ਹਰਿਕਿਸ਼ਨ ਭਯੋ ਅਸਟਮ ਬਲਬੀਰਾ

By August 22, 2016 0 Comments


ਰੂਪ ਸਿੰਘ (ਡਾ.) *
guru harkrishan ji
ਅੱਠਵੇਂ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ 23 ਜੁਲਾਈ 1656 ਨੂੰ ਗੁਰੂ ਹਰਿਰਾਇ ਤੇ ਮਾਤਾ ਕ੍ਰਿਸ਼ਨ ਕੌਰ ਦੇ ਘਰ ਸ਼ੀਸ਼ ਮਹਿਲ ਕੀਰਤਪੁਰ ਵਿੱਚ ਹੋਇਆ। ਉਨ੍ਹਾਂ ਦੇ ਵੱਡੇ ਭਰਾ ਰਾਮਰਾਇ ਚੁਸਤ ਚਲਾਕ ਸੁਭਾਅ ਦੇ ਸਨ। ਗੁਰੂ ਘਰ ਦੇ ਕੁਝ ਮਸੰਦਾਂ ਨਾਲ ਵੀ ਉਨ੍ਹਾਂ ਦੀ ਸਾਂਝ ਸੀ। ਗੁਰੂ ਹਰਿਰਾਇ ਸਾਹਿਬ ਦਾ ਵੱਡਾ ਸਾਹਿਬਜ਼ਾਦਾ ਹੋਣ ਕਰਕੇ, ਉਹ ਗੁਰਗੱਦੀ ਉੱਤੇ ਆਪਣਾ ਹੱਕ ਸਮਝਦੇ ਸਨ।
ਜਦੋਂ ਸਮੇਂ ਦੇ ਬਾਦਸ਼ਾਹ ਔਰਗੰਜ਼ੇਬ ਨੇ ਗੁਰੂ ਹਰਿਰਾਇ ਸਾਹਿਬ ਨੂੰ ਦਿੱਲੀ ਬੁਲਾਇਆ ਤਾਂ ਗੁਰੂ ਜੀ ਨੇ ਰਾਮਰਾਇ ਨੂੰ ਬਾਦਸ਼ਾਹ ਨੂੰ ਮਿਲਣ ਹਿੱਤ ਭੇਜਿਆ। ਰਾਮਰਾਇ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਗੁਰੂ-ਘਰ ਦੇ ਆਸ਼ੇ ਵਿਰੁੱਧ ਕੋਈ ਗੱਲ ਨਾ ਕਰਨੀ ਤੇ ਨਾ ਹੀ ਮੰਨਣੀ, ਭਾਵੇਂ ਇਸ ਬਦਲੇ ਕੋਈ ਵੀ ਕੀਮਤ ਕਿਉਂ ਨਾ ਚੁਕਾਉਣੀ ਪਵੇ। ਰਾਮਰਾਇ ਜਦੋਂ ਬਾਦਸ਼ਾਹ ਨੂੰ ਮਿਲਿਆ ਤਾਂ ਉਸ ਨੇ ਉਸ ਦੀ ਖ਼ੁਸ਼ੀ ਹਾਸਲ ਕਰਨ ਲਈ ਬਹੁਤ ਖ਼ੁਸ਼ਾਮਦ ਕੀਤੀ। ਉਸ ਨੇ ਬਹੁਤ ਕੁਝ ਗੁਰੂ ਆਸ਼ੇ ਵਿਰੁੱਧ ਬੋਲਿਆ ਤੇ ਗੁਰੂ ਨਾਨਕ ਸਾਹਿਬ ਦੀ ਪਾਵਨ ਬਾਣੀ ਦੀ ਪੰਕਤੀ ‘ਮਿੱਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਨੂੰ ਬਦਲ ਕੇ ਮਿੱਟੀ ਬੇਈਮਾਨ ਕੀ ਪੜ੍ਹੀ ਤੇ ਕਿਹਾ ਕਿ ਅਜਿਹਾ ਲਿਖਣ ਵਾਲੇ ਦੀ ਗ਼ਲਤੀ ਨਾਲ ਹੋਇਆ ਹੈ। ਅਸਲ ਸ਼ਬਦ ਮੁਸਲਮਾਨ ਨਹੀਂ ਬੇਈਮਾਨ ਹੈ। ਇਹ ਗੁਰਬਾਣੀ ਦਾ ਘੋਰ ਅਪਮਾਨ ਸੀ। ਜਦੋਂ ਗੁਰੂ ਹਰਿਰਾਇ ਸਾਹਿਬ ਨੂੰ ਰਾਮਰਾਇ ਦੀ ਇਸ ਹਰਕਤ ਦਾ ਪਤਾ ਲੱਗਾ ਤਾਂ ਉਨ੍ਹਾਂ ਉਸ ਨੂੰ ਹੁਕਮ ਕਰ ਦਿੱਤਾ ਕਿ ਉਨ੍ਹਾਂ ਦੇ ਮੱਥੇ ਨਾ ਲੱਗੇ। ਗੁਰੂ ਜੀ ਨੇ ਸਿੱਖ ਸੰਗਤਾਂ ਨੂੰ ਆਦੇਸ਼ ਦਿੱਤਾ ਕਿ ਉਹ ਰਾਮਰਾਇ ਨਾਲ ਕਿਸੇ ਤਰ੍ਹਾਂ ਦਾ ਵਰਤੋਂ-ਵਿਹਾਰ, ਮੇਲ-ਜੋਲ, ਬੋਲ-ਚਾਲ ਨਾ ਕਰਨ। ਸਿੱਖ ਸੰਗਤਾਂ ਨੇ ਗੁਰੂ ਹੁਕਮ ਨੂੰ ਸਤਿ ਕਰ ਮੰਨਿਆ।
Roop Singh (New)ਗੁਰੂ ਹਰਿਰਾਇ ਸਾਹਿਬ ਨੇ ਆਪਣਾ ਅੰਤਿਮ ਸਮਾਂ ਨੇੜੇ ਆਇਆ ਜਾਣ ਕੇ, ਗੁਰਗੱਦੀ ਦੀ ਜ਼ਿੰਮੇਵਾਰੀ ਆਪਣੇ ਛੋਟੇ ਪੁੱਤਰ (ਗੁਰੂ) ਹਰਿਕ੍ਰਿਸ਼ਨ ਨੂੰ ਸੌਂਪ ਦਿੱਤੀ। ਇਹ ਜ਼ਿੰਮੇਵਾਰੀ ਸੌਂਪਣ ਤੋਂ ਪਹਿਲਾਂ ਗੁਰੂ ਹਰਿਰਾਇ ਜੀ ਨੇ ਹਰਿਕ੍ਰਿਸ਼ਨ ਜੀ ਨੂੰ ਹਦਾਇਤ ਕੀਤੀ ਕਿ ਬਾਦਸ਼ਾਹ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ। ਗੁਰਗੱਦੀ ’ਤੇ ਬਿਰਾਜਮਾਨ ਹੋਣ ਸਮੇਂ ਗੁਰੂ ਹਰਿਕ੍ਰਿਸ਼ਨ ਦੀ ਉਮਰ ਸਿਰਫ਼ ਪੰਜ ਸਾਲ ਤੇ ਕੁਝ ਮਹੀਨੇ ਦੀ ਸੀ। ਗੁਰੂ ਹਰਿਰਾਇ ਸਾਹਿਬ ਦੇ ਅਕਾਲ ਚਲਾਣੇ ਪਿੱਛੋਂ ਗੁਰੂ ਹਰਿਕ੍ਰਿਸ਼ਨ ਜੀ ਗੁਰਗੱਦੀ ’ਤੇ ਬਿਰਾਜਮਾਨ ਹੋਏ। ਗੁਰੂ ਜੀ, ਗੁਰੂ ਨਾਨਕ ਜੋਤਿ ਦੇ ਆਸ਼ੇ ਅਨੁਸਾਰ ਨਿੱਤ ਸੰਗਤਾਂ ਨੂੰ ਅਧਿਆਤਮਕ ਉਪਦੇਸ਼ ਦਿੰਦੇ ਤੇ ਨਾਮ-ਦਾਨ ਦੀਆਂ ਬਖ਼ਸ਼ਿਸ਼ਾਂ ਕਰਦੇ। ਗੁਰੂ ਜੀ ਨੇ ਪ੍ਰਚਾਰ ਹਿੱਤ ਮਸੰਦਾਂ ਦੀਆਂ ਵੱਖ-ਵੱਖ ਇਲਾਕਿਆਂ ਵਿੱਚ ਡਿਊਟੀਆਂ ਲਾਈਆਂ।
ਰਾਮਰਾਇ ਵੱਲੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਵਿਰੋਧਤਾ ਹੋਣੀ ਸੁਭਾਵਿਕ ਸੀ, ਕਿਉਂਕਿ ਉਹ ਆਪਣੇ ਆਪ ਨੂੰ ਗੁਰਗੱਦੀ ਦੇ ਯੋਗ ਸਮਝਦਾ ਸੀ। ਗੁਰਗੱਦੀ ਦੀਆਂ ਰਸਮਾਂ ਸਮੇਂ ਰਾਮਰਾਇ ਦਿੱਲੀ ਵਿੱਚ ਸੀ। ਉਸ ਨਾਲ ਕੁਝ ਮਸੰਦਾਂ ਪਹਿਲਾਂ ਹੀ ਰਲੇ ਹੋਏ ਸਨ ਤੇ ਲਾਲਚ ਦੇ ਕੇ ਉਸ ਨੇ ਆਪਣੇ ਨਾਲ ਹੋਰ ਮਸੰਦ ਵੀ ਜੋੜ ਲਏ। ਰਾਮਰਾਇ ਨੇ ਮਸੰਦਾਂ ਨੂੰ ਕਿਹਾ ਕਿ ਉਹ ਇਹ ਪ੍ਰਚਾਰ ਕਰਨ ਕਿ ਸਿੱਖਾਂ ਦੇ ਅੱਠਵੇਂ ਗੁਰੂ ਰਾਮਰਾਇ ਹਨ। ਮਸੰਦਾਂ ਨੇ ਅਜਿਹਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਦਸਵੰਧ ਇਕੱਠਾ ਕਰ ਕੁਝ ਆਪ ਛਕਦੇ ਤੇ ਕੁਝ ਰਾਮਰਾਇ ਨੂੰ ਭੇਜ ਦਿੰਦੇ। ਇਸ ਤਰ੍ਹਾਂ ਕੁਝ ਸਮਾਂ ਇਹ ਵਰਤਾਰਾ ਚੱਲਦਾ ਰਿਹਾ। ਸਿੱਖ ਸੰਗਤਾਂ ਨੂੰ ਜਦੋਂ ਰਾਮਰਾਇ ਦੀਆਂ ਕੁਚਾਲਾਂ ਦਾ ਪਤਾ ਲੱਗਾ ਤਾਂ ਉਨ੍ਹਾਂ ਰਾਮਰਾਇ ਨੂੰ ਗੁਰੂ ਮੰਨਣੋਂ ਇਨਕਾਰ ਕਰ ਦਿੱਤਾ।
ਰਾਮਰਾਇ ਆਪਣੀ ਪੇਸ਼ ਨਾ ਚੱਲਦੀ ਦੇਖ, ਬਾਦਸ਼ਾਹ ਦੇ ਦਰਬਾਰ ਵਿੱਚ ਫ਼ਰਿਆਦੀ ਹੋਇਆ ਤੇ ਕਿਹਾ, ‘’ਮੈਂ ਗੁਰੂ ਹਰਿਰਾਇ ਸਾਹਿਬ ਦਾ ਵੱਡਾ ਪੁੱਤਰ ਹਾਂ, ਇਸ ਕਰਕੇ ਗੁਰਗੱਦੀ ’ਤੇ ਮੇਰਾ ਹੱਕ ਹੈ, ਮੇਰਾ ਹੱਕ ਮਾਰ ਕੇ (ਗੁਰੂ) ਹਰਿਕ੍ਰਿਸ਼ਨ ਨੂੰ ਗੁਰਗੱਦੀ ਸੌਂਪੀ ਗਈ ਹੈ, ਮੈਨੂੰ ਮੇਰਾ ਹੱਕ ਮਿਲਣਾ ਚਾਹੀਦਾ ਹੈ। ਮੇਰਾ ਕਸੂਰ ਸਿਰਫ਼ ਇਹੀ ਹੈ ਕਿ ਮੈਂ ਆਪ ਦਾ ਵਫ਼ਾਦਾਰ ਹਾਂ। ਮੇਰੇ ਪਿਤਾ ਜੀ ਆਰੰਭ ਤੋਂ ਹੀ ਤੁਹਾਡੇ ਵਿਰੁੱਧ ਸਨ ਤੇ ਉਨ੍ਹਾਂ ਨੇ ਮੇਰੇ ਛੋਟੇ ਭਾਈ ਹਰਿਕ੍ਰਿਸ਼ਨ ਨੂੰ ਗੁਰਗੱਦੀ ਦੇਣ ਸਮੇਂ ਇਹ ਆਦੇਸ਼ ਕੀਤਾ ਹੈ ਕਿ ਉਹ ਤੁਹਾਡੇ ਮੱਥੇ ਨਾ ਲੱਗੇ।’’
ਔਰੰਗਜ਼ੇਬ ਨੇ ਸੋਚਿਆ ਕਿ ਜੇ ਗੁਰਗੱਦੀ ਉਸ ਦੇ ਵਫ਼ਾਦਾਰ ਰਾਮਰਾਇ ਨੂੰ ਮਿਲ ਜਾਵੇ ਤਾਂ ਉਹ ਧਰਮ ਪਰਿਵਰਤਨ ਕਰਵਾ ਸਕੇਗਾ ਤੇ ਜੇ ਕੋਈ ਸਮਝੌਤਾ ਨਾ ਹੋਵੇ ਤਾਂ ਇਨ੍ਹਾਂ ਦੋਹਾਂ ਭਰਾਵਾਂ ਵਿੱਚ ਝਗੜਾ ਰਹੇਗਾ, ਜਿਸ ਦਾ ਉਸ ਨੂੰ ਫਾਇਦਾ ਹੈ। ਇਹ ਸੋਚ ਕੇ ਔਰੰਗਜ਼ੇਬ ਨੇ ਗੁਰੂ ਹਰਿਕ੍ਰਿਸ਼ਨ ਨੂੰ ਦਿੱਲੀ ਆਉਣ ਲਈ ਬੁਲਾਵਾ ਭੇਜਿਆ। ਉਧਰ, ਰਾਮਰਾਇ ਨੇ ਸੋਚਿਆ ਕਿ ਜੇ ਹਰਿਕ੍ਰਿਸ਼ਨ ਜੀ ਦਿੱਲੀ ਆ ਕੇ ਬਾਦਸ਼ਾਹ ਨੂੰ ਮਿਲਦੇ ਹਨ ਤਾਂ ਉਹ ਸਿੱਖ ਸੰਗਤਾਂ ਵਿੱਚ ਪ੍ਰਚਾਰ ਕਰੇਗਾ ਕਿ ਗੁਰੂ ਹਰਿਕ੍ਰਿਸ਼ਨ ਨੇ ਗੁਰੂ-ਪਿਤਾ ਦੇ ਹੁਕਮ ਦੀ ਉਲੰਘਣਾ ਕੀਤੀ ਹੈ ਤੇ ਜੇ ਗੁਰੂ ਜੀ ਨਹੀਂ ਆਉਂਦੇ ਤਾਂ ਇਹ ਬਾਦਸ਼ਾਹ ਦੀ ਹੁਕਮ ਅਦੂਲੀ ਹੋਵੇਗੀ। ਉਸ ਨੂੰ ਦੋਵੇਂ ਪਾਸੇ ਫ਼ਾਇਦਾ ਹੈ।
ਗੁਰੂ ਹਰਿਕ੍ਰਿਸ਼ਨ ਜੀ ਨੇ ਗੁਰੁੂ ਪਿਤਾ ਦੇ ਆਦੇਸ਼ ਅਨੁਸਾਰ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਗੁਰੂ ਘਰ ਦੇ ਸ਼ਰਧਾਲੂ-ਸੇਵਕ ਮਿਰਜ਼ਾ ਰਾਜਾ ਜੈ ਸਿੰਘ ਨੇ ਗੁਰੂ ਜੀ ਨੂੰ ਬੁਲਾਵਾ ਭੇਜਿਆ ਕਿ ਗੁਰੂ ਜੀ ਦਿੱਲੀ ਆਉਣ ਤੇ ਸਿੱਖ ਸੰਗਤਾਂ ਨੂੰ ਦਰਸ਼ਨ ਦੇਣ। ਸਿੱਖ ਸੰਗਤਾਂ ਵੱਲੋਂ ਬੇਨਤੀ ਪੱਤਰ ਮਿਲਣ ’ਤੇ ਗੁਰੂ ਜੀ ਨੇ ਦਿੱਲੀ ਜਾਣ ਦਾ ਫ਼ੈਸਲਾ ਲਿਆ। ਸਥਾਨਕ ਸੰਗਤਾਂ ਤੇ ਮਾਤਾ ਜੀ ਨਾਲ ਗੁਰੂ ਜੀ ਦਿੱਲੀ ਵੱਲ ਨੂੰ ਚੱਲ ਪਏ। ਸੰਗਤਾਂ ਦੀ ਗਿਣਤੀ ਵਧਦੀ ਦੇਖ ਕੇ ਗੁਰੂ ਜੀ ਨੇ ਹਜ਼ੂਰੀ ਸੰਗਤ ਤੋਂ ਬਿਨਾਂ ਬਾਕੀ ਸੰਗਤ ਨੂੰ ਵਾਪਸ ਜਾਣ ਲਈ ਕਹਿ ਦਿੱਤਾ। ਪੰਜੋਖਰਾ ਸਾਹਿਬ ਦੇ ਸਥਾਨ ’ਤੇ ਗੁਰੂ ਜੀ ਨੇ ਪੜਾਅ ਕੀਤੇ ਤੇ ਹੰਕਾਰੀ ਪੰਡਤ ਲਾਲ ਚੰਦ ਦੇ ਸ਼ੰਕੇ ਦੂਰ ਕਰਨ ਲਈ ਛੱਜੂ ਨਾਂ ਦੇ ਵਿਅਕਤੀ ਕੋਲੋਂ ਗੀਤਾ ਦੇ ਅਰਥ ਕਰਵਾਏ। ਇਸ ਤਰ੍ਹਾਂ ਗੁਰੂ ਜੀ ਸਿੱਖ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਦਿੱਲੀ ਪੁੱਜੇ।
ਦਿੱਲੀ ਵਿੱਚ ਗੁਰੂ ਜੀ ਮਿਰਜ਼ਾ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਠਹਿਰੇ (ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਸੁਭਾਇਮਾਨ ਹੈ)। ਨਿੱਤ ਸੰਗਤਾਂ ਗੁਰੂ ਦਰਸ਼ਨ ਹਿੱਤ ਆਉਂਦੀਆਂ। ਔਰੰਗਜ਼ੇਬ ਨੇ ਦਰਸ਼ਨ ਕਰਨ ਦੀ ਇੱਛਾ ਜ਼ਾਹਰ ਕੀਤੀ ਪਰ ਗੁਰੂ ਜੀ ਨੇ ਇਨਕਾਰ ਕਰ ਦਿੱਤਾ। ਰਾਮਰਾਇ ਦੇ ਦਾਅਵੇ ਸਬੰਧੀ ਗੁਰੂ ਜੀ ਨਾਲ ਗੱਲਬਾਤ ਕਰਨ ਲਈ ਔਰੰਗਜ਼ੇਬ ਨੇ ਇੱਕ ਅਹਿਲਕਾਰ ਦੀ ਡਿਊਟੀ ਲਾਈ। ਗੁਰੂ ਜੀ ਨੇ ਅਹਿਲਕਾਰ ਨੂੰ ਸਪੱਸ਼ਟ ਕੀਤਾ ਕਿ ਗੁਰੂ ਨਾਨਕ ਜੋਤਿ ’ਤੇ ਕਿਸੇ ਦਾ ਵਿਰਾਸਤੀ ਹੱਕ ਨਹੀਂ, ਇਸ ਲਈ ਕਸਵੱਟੀ ਯੋਗਤਾ ਹੈ। ਦੂਜਾ ਰਾਮਰਾਇ ਨੇ ਅਜਿਹਾ ਘਟੀਆ ਕੰਮ ਕੀਤਾ ਹੈ, ਜਿਸ ਦੀ ਕਿਸੇ ਵੀ ਗੁਰੂ ਘਰ ਦੇ ਪ੍ਰੀਤਵਾਨ ਤੋਂ ਆਸ ਨਹੀਂ ਕੀਤੀ ਜਾ ਸਕਦੀ। ਜਦੋਂ ਬਾਦਸ਼ਾਹ ਨੂੰ ਅਹਿਲਕਾਰ ਰਾਹੀਂ ਇਨ੍ਹਾਂ ਗੱਲਾਂ ਦਾ ਪਤਾ ਲੱਗਾ ਤਾਂ ਉਸ ਨੇ ਰਾਮਰਾਇ ਦਾ ਦਾਅਵਾ ਖਾਰਜ ਕਰ ਦਿੱਤਾ। ਰਾਮਰਾਇ ਨੇ ਪੇਸ਼ ਨਾ ਚੱਲਦੀ ਦੇਖ ਕੇ ਆਪਣੀ ਜਗੀਰ (ਦੇਹਰਾਦੂਨ) ਵਿੱਚ ਹੀ ਡੇਰਾ ਲਾਉਣਾ ਠੀਕ ਸਮਝਿਆ।
ਗੁਰੂ ਹਰਿਕ੍ਰਿਸ਼ਨ ਜੀ ਕੁਝ ਸਮਾਂ ਦਿੱਲੀ ਪ੍ਰਚਾਰ ਦੀ ਸੇਵਾ ਕਰਦੇ ਰਹੇ। ਰੋਜ਼ਾਨਾ ਨੇਮ ਨਾਲ ਦੀਵਾਨ ਸੱਜਦਾ, ਸੰਗਤਾਂ ਗੁਰੂ ਦਰਸ਼ਨ ਕਰ ਤ੍ਰਿਪਤੀ ਹਾਸਲ ਕਰਦੀਆਂ ਤੇ ਜੋ ਕੁਝ ਸੰਗਤਾਂ ਭੇਟ ਕਰਦੀਆਂ, ਗੁਰੂ ਜੀ ਉਹ ਸਭ ਲੋੜਵੰਦਾਂ ਵਿੱਚ ਵੰਡ ਦਿੰਦੇ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਿਰਫ਼ ਤਿੰਨ ਸਾਲ ਗੁਰਿਆਈ ਕੀਤੀ। ਇਸ ਸਮੇਂ ਵਿੱਚ ਉਨ੍ਹਾਂ ਨੇ ਜਿਸ ਅਧਿਆਤਮਕ ਬਲਬੀਰਤਾ ਦਾ ਪ੍ਰਗਟਾਵਾ ਕੀਤਾ, ਉਹ ਇੱਕ ਮਿਸਾਲ ਹੈ। ਉਨ੍ਹਾਂ ਕਿਸੇ ਤਰ੍ਹਾਂ ਦੀ ਸੰਸਾਰੀ ਬਾਦਸ਼ਾਹੀ ਦੇ ਭੈਅ ਨੂੰ ਕਬੂਲ ਨਹੀਂ ਕੀਤਾ। ਇਹੀ ਕਾਰਨ ਹੈ ਕਿ ਭਾਈ ਗੁਰਦਾਸ ਦੂਜੇ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਅਸ਼ਟਮ ਬਲਬੀਰਾ ਕਿਹਾ ਹੈ। ਭਾਈ ਗੁਰਦਾਸ ਜੀ ਕਥਨ ਕਰਦੇ ਹਨ:
ਹਰਿਕਿਸ਼ਨ ਭਯੋ ਅਸਟਮ ਬਲਬੀਰਾ।
ਜਿਨ ਪਹੁੰਚਿ ਦੇਹਲੀ ਤਜਿਓ ਸਰੀਰਾ।
(ਵਾਰਾਂ ਭਾਈ ਗੁਰਦਾਸ ਜੀ 41/22)
ਰੂਪ ਸਿੰਘ (ਡਾ.) *
* ਲੇਖਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਕੱਤਰ ਹੈ।
Tags: ,
Posted in: ਸਾਹਿਤ