ਮਹਾਨ ਸਿੱਖ ਸ਼ਖ਼ਸੀਅਤ- ਸਿਰਦਾਰ ਕਪੂਰ ਸਿੰਘ

By August 22, 2016 0 Comments


Bhindranwale_With_Sirdar_Kapur_Singhsant ji with sirdar kapur singh20ਵੀਂ ਸਦੀ ਦੇ ਮਹਾਨ ਸਿੱਖ, ਸਿਰਦਾਰ ਕਪੂਰ ਸਿੰਘ ਦਾ ਜਨਮ 2 ਮਾਰਚ 1909 ਨੂੰ ਮਾਤਾ ਹਰਨਾਮ ਕੌਰ ਅਤੇ ਪਿਤਾ ਦੀਦਾਰ ਸਿੰਘ ਦੇ ਘਰ ਪਿੰਡ ਖਾਜਾ ਬਾਜੂ ਨਜ਼ਦੀਕ ਜਗਰਾਉਂ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਉਨ੍ਹਾਂ ਆਪਣੀ ਮੁੱਢਲੀ ਵਿੱਦਿਆ ਖ਼ਾਲਸਾ ਹਾਈ ਸਕੂਲ ਲਾਇਲਪੁਰ ਤੋਂ ਪ੍ਰਾਪਤ ਕੀਤੀ। ਉਨ੍ਹਾਂ ਸਰਕਾਰੀ ਕਾਲਜ, ਲਾਹੌਰ ਤੋਂ ਐਮ.ਏ. ਪੰਜਾਬ ਯੂਨੀਵਰਸਟੀ ਵਿੱਚੋਂ ਅੱਵਲ ਰਹਿ ਕੇ ਪਾਸ ਕੀਤੀ। ਇਸ ਤੋਂ ਬਾਅਦ ਕੈਂਬਰਿਜ ਯੂਨੀਵਰਸਟੀ ਤੋਂ ਭੌਤਿਕ ਵਿਗਿਆਨ ਦੀ ਡਿਗਰੀ ਹਾਸਲ ਕੀਤੀ। 1931 ਵਿੱਚ ਇੰਡੀਅਨ ਸਿਵਿਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕਰਕੇ ਉਨ੍ਹਾਂ ਮੁਲਕ ਦੀ ਸਰਵੋਤਮ ਨੌਕਰੀ ਦੀ ਸ਼ੁਰੂਆਤ ਕੀਤੀ। ਉਦੋਂ ਉਨ੍ਹਾਂ ਦੀ ਉਮਰ ਕੇਵਲ 22 ਸਾਲ ਸੀ। 1947 ਤਕ ਸਿਰਦਾਰ ਕਪੂਰ ਸਿੰਘ ਸਮੇਤ ਸਾਰੇ ਦੇਸ਼ ਵਿੱਚੋਂ ਕੇਵਲ ਦਸ ਸਿੱਖ ਹੀ ਸਨ ਜਿਨ੍ਹਾਂ ਨੇ ਸਿਵਿਲ ਸਰਵਿਸਿਜ਼ ਦਾ ਇਮਤਿਹਾਨ ਪਾਸ ਕੀਤਾ ਸੀ।
ਕਪੂਰ ਸਿੰਘ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਰਹੇ। ਉਨ੍ਹਾਂ ਕਦੇ ਵੀ ਆਪਣੀ ਸਿੱਖੀ ਸੋਚ ਵਿੱਚ ਅਡੋਲਤਾ ਨਹੀਂ ਆਉਣ ਦਿੱਤੀ। ਦੇਸ਼ ਆਜ਼ਾਦ ਹੋਣ ’ਤੇ 1947 ਵਿੱਚ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ ਆਪਣੇ ਇੱਕ ਗੁਪਤ ਪੱਤਰ ਰਾਹੀਂ ਜ਼ਿਲ੍ਹਿਆਂ ਦੇ ਮੁੱਖ ਅਧਿਕਾਰੀਆਂ ਨੂੰ ਲਿਖਿਆ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹਨ ਅਤੇ ਇਨ੍ਹਾਂ ਦੀਆਂ ਗਤੀਵਿਧੀਆਂ ’ਤੇ ਚੌਕਸੀ ਰੱਖਣ ਦੀ ਲੋੜ ਹੈ। ਸਿਰਦਾਰ ਕਪੂਰ ਸਿੰਘ ਵਰਗਾ ਪਰਪੱਕ ਸਿੱਖ ਇਹੋ ਜਿਹੇ ਨਿਰਦੇਸ਼ਕ ਪੱਤਰ ਨੂੰ ਕਿਵੇਂ ਪ੍ਰਵਾਨ ਕਰ ਸਕਦਾ ਸੀ। ਉਨ੍ਹਾਂ ਨੇ ਇੱਕ ਪੱਤਰ ਰਾਹੀਂ ਆਪਣਾ ਗੁੱਸਾ ਅਤੇ ਵਿਚਾਰ ਪੰਜਾਬ ਦੇ ਗਵਰਨਰ ਨੂੰ ਲਿੱਖ ਦਿੱਤੇ। ਇਸ ਪੱਤਰ ਨੂੰ ਹੁਕਮ ਅਦੂਲੀ ਦਾ ਇਲਜ਼ਾਮ ਲਾ ਕੇ ਸਿਰਦਾਰ ਕਪੂਰ ਸਿੰਘ ਨੂੰ ਸੇਵਾਮੁਕਤ ਕਰ ਦਿੱਤਾ ਗਿਆ ਤੇ ਉਨ੍ਹਾਂ ਦੀ ਕੋਈ ਵੀ ਅਪੀਲ ਦਲੀਲ ਦੀ ਸੁਣਵਾਈ ਨਾ ਹੋਈ। ਇਸ ਘਟਨਾ ਦਾ ਕਪੂਰ ਸਿੰਘ ਨੂੰ ਸਾਰੀ ਉਮਰ ਹੀ ਬਹੁਤ ਗਿਲਾ ਰਿਹਾ ਕਿਉਂਕਿ ਇੱਕ ਉੱਚ ਸਿਵਿਲ ਅਫ਼ਸਰ ਨੂੰ ਬਿਨਾਂ ਕਿਸੇ ਵਜ੍ਹਾ ਦੇ ਨੌਕਰੀ ਤੋਂ ਬਰਤਰਫ਼ ਕਰਨਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਸੀ। ਕੇਂਦਰ ਸਰਕਾਰ ਦੀ ਇਹ ਕਾਰਵਾਈ ਸਿੱਖੀ ਸੋਚ ਰੱਖਣ ਵਾਲੇ ਅਧਿਕਾਰੀ ਨਾਲ ਸਰਾਸਰ ਧੱਕੇ ਅਤੇ ਵਧੀਕੀ ਵਾਲੀ ਸੀ। ਸਿਰਦਾਰ ਕਪੂਰ ਸਿੰਘ ਨੇ ਆਪਣੀ ਕਿਤਾਬ ‘ਸੱਚੀ ਸਾਖੀ’ ਵਿੱਚ ਇਸ ਗੱਲ ਦਾ ਵਰਨਣ ਕੀਤਾ ਹੈ।
ਉਹ ਅੰਗਰੇਜ਼ੀ, ਪੰਜਾਬੀ, ਹਿੰਦੀ, ਸੰਸਕ੍ਰਿਤ, ਫਾਰਸੀ ਅਤੇ ਅਰਬੀ ਭਾਸ਼ਾ ਦੇ ਵਿਦਵਾਨ ਸਨ। ਉਨ੍ਹਾਂ ਨੂੰ ਪੁਲਾੜ ਵਿਗਿਆਨ, ਆਰਕੀਟੈਕਚਰ ਅਤੇ ਅਸਟਰੋਲੋਜੀ ਦਾ ਵੀ ਗਿਆਨ ਸੀ ਪਰ ਸਿੱਖੀ ਸਾਹਿਤ ਤੇ ਧਾਰਮਿਕ ਅਡੋਲਤਾ ਉਨ੍ਹਾਂ ਦੇ ਰਗ ਰਗ ਵਿੱਚ ਸਮਾਈ ਹੋਈ ਸੀ। ਸਿੱਖ ਵਿਚਾਰਧਾਰਾ ’ਤੇ ਵਿਸ਼ਵਾਸ ਦੀ ਮੁਖ਼ਾਲਸ਼ਤ ਕਰਨ ਵਾਲਿਆਂ ਨੂੰ ਸਚਾਈ ਅਤੇ ਪ੍ਰਮਾਣ ਦੇ ਕੇ ਕਾਇਲ ਕਰਨਾ ਉਨ੍ਹਾਂ ਦੀ ਮੁਹਾਰਤ ਸੀ। ਉਨ੍ਹਾਂ ਦੀ ਸਿੱਖੀ ਸੋਚ ਅਤੇ ਵਿਦਵਤਾ ਦਾ ਸਤਿਕਾਰ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਨ੍ਹਾਂ ਨੂੰ ‘ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ’ ਦੀ ਉਪਾਧੀ ਨਾਲ ਸਤਿਕਾਰਿਆ ਗਿਆ।
ਮਾਸਟਰ ਤਾਰਾ ਸਿੰਘ ਜੀ ਦੇ ਕਹਿਣ ’ਤੇ ਉਹ 1962 ਵਿੱਚ ਸਿੱਖ ਸਿਆਸਤ ਵਿੱਚ ਆਏ ਤੇ ਲੁਧਿਆਣਾ ਪਾਰਲੀਮੈਂਟ ਹਲਕੇ ਤੋਂ ਅਕਾਲੀ ਟਿਕਟ ’ਤੇ ਚੋਣ ਜਿੱਤੀ। ਉਹ ਸਮਰਾਲਾ ਹਲਕੇ ਤੋਂ 1969 ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣੇ। ਸਿਰਦਾਰ ਕਪੂਰ ਸਿੰਘ ਕੇਂਦਰ ਦੀਆਂ ਸਿੱਖ ਵਿਰੋਧੀ ਨੀਤੀਆਂ ਦੇ ਅਲੋਚਕ ਰਹੇ। ਪਾਰਲੀਮੈਂਟ ਵਿੱਚ ਉਨ੍ਹਾਂ ਵੱਲੋਂ 6 ਸਤੰਬਰ 1966 ਨੂੰ ਦਿੱਤਾ ਗਿਆ ਭਾਸ਼ਣ ਇੱਕ ਅਹਿਮ ਦਸਤਾਵੇਜ਼ ਹੈ। ਚੀਨ ਨਾਲ ਹੋਈ ਲੜਾਈ ਵਿੱਚ ਹਾਰ ਤੋਂ ਬਾਅਦ ਉਨ੍ਹਾਂ ਨੇ ਬਹੁਤ ਕਰੜੇ ਸਬਦਾਂ ਵਿੱਚ ਜਵਾਹਰਲਾਲ ਨਹਿਰੂ ਦੀ ਅਲੋਚਨਾ ਕੀਤੀ। 1975 ਦਾ ਆਨੰਦਪੁਰ ਦਾ ਮਤਾ, ਜਿਹੜਾ ਅਕਾਲੀ ਕਾਨਫਰੰਸ ਲੁਧਿਆਣਾ ਵਿੱਚ ਪਾਸ ਹੋਇਆ, ਉਸ ਦੀ ਅਸਲ ਭਾਵਨਾ ਤੇ ਲਿਖਤ ਦੇਣ ਵਾਲੇ ਸਿਰਦਾਰ ਕਪੂਰ ਸਿੰਘ ਹੀ ਸਨ।
ਸਿਰਦਾਰ ਕਪੂਰ ਸਿੰਘ ਨੇ ਜ਼ਿੰਦਗੀ ਦੇ ਆਖ਼ਰੀ ਸਾਲ, ਉਪਰਾਮਤਾ ਵਿੱਚ ਗੁਜ਼ਾਰੇ। ਉਹ ਗਮਗੀਨ ਤੇ ਚੁੱਪ ਰਹਿੰਦੇ ਸਨ ਅਤੇ ਦਿਨ ਦਾ ਕੁਝ ਹਿੱਸਾ ਪਿੰਡ ਦੇ ਸ਼ਮਸ਼ਾਨਘਾਟ ਜਾ ਕੇ ਬਿਤਾਉਂਦੇ ਸਨ। ਸਿਰਦਾਰ ਕਪੂਰ ਸਿੰਘ ਨੇ ‘ਪ੍ਰਾਸ਼ਰ ਪ੍ਰਸ਼ਨਾਂ- ਸੈਕਰੇਡ ਰਾਇੰਟਿਗਜ਼ ਆਫ ਸਿੱਖਜ’, ‘ਗੁਰੂ ਅਰਜਨ ਤੇ ਸੁਖਮਨੀ’, ‘ਸਪਤ ਸ੍ਰਿੰਗ’, ‘ਪੁੰਦਰੀਕ’, ‘ਬਹੁ ਵਿਸਤਾਰ’ ਅਤੇ ‘ਇੱਕ ਸਿੱਖ ਦਾ ਬੁੱਧ ਨੂੰ ਪ੍ਰਨਾਮ’ -ਪੁਸਤਕਾਂ ਲਿਖੀਆਂ। ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਗੁਰੂ ਦਾ ਇਹ ਸਿੱਖ 13 ਅਗਸਤ 1986 ਨੂੰ ਆਪਣਾ ਭੌਤਿਕ ਸਰੀਰ ਤਿਆਗ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜਿਆ।
ਹਰਚਰਨ ਸਿੰਘ
ਸੰਪਰਕ: 88720-06924

Posted in: ਸਾਹਿਤ