਰੂ ਰਾਮਦਾਸ ਜੀ ਦੇ ਵੇਲੇ ਗੁਰੂ ਕਾਰਜਾਂ ਵਿਚ ਵੱਡਾ ਯੋਗਦਾਨ ਦਿੱਤਾ ਸੀ। ਗੁਰੂ ਘਰ ਦੇ ਮਾਲੀ ਪ੍ਰਬੰਧਾਂ ਵਿਚ ਇਨ੍ਹਾਂ ਦੀ ਵਿਸ਼ੇਸ਼ ਰੁਚੀ ਸੀ। ਗੁਰੂ ਰਾਮਦਾਸ ਜੀ ਵੀ ਇਨ੍ਹਾਂ ਦੀ ਇਸ ਰੁਚੀ ਤੋਂ ਖ਼ੁਸ਼ ਸਨ। ਇਸ ਖ਼ੁਸ਼ੀ ਦੇ ਸਬੱਬ ਹੀ ਪ੍ਰਿਥੀ ਚੰਦ ਅੰਦਰ ਇਹ ਭੁਲੇਖਾ ਬੀਜਿਆ ਗਿਆ ਸੀ ਕਿ ਪਿਤਾ ਗੁਰੂ ਤੋਂ ਬਾਅਦ ਗੁਰਗੱਦੀ ਦਾ ਅਸਲ ਵਾਰਸ ਉਹ ਹੀ ਹੋਵੇਗਾ। ਇਸ ਇੱਛਾ ਨੂੰ ਪੁਗਾਉਣ ਲਈ ਉਸ ਨੇ ਹਰ ਵੇਲੇ ਗੁਰੂ ਜੀ ਦੇ ਨੇੜੇ ਰਹਿਣ ਦੀ ਜੁਗਤ ਅਪਣਾਈ ਸੀ। ਗੁਰੂ ਅਰਜਨ ਦੇਵ ਜੀ ਵੱਲੋਂ ਲਾਹੌਰ ਵਿਖੇ ਗੁਰੂ ਹੁਕਮ ਪੁਗਾਉਣ ਵੇਲੇ ਦੀ ਸਾਖੀ ਇਸ ਜੁਗਤ ਦੇ ਪ੍ਰਮਾਣ ਵਜੋਂ ਯਾਦ ਕੀਤੀ ਜਾਂਦੀ ਹੈ। ਜਦੋਂ ਪ੍ਰਿਥੀ ਚੰਦ ਨੇ ਅਰਜਨ ਦੇਵ ਜੀ ਵੱਲੋਂ ਭੇਜੀਆਂ ਸ਼ਬਦ ਰੂਪੀ ਤਿੰਨ ਚਿੱਠੀਆਂ : ਮੇਰਾ ਮਨੁ ਲੋਚੈ ਗੁਰਦਰਸਨ ਤਾਈ॥ ਗੁਰੂ ਰਾਮਦਾਸ ਜੀ ਤੱਕ ਨਹੀਂ ਸਨ ਅੱਪੜਣ ਦਿੱਤੀਆਂ। ਗੁਰੂ ਅਰਜਨ ਦੇਵ ਜੀ ਨੂੰ ਬਖ਼ਸ਼ੀ ਗੁਰਗੱਦੀ ਉਪਰੰਤ ਪ੍ਰਿਥੀ ਚੰਦ ਦੀ ਈਰਖਾ ਵੈਰ ਦਾ ਰੂਪ ਧਾਰ ਗਈ ਸੀ। ਪ੍ਰਿਥੀ ਚੰਦ ਨੇ ਗੁਰੂ ਅਰਜਨ ਦੇਵ ਜੀ ਨੂੰ ਜਾਨੀ ਨੁਕਸਾਨ ਪਹੁੰਚਾਉਣ ਲਈ ਕਈ ਯੋਜਨਾਵਾਂ ਬਣਾਈਆਂ ਸਨ। ਉਹ ਗੁਰੂ ਜੀ ਘਰ ਜਨਮੇ ਪੁੱਤਰ ਹਰਿਗੋਬਿੰਦ ਦੇ ਜਨਮ ਦੀ ਖ਼ੁਸ਼ੀ ‘ਚ ਸ਼ਰੀਕ ਨਹੀਂ ਸੀ ਹੋਇਆ, ਉਲਟਾ ਉਹ ਇਸ ਪੁੱਤਰ ਨੂੰ ਮਾਰ ਮੁਕਾਉਣ ਦੀਆਂ ਵਿਉਂਤਾਂ ਬਣਾਉਂਦਾ ਰਿਹਾ ਸੀ। ਗੁਰਗੱਦੀ ਉੱਤੇ ਹੱਕ ਜਮਾਉਣ ਦਾ ਮਾਮਲਾ ਉਸ ਨੇ ਸਰਕਾਰੇ ਦਰਬਾਰੇ ਪਹੁੰਚਾ ਦਿੱਤਾ। ਇਸ ਨਾਲ ਸਿੱਖ ਧਰਮ ਦੇ ਫੈਲਾਓ ਹਿੱਤ ਹੋਣ ਵਾਲੇ ਕਾਰਜ ਕਈ ਵਾਰ ਸੰਕਟ ਦਾ ਰੂਪ ਧਾਰ ਜਾਂਦੇ ਸਨ। ਮੁਗ਼ਲ ਹਾਕਮ ਤੇ ਅਹਿਲਕਾਰ ਇਸ ਸਥਿਤੀ ਨੂੰ ਆਪਣੀ ਰਾਜਨੀਤੀ ਅਨੁਕੂਲ ਵਰਤਣ ਲਈ ਤਤਪਰ ਰਹਿੰਦੇ ਸਨ। ਇਸ ਕਾਰਨ ਇਹ ਪਾਤਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਸਵਾਗਤ ਕਰਨ ਵਾਲੇ ਪਾਤਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ।
ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਅੰਦਰ ਇਸ ਨੂੰ ਮੀਣਾ ਸ਼ਬਦ ਨਾਲ ਸੰਬੋਧਿਤ ਕੀਤਾ ਹੈ। ਉਨ੍ਹਾਂ ਨੇ ਇਸ ਪ੍ਰਤੀ ਬਹੁਤ ਕੌੜੇ ਸ਼ਬਦ ਵਰਤੇ ਹਨ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਪ੍ਰਿਥੀ ਚੰਦ ਨੇ ਆਪਣੇ ਆਪ ਨੂੰ ਛੇਵਾਂ ਗੁਰੂ ਐਲਾਨਿਆ ਸੀ। ਇਸ ਨੇ ਸਰਕਾਰੀ ਅਹਿਲਕਾਰਾਂ ਦੀ ਮਦਦ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਮੁਕਾਬਲੇ ਦਾ ਹੇਹਰਾਂ ਵਿਖੇ ਦੂਖਨਿਵਾਰਨ ਸਥਾਨ ਉਸਾਰਿਆ ਸੀ। ਮੌਤ ਉਪਰੰਤ ਉਸ ਦਾ ਵੱਡਾ ਪੁੱਤਰ ਮਿਹਰਵਾਨ ਸੱਤਵੇਂ ਗੁਰੂ ਦੇ ਰੂਪ ਵਿਚ ਵਿਚਰਨ ਲੱਗਾ ਸੀ। ਇਸ ਨੇ ਆਦਿ ਬੀੜ ਦੇ ਮੁਕਾਬਲੇ ਸੁਤੰਤਰ ਗ੍ਰੰਥ ਬਣਾਇਆ ਸੀ। ਕੋਸ਼ਾਂ ਅੰਦਰ ਪ੍ਰਿਥੀ ਚੰਦ ਦੀ ਮੌਤ ਸੰਨ 1618 ਈ: ਵਿਚ ਹੋਈ ਲਿਖੀ ਗਈ ਹੈ।
ਦੂਜੇ ਪਾਤਰ ਦੇ ਰੂਪ ਵਿਚ ਬਾਦਸ਼ਾਹ ਅਕਬਰ ਦੇ ਚੌਦਾਂ ਰਤਨਾਂ ‘ਚੋਂ ਇਕ ਰਤਨ ਬੀਰਬਲ ਨੂੰ ਵੀ ਪੇਸ਼ ਕੀਤਾ ਜਾਂਦਾ ਹੈ। ਭਾਵੇਂ ਬੀਰਬਲ ਦੀ ਮੌਤ 1586 ਈ: ਵਿਚ ਹੋ ਗਈ ਸੀ ਪਰ ਸਮਝਿਆ ਜਾਂਦਾ ਹੈ ਕਿ ਉਸ ਨੂੰ ਗੁਰੂ ਸਾਹਿਬਾਨ ਵੱਲੋਂ ਹਰ ਮਾਨਵ ਨੂੰ ਏਕ ਨੂਰ ਦੀ ਉਪਜ ਮੰਨਣ ਵਾਲੇ ਸਿਧਾਂਤ ਨਾਲ ਜਾਤ-ਅਭਿਮਾਨੀ ਖੋਰ ਸੀ। ਉਹ ਗੁਰੂ ਜੀ ਦੇ ਮੱਤ ਦਾ ਵਿਰੋਧੀ ਸੀ। ਉਸ ਅੰਦਰ ਧਸੇ ਜਾਤ ਅਭਿਮਾਨ ਨੂੰ ਪ੍ਰਿਥੀ ਚੰਦ ਨੇ ਆਪਣੇ ਹਿੱਤ ਲਈ ਵਰਤਿਆ ਸੀ। ਇਸ ਤਰ੍ਹਾਂ ਇਹ ਪਾਤਰ ਪ੍ਰਿਥੀ ਚੰਦ ਦੀ ਗੁਰੂਗੱਦੀ ਲਈ ਦਾਅਵੇਦਾਰੀ ਦੀ ਦਲੀਲ ਦਾ ਸਰਕਾਰੇ ਦਰਬਾਰੇ ਵਕੀਲ ਬਣ ਗਿਆ ਸੀ, ਜਿਸ ਸਦਕਾ ਉਸ ਨੇ ਸਿੱਖ ਵਿਰੋਧੀ ਹੋਰ ਅਹਿਲਕਾਰ ਗੁਰੂ ਅਰਜਨ ਦੇਵ ਜੀ ਵਿਰੁੱਧ ਸਾਜ਼ਸ਼ੀ ਰੂਪ ਵਿਚ ਵਰਤੇ ਸਨ। ਆਪਣੀ ਮੌਤ ਤੋਂ ਪਹਿਲਾਂ ਬੀਰਬਲ ਦੀ ਅੰਮ੍ਰਿਤਸਰ ਫੇਰੀ ਬਾਰੇ ਮਹਾਨ ਕੋਸ਼ ਅੰਦਰ ਦਰਜ ਇਹ ਵੇਰਵਾ ਦਿਲਚਸਪ ਹੈ : ‘ਬੀਰਬਲ ਨੇ ਜੰਗ ਲਈ ਜਾਣ ਸਮੇਂ ਬਾਦਸ਼ਾਹ ਤੋਂ ਖੱਤਰੀਆਂ ਦੇ ਹਰੇਕ ਘਰ ‘ਤੇ ਇਕ ਰੁਪਇਆ ਟੈਕਸ ਲਾਉਣ ਦੀ ਮਨਜ਼ੂਰੀ ਲੈ ਲਈ ਸੀ। ਪੰਜਾਬ ਦੇ ਹੋਰ ਖੱਤਰੀਆਂ ਤੋਂ ਟੈਕਸ ਲੈਂਦਾ ਜਦ ਉਹ ਅੰਮ੍ਰਿਤਸਰ ਵਿਚ ਦੀ ਗੁਜ਼ਰਿਆ ਤਦ ਉਥੋਂ ਦੇ ਖੱਤਰੀਆਂ ਤੋਂ ਵੀ ਟੈਕਸ ਮੰਗਿਆ। ਗੁਰੂ ਅਰਜਨ ਦੇਵ ਜੀ ਨੇ ਆਖਿਆ ਕਿ ਇਥੇ ਸਭ ਸਿੱਖ ਹਨ ਇਹ ਟੈਕਸ ਸਿੱਖਾਂ ‘ਤੇ ਨਹੀਂ ਹੈ। ਬੀਰਬਲ ਨੇ ਆਖ੍ਰਿਆ ਕਿ ਮੈਂ ਮੁੜਨ ਵੇਲੇ ਸਮਝਾਂਗਾ ਕਿ ਇਥੇ ਖੱਤਰੀ ਹਨ ਜਾਂ ਸਿੱਖ। ਅੰਮ੍ਰਿਤਸਰ ਨਿਵਾਸੀਆਂ ਨੂੰ ਚਿੰਤਾਤੁਰ ਵੇਖ ਕੇ ਗੁਰੂ ਸਾਹਿਬ ਨੇ ਫਰਮਾਇਆ ਕਿ ਤੁਸੀਂ ਫਿਕਰ ਨਾ ਕਰੋ, ਹੁਣ ਇਹ ਮੁੜ ਕੇ ਨਹੀਂ ਆਵੇਗਾ।’ ਬੀਰਬਲ ਪਠਾਣਾਂ ਵਿਰੁੱਧ ਵਿੱਢੀ ਇਸ ਜੰਗ ਵਿਚ ਹੀ ਮਾਰਿਆ ਗਿਆ ਸੀ।
ਬੀਰਬਲ ਦਾ ਅਸਲ ਨਾਮ ਮਹੇਸ਼ ਦਾਸ ਸੀ। ਇਹ ਬ੍ਰਾਹਮਣ ਸੀ। ਇਸ ਦੀ ਜਨਮ ਤਾਰੀਕ 1528 ਈ: ਹੈ। ਅਕਬਰ ਕੋਲ ਆਉਣ ਤੋਂ ਪਹਿਲਾਂ ਇਹ ਜੈਪੁਰ ਦੇ ਰਾਜੇ ਭਗਵਾਨ ਦਾਸ ਪਾਸ ਨੌਕਰ ਸੀ। ਰਾਜੇ ਭਗਵਾਨ ਦਾਸ ਨੇ 1562 ਈ: ਵਿਚ ਆਪਣੀ ਵੱਡੀ ਭਤੀਜੀ ਦਾ ਡੋਲਾ ਵੀ ਅਕਬਰ ਨੂੰ ਦਿੱਤਾ ਸੀ। ਇਸ ਦੇ ਬਦਲੇ ਭਗਵਾਨ ਦਾਸ ਦੇ ਪੁੱਤਰ ਮਾਨ ਸਿੰਘ ਨੂੰ ਸ਼ਾਹੀ ਮੁਲਾਜ਼ਮਤ ਮਿਲ ਗਈ ਸੀ। ਇਸ ਵੇਲੇ ਹੀ ਭਗਵਾਨ ਦਾਸ ਵੱਲੋਂ ਬੀਰਬਲ ਨੂੰ ਵੀ ਅਕਬਰ ਦੇ ਦਰਬਾਰ ਭੇਜ ਦਿੱਤਾ ਗਿਆ ਸੀ।
ਤੀਜਾ ਪਾਤਰ ਦੀਵਾਨ ਚੰਦੂ ਲਾਲ ਹੈ। ਇਹ ਗੁਰਦਾਸਪੁਰ ਦੇ ਪਿੰਡ ਰੁਹੇਲੇ ਦਾ ਖੱਤਰੀ ਸੀ। ਲਾਹੌਰ ਦਰਬਾਰ ਵਿਚ ਇਹ ਦੀਵਾਨ ਸੀ। ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਨਾਭਾ ਵਿਚ ਇਸ ਪਾਤਰ ਬਾਰੇ ਇਹ ਇੰਦਰਾਜ ਦਰਜ ਹੈ : ”ਸ੍ਰੀ ਗੁਰੂ ਅਰਜਨ ਦੇਵ ਦਾ ਇਕ ਪ੍ਰੇਮੀ ਸਿੱਖ, ਲਾਹੌਰ ਨਿਵਾਸੀ ਇਕ ਖੱਤਰੀ, ਜੋ ਬਾਦਸ਼ਾਹ ਜਹਾਂਗੀਰ ਵੇਲੇ ਮਾਲੀ ਅਹੁਦੇਦਾਰ ਸੀ। ਇਹ ਆਪਣੀ ਪੁੱਤਰੀ ਦਾ ਨਾਤਾ ਗੁਰੂ ਹਰਿਗੋਬਿੰਦ ਸਾਹਿਬ ਨਾਲ ਕਰਨਾ ਚਾਹੁੰਦਾ ਸੀ। ਪਰ ਦਿੱਲੀ ਦੀ ਸੰਗਤ ਨੇ ਇਸ ਦੇ ਅਹੰਕਾਰ ਭਰੇ ਬਚਨ ਸੁਣ ਕੇ ਪੰਜਵੇਂ ਸਤਿਗੁਰੂ ਦੀ ਸੇਵਾ ਵਿਚ ਅਰਦਾਸ ਲਿਖੀ ਕਿ ਇਸ ਮਨਮੁਖ ਦਾ ਨਾਤਾ ਨਹੀਂ ਲੈਣਾ। ਗੁਰੂ ਸਾਹਿਬ ਨੇ ਸਿੱਖਾਂ ਦੀ ਇੱਛਾ ਅਨੁਸਾਰ ਸਾਕ ਲੈਣੋਂ ਇਨਕਾਰ ਕੀਤਾ। ਇਸ ਪੁਰ ਇਹ ਗੁਰੂ ਅਰਜਨ ਦੇਵ ਦਾ ਵੈਰੀ ਬਣ ਗਿਆ। ਚੰਦੂ ਨੇ ਬਹੁਤ ਜਾਲ ਰਚ ਕੇ ਪੰਜਵੇਂ ਸਤਿਗੁਰੂ ਜੀ ਨੂੰ ਲਾਹੌਰ ਬੁਲਾਇਆ ਅਤੇ ਝੂਠੀਆਂ ਊਜਾਂ ਲਾ ਕੇ ਬਾਦਸ਼ਾਹ ਤੋਂ ਜੁਰਮਾਨਾ ਕਰਵਾਇਆ ਅਤੇ ਅਨੇਕ ਅਸਹਿ ਕਸ਼ਟ ਦਿੱਤੇ। ਜਿਨ੍ਹਾਂ ਦੇ ਕਾਰਨ ਗੁਰੂ ਅਰਜਨ ਦੇਵ ਜੀ ਜੋਤੀ ਜੋਤ ਸਮਾਏ। ਸੰਮਤ 1670 (1613 ਈ:) ਵਿਚ ਚੰਦੂ ਸਿੱਖਾਂ ਦੇ ਹੱਥੋਂ ਵੱਡੀ ਦੁਰਗਤਿ ਨਾਲ ਲਾਹੌਰ ਮੋਇਆ।”
ਇਸ ਪਾਤਰ ਦਾ ਸਿੱਖ ਪਰੰਪਰਾ ਨੇ ਘ੍ਰਿਣਾ ਨਾਲ ਚੰਦੂ ਨਾਮ ਧਰਿਆ ਹੋਇਆ ਹੈ। ਸਿੱਖਾਂ ਅੰਦਰ ਜਦੋਂ ਕਿਸੇ ਵਿਅਕਤੀ ਨੂੰ ਕਪਟੀ-ਕਮੀਨਾ ਆਖਣਾ ਹੋਵੇ ਤਾਂ ਚੰਦੂ ਨਾਮ ਲੈ ਕੇ ਸੱਦਿਆ ਜਾਂਦਾ ਹੈ।
ਮਹਾਨ ਕੋਸ਼ ਅਨੁਸਾਰ : ਖੁਸਰੋ ਦੀਆਂ ਅੱਖਾਂ ਸਿਲਵਾ ਦਿੱਤੀਆਂ। ਇਹ ਚਿਰ ਤੀਕ ਕੈਦ ਰਹਿ ਕੇ ਸੰਨ 1622 ਵਿਚ ਮੋਇਆ ਸੀ। ਖੁਸਰੋ ਦਾ ਜਨਮ ਵੀ ਲਾਹੌਰ ਵਿਖੇ ਸੰਨ 1587 ਵਿਚ ਹੋਇਆ ਸੀ। ਇਹ ਜਹਾਂਗੀਰ ਦਾ ਜੇਠਾ ਪੁੱਤਰ ਸੀ। ਅਕਬਰ ਨੇ ਆਪਣੇ ਜੇਠੇ ਪੁੱਤਰ ਜਹਾਂਗੀਰ ਦੀ ਚਾਲ ਢਾਲ ਵੇਖ ਆਪਣੇ ਪੋਤੇ ਖੁਸਰੋ ਅਰਥਾਤ ਜਹਾਂਗੀਰ ਦੇ ਜੇਠੇ ਪੁੱਤਰ ਨੂੰ ਰਾਜਗੱਦੀ ਸੌਂਪਣ ਦਾ ਮਨ ਬਣਾਇਆ ਸੀ। ਪਰ ਜਹਾਂਗੀਰ ਨੇ ਰਾਜਗੱਦੀ ਲਈ ਆਪਣੇ ਹੀ ਜੰਮੇ ਨਾਲ ਇਹ ਕੀਤੀ। ਅਕਬਰ ਦੇ ਦੂਜੇ ਦੋ ਪੁੱਤਰ ਮੁਰਾਦ ਤੇ ਦਾਨਿਅਲ ਨਸ਼ੇ ਦੀ ਲਤ ਕਾਰਨ ਪਹਿਲਾਂ ਹੀ ਪੂਰੇ ਹੋ ਗਏ ਸਨ।
ਜਹਾਂਗੀਰ ਨੇ ਗੁਰੂ ਜੀ ਨੂੰ ਖੁਸਰੋ ਦੇ ਹਿਮਾਇਤੀ ਵਜੋਂ ਮੁਰਤਜ਼ਾਖਾਨ ਰਾਹੀਂ ਲਾਹੌਰ ਮੰਗਵਾਇਆ ਸੀ। ਗੁਰੂ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਸੁਣਾ ਚੰਦੂ ਦੇ ਹਵਾਲੇ ਕਰ, ਜਹਾਂਗੀਰ ਲਾਹੌਰ ਤੋਂ ਚਲਾ ਗਿਆ ਸੀ। ਅੰਤ ਤੱਤੀ ਤਵੀ ਉੱਤੇ ਬੈਠਣ ਤੱਕ ਦੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਜਹਾਂਗੀਰ ਦਾ ਜਨਮ 30 ਅਗਸਤ 1569 ਈ: ਨੂੰ ਹੋਇਆ ਸੀ। ਇਹ ਅਕਬਰ ਦੀ ਰਾਜਪੂਤਨ ਬੇਗਮ ਜੋਧਾ ਬਾਈ ਦਾ ਜੇਠਾ ਬੇਟਾ ਸੀ। ਇਸ ਨੇ 36 ਸਾਲ ਦੀ ਉਮਰ ਅਰਥਾਤ 1605 ਈ: ਵਿਚ ਰਾਜਭਾਗ ਸੰਭਾਲਿਆ ਅਤੇ ਅੰਤ ਲਾਹੌਰ ਹੀ ਸੰਨ 1627 ਈ: ਵਿਚ ਕਬਰੀਂ ਜਾ ਸੁੱਤਾ ਸੀ। ਇਸ ਦੀ ਕਬਰ ਲਾਹੌਰ ਵਿਖੇ ਸ਼ਾਹਦਰੇ ਦੇ ਸਥਾਨ ਉੱਤੇ ਹੈ।
ਜਹਾਂਗੀਰ ਨੇ ਆਪਣੇ ਉੱਨੀ ਵਰ੍ਹਿਆਂ ਦੇ ਗੱਭਰੂ ਜਵਾਨ ਪੁੱਤਰ ਖੁਸਰੋ ਦੇ ਕਤਲ ਨੂੰ ਸਵਾਬ ਦਾ ਕਾਰਜ ਜਾਣ ਆਪਣੇ ਸਾਹਮਣੇ ਬੇਦਰਦੀ ਨਾਲ ਮੌਤ ਦੇ ਘਾਟ ਉਤਰਵਾਇਆ ਸੀ।
ਇਨ੍ਹਾਂ ਪੰਜ ਪਾਤਰਾਂ ਨੇ ਆਪਣੇ-ਆਪਣੇ ਲਾਭਾਂ ਲਈ ਗੁਰੂ ਜੀ ਨੂੰ ਸ਼ਹੀਦ ਕਰਨਾ ਸੱਚਾ ਸੁੱਚਾ ਕਰਮ ਐਲਾਨਿਆ ਸੀ। ਉਨ੍ਹਾਂ ਲਈ ਗੁਰੂ ਦਾ ਵਿਚਰਨਾ, ਗੁਰੂ ਜੀ ਦਾ ਜੀਣਾ, ਖ਼ਾਸ ਤੌਰ ‘ਤੇ ਹਾਨੀਕਾਰਕ ਸੀ।
ਹਰ ਲੇਖਕ, ਵਿਦਵਾਨ ਤੇ ਇਤਿਹਾਸਕਾਰ ਆਪਣੀ ਸਥਿਤੀ, ਸਮੇਂ ਤੇ ਦ੍ਰਿਸ਼ਟੀ ਅਨੁਸਾਰ ਇਨ੍ਹਾਂ ਪਾਤਰਾਂ ਦੇ ਪਾਪਾਂ ਦਾ ਭਾਰ ਤੋਲ-ਤੋਲ ਆਪਣੀਆਂ ਲਿਖਤਾਂ ਅੰਦਰ ਦਰਜ ਕਰਦਾ ਰਹਿੰਦਾ ਹੈ। ਕੋਈ ਕਿਸੇ ਨੂੰ ਭਾਰਾ ਦੱਸਦਾ ਹੈ, ਕੋਈ ਕਿਸੇ ਨੂੰ। ਪਰ ਸਾਰੇ ਇਨ੍ਹਾਂ ਦੇ ਨਾਂਅ ਅੱਗੇ ਸ਼ਬਦ ਪਾਪੀ, ਦੋਸ਼ੀ ਲਿਖਣ ਉੱਤੇ ਸਹਿਮਤ ਹਨ। ਇਨ੍ਹਾਂ ਪਾਪੀਆਂ ‘ਚੋਂ ਕਿਸ ਨੇ ਨਿੱਜੀ ਤੇ ਪਰਿਵਾਰਕ, ਕਿਸੇ ਨੇ ਧਾਰਮਿਕ, ਕਿਸੇ ਨੇ ਰਾਜਸੀ ਲਾਹਾ ਖੱਟਣ ਲਈ ਇਹ ਪਾਪ ਚਾਅ ਨਾਲ, ਜੋਸ਼ ਨਾਲ ਅੱਗੋਂ ਹੋ ਹੋ ਕੀਤਾ ਹੈ, ਉਹ ਭਾਵੇਂ ਪ੍ਰਿਥੀ ਚੰਦ ਹੋਵੇ, ਬੀਰਬਲ, ਚੰਦੂ, ਸਰਹੰਦੀ ਹੋਵੇ ਜਾਂ ਫੇਰ ਬਾਦਸ਼ਾਹ ਜਹਾਂਗੀਰ!
ਗੁਰੂ ਜੀ ਦੀ ਯਾਸਾ, ਮੰਗੋਲ ਕਾਨੂੰਨ ਅਧੀਨ ਸ਼ਹਾਦਤ ਇਨ੍ਹਾਂ ਪਾਪੀਆਂ ਦੇ ਜਬਰ ਦਾ ਅਨੋਖਾ ਜਵਾਬ ਸੀ। ਇਸ ਨਾਲ ਗੁਰੂ ਜੀ ਨੇ ਕੁਲ ਮਾਨਵ ਨੂੰ ਅਣਖ ਨਾਲ ਜੀਣਾ ਤੇ ਮਰਨਾ ਸਿਖਾਇਆ ਹੈ। ਆਦਿ ਬੀੜ ਦੀ ਸਾਜਨਾ ਕਰਕੇ ਉਨ੍ਹਾਂ ਇਸ ਸਿੱਖਿਆ ਨੂੰ ਹਰ ਮਾਨਵ ਲਈ ਸਦੀਵ ਕਾਲ ਤੱਕ ਦ੍ਰਿੜਾਇਆ ਹੈ। ਉਨ੍ਹਾਂ ਖ਼ੁਦ ਮਰ ਕੇ ਸਾਨੂੰ ਜੀਣਾ ਸਿਖਾਇਆ ਹੈ।
ਸੰਨ 2016 ਈ:” ਵਿਚ ਇਹ ਦਿਨ 8 ਜੂਨ ਬਣਦਾ ਹੈ। ਈਸਵੀ ਸੰਨ 1606 ਵੇਲੇ ਇਸ ਦਿਨ ਮਈ ਮਹੀਨੇ ਦੀ 30 ਤਰੀਕ ਸੀ। ਗੁਰੂ ਜੀ ਦੀ ਜਨਮ ਤਰੀਕ ਸੰਨ 1563 ਈ: ਦੇ ਅਪ੍ਰੈਲ ਮਹੀਨੇ ਦੀ 15 ਤਰੀਕ ਹੈ।
By Harpreet Kaur Harf
-ਮਾਰਫ਼ਤ ਡਾ: ਗੁਰਨਾਇਬ ਸਿੰਘ, ਭਾਈ ਵੀਰ ਸਿੰਘ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾਈਲ : 82849-42992.
Tags: , ,
Posted in: ਸਾਹਿਤ