ਆਰ. ਐੱਸ. ਐੱਸ ਵੱਲੋਂ ਪੁਲਿਸ ਪਹਿਰੇ ਹੇਠ ਲਾਈਆਂ ਜਾ ਰਹੀਆਂ ਹਨ ਨਿੱਕੀਆਂ- ਨਿੱਕੀਆਂ ਕਲਾਸਾਂ

By August 23, 2016 0 Comments


rss
ਸ੍ਰੀ ਮੁਕਤਸਰ ਸਾਹਿਬ: ਪੰਜਾਬ ਪੁਲਿਸ ਵੱਲੋਂ ਪੰਜਾਬ ਭਰ ਵਿੱਚ ਆਰਐੱਸਐੱਸ ਵੱਲੋਂ ਲਗਾਈਆਂ ਜਾਂਦੀਆਂ ਸਵੇਰੇ ਸ਼ਾਮ ਦੀਆਂ ਛੋਟੀਆਂ ਛੋਟੀਆਂ ਕਲਾਸਾਂ ਦੀ ਸੁਰੱਖਿਆ ਲਈ ਪੁਲਿਸ ਮੁਲਾਜ਼ਮਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ।ਪਿਛਲੇ ਦਿਨੀ ਆਰਐੱਸਐੱਸ ਆਗੂ ‘ਤੇ ਹੋਏ ਹਮਲੇ ਤੋਂ ਬਾਅਦ ਸੰਘ ਪਰਿਵਾਰ ਵੱਲੋਂ ਆਪਣੀਆਂ ਨਿੱਕੀਆਂ- ਨਿੱਕੀਆਂ ਕਲਾਸਾਂ ਵੀ ਪੁਲੀਸ ਸੁਰੱਖਿਆ ਹੇਠ ਲਾਈਆਂ ਜਾ ਰਹੀਆਂ ਹਨ। ਸ਼ਹਿਰ ਵਿੱਚ ਸੰਘ ਦੇ ਮੈਂਬਰਾਂ ਦੀ ਗਿਣਤੀ ਥੋੜ੍ਹੀ ਹੈ ਪਰ ਪਿਛਲੇ ਦਿਨੀਂ ਗਗਨੇਜਾ ’ਤੇ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਛੋਟੇ ਸ਼ਹਿਰਾਂ ਵਿੱਚ ਬੈਠੇ ਵਰਕਰਾਂ ਨੂੰ ਆਪਣੀ ਜਾਨ ਦਾ ਖ਼ਤਰਾ ਬਣ ਗਿਆ ਹੈ ਅਤੇ ਸਰਕਾਰ ਵਿੱਚ ਭਾਈਵਾਲ ਹੋਣ ਕਾਰਨ ਸਰਕਾਰ ਵੀ ਕੋਈ ਜੋਖ਼ਮ ਨਹੀਂ ਉਠਾਉਣਾ ਚਾਹੁੰਦੀ ਅਤੇ ਹੁਣ ਹਰ ਸੰਘ ਦੇ ਅਹੁੱਦੇਦਾਰਾਂ ਅਤੇ ਉਨ੍ਹਾਂ ਵੱਲੋਂ ਲਾਈਆਂ ਜਾ ਰਹੀਆਂ ਸ਼ਾਖਾਵਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ ਜਿਸ ਤਹਿਤ ਸਵੇਰ ਸ਼ਾਮ ਪਾਰਕ ਵਿੱਚ ਲੱਗਣ ਵਾਲੀਆਂ ਸ਼ਾਖਾਵਾਂ ਮੌਕੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲੀਸ ਕਰਮੀ ਤਾਇਨਾਤ ਰਹਿੰਦੇ ਹਨ।
ਪੰਜਾਬੀ ਟ੍ਰਿਬਿਊਨ ਵਿੱਚ ਨਸ਼ਰ ਖਬਰ ਅਨੁਸਾਰ ਮੁਕਤਸਰ ਵਿੱਚ ਇਹ ਸ਼ਾਖਾਵਾਂ ਬੂੜਾ ਗੁੱਜਰ ਰੋਡ ਡੀਏਵੀ ਸਕੂਲ ਲੜਕੇ ਅਤੇ ਗੁਰੂ ਗੋਬਿੰਦ ਸਿੰਘ ਪਾਰਕ ਮੁਕਤਸਰ ਵਿਖੇ ਲਗਦੀਆਂ ਹਨ ਜਿੱਥੇ ਪੁਲੀਸ ਕਰਮੀ ਤਾਇਨਾਤ ਰਹਿੰਦੇ ਹਨ। ਇਸ ਸੁਰੱਖਿਆ ਸਬੰਧੀ ਜਦੋਂ ਐਸਪੀ (ਐਚ) ਨਰਿੰਦਰਪਾਲ ਸਿੰਘ ਰੂਬੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦਰਮਿਆਨ ਆਰਐਸਐਸ ਆਗੂਆਂ ’ਤੇ ਹੋਏ ਹਮਲੇ ਅਤੇ ਚੌਕਸੀ ਵਿਭਾਗ ਦੀ ਰਿਪੋਰਟ ਕਾਰਨ ਇਹ ਸੁਰੱਖਿਆ ਦਿੱਤੀ ਗਈ ਹੈ ਤਾਂ ਜੋ ਮਾੜੇ ਅਨਸਰ ਕੋਈ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕਣ।
ਸੰਘ ਆਗੂਆਂ ਨੂੰ ਸੁਰੱਖਿਆ ਦਿੱਤੇ ਜਾਣ ‘ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਾਮਰੇਡ ਰਜਨੀਸ਼ ਪਠੇਲਾ ਨੇ ਕਿਹਾ ਕਿ ਸੰਘ ਆਗੂ ਆਪਣੀ ਸਰਕਾਰ ਦੇ ਹੁੰਦਿਆਂ ਵੀ ਆਪਣੀ ਜਾਨ ਨੂੰ ਖ਼ਤਰਾ ਮਹਿਸੂਸ ਕਰ ਰਹੇ ਹਨ ਜਿਸ ਕਾਰਨ ਇਹ ਸੁਰੱਖਿਆ ਛੱਤਰੀ ਹੇਠ ਆਪਣੀਆਂ ਸ਼ਾਖਾਵਾਂ ਲਗਾ ਰਹੇ ਹਨ ਜਦਕਿ ਇਨ੍ਹਾਂ ਨੂੰ ਆਮ ਜਨਤਾ ਦੀ ਜਾਨ ਦੀ ਕੋਈ ਪਰਵਾਹ ਨਹੀਂ।