ਜਦੋਂ ਲਾਹੌਰ ’ਚ ਪਹਿਲੀ ਵਾਰ ਫਾਂਸੀ ਦਿੱਤੀ ਗਈ

By August 22, 2016 0 Comments


ਹਰਭਜਨ ਸਿੰਘ

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਸਾਰੇ ਹਿੰਦੁਸਤਾਨੀ ਤੇ ਵਿਦੇਸ਼ੀ ਇਤਿਹਾਸਕਾਰ ਇੱਕ ਮਤ ਹਨ ਕਿ ਉਸ ਦੇ ਰਾਜ ਵਿੱਚ ਕਿਸੇ ਨੂੰ ਫਾਂਸੀ ਦੀ ਸਜ਼ਾ ਨਹੀਂ ਸੀ ਦਿੱਤੀ ਗਈ ਤੇ ਉਹ ਅਜਿਹੀ ਸਜ਼ਾ ਨਾਲ ਘ੍ਰਿਣਾ ਕਰਦਾ ਸੀ। ਉਸ ਦੇ 40 ਸਾਲਾਂ ਦੇ ਰਾਜ ਤੋਂ ਬਾਅਦ ਆਉਂਦੇ ਛੇ ਸਾਲਾਂ ਤਕ ਵੀ ਉਸ ਦੇ ਉਤਰਾਧਿਕਾਰੀ ਅਜਿਹੀ ਸਜ਼ਾ ਦੇ ਖ਼ਿਲਾਫ ਰਹੇ ਪਰ ਅੰਗਰੇਜ਼ਾਂ ਤੇ ਸਿੱਖਾਂ ਦੇ ਪਹਿਲੇ ਯੁੱਧ ਤੋਂ ਬਾਅਦ ਇਹ ਕਾਰਾ ਵਾਪਰ ਗਿਆ ਤੇ ਲਾਹੌਰ ਵਿੱਚ ਇੱਕ ਵਿਅਕਤੀ ਨੂੰ ਸ਼ਰ੍ਹੇਆਮ ਚੁਰਾਹੇ ਵਿੱਚ ਲੋਕਾਂ ਦੇ ਸਾਹਮਣੇ ਫਾਂਸੀ ’ਤੇ ਲਟਕਾ ਦਿੱਤਾ ਗਿਆ। ਉਸ ਦਾ ਕਸੂਰ ਵੀ ਮਾਮੂਲੀ ਸੀ, ਜੋ ਹਜ਼ੂਮ ਵੱਲੋਂ ਅੰਗਰੇਜ਼ਾਂ ਉੱਪਰ ਇੱਟਾਂ ਰੋੜੇ ਮਾਰਨ ਤਕ ਸੀਮਿਤ ਸੀ।
ਪਹਿਲੇ ਅੰਗਰੇਜ਼-ਸਿੱਖ ਯੁੱਧ ਤੋਂ ਬਾਅਦ 9 ਅਤੇ 11 ਮਾਰਚ 1846 ਦੀ ਅੰਗਰੇਜ਼ਾਂ ਨਾਲ ਹੋਈ ਸੰਧੀ ਮੁਤਾਬਿਕ ਅੰਗਰੇਜ਼ ਅਧਿਕਾਰੀ ਤੇ ਫ਼ੌਜੀ ਲਾਹੌਰ ਵਿੱਚ ਪੰਜਾਬ ਵਿੱਚ ਅਮਨ ਚੈਨ ਰੱਖਣ ਖ਼ਾਤਰ ਸਿੱਖਾਂ ਦੇ ਸਲਾਹਕਾਰ ਬਣ ਕੇ ਆਏ ਸਨ ਤੇ ਪ੍ਰਸ਼ਾਸਨ ਲਈ ਸਾਰਾ ਕੰਟਰੋਲ ਲਾਹੌਰ ਦਰਬਾਰ ਪਾਸ ਹੀ ਰਹਿਣਾ ਸੀ, ਪਰ ਅੰਗਰੇਜ਼ ਅਧਿਕਾਰੀ ਆਪਣੀਆਂ ਚਲਾਉਣ ਲੱਗ ਪਏ ਤੇ ਕੰਮਕਾਜ ਵਿੱਚ ਦਖ਼ਲਅੰਦਾਜ਼ੀ ਕਰਨ ਲੱਗ ਪਏ ਕਿਉਂਕਿ ਉਨ੍ਹਾਂ ਨੂੰ ਰੋਕਣ ਵਾਲੇ ਮੁੱਖ ਵਜ਼ੀਰ ਲਾਲ ਸਿੰਘ ਤੇ ਮੁੱਖ ਸੈਨਾਪਤੀ ਤੇਜ ਸਿੰਘ ਵੀ ਉਨ੍ਹਾਂ ਦੇ ਹੀ ਹੱਥ ਠੋਕੇ ਸਨ, ਜਿਨ੍ਹਾਂ ਦੀ ਗ਼ੱਦਾਰੀ ਕਾਰਨ ਸਿੱਖ ਫ਼ੌਜਾਂ ਹਾਰੀਆਂ ਸਨ। ਲੋਕਾਂ ਨੂੰ ਬਿਨਾਂ ਕਿਸੇ ਖ਼ਾਸ ਵਜ੍ਹਾ ਫਾਂਸੀ ’ਤੇ ਲਟਕਾ ਦੇਣਾ ਅੰਗਰੇਜ਼ਾਂ ਦੇ ਅਧਿਕਾਰ ਵਿੱਚ ਨਹੀਂ ਸੀ ਤੇ ਨਾ ਹੀ ਕੋਈ ਅਜਿਹਾ ਹੁਕਮ ਜਾਂ 9 ਅਤੇ 11 ਮਾਰਚ 1846 ਦੀ ਹੋਈ ਸੰਧੀ, ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦੀ ਸੀ। ਸ਼ਰਤਾਂ ਮੁਤਾਬਿਕ ਹੁਕਮ ਲਾਹੌਰ ਦਰਬਾਰ ਦਾ ਹੀ ਚੱਲਦਾ ਸੀ, ਪਰ ਫਿਰ ਵੀ ਬਿਨਾਂ ਲਾਹੌਰ ਦਰਬਾਰ ਦੀ ਇਜਾਜ਼ਤ ਦੇ ਅੰਗਰੇਜ਼ਾਂ ਨੇ ਕੁਝ ਵਿਅਕਤੀਆਂ ਨੂੰ ਫਾਂਸੀ ’ਤੇ ਲਟਕਾ ਦਿੱਤਾ। ਮਹਾਰਾਣੀ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਇਹ ਕਾਰਾ ਵਾਪਰ ਗਿਆ, ਜੋ ਦਰਸਾਉਂਦਾ ਸੀ ਕਿ ਅੰਗਰੇਜ਼ਾਂ ਦੇ ਅਸਲ ਮਨਸ਼ੇ ਪੰਜਾਬ ਉੱਤੇ ਆਪਣਾ ਹੁਕਮ ਚਲਾਉਣ ਦੇ ਸਨ। ਦੂਜੇ ਪਾਸੇ ਗਵਰਨਰ ਜਨਰਲ ਹਾਰਡਿੰਗ ਆਪਣੇ ਲਾਹੌਰ ਤਾਇਨਾਤ ਅਧਿਕਾਰੀਆਂ ਨੂੰ ਆਪਣੀ ਇੱਕ ਚਿੱਠੀ ਰਾਹੀਂ ਕੰਮਕਾਜ ਸਿੱਧਾ ਆਪਣੇ ਹੱਥਾਂ ਵਿੱਚ ਨਾ ਲੈਂਦਿਆਂ ਸਿਰਫ਼ ਸਲਾਹ-ਮਸ਼ਵਰੇ ਦਾ ਹੀ ਰੋਲ ਨਿਭਾਉਣ ਦੀ ਨਸੀਹਤ ਕਰ ਰਿਹਾ ਸੀ, ਜੋ ਅੰਗਰੇਜ਼ਾਂ ਦੀ ਗੁਪਤ ਪਾਲਿਸੀ ਹੇਠ ਦਿਖਾਵੇ ਖ਼ਾਤਰ ਮਕਾਰੀ ਚਾਲਾਂ ਸਨ।
ਬੇਸ਼ਕ ਲਾਹੌਰ ਵਿੱਚ ਮਹਾਰਾਜਾ (ਬਾਲਕ ਦਲੀਪ ਸਿੰਘ) ਦਾ ਮੁੱਖ ਮੰਤਰੀ, ਸਿੱਖ ਫ਼ੌਜ ਦਾ ਮੁੱਖ ਸੈਨਾਪਤੀ ਤੇ ਦਰਬਾਰੀ ਅਮਲਾ ਤਾਇਨਾਤ ਸਨ, ਪਰ ਉਹ ਸਾਰੇ ਆਪਣੀਆਂ ਕੁਰਸੀਆਂ ਅਤੇ ਜਾਗੀਰਾਂ ਬਚਾਉਣ ਖ਼ਾਤਰ ਅੰਗਰੇਜ਼ਾਂ ਉੱਪਰ ਨਿਰਭਰ ਹੋ ਗਏ ਸਨ। ਉਨ੍ਹਾਂ ਦੀ ਰਾਜਧਾਨੀ ਵਿੱਚ ਉਨ੍ਹਾਂ ਦੀ ਆਪਣੀ ਫ਼ੌਜ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਸੀ। ਸਭ ਕੁਝ ਅੰਗਰੇਜ਼ਾਂ ਦੇ ਹੱਥਾਂ ਵਿੱਚ ਸੀ। ਪੰਜਾਬ ਨਾਲ ਵਫ਼ਾਦਾਰੀ ਨਿਭਾਉਣ ਵਾਲੇ ਕੁਝ ਸਿੱਖ ਸਰਦਾਰ ਤੇ ਫ਼ੌਜੀ ਜਰਨੈਲ ਫ਼ੌਜ ਵਿੱਚ ਤਾਂ ਸਨ ਪਰ ਉਨ੍ਹਾਂ ਦੀ ਲਾਹੌਰ ਦਰਬਾਰ ਵਿੱਚ ਕੋਈ ਪੁੱਛ ਨਹੀਂ ਸੀ।
21 ਅਪਰੈਲ 1846 ਨੂੰ ਲਾਹੌਰ ਤੋਂ ਕੁਝ ਗਾਂਵਾਂ ਜੋ ਬਾਹਰ ਚਰਣ ਗਈਆਂ ਸਨ, ਅੰਗਰੇਜ਼ ਫ਼ੌਜੀਆਂ ਦੀ ਬੈਰਕ ਵਿੱਚ ਜਾ ਵੜੀਆਂ, ਜਿਨ੍ਹਾਂ ਨੂੰ ਸੰਤਰੀਆਂ ਨੇ ਕੁੱਟ ਕੇ ਭਜਾ ਦਿੱਤਾ। ਇਸ ਦੌਰਾਨ ਕੁਝ ਗਾਂਵਾਂ ਜ਼ਖ਼ਮੀ ਹੋ ਗਈਆਂ। ਰੋਸ ਤੇ ਗੁੱਸੇ ਵਿੱਚ ਲੋਕਾਂ ਨੇ ਬਾਜ਼ਾਰ ਬੰਦ ਕਰਵਾ ਦਿੱਤਾ, ਜਿਸ ਉੱਤੇ ਅੰਗਰੇਜ਼ ਅਧਿਕਾਰੀ ਡਾਕਟਰ ਮੈਕਗ੍ਰੇਗਰ ਅਤੇ ਹਰਬਰਟ ਐਡਵਰਜ਼ ਲੋਕਾਂ ਨੂੰ ਸ਼ਾਂਤ ਕਰਨ ਲਈ ਆ ਪਹੁੰਚੇ ਪਰ ਭੀੜ ਦੀ ਤਰਫ਼ੋਂ ਪੱਥਰ ਵੱਜਣੇ ਸ਼ੁਰੂ ਹੋ ਗਏ। ਇਸ ਕਾਰਨ ਐਡਵਰਜ਼ ਨੂੰ ਕੁਝ ਚੋਟ ਆ ਗਈ। ਅੰਗਰੇਜ਼ਾਂ ਵੱਲੋਂ ਲਾਲ ਸਿੰਘ ਤੇ ਸ਼ੇਰ ਸਿੰਘ ਅਟਾਰੀਵਾਲਾ ਨੂੰ ਦੋਸ਼ੀਆਂ ਨੂੰ ਕਾਬੂ ਕਰਨ ਲਈ ਕਿਹਾ ਗਿਆ। ਉਹ ਅਜੇ ਕੋਈ ਕਾਰਵਾਈ ਕਰਦੇ, ਇਸ ਤੋਂ ਪਹਿਲਾਂ ਹੀ ਰੈਜ਼ੀਡੈਂਟ ਹੈਨਰੀ ਲਾਰੰਸ ਗੁੱਸੇ ਵਿੱਚ ਆ ਕੇ ਮੁਸਲਮਾਨ ਫ਼ੌਜੀਆਂ ਨੂੰ ਲੈ ਕੇ ਭੀੜ ’ਤੇ ਜਾ ਪਿਆ ਤੇ ਕਈਆਂ ਨੂੰ ਫੜ ਲਿਆ। ਮਹਾਰਾਜੇ ਤੇ ਕੁਝ ਦਰਬਾਰੀਆਂ ਨੇ ਲਾਰੰਸ ਨੂੰ ਸਬਰ ਤੋਂ ਕੰਮ ਲੈਣ ਲਈ ਕਿਹਾ ਪਰ ਅੰਗਰੇਜ਼ਾਂ ਨੇ ਜਿਸ ਘਰ ਤੋਂ ਰੋੜੇ ਵੱਜਣੇ ਸ਼ੁਰੂ ਹੋਏ ਸਨ, ਉਸ ਨੂੰ ਢਾਹ ਦਿੱਤਾ ਅਤੇ ਘਰ ਵਾਲਿਆਂ ਦੇ ਮੂੰਹ ਕਾਲੇ ਕਰ ਕੇ ਬਾਜ਼ਾਰ ਵਿੱਚ ਘੁਮਾਇਆ। ਇਸ ਪਿੱਛੋਂ ਕੁਝ ਨੇ ਆਪਣੀ ਭੁੱਲ ਕਬੂਲ ਕਰ ਲਈ, ਪਰ ਫਿਰ ਵੀ 11 ਵਿਸਾਖ ਵਾਲੇ ਦਿਨ ਹੈਨਰੀ ਲਾਰੰਸ ਨੇ ਲਾਲ ਸਿੰਘ ਨੂੰ ਉਨ੍ਹਾਂ ਆਦਮੀਆਂ ਨੂੰ ਫਾਂਸੀ ਉੱਪਰ ਲਟਕਾ ਦੇਣ ਲਈ ਕਿਹਾ, ਜਿਨ੍ਹਾਂ ਵਿੱਚੋਂ ਇੱਕ ਦਾ ਨਾਂ ਪੰਡਤ ਰੁਲੀਆ ਦੱਤ ਸੀ। ਉਹ ਉਸ ਸਾਰਜੈਂਟ ਜਿਸ ਨੇ ਗਊਆਂ ਨੂੰ ਜ਼ਖ਼ਮੀ ਕੀਤਾ ਸੀ, ਖ਼ਿਲਾਫ਼ ਸਖ਼ਤ ਕਾਰਵਾਈ ਖ਼ਾਤਰ ਭੁੱਖ ਹੜਤਾਲ ’ਤੇ ਬੈਠਾ ਹੋਇਆ ਸੀ। ਲਾਹੌਰ ਵਾਸੀ ਪਿਛਲੇ 46 ਸਾਲਾਂ ਤੋਂ ਫਾਂਸੀ ਤੋਂ ਅਨਜਾਣ ਸਨ, ਪਰ ਉਸ ਬ੍ਰਾਹਮਣ ਨੂੰ ਸ਼ਰ੍ਹੇਆਮ ਲੋਕਾਂ ਸਾਹਮਣੇ ਫ਼ਾਂਸੀ ’ਤੇ ਚਾੜ੍ਹ ਦਿੱਤਾ ਗਿਆ ਤਾਂ ਕਿ ਲਾਹੌਰ ਵਾਸੀ ਅੰਗਰੇਜ਼ਾਂ ਸਾਹਮਣੇ ਬੋਲਣ ਦੀ ਜੁਅੱਰਤ ਨਾ ਕਰਨ। ਇਸ ਘਟਨਾ ਦਾ ਵਰਣਨ ਸੀਤਾ ਰਾਮ ਕੋਹਲੀ ਦੀ ਕਿਤਾਬ ‘ਸਨਸੈੱਟ ਆਫ਼ ਦੀ ਸਿੱਖ ਇੰਪਾਇਰ’ ਵਿੱਚ ਸਫ਼ਾ 122 ਉੱਪਰ ਵੀ ਦਰਜ ਹੈ। ਇਸ ਘਟਨਾ ਦਾ ਵਰਣਨ ਡਾ. ਮੈਕਗ੍ਰੇਗਰ ਵੱਲੋਂ ਉਸ ਦੀ ਕਿਤਾਬ ‘ਦੀ ਹਿਸਟਰੀ ਆਫ਼ ਦੀ ਸਿੱਖਜ਼’ ਵਿੱਚ ਦਰਜ ਮਿਲਦਾ ਹੈ, ਜੋ ਮੌਕੇ ਉੱਪਰ ਹਾਜ਼ਰ ਸੀ। ਇਹ ਘਟਨਾ ‘ਦਿੱਲੀ ਗਜ਼ਟ’ ਅਖ਼ਬਾਰ ਵਿੱਚ 2 ਮਈ 1846 ਨੂੰ ਵੀ ਛਪੀ ਸੀ।

ਸੰਪਰਕ: 98728-10820

Posted in: ਸਾਹਿਤ