ਰੈੱਡਕਲਿਫ ਨੂੰ ਅਫ਼ਸੋਸ ਸੀ ਭਾਰਤ ਦੀ ਵੰਡ ਦਾ

By August 23, 2016 0 Comments


redclifਅੰਗਰੇਜ਼ ਇਸ ਗੱਲ ਲਈ ਮਸ਼ਹੂਰ ਰਹੇ ਹਨ ਕਿ ਜਦੋਂ ਉਨ੍ਹਾਂ ਨੂੰ ਮਜਬੂਰ ਹੋ ਕੇ ਜਾਂ ਕਿਸੇ ਹੋਰ ਵਜ੍ਹਾ ਕਰਕੇ ਆਪਣੀਆਂ ਬਸਤੀਆਂ ਛੱਡਣੀਆਂ ਪਈਆਂ ਤਾਂ ਉਹ ਉਥੇ ਪੂਰੀ ਤਰ੍ਹਾਂ ਘੜਮੱਸ ਵਾਲੀ ਸਥਿਤੀ ਪੈਦਾ ਕਰਕੇ ਹੀ ਨਿਕਲਦੇ ਰਹੇ ਹਨ। ਉਨ੍ਹਾਂ ਨੇ ਇਕ ਤਰੀਕਾ ਇਹ ਅਪਣਾਇਆ ਕਿ ਆਪਣੇ ਰਾਜ ਹੇਠਲੇ ਦੇਸ਼ ਨੂੰ ਵੰਡ ਦਿੱਤਾ। ਆਇਰਲੈਂਡ, ਫਲਸਤੀਨ-ਇਜ਼ਰਾਈਲ ਅਤੇ ਭਾਰਤ ਵਿਚ ਵੀ ਉਨ੍ਹਾਂ ਨੇ ਅਜਿਹਾ ਹੀ ਕੀਤਾ।
ਹੁਣ ਜਦੋਂ ਅਗਸਤ 2016 ਦਾ ਅੱਧ ਹੈ ਤਾਂ ਮੈਨੂੰ ਭਾਰਤ ਨੂੰ ਦੋ ਦੇਸ਼ਾਂ (ਭਾਰਤ ਅਤੇ ਪਾਕਿਸਤਾਨ) ਵਿਚ ਵੰਡਣ ਵਾਲੀ ਲਕੀਰ ਖਿੱਚਣ ਵਾਲੇ ਲਾਰਡ ਰੈੱਡਕਲਿਫ ਨਾਲ ਹੋਈ ਆਪਣੀ ਗੱਲਬਾਤ ਯਾਦ ਆਉਂਦੀ ਹੈ। ਆਖਰੀ ਵਾਇਸਰਾਏ ਮਾਊਂਟਬੈਟਨ ਨੇ ਉਨ੍ਹਾਂ ਨੂੰ ਬਰਤਾਨੀਆ ਦੇ ਵਕੀਲ ਭਾਈਚਾਰੇ ਵਿਚੋਂ ਚੁਣਿਆ ਸੀ ਅਤੇ ਉਪ-ਮਹਾਂਦੀਪ ਨੂੰ ਵੰਡਣ ਲਈ ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਭਾਰਤ ਲਿਆਂਦਾ ਸੀ। ਇਸ ਤੋਂ ਪਹਿਲਾਂ ਰੈੱਡਕਲਿਫ ਨੇ ਕਦੇ ਭਾਰਤ ਵਿਚ ਪੈਰ ਨਹੀਂ ਰੱਖਿਆ ਸੀ ਅਤੇ ਨਾ ਹੀ ਇਸ ਦੇਸ਼ ਬਾਰੇ ਵਧੇਰੇ ਜਾਣਦੇ ਸਨ।
ਰੈੱਡਕਲਿਫ ਨੇ ਮੈਨੂੰ ਦੱਸਿਆ ਕਿ ਮਾਊਂਟਬੈਟਨ ਨੇ ਉਨ੍ਹਾਂ ਨੂੰ ਆਪਣੀ ਇੱਛਾ ਦੱਸਦਿਆਂ ਇਹ ਚਿਤਾਵਨੀ ਵੀ ਦਿੱਤੀ ਸੀ ਕਿ ਇਹ ਇਕ ਔਖਾ ਕੰਮ ਹੈ ਅਤੇ ਹੋ ਸਕਦਾ ਹੈ ਉਹ ਇਸ ਨੂੰ ਲੈਣਾ ਨਾ ਚਾਹੁਣ। ਮਾਊਂਟਬੈਟਨ ਨੇ ਉਨ੍ਹਾਂ ਨੂੰ 40 ਹਜ਼ਾਰ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਸੀ, ਜੋ ਉਸ ਸਮੇਂ ਕਾਫੀ ਵੱਡੀ ਰਕਮ ਸੀ। ਜਿਵੇਂ ਕਿ ਰੈੱਡਕਲਿਫ ਨੇ ਦੱਸਿਆ ਅੰਤ ਨੂੰ ਉਨ੍ਹਾਂ ਨੂੰ ਜਿਸ ਚੀਜ਼ ਨੇ ਲੁਭਾਇਆ, ਉਹ ਸੀ ਦੋ ਨਵੇਂ ਦੇਸ਼ ਪੈਦਾ ਕਰਨ ਦੀ ਜ਼ਿੰਮੇਵਾਰੀ, ਜੋ ਉਨ੍ਹਾਂ ਦੇ ਮੋਢਿਆਂ ‘ਤੇ ਪਾਈ ਗਈ ਸੀ। ਲੰਡਨ ਦੇ ਇਕ ਨਾਮੀ ਵਕੀਲ ਲਈ ਰਾਤੋ-ਰਾਤ ਕੌਮਾਂਤਰੀ ਰਾਜਨੇਤਾ ਬਣ ਜਾਣ ਦਾ ਵਿਚਾਰ ਏਨਾ ਖਿੱਚਪਾਊ ਸੀ ਕਿ ਇਸ ਨੂੰ ਠੁਕਰਾਇਆ ਨਹੀਂ ਸੀ ਜਾ ਸਕਦਾ।
ਰੈੱਡਕਲਿਫ ਨੇ ਜ਼ਿਲ੍ਹਿਆਂ ਦੇ ਨਕਸ਼ੇ ਮੰਗੇ ਪਰ ਇਕ ਵੀ ਮੁਹੱਈਆ ਨਹੀਂ ਸੀ। ਉਨ੍ਹਾਂ ਨੂੰ ਸਾਧਾਰਨ ਨਕਸ਼ਾ ਹੀ ਮਿਲਿਆ, ਜੋ ਆਮ ਕਰਕੇ ਦਫ਼ਤਰਾਂ ਅਤੇ ਸਿੱਖਿਆ ਸੰਸਥਾਵਾਂ ਦੀਆਂ ਕੰਧਾਂ ‘ਤੇ ਟੰਗਿਆ ਰਹਿੰਦਾ ਹੈ। ਰੈਡਕਲਿਫ ਨੇ ਉਸ ਦੇ ਆਧਾਰ ‘ਤੇ ਗਿਣਤੀ-ਮਿਣਤੀ ਕੀਤੀ ਅਤੇ ਇਕ ਅਸਥਾਈ ਲਕੀਰ ਨਕਸ਼ੇ ‘ਤੇ ਹੀ ਖਿੱਚ ਦਿੱਤੀ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਖਿੱਚੀ ਗਈ ਲਕੀਰ ਦੇ ਹਿਸਾਬ ਨਾਲ ਲਾਹੌਰ ਭਾਰਤ ਨੂੰ ਦਿੱਤਾ ਜਾਣਾ ਸੀ। ਫਿਰ ਉਨ੍ਹਾਂ ਨੂੰ ਜਾਪਿਆ ਕਿ ਉਹ ਪਾਕਿਸਤਾਨ ਨੂੰ ਇਕ ਅਹਿਮ ਸ਼ਹਿਰ ਤੋਂ ਵਾਂਝਾ ਕਰ ਦੇਣਗੇ। ਇਸੇ ਗੱਲ ਨੂੰ ਧਿਆਨ ‘ਚ ਰੱਖਦਿਆਂ ਉਨ੍ਹਾਂ ਨੇ ਲਾਹੌਰ ਪਾਕਿਸਤਾਨ ਨੂੰ ਦੇ ਦਿੱਤਾ। ਇਹ ਵਿਰਸਾ ਖੋਹ ਲੈਣ ਲਈ ਪੂਰਬੀ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਅੱਜ ਤੱਕ ਮੁਆਫ਼ ਨਹੀਂ ਕੀਤਾ।
ਰੈੱਡਕਲਿਫ ਨੇ ਵਾਇਸਰਾਏ ਵੱਲੋਂ ਐਲਾਨੀ ਗਈ 40 ਹਜ਼ਾਰ ਰੁਪਏ ਦੀ ਫੀਸ ਕਦੇ ਨਹੀਂ ਲਈ, ਕਿਉਂਕਿ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਪਲਾਇਨ ਵਿਚ ਜਾਨ ਗੁਆਉਣ ਵਾਲੇ 10 ਲੱਖ ਲੋਕਾਂ ਦੇ ਲਹੂ ਦਾ ਬੋਝ ਉਨ੍ਹਾਂ ਦੀ ਜ਼ਮੀਰ ‘ਤੇ ਸੀ। ਵੰਡ ਤੋਂ ਬਾਅਦ ਉਨ੍ਹਾਂ ਨੇ ਭਾਰਤ ਦਾ ਦੌਰਾ ਵੀ ਨਹੀਂ ਕੀਤਾ। ਲੰਦਨ ਵਿਚ ਉਨ੍ਹਾਂ ਦੀ ਮੌਤ ਹੋਈ ਅਤੇ ਭਾਰਤੀ ਅਖ਼ਬਾਰਾਂ ਨੇ ਇਹ ਖ਼ਬਰ ਲੰਦਨ ਦੇ ‘ਦ ਟਾਈਮਜ਼’ ਤੋਂ ਲਈ। ਰੈੱਡਕਲਿਫ ਉਹ ਇਨਸਾਨ ਸਨ, ਜਿਨ੍ਹਾਂ ਨੇ ਦੋ ਨਵੇਂ ਮੁਲਕ ਸਿਰਜੇ ਸਨ ਪਰ ਉਨ੍ਹਾਂ ਨੂੰ ਕਦੇ ਕੋਈ ਸਨਮਾਨ ਨਹੀਂ ਮਿਲਿਆ। ਉਨ੍ਹਾਂ ਨੂੰ ਅੰਤ ਵਿਚ ਕੌਮਾਂਤਰੀ ਰਾਜਨੇਤਾ ਦਾ ਦਰਜਾ ਵੀ ਨਹੀਂ ਦਿੱਤਾ ਗਿਆ।
ਕਈ ਵਰ੍ਹਿਆਂ ਬਾਅਦ ਪਾਕਿਸਤਾਨ ਦੇ ਬਾਨੀ ਮੁਹੰਮਦ ਅਲੀ ਜਿਨਾਹ ਨੂੰ ਉਨ੍ਹਾਂ ਦੇ ਜਲ ਸੈਨਾ ਦੇ ਸਹਾਇਕ, ਜਿਸ ਦੇ ਮਾਂ-ਬਾਪ ਵੰਡ ‘ਚ ਮਾਰੇ ਗਏ ਸਨ, ਨੇ ਗੁੱਸੇ ਵਿਚ ਸਵਾਲ ਕੀਤਾ ਸੀ ਕਿ ‘ਕੀ ਪਾਕਿਸਤਾਨ ਹਾਸਲ ਕਰਨ ਲਾਇਕ ਕੋਈ ਚੰਗੀ ਚੀਜ਼ ਸੀ?’ ਬਜ਼ੁਰਗ, ਜਿਨਾਹ ਕੁਝ ਦੇਰ ਤੱਕ ਖਾਮੋਸ਼ ਰਹੇ ਅਤੇ ਫਿਰ ਜਵਾਬ ਦਿੱਤਾ, ‘ਨੌਜਵਾਨ ਮੈਨੂੰ ਨਹੀਂ ਪਤਾ, ਇਹ ਸਿਰਫ ਆਉਣ ਵਾਲੀ ਪੀੜ੍ਹੀ ਹੀ ਦੱਸੇਗੀ।’
ਸ਼ਾਇਦ ਅਜੇ ਕੋਈ ਫ਼ੈਸਲਾ ਸੁਣਾਉਣਾ ਜਲਦਬਾਜ਼ੀ ਹੋਵੇਗੀ ਪਰ ਇਕ ਗੱਲ ਸਾਫ਼ ਹੈ ਕਿ ਜਿਨਾਹ ਨੇ ਦੋ ਦੇਸ਼ਾਂ ਨੂੰ ਵੰਡਣ ਵਾਲੀ ਲਕੀਰ ਧਰਮ ਦੇ ਆਧਾਰ ‘ਤੇ ਖਿੱਚੀ ਸੀ। ਇਹ ਇਕ ਤ੍ਰਾਸਦੀ ਹੀ ਹੈ, ਕਿਉਂਕਿ ਜਿਨਾਹ ਨੇ ਆਪ ਕਦੇ ਇਸ ਗੱਲ ਦੀ ਵੀ ਪਰਵਾਹ ਨਹੀਂ ਸੀ ਕੀਤੀ ਕਿ, ਕੀ ਖਾਣਾ-ਪੀਣਾ ਚਾਹੀਦਾ ਹੈ ਤੇ ਕੀ ਨਹੀਂ? ਇਥੋਂ ਤੱਕ ਕਿ ਉਨ੍ਹਾਂ ਨੇ ਉਰਦੂ ਨੂੰ ਸਰਕਾਰੀ ਭਾਸ਼ਾ ਬਣਾਇਆ ਪਰ ਉਹ ਆਪ ਇਸ ਦੇ ਕੁਝ ਕੁ ਸ਼ਬਦ ਹੀ ਰੁਕ-ਰੁਕ ਕੇ ਬੋਲ ਸਕਦੇ ਸਨ।
ਜਦੋਂ ਘਟਨਾਵਾਂ ਇਸ ਤੇਜ਼ੀ ਨਾਲ ਵਾਪਰ ਰਹੀਆਂ ਸਨ ਕਿ ਵੰਡ ਤੋਂ ਬਿਨਾਂ ਕੋਈ ਉਪਾਅ ਸਾਹਮਣੇ ਨਹੀਂ ਰਹਿ ਗਿਆ ਸੀ ਤਾਂ ਮਹਾਤਮਾ ਗਾਂਧੀ ਨੇ ਜਵਾਹਰ ਲਾਲ ਨਹਿਰੂ ਅਤੇ ਸਰਦਾਰ ਪਟੇਲ ਨੂੰ ਸਲਾਹ ਦਿੱਤੀ ਸੀ ਕਿ ਉਹ ਦੋਵੇਂ ਜਿਨਾਹ ਨੂੰ ਸਾਂਝੇ ਭਾਰਤ ਦਾ ਪ੍ਰਧਾਨ ਮੰਤਰੀ ਬਣਨ ਲਈ ਕਹਿ ਦੇਣ। ਪਰ ਦੋਵੇਂ ਭੈਭੀਤ ਹੋ ਗਏ, ਕਿਉਂਕਿ ਉਨ੍ਹਾਂ ਨੇ ਕਈ ਵਰ੍ਹਿਆਂ ਤੋਂ ਇਸ ਅਹੁਦੇ ‘ਤੇ ਨਜ਼ਰਾਂ ਰੱਖੀਆਂ ਹੋਈਆਂ ਸਨ। ਇਸ ਤੋਂ ਇਹੀ ਜ਼ਾਹਰ ਹੁੰਦਾ ਹੈ ਕਿ ਭਾਵੇਂ ਉਹ ਆਜ਼ਾਦੀ ਅੰਦੋਲਨ ਦੀ ਅੱਗ ਵਿਚ ਤਪੇ ਸਨ, ਪਰ ਅਹੁਦੇ ਦੇ ਲਾਲਚ ਤੋਂ ਉੱਪਰ ਨਹੀਂ ਉੱਠ ਸਕੇ ਸਨ। ਅਸਲ ਵਿਚ ਬਟਵਾਰੇ ਦਾ ਫਾਰਮੂਲਾ ਨਹਿਰੂ ਅਤੇ ਪਟੇਲ ਨੇ ਸਵੀਕਾਰ ਕੀਤਾ ਸੀ, ਮਹਾਤਮਾ ਗਾਂਧੀ ਨੇ ਨਹੀਂ।
ਜਦੋਂ ਮਾਊਂਟਬੈਟਨ ਨੇ ਵੰਡ ਦਾ ਫਾਰਮੂਲਾ ਤਿਆਰ ਕਰ ਲਿਆ ਤਾਂ ਉਨ੍ਹਾਂ ਨੇ ਪਹਿਲਾਂ ਮਹਾਤਮਾ ਗਾਂਧੀ ਨੂੰ ਸੱਦਿਆ। ਗਾਂਧੀ ‘ਵੰਡ’ ਸ਼ਬਦ ਸੁਣਨਾ ਹੀ ਨਹੀਂ ਚਾਹੁੰਦੇ ਸਨ ਅਤੇ ਮਾਊਂਟਬੈਟਨ ਵੱਲੋਂ ਇਸ ਦਾ ਨਾਂਅ ਲੈਂਦਿਆਂ ਹੀ ਉਹ ਕਮਰੇ ਤੋਂ ਬਾਹਰ ਨਿਕਲ ਗਏ। ਪਰ ਪਟੇਲ ਅਤੇ ਨਹਿਰੂ ਨੇ ਵੰਡ ਸਵੀਕਾਰ ਕਰ ਲਈ ਅਤੇ ਖ਼ੁਦ ਨੂੰ ਸਮਝਾ ਲਿਆ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਵਧੇਰੇ ਦਿਨ ਨਹੀਂ ਬਚੇ, ਦੇਸ਼ ਦੀ ਉਸਾਰੀ ਕਰਨੀ ਹੈ ਤਾਂ ਉਨ੍ਹਾਂ ਨੂੰ ਮਾਊਂਟਬੈਟਨ ਦੀ ਪੇਸ਼ਕਸ਼ ਮੰਨ ਲੈਣੀ ਚਾਹੀਦੀ ਹੈ।
ਪਰ ਬਹੁਤ ਵੱਡੇ ਖਲਨਾਇਕ ਵਜੋਂ ਚਿਤਰੇ ਗਏ ਜਿਨਾਹ ਉਸ ਪਾਕਿਸਤਾਨ ਤੋਂ ਖੁਸ਼ ਨਹੀਂ ਸਨ, ਜੋ ਉਨ੍ਹਾਂ ਨੂੰ ਮਿਲਿਆ ਸੀ। ਉਹ ਇਸ ਨੂੰ ਕੁਤਰਿਆ ਹੋਇਆ ਪਾਕਿਸਤਾਨ ਕਹਿੰਦੇ ਸਨ, ਕਿਉਂਕਿ ਉਨ੍ਹਾਂ ਦੇ ਸੁਪਨਿਆਂ ਦਾ ਪਾਕਿਸਤਾਨ ਘੱਟੋ-ਘੱਟ ਪਿਸ਼ਾਵਰ ਤੋਂ ਦਿੱਲੀ ਤੱਕ ਫੈਲਿਆ ਹੋਣਾ ਸੀ। ਪਰ ਉਨ੍ਹਾਂ ਸਾਹਮਣੇ ਕੋਈ ਬਦਲ ਨਹੀਂ ਸੀ। ਅੰਗਰੇਜ਼ਾਂ ਨੇ ਉਨ੍ਹਾਂ ਸਾਹਮਣੇ ਬਸ ਏਨੀ ਹੀ ਪੇਸ਼ਕਸ਼ ਕੀਤੀ ਸੀ। ਉਹ ਏਨੇ ਨਾਰਾਜ਼ ਸਨ ਕਿ ਜਦੋਂ ਬਰਤਾਨਵੀ ਪ੍ਰਧਾਨ ਮੰਤਰੀ ਕਲੀਮੈਂਟ ਏਟਲੀ ਦੇ ਕਹਿਣ ‘ਤੇ ਮਾਊਂਟਬੈਟਨ ਨੇ ਉਨ੍ਹਾਂ ਨੂੰ ਦੋ ਨਵੇਂ ਆਜ਼ਾਦ ਹੋਏ ਦੇਸ਼ਾਂ ਵਿਚਕਾਰ ਕੋਈ ਆਪਸੀ ਕੜੀ ਰੱਖਣ ਦੀ ਸਲਾਹ ਦਿੱਤੀ ਤਾਂ ਜਿਨਾਹ ਦਾ ਜਵਾਬ ਸੀ, ‘ਮੈਂ ਉਨ੍ਹਾਂ (ਭਾਰਤੀਆਂ) ‘ਤੇ ਭਰੋਸਾ ਨਹੀਂ ਕਰਦਾ।’ਜਿਨਾਹ ਨੇ ਮਾਊਂਟਬੈਟਨ ਨੂੰ ਦੋਵਾਂ ਦੇਸ਼ਾਂ ਦਾ ਸਾਂਝਾ ਗਵਰਨਰ ਜਨਰਲ ਬਣਾਉਣ ਦਾ ਸੁਝਾਅ ਵੀ ਸਵੀਕਾਰ ਨਹੀਂ ਕੀਤਾ।
ਕੁਝ ਲੋਕ ਅੱਜ ਤੱਕ ਮੰਨਦੇ ਹਨ ਕਿ ਜਿਨਾਹ ਨੇ ਇਕ ਚੰਗੇ ਪ੍ਰਧਾਨ ਮੰਤਰੀ ਸਾਬਤ ਹੋਣਾ ਸੀ ਅਤੇ ਇਸ ਤਰ੍ਹਾਂ ਭਾਰਤ ਵੀ ਇਕੱਠਾ ਰਹਿ ਜਾਣਾ ਸੀ। ਪਾਕਿਸਤਾਨ ਇਕ ਹੀ ਵਿਅਕਤੀ ਦਾ ‘ਸ਼ੋਅ’ ਸੀ, ਇਸ ਲਈ ਉਸ ਦੇਸ਼ ਦਾ ਵਿਚਾਰ ਉਨ੍ਹਾਂ ਦੇ ਨਾਲ ਹੀ ਖ਼ਤਮ ਹੋ ਸਕਦਾ ਸੀ। ਉਸ ਸਮੇਂ ਤੱਕ ਕਿਸੇ ਨੂੰ ਪਤਾ ਨਹੀਂ ਸੀ ਕਿ ਜਿਨਾਹ ਨੂੰ ਘਾਤਕ ਕੈਂਸਰ ਸੀ। ਇਹ ਸ਼ੱਕ ਕੀਤਾ ਜਾਂਦਾ ਹੈ ਕਿ ਬਰਤਾਨੀਆ ਨੂੰ ਪਤਾ ਸੀ ਕਿ ਜਿਨਾਹ ਦੇ ਦ੍ਰਿਸ਼ ‘ਚੋਂ ਗਾਇਬ ਹੋਣ ਲਈ ਸਿਰਫ ਕੁਝ ਸਮਾਂ ਹੀ ਹੋਰ ਲੱਗਣਾ ਹੈ। ਨਹਿਰੂ ਦੀ ਇਸ ਭਵਿੱਖਬਾਣੀ ਦਾ ਜਿਨਾਹ ਦੀ ਗੁੱਝੀ ਬਿਮਾਰੀ ਨਾਲ ਕੋਈ ਸਬੰਧ ਨਹੀਂ ਸੀ ਕਿ ‘ਪਾਕਿਸਤਾਨ ਵਧੇਰੇ ਸਮੇਂ ਤੱਕ ਨਹੀਂ ਟਿਕੇਗਾ।’ ਉਨ੍ਹਾਂ ਦਾ ਅਤੇ ਕਾਂਗਰਸ ਦੇ ਹੋਰ ਸਿਖਰਲੇ ਆਗੂਆਂ ਦਾ ਵਿਚਾਰ ਸੀ ਕਿ ਪਾਕਿਸਤਾਨ ਆਰਥਿਕ ਪੱਖੋਂ ਟਿਕਣ ਲਾਇਕ ਨਹੀਂ ਹੈ।
ਨਹਿਰੂ ਜਾਂ ਕਾਂਗਰਸ ਇਹ ਕਦੇ ਨਹੀਂ ਜਾਣ ਸਕੇ ਕਿ ਵਿੰਸਟਨ ਚਰਚਿਲ ਨੇ ਜਿਨਾਹ ਨਾਲ ਵਾਅਦਾ ਕੀਤਾ ਸੀ ਕਿ ਉਹ ਜਿਨਾਹ ਦਾ ਸਫਲ ਹੋਣਾ ਅਤੇ ਪਾਕਿਸਤਾਨ ਦੀ ਉਸਰੀ ਨੂੰ ਯਕੀਨੀ ਬਣਾਉਣਗੇ। ਚਰਚਿਲ ਨੂੰ ਹਿੰਦੂਆਂ ਨਾਲ ਪਾਗਲਪਨ ਦੀ ਹੱਦ ਤੱਕ ਨਫ਼ਰਤ ਸੀ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਉਹ ਇਸ ਬਹੁਭਾਸ਼ਾਈ ਧਰਮ ਨੂੰ ਸਮਝ ਨਹੀਂ ਸਕੇ ਹਨ, ਇਸ ਦੇ ਮੁਕਾਬਲੇ ਉਨ੍ਹਾਂ ਮੁਤਾਬਿਕ ਇਸਲਾਮ ਕਿੰਨਾ ਸਰਲ ਅਤੇ ਆਸਾਨੀ ਨਾਲ ਸਮਝ ਆਉਣ ਵਾਲਾ ਹੈ। ਉਨ੍ਹਾਂ ਦੇ ਦਿਮਾਗ ਵਿਚ ਰਣਨੀਤਕ ਮਾਮਲੇ ਵੀ ਸਨ।
ਪਾਕਿਸਤਾਨ ਭੂਗੋਲਿਕ ਤੌਰ ‘ਤੇ ਅਜਿਹੀ ਥਾਂ ‘ਤੇ ਸੀ ਕਿ ਇਹ ਇਕ ਪਾਸੇ ਤੇਲ ਭਰਪੂਰ ਇਸਲਾਮਿਕ ਦੁਨੀਆ ਅਤੇ ਦੂਜੇ ਪਾਸੇ ਵਿਸ਼ਾਲ ਸੋਵੀਅਤ ਸੰਘ ਵੱਲ ਦਰਵਾਜ਼ੇ ਖੋਲ੍ਹਦਾ ਸੀ। ਪਾਕਿਸਤਾਨ ਵਰਗੀ ਇਕ ਸ਼ੁਕਰਗੁਜ਼ਾਰ ਆਸਾਮੀ ਦੀ ਪ੍ਰਾਪਤੀ ਅਜਿਹੀ ਖਿੱਚ ਸੀ, ਜਿਸ ਨੂੰ ਛੱਡਿਆ ਨਹੀਂ ਸੀ ਜਾ ਸਕਦਾ।
ਕਈ ਵਰ੍ਹਿਆਂ ਬਾਅਦ ਜਦੋਂ ਮੈਂ ਲੰਦਨ ਵਿਚ ਰੈੱਡਕਲਿਫ ਨੂੰ ਮਿਲਿਆ ਤਾਂ ਉਹ ਬਾਂਡ ਸਟਰੀਟ ਦੇ ਖੁਸ਼ਹਾਲ ਇਲਾਕੇ ਵਿਚ ਇਕ ਫਲੈਟ ‘ਚ ਰਹਿੰਦੇ ਸਨ। ਇਸ ਲਈ ਮੇਰਾ ਇਹ ਸੋਚਣਾ ਸੁਭਾਵਿਕ ਸੀ ਕਿ ਉਨ੍ਹਾਂ ਦੇ ਇਰਦ-ਗਿਰਦ ਕੁਝ ਨੌਕਰ ਹੋਣਗੇ। ਮੈਨੂੰ ਹੈਰਾਨੀ ਹੋਈ, ਜਦੋਂ ਉਨ੍ਹਾਂ ਨੇ ਖ਼ੁਦ ਹੀ ਦਰਵਾਜ਼ਾ ਖੋਲ੍ਹਿਆ ਅਤੇ ਫਿਰ ਚਾਹ ਬਣਾਉਣ ਲਈ ਕੇਤਲੀ ਵੀ ਖ਼ੁਦ ਹੀ ਲਗਾਈ। ਉਹ ਪਾਕਿਸਤਾਨ ਅਤੇ ਆਪਣੀ ਜ਼ਿੰਮੇਵਾਰੀ ਬਾਰੇ ਗੱਲ ਕਰਨ ਤੋਂ ਝਿਜਕਦੇ ਸਨ। ਪਰ ਮੇਰੇ ਨਾਲ ਆਹਮੋ-ਸਾਹਮਣੇ ਹੋਣ ਕਰਕੇ ਉਨ੍ਹਾਂ ਨੂੰ ਜਵਾਬ ਦੇਣਾ ਪਿਆ। ਉਨ੍ਹਾਂ ਦੇ ਚਿਹਰੇ ‘ਤੇ ਹਰ ਥਾਂ ਅਫ਼ਸੋਸ ਲਿਖਿਆ ਹੋਇਆ ਸੀ। ਉਹ ਇਕ ਅਜਿਹੇ ਆਦਮੀ ਨਜ਼ਰ ਆਏ, ਜਿਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਵੰਡ ਸਮੇਂ ਹੋਏ ਕਤਲ ਉਸ ਦੀ ਜ਼ਮੀਰ ‘ਤੇ ਬੋਝ ਬਣੇ ਹੋਏ ਸਨ।
Kuldeep-nayiar
E. mail : kuldipnayar09@gmail.com
Tags:
Posted in: ਸਾਹਿਤ