ਮਾਛੀਵਾੜਾ ਸਾਹਿਬ ਨੇੜੇ ਅਵਾਰਾ ਪਸ਼ੂ ਨੂੰ ਲੈ ਕੇ ਲੜਾਈ ‘ਚ ਨੌਜਵਾਨ ਦਾ ਕਤਲ, 6 ਜ਼ਖ਼ਮੀ

By August 29, 2016 0 Comments


machiwara

machiwara2ਸ੍ਰੀ ਮਾਛੀਵਾੜਾ ਸਾਹਿਬ, 28 ਅਗਸਤ (ਸੁਖਵੰਤ ਸਿੰਘ ਗਿੱਲ)-ਪਿੰਡ ਮਹੱਦੀਪੁਰ ‘ਚ ਗੁਆਂਢ ਵਿਚ ਰਹਿੰਦੇ ਦੋ ਪਰਿਵਾਰਾਂ ‘ਚ ਇਕ ਅਵਾਰਾ ਪਸ਼ੂ ਨੂੰ ਲੈ ਕੇ ਸ਼ੁਰੂ ਹੋਇਆ ਝਗੜਾ ਇਸ ਕਦਰ ਵਧਿਆ ਕਿ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ 6 ਜਣੇ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਜਿਨ੍ਹਾਂ ‘ਚੋਂ 1 ਦੀ ਹਾਲਤ ਨੂੰ ਗੰਭੀਰ ਦੇਖਦਿਆਂ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ | ਪੁਲਿਸ ਕੋਲ ਮਿ੍ਤਕ ਨੌਜਵਾਨ ਦੇ ਪਿਤਾ ਚੰਨਣ ਸਿੰਘ ਨੇ ਦਰਜ ਕਰਵਾਏ ਬਿਆਨਾਂ ‘ਚ ਕਿਹਾ ਕਿ ਉਸ ਦਾ ਪੁੱਤਰ ਗੁਰਦੀਪ ਸਿੰਘ ਪਿੰਡ ‘ਚ ਗ੍ਰੰਥੀ ਦੀ ਸੇਵਾ ਨਿਭਾਅ ਰਿਹਾ ਸੀ | ਉਸ ਨੇ ਦੱਸਿਆ ਕਿ ਪਿੰਡ ਦੇ ਹੀ ਵਿਅਕਤੀ ਬੁੱਧ ਸਿੰਘ ਵਲੋਂ ਪਿਛਲੇ ਕੁਝ ਦਿਨਾਂ ਤੋਂ ਆਪਣੀ ਇਕ ਅਵਾਰਾ ਗਊ ਨੂੰ ਪਿੰਡ ‘ਚ ਛੱਡ ਦਿੱਤਾ ਗਿਆ ਅਤੇ ਉਹ ਰੋਜ਼ਾਨਾ ਹੀ ਗੁਆਂਢ ‘ਚ ਹੀ ਰਹਿੰਦੇ ਉਸ ਦੇ ਭਰਾ ਨਿਰਮਲ ਸਿੰਘ ਦੇ ਘਰ ਆ ਕੇ ਗੰਦ ਪਾਉਣ ਲੱਗ ਪੈਂਦੀ ਸੀ | ਉਹ ਓਲਾਂਭਾ ਦੇਣ ਗਏ ਸਨ | ਅਵਾਰਾ ਪਸ਼ੂ ਨੂੰ ਲੈ ਕੇ ਸ਼ੁਰੂ ਹੋਇਆ ਇਹ ਮਾਮੂਲੀ ਝਗੜਾ ਖੂਨੀ ਰੂਪ ਧਾਰਨ ਕਰ ਗਿਆ ਅਤੇ ਇਸ ਦੌਰਾਨ ਉਸ ਦਾ ਪੁੱਤਰ ਗੁਰਦੀਪ ਸਿੰਘ ਜੋ ਕਿ ਰੋਜ਼ਾਨਾ ਗੁਰਦੁਆਰਾ ਸਾਹਿਬ ਲਈ ਦੁੱਧ ਇਕੱਠਾ ਕਰ ਰਿਹਾ ਸੀ ਲੜਾਈ ਨੂੰ ਸੁਲਝਾਉਣ ਲਈ ਰੁਕ ਗਿਆ | ਬਿਆਨਕਰਤਾ ਅਨੁਸਾਰ ਅਵਾਰਾ ਪਸ਼ੂ ਨੂੰ ਲੈ ਕੇ ਹੋਈ ਇਹ ਲੜਾਈ ਇੰਨਾ ਖੂਨੀ ਰੂਪ ਧਾਰਨ ਕਰ ਗਈ ਕਿ ਦੂਜੀ ਧਿਰ ਦੇ ਬੁੱਧ ਸਿੰਘ, ਸੁੱਚਾ ਸਿੰਘ, ਬਲਵਿੰਦਰ ਸਿੰਘ, ਹਰਦੀਪ ਸਿੰਘ, ਗੁਰਮੀਤ ਕੌਰ, ਬਚਨ ਕੌਰ ਜੋ ਕਿ ਇਕ ਪਰਿਵਾਰ ਨਾਲ ਸਬੰਧਿਤ ਸਨ ਤੇ ਛਿੰਦਰਪਾਲ ਸਿੰਘ ਤੇ ਹਰਜਿੰਦਰ ਸਿੰਘ ਨੇ ਡਾਂਗਾ, ਬੇਸਬਾਲ ਤੇ ਰਾਡਾਂ ਨਾਲ ਉਸ ਦੇ ਭਰਾ, ਪੁੱਤਰ ਤੇ ਭਰਜਾਈ ‘ਤੇ ਹਮਲਾ ਕਰ ਦਿੱਤਾ | ਇਸ ਖੂਨੀ ਲੜਾਈ ਵਿਚ ਉਸ ਦੇ ਪੁੱਤਰ ਗੁਰਦੀਪ ਸਿੰਘ ਦੇ ਸਿਰ ‘ਚ ਲੋਹੇ ਦੀ ਰਾਡ ਵੱਜੀ, ਜਿਸ ਕਾਰਨ ਉਹ ਢਹਿ-ਢੇਰੀ ਹੋ ਗਿਆ | ਜਖ਼ਮੀ ਹਾਲਤ ਵਿਚ ਗੁਰਦੀਪ ਸਿੰਘ, ਭਰਾ ਸੁੱਚਾ ਸਿੰਘ ਤੇ ਭਰਜਾਈ ਸੁਰਿੰਦਰ ਕੌਰ ਨੂੰ ਮਾਛੀਵਾੜਾ ਹਸਪਤਾਲ ਲਿਆਂਦਾ ਗਿਆ, ਜਿੱਥੇ ਗੁਰਦੀਪ ਸਿੰਘ ਦੀ ਹਾਲਤ ਦੇਖਦੇ ਹੋਏ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਪਰ ਗੁਰਦੀਪ ਸਿੰਘ ਰਸਤੇ ਵਿਚ ਹੀ ਦਮ ਤੋੜ ਗਿਆ ਜਦਕਿ ਸੁੱਚਾ ਸਿੰਘ ਨੂੰ ਪਟਿਆਲਾ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਤੇ ਸੁਰਿੰਦਰ ਕੌਰ ਨੂੰ ਮਾਮੂਲੀ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ | ਇਸ ਝਗੜੇ ਵਿਚ ਦੂਜੀ ਧਿਰ ਵਲੋਂ ਵੀ ਸੱਟਾਂ ਲੱਗਣ ਦਾ ਦਾਅਵਾ ਕੀਤਾ ਗਿਆ ਅਤੇ ਇਨ੍ਹਾਂ ‘ਚੋਂ ਹਰਦੀਪ ਸਿੰਘ, ਬਚਨ ਕੌਰ, ਗੁਰਮੀਤ ਕੌਰ ਤੇ ਬੁੱਧ ਸਿੰਘ ਮਾਛੀਵਾੜਾ ਹਸਪਤਾਲ ‘ਚ ਇਲਾਜ ਲਈ ਦਾਖ਼ਲ ਸਨ | ਮਾਛੀਵਾੜਾ ਪੁਲਿਸ ਵਲੋਂ ਮਿ੍ਤਕ ਗ੍ਰੰਥੀ ਗੁਰਦੀਪ ਸਿੰਘ ਦੇ ਪਿਤਾ ਚੰਨਣ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ 9 ਵਿਅਕਤੀਆਂ ਜਿਸ ਵਿਚ ਬੁੱਧ ਸਿੰਘ, ਸੁੱਚਾ ਸਿੰਘ, ਮਲਕੀਤ ਸਿੰਘ, ਬਲਵਿੰਦਰ ਸਿੰਘ, ਹਰਦੀਪ ਸਿੰਘ, ਗੁਰਮੀਤ ਕੌਰ, ਬਚਨ ਕੌਰ, ਛਿੰਦਰਪਾਲ ਤੇ ਹਰਜਿੰਦਰ ਸਿੰਘ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ |