ਸਰਬਤ ਦੇ ਭਲੇ ਦਾ ਸੰਕਲਪ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ

By August 22, 2016 0 Comments


baba budha ji

ਸੰਸਾਰ ਦੇ ਧਰਮਾਂ ਵਿੱਚ ਸਿੱਖ ਧਰਮ ਦੇ ਮੌਲਿਕ ਤੇ ਨਿਵੇਕਲੇ ਸਿਧਾਂਤ, ਇਤਿਹਾਸਕ ਪੜਾਅ, ਮਰਯਾਦਾ ਤੇ ਪਰੰਪਰਾਵਾਂ ਹਨ। ਸਭ ਤੋਂ ਸਿਰਮੌਰ ‘ਸ਼ਬਦ ਗੁਰੂ’ ਦੇ ਸਿਧਾਂਤ ਨੂੰ ਰੂਪਮਾਨ ਕਰਦਿਆਂ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਜਾਂ ਗੁਰੂਤਾ ਦਾ ਸਿਧਾਂਤ ਹੈ। ਸਿੱਖਾਂ ਤੋਂ ਇਲਾਵਾ ਵਿਸ਼ਵ ਭਰ ਦੇ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਹੁਪੱਖੀ ਮਹਿਮਾ ਕਰਦਿਆਂ ਇਸ ਦੇ ਸੱਭਿਆਚਾਰਕ, ਦਾਰਸ਼ਨਿਕ, ਨੈਤਿਕ, ਸਾਹਿਤਕ, ਕਲਾਤਮਕ, ਸਮਾਜਿਕ, ਰਾਜਨੀਤਕ, ਸੰਗੀਤਕ, ਭਾਸ਼ਾਈ, ਵਿਆਕਰਣਿਕ, ਇਤਿਹਾਸਕ ਤੇ ਇਸ ਗ੍ਰੰਥ ਦੇ ਬ੍ਰਹਿਮੰਡੀ ਕਲਾਵੇ ਜਾਂ ਸਰਬੱਤ ਦੇ ਭਲੇ ਵਾਲੀ ਵਿਚਾਰਧਾਰਾ ਆਦਿ ਦੇ ਸਰੋਕਾਰਾਂ ਦੀ ਸਾਰਥਿਕਤਾ ਤੇ ਮਹੱਤਤਾ ਬਾਰੇ ਲਿਖਿਆ ਹੈ। 35 ਬਾਣੀਕਾਰ, 1430 ਪੰਨਿਆਂ, 31 ਰਾਗਾਂ ਤੇ ਗੁਰਮੁਖੀ ਲਿਪੀ ਵਿੱਚ ਕਈ ਭਾਸ਼ਾਵਾਂ ਦੀ ਖ਼ਾਸੀਅਤ ਵਾਲੇ ਗੁਰੂ ਗ੍ਰੰਥ ਸਾਹਿਬ ਜਿੱਥੇ ਬਤੌਰ ‘ਗੁਰੂ’ ਸਿੱਖ ਪੰਥ ਦੇ ਧੁਰੇ ਵਜੋਂ ਸੁਸ਼ੋਭਿਤ ਹਨ, ਉੱਥੇ ਬਤੌਰ ਧਾਰਮਿਕ ਗ੍ਰੰਥ ਵੀ ਵਿਭਿੰਨ ਪੱਖਾਂ (ਆਕਾਰ, ਵਿਸ਼ਾ-ਵਿਸਤਾਰ, ਭੇਦ ਭਾਵ ਰਹਿਤ ਬਾਣੀਕਾਰ, ਲੋਕ ਭਾਸ਼ਾ ਆਦਿ) ਤੋਂ ਲਾਸਾਨੀ ਹਨ। ਗੁਰੂ ਗ੍ਰੰਥ ਸਾਹਿਬ ਦਾ ਅਧਿਆਤਮਕ ਸ਼ਾਸਤਰ ਏਕਵਾਦੀ ਤੇ ਸਮਾਜ ਸ਼ਾਸਤਰ ਮਾਨਵਵਾਦੀ ਹੈ, ਜੋ ਨਿਰਵਿਵਾਦ ਵਿਸ਼ਵ ਮਨੁੱਖ ਦਾ ਸੁੰਦਰ ਆਧਾਰ ਬਣਨ ਦੀ ਸਮਰੱਥਾ ਰੱਖਦਾ ਹੈ।
ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਸਿਧ ਗੋਸਟਿ ਵਿੱਚ ‘ਸਬਦ ਗੁਰੂ ਸੁਰਤਿ ਧੁਨਿ ਚੇਲਾ’ ਦੇ ਵਾਕ ਨਾਲ ਜਿੱਥੇ ਸਮਕਾਲੀ ਭਾਰਤੀ ਦਰਸ਼ਨ ਦੇ ਪ੍ਰਤੀਨਿਧ ਵਿਦਵਾਨ ਯੋਗੀ ਜਾਂ ਸਿੱਧ ਪੁਰਸ਼ਾਂ ਨੂੰ ਅਧਿਆਤਮਕ ਖੇਤਰ ਵਿੱਚ ‘ਸ਼ਬਦ ਗੁਰੂ’ ਸਿਧਾਂਤ ਦੀ ਸ੍ਰੇਸ਼ਟਤਾ ਦਾ ਲੋਹਾ ਮਨਵਾਇਆ, ਉਥੇ ‘ਗੁਰੂ ਮਾਨਿਓ ਗ੍ਰੰਥ’ ਦੇ ਹੁਕਮ ਦੀ ਨੀਂਹ ਵੀ ਰੱਖੀ। ਭਾਰਤੀ ਦਰਸ਼ਨ ਵਿੱਚ ‘ਸ਼ਬਦ’ ਨੂੰ ‘ਨਿਤ’ ਕਿਹਾ ਗਿਆ ਹੈ ਤੇ ‘ਸ਼ਬਦ ਬ੍ਰਹਮ’ ਦੀ ਕਲਪਨਾ ਵੀ ਕੀਤੀ ਗਈ ਹੈ ਪਰ ਅਧਿਆਤਮਕ ਸ਼ਬਦ ਨੂੰ ਗੁਰੂ ਸਥਾਪਿਤ ਕਰਨ ਦਾ ਕ੍ਰਿਸ਼ਮਾ ਗੁਰੂ ਸਾਹਿਬਾਨ ਦੇ ਹਿੱਸੇ ਹੀ ਆਇਆ।
ਆਦਿ ਗ੍ਰੰਥ ਲਈ ਪਹਿਲਾਂ ‘ਪੋਥੀ’ ਸ਼ਬਦ ਪ੍ਰਚੱਲਿਤ ਸੀ। ‘ਪੋਥੀ ਪਰਮੇਸਰ ਕਾ ਥਾਨੁ’ ਦਾ ਗੁਰਵਾਕ ਪੋਥੀ ਰੂਪ ਵਿੱਚ ਵੀ ਇਸ ਵਿੱਚ ਅੰਕਿਤ ਬਾਣੀ ਦੇ ਇਲਾਹੀ, ਰੱਬੀ, ਅਗੰਮੀ, ਅੰਮ੍ਰਿਤ ਬਾਣੀ ਹੋਣ ਦੀ ਗਵਾਹੀ ਭਰਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਫੁਰਮਾਨ ਮਿਲਦੇ ਹਨ, ਜਿਨ੍ਹਾਂ ਵਿੱਚ ਗੁਰੂ ਨੂੰ ਪਰਿਭਾਸ਼ਿਤ ਕਰਦਿਆਂ ਗੁਰਬਾਣੀ, ਬਾਣੀ ਤੇ ਸ਼ਬਦ ਨੂੰ ਇੱਕੋ ਅਰਥ ਵਿੱਚ ਗੁਰੂ ਸਰੂਪ ਹੋਣ ਦਾ ਉਪਦੇਸ਼ ਦ੍ਰਿੜਾਇਆ ਗਿਆ ਹੈ। ਬਾਣੀ ਦੇ ਬੋਹਿਥੇ ਗੁਰੂ ਅਰਜਨ ਦੇਵ ਜੀ ਜਦੋਂ ਆਦਿ ਗ੍ਰੰਥ ਦੀ ਬੀੜ ਤਿਆਰ ਕਰਨ ਪਿੱਛੋਂ ਪਾਲਕੀ ਵਿੱਚ ਸਵਾਰ ਕਰਵਾ ਕੇ ਹਰਿਮੰਦਰ ਸਾਹਿਬ ਵਿੱਚ ਲੈ ਕੇ ਆਏ ਤਾਂ ਆਪ ਨੰਗੇ ਪੈਰੀਂ, ਹੱਥੀਂ ਚੌਰ ਕਰ ਰਹੇ ਸਨ।
ਸਿੱਖ ਪੰਥ ਦਾ ਗੁਰੂ ਗ੍ਰੰਥ ਸਾਹਿਬ ਲਈ ਸ਼੍ਰੋਮਣੀ ਵਾਸਤਾ ਇਸ ਦੇ ‘ਗੁਰੂ’ ਹੋਣ ਨਾਲ ਹੈ। ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਨ ਤੋਂ ਲੈ ਕੇ ਬਿਰਾਜਮਾਨ ਕਰਨ ਤੇ ਇੱਕ ਤੋਂ ਦੂਜੀ ਸਥਾਨ ਤਕ ਲੈ ਕੇ ਜਾਣ ਦੀ ਸਾਰੀ ਮਰਯਾਦਾ ਸਾਧਾਰਨ ਨਾ ਹੋ ਕੇ ਸ਼ਰਧਾ, ਸਤਿਕਾਰ ਨਾਲ ਨਿਭਾਈ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਤੇ ਹਰ ਸ਼ਬਦ ਇਲਾਹੀ ਹੈ। ਇਸੇ ਕਾਰਨ ਇਸ ਦੇ ਪਾਠ ਸਬੰਧੀ ਸ਼ੁੱਧ ਉਚਾਰਨ, ਵਿਸ਼ਰਾਮ ਦਾ ਵਿਸ਼ੇਸ਼ ਖ਼ਿਆਲ ਰੱਖਿਆ ਜਾਂਦਾ ਹੈ। ਵਿਚਾਰਧਾਰਕ ਪੱਧਰ ’ਤੇ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਾ ਪਰਮਾਤਮਾ ਦੀ ਏਕਤਾ ਤੇ ਸਰਬ ਵਿਆਪਕਤਾ, ਉਸ ਦੇ ਸ੍ਰਿਸ਼ਟੀ ਕਰਤਾ-ਹਰਤਾ ਤੇ ਉਸ ਦੇ ਨਾਮ-ਵਡਿਆਈ ਦੀ ਸਰਵੋਤਮਤਾ ਹੈ। ਮੂਲ ਮੰਤਰ ਵਿੱਚ ਪਰਮਾਤਮਾ ਦੇ ਸਰੂਪ ਤੇ ਇਸ ਵਿਸ਼ੇ ਦਾ ਵਰਣਨ ਹੈ। ਸਿੱਖ ਪੰਥ ਲਈ ਇਸ ਤੋਂ ਉਪਰ ਹੋਰ ਕੋਈ ਗਿਆਨ- ਸ੍ਰੋਤ ਨਹੀਂ।
ਗੁਰੂ ਗ੍ਰੰਥ ਸਾਹਿਬ ਨੂੰ ਸਿਰਫ਼ ਧਰਮ ਗ੍ਰੰਥ ਨਾ ਮੰਨ ਕੇ ‘ਗੁਰੂ’ ਮੰਨਣਾ ਸਭ ਤੋਂ ਵੱਧ ਤੇ ਬੇਮਿਸਾਲ ਸਰੋਕਾਰ ਹੈ। ਗੁਰ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬਾਨ ਦੀ ਸਾਰੀ ਘਾਲ ਦਾ ਮੰਤਵ ਆਦਿ ਗ੍ਰੰਥ ਤਿਆਰ ਕਰ ਕੇ ਮਨੁੱਖਤਾ ਦੀ ਝੋਲੀ ਅਮੁੱਲ ਖ਼ਜ਼ਾਨੇ ਨਾਲ ਭਰਪੂਰ ਕਰਨਾ ਸੀ, ਜਦੋਂਕਿ ਕੋਈ ਵੀ ਪੀਰ ਪੈਗੰਬਰ ਜਾਂ ਅਵਤਾਰ ਕੋਈ ਵੀ ਧਰਮ ਗ੍ਰੰਥ ਖ਼ੁਦ ਤਿਆਰ ਕਰ ਕੇ ਨਹੀਂ ਗਿਆ, ਸਗੋਂ ਬਾਅਦ ਵਿੱਚ ਉਨ੍ਹਾਂ ਦੇ ਮੁਰੀਦਾਂ ਵੱਲੋਂ ਇਹ ਤਿਆਰ ਕੀਤੇ ਗਏ। ਯੂਨਾਨੀ ਫ਼ਿਲਾਸਫ਼ਰਾਂ (ਫੀਸਾਗੋਰਸ, ਸੁਕਰਾਤ ਆਦਿ), ਸਾਮੀ ਧਰਮਾਂ (ਯਹੂਦੀ, ਈਸਾਈ ਤੇ ਇਸਲਾਮ) ਅਤੇ ਭਾਰਤੀ ਧਰਮਾਂ (ਹਿੰਦੂ, ਬੁੱਧ ਤੇ ਜੈਨ) ਦੇ ਵਚਨ ਤੇ ਗ੍ਰੰਥ ਬਾਅਦ ਵਿੱਚ ਲਿਖਤੀ ਰੂਪ ’ਚ ਲਿਆਂਦੇ ਗਏ। ਸਿੱਖ ਧਰਮ ਅਤੇ ਹੋਰ ਧਰਮਾਂ ਵਿੱਚ ਇਹ ਵੱਡਾ ਫ਼ਰਕ ਹੈ ਕਿ ਗੁਰਬਾਣੀ ਸਾਡੇ ਪਾਸ ਸ਼ੁੱਧ ਤੇ ਪ੍ਰਮਾਣਿਕ ਰੂਪ ਵਿੱਚ ਮੌਜੂਦ ਹੈ ਤੇ ਗੁਰੂ ਅਰਜਨ ਦੇਵ ਜੀ ਨੇ ਖ਼ੁਦ ਭਾਈ ਗੁਰਦਾਸ ਜੀ ਨੂੰ ਲਿਖਾਰੀ ਨਿਯਤ ਕਰ ਕੇ ਆਪਣੀ ਦੇਖ-ਰੇਖ ਹੇਠ ਆਦਿ ਗ੍ਰੰਥ ਤਿਆਰ ਕੀਤਾ।
ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਸਾਹਿਬਾਨ ਦੀ ਬਾਣੀ, ਭਗਤ ਬਾਣੀ, ਭੱਟ ਬਾਣੀ ਤੇ ਕੁਝ ਸਿੱਖਾਂ ਦੀ ਬਾਣੀ ਦਾ ਸੰਕਲਨ ਕਰ ਕੇ ਬਾਣੀਕਾਰਾਂ ਤੇ ਰਾਗਾਂ ਅਨੁਸਾਰ ਬਾਣੀ ਤਰਤੀਬਵਾਰ ਅੰਕਿਤ ਕਰ ਕੇ ਆਦਿ ਗ੍ਰੰਥ ਦੀ ਪ੍ਰਥਮ ਬੀੜ ਤਿਆਰ ਕੀਤੀ। ਗੁਰੂ ਸਾਹਿਬਾਨ ਨੇ ਇਹ ਸਰਵੋਤਮ ਕਾਰਜ ਖ਼ੁਦ ਕੀਤਾ ਕਿ ਇਸ ਨੂੰ ਗੁਰੂ ਥਾਪਣਾ ਹੈ, ਤਾਂ ਜੋ ਮਨੁੱਖ ਹਰ ਤਰ੍ਹਾਂ ਦੀ ਸ਼ਖ਼ਸੀ ਗੁਲਾਮੀ ਤੋਂ ਛੁਟਕਾਰਾ ਪਾ ਸਕੇ। ਆਮ ਤੌਰ ’ਤੇ ਰਾਜਸੀ ਗੁਲਾਮੀ ਤੋਂ ਛੁਟਕਾਰਾ ਤਾਂ ਪਾਇਆ ਜਾ ਸਕਦਾ ਹੈ, ਪਰ ਧਾਰਮਿਕ ਦੁਨੀਆਂ ਵਿੱਚ ਕਿਸੇ ਨਾ ਕਿਸੇ ਦੀ ‘ਦਾਸਤਵ’ ਪ੍ਰਵਾਨ ਕਰਨਾ ਜਾਇਜ਼ ਸਮਝਿਆ ਜਾਂਦਾ ਹੈ। ਗੁਰੂ ਸਾਹਿਬਾਨ ਦਾ ਮਨੁੱਖਤਾ ’ਤੇ ਪਰਉਪਕਾਰ ਹਿਤ ਦੈਵੀ ਮਿਸ਼ਨ ਸੀ ਕਿ ਮਨੁੱਖ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦਾ ਗ਼ੁਲਾਮ ਨਾ ਹੋਵੇ, ਇਸੇ ਲਈ ਇਸ ਨੂੰ ‘ਸ਼ਬਦ’ ਜਾਂ ‘ਬਾਣੀ’ ਦੇ ਲੜ ਲਾਇਆ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗ੍ਰੰਥ ਨੂੰ ਗੁਰੂ ਸਥਾਪਿਤ ਕਰ ਕੇ ਧਾਰਮਿਕ ਸੁਤੰਤਰਤਾ ਲਈ ਇੱਕ ਨਿਵੇਕਲਾ ਕਾਰਜ ਰਚਾਇਆ। ਰੂਹਾਨੀ ਗ੍ਰੰਥ ਜਾਂ ਰਚਨਾ ਨੂੰ ਸਤਿਗੁਰੂ ਸਥਾਪਿਤ ਕਰਨਾ ਮਨੁੱਖੀ ਸੱਭਿਅਤਾ ਵਿੱਚ ਅਦੁੱਤੀ ਕਾਰਨਾਮਾ ਸੀ। ਗੁਰਮੁਖੀ, ਅਰਬੀ, ਫ਼ਾਰਸੀ, ਹਿੰਦੀ ਅਤੇ ਅੰਗਰੇਜ਼ੀ ਦੇ ਵਿਦਵਾਨਾਂ ਨੇ ਗੁਰੂ ਸਾਹਿਬਾਨ ਦੇ ਇਸ ਕਾਰਜ ਨੂੰ ਧਾਰਮਿਕ ਇਤਿਹਾਸ ਵਿੱਚ ਮਹਾਨ ਕਾਰਨਾਮਾ ਦਰਸਾਇਆ ਹੈ।
ਗੁਰੂ ਸਾਹਿਬਾਨ ਨੇ ਸਿਧਾਂਤਾਂ ਅਤੇ ਅਮਲਾਂ ਜ਼ਰੀਏ ਆਪਣੇ ਦੈਵੀ ਮਿਸ਼ਨ ਦਾ 239 ਸਾਲ ਦਾ ਲੰਮਾ ਸਮਾਂ ਮਨੁੱਖਤਾ ਨੂੰ ‘ਸ਼ਬਦ ਗੁਰੂ’ ਦੇ ਪੈਰੋਕਾਰ ਬਣਾਉਣ ਦੇ ਮੰਤਵ ਲਈ ਲਾਇਆ। ਗੁਰੂ ਨਾਨਕ ਦੇਵ ਜੀ ਦੇ ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ’ ਦੇ ਇਲਾਹੀ ਹੋਕੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਦਿ ਗ੍ਰੰਥ ਨੂੰ ਗੁਰਿਆਈ ਬਖ਼ਸ਼ ਕੇ ‘ਗੁਰੂ ਮਾਨਿਓ ਗ੍ਰੰਥ’ ਦੇ ਸੰਦੇਸ਼ ਨਾਲ ਮੁਕੰਮਲ ਸਰੂਪ ਪ੍ਰਦਾਨ ਕੀਤਾ ਗਿਆ। ਸਿੱਖ ਪੰਥ ਲਈ ਕੇਵਲ ਧਾਰਮਿਕ ਗ੍ਰੰਥ ਨਾ ਹੋ ਕੇ, ਗੁਰੂ ਗ੍ਰੰਥ ਸਿੱਖ ਪੰਥ ਦਾ ਇਸ਼ਟ (ਰਹਿਬਰ) ਹੈ।
ਗੁਰਤੇਜ ਸਿੰਘ ਠੀਕਰੀਵਾਲਾ (ਡਾ.)
ਸੰਪਰਕ: 94638-61316
Tags: ,
Posted in: ਸਾਹਿਤ