ਗਿਆਨ ਰਤਨਿ ਸਭ ਸੋਝੀ ਹੋਇ ॥

By August 22, 2016 0 Comments


Gurel Singh

Gurmel Singh

ਇੱਕ ਪੁਰਾਤਨ ਕਥਾ ਹੈ।ਕਹਿੰਦੇ, ਇੱਕ ਵੇਰ ਦੈਂਤਾਂ ਤੇ ਦੇਵਤਿਆਂ ਨੇ ਰਲ਼ ਕੇ ਸਮੁੰਦਰ ਰਿੜਕਿਆ । ਜਿਵੇਂ ਦੁੱਧ, ਦਹੀਂ ਰਿੜਕੀਦਾ ਹੈ । ਇੱਕ ਚਾਟੀ ਵਿੱਚ ਜੰਮਿਆਂ ਦੁੱਧ ਪਾਇਆ ਜਾਂਦਾ ਹੈ । ਇੱਕ ਲੱਕੜੀ ਦੀ ਮਧਾਣੀ ਹੁੰਦੀ ਹੈ ਉਸ ਨੂੰ ਦਹੀਂ ਵਾਲੀ ਚਾਟੀ ਵਿੱਚ ਪਾਇਆ ਜਾਂਦਾ ਹੈ । ਮਧਾਣੀ ਨੂੰ ਇੱਕ ਰੱਸੀ ਦਾ ਵਲ਼ ਪਾ ਕੇ ਘੁੰਮਾਇਆ ਜਾਂਦਾ ਹੈ ਇਸ ਨਾਲ਼ ਦੁੱਧ ਵੀ ਘੁੰਮੀ ਜਾਂਦਾ ਹੈ । ਇਸ ਕ੍ਰਿਆ ਨਾਲ਼ ਤੱਤ ਉੱਪਰ ਆ ਜਾਂਦਾ ਹੈ ਜਿਸ ਨੂੰ ਮੱਖਣ ਕਿਹਾ ਜਾਂਦਾ ਹੈ, ਬਾਕੀ ਦੀ ਵਸਤੂ ਹੇਠਾਂ ਰਹਿ ਜਾਂਦੀ ਹੈ ਜਿਸ ਨੂੰ ਲੱਸੀ ਕਿਹਾ ਜਾਂਦਾ ਹੈ । ਕਹਿੰਦੇ ਦੈਂਤਾਂ ਅਤੇ ਦੇਵਤਿਆਂ ਨੇ ਸੁਮੰਦਰ ਰਿੜਕਣ ਵਾਸਤੇ ਉਹਨਾਂ ਸਮੁੰਦਰ ਵਿੱਚ ਮਧਾਣੀ ਦੀ ਜਗਹ ਪਹਾੜ ਨੂੰ ਪਾ ਲਿਆ । ਰੱਸੀ ਦੀ ਜਗਾ ਉਹਨਾਂ ਇੱਕ ਵੱਡੇ ਸਾਰੇ ਸੱਪ (ਜਿਸ ਨੂੰ ਇਹਨਾਂ ਵਾਸ਼ਕ ਨਾਗ ਕਿਹਾ ਹੈ ) ਨੂੰ ਪਹਾੜ ਨਾਲ਼ ਵਲ਼ ਲਿਆ । ਵਾਸ਼ਕ ਨਾਗ ਦੇ ਮੁੰਹ ਵਾਲ਼ੇ ਪਾਸੇ ਤੋਂ ਦੈਂਤਾਂ ਨੇ ਅਤੇ ਪੂੰਛ ਵਾਲ਼ੇ ਪਾਸੇ ਤੋਂ ਦੇਵਤਿਆਂ ਨੇ ਫੜ ਲਿਆ । ਨਾਰਦ-ਮੁਨੀ ਦੀ ਹੱਲਾ ਸ਼ੇਰੀ (ਜੋਰ ਲਗਾ ਦੇ ਹਈ ਸ਼ਾ) ਨਾਲ਼ ਆਪੋ ਆਪਣੇ ਪਾਸਿਆਂ ਨੂੰ ਖਿੱਚਣ ਲੱਗੇ । ਪਹਾੜ ਘੁੰਮਣ ਲੱਗਿਆ ਇਸ ਨਾਲ਼ ਸਮੁੰਦਰ ਦਾ ਪਾਣੀ ਵੀ ਘੁੰਮਣ ਲੱਗਿਆ । ਕਾਫੀ ਸਮਾਂ ਸਮੁੰਦਰ ਰਿੜਕਣ ਤੋਂ ਬਾਅਦ ਉਸ ਵਿੱਚੋਂ ੧੪ ਹੈਰਾਨ ਕਰਨ ਵਾਲ਼ੀਆਂ ਵਸਤੂਆਂ ਨਿਕਲ਼ੀਆਂ । ਇਹਨਾਂ ੧੪ ਵਸਤੂਆਂ ਨੂੰ ਹੀ ੧੪ ਰਤਨ ਕਿਹਾ ਹੈ । ਇਹ ੧੪ ਵਸਤੂਆਂ ਸਨ :- ਘੋੜਾ, ਹਾਥੀ, ਕਾਮਧੇਨੂ ਗਊ, ਰੰਭਾ ਅਪਸਰਾ ( ਇੱੱਕ ਅੱਤ ਸੁੰਦਰ ਇਸਤਰੀ) ਕਲ਼ਪ ਬ੍ਰਿਛ, ਚੰਦ, ਲੱਛਮੀ (ਮਾਇਆ), ਅੰਮ੍ਰਿਤ, ਜ਼ਹਿਰ, ਸ਼ਰਾਬ, ਸੰਖ, ਧਨੁੱਖ, ਧਨੰਤਰ ਵੈਦ (ਜੜੀ ਬੂਟੀਆਂ ਵਾਲ਼ਾ ਡਾਕਟਰ) ਅਤੇ ਕੌਸਵ ਭਸਮਣ (ਇੱਕ ਕੀਮਤੀ ਰਸਾਇਣ) । ਇਹ ੧੪ ਵਸਤੂਆਂ ਸੱਚਮੁੱਚ ਹੀ ਹੈਰਾਨ ਕਰਨ ਵਾਲ਼ੀਆਂ ਸਨ । ਜਿਵੇਂ ਅੱਜਕੱਲ ਆਵਾਜਾਈ ਦੇ ਹੈਰਾਨ ਕਰਨ ਵਾਲ਼ੇ ਸਾਧਨ ਕਾਰਾਂ ਹਵਾਈ ਜਹਾਜ਼ ਆਦਿ ਹਨ ਜੋ ਕਿ ਜਰੂਰੀ ਵੀ ਹਨ ਉਦੋਂ ਆਵਾਜਾਈ ਦਾ ਸੱਭ ਤੋਂ ਵਧੀਆ ਸਾਧਨ ਘੋੜਾ ਹੁੰਦਾ ਸੀ । ਅੱਜਕੱਲ ਵੀ ਘੋੜ ਸਵਾਰ ਨੂੰ ਹਸਰਤ ਭਰੀਆਂ ਨਿਗਾਹਾਂ ਨਾਲ਼ ਦੇਖਿਆ ਜਾਂਦਾ ਹੈ । ਹਾਥੀ ਤਾਕਤ ਵਿੱਚ ਹੈਰਾਨ ਕਰਨ ਵਾਲ਼ਾ ਹੈ ਏਵੇਂ ਹੀ ਬਾਕੀ ਦੀਆਂ ਵਸਤੂਆਂ ਹੈਰਾਨ ਕਰਨ ਵਾਲੀਆਂ ਸਨ । ਇਹਨਾਂ ਦੀ ਵੰਡ ਵੰਡਾਈ ਵੇਲ਼ੇ ਅੰਮ੍ਰਿਤ ਨੂੰ ਸੱੱਭ ਤੋਂ ਵਧੀਆ ਜਾਣ ਕੇ ਦੋਹਾਂ ਨੇ ਹੱਥ ਪਾ ਲਿਆ । ਦੇਵਤੇ ਅਤੇ ਦੈਂਤ ਆਪਸ ਵਿੱਚ ਗੁੱਥਮ ਗੁੱਥਾ ਹੋ ਗਏ । ਅੰਮ੍ਰਿਤ ਵਾਲ਼ਾ ਘੜਾ ਫੁੱਟ ਗਿਆ । ਕਹਿੰਦੇ ਜਿਥੇ ਇਹ ਅੰਮ੍ਰਿਤ ਵਾਲ਼ਾ ਘੜਾ ਡੁੱਲਿਆ ਸੀ ਕਹਿੰਦੇ ਓਥੇ ਤਿੰਨ ਨਦੀਆਂ ਵਗ ਪਈਆਂ । ਇਹਨਾਂ ਤਿੰਨਾ ਗੰਗਾ , ਜਮਨਾ ਅਤੇ ਸਰਸਵਤੀ ਦਾ ਸੰਗਮ ਬਣ ਗਿਆ । ਉਸ ਜਗਾ੍ਹ ਦਾ ਨਾਮ ਪ੍ਰਯਾਗ ਰਾਜ ਸੀ । ਬ੍ਰਾਹਮਣਵਾਦੀਆਂ ਦੀਆਂ ਵੰਡੀਆਂ ਪਉਣ ਵਾਲ਼ੀਆਂ ਨੀਤੀਆਂ ਕਰਕੇ ਮੁਗਲਂ ਨੇ ਪ੍ਰਯਾਗ ਰਾਜ ਦਾ ਨਾਮ ਹੀ ਬਦਲ ਦਿਤਾ ਅਤੇ ਹੁਕਮ ਕੀਤਾ ਉਥੇ ਅੱਲਾਹ ਨੂੰ ਅਬਾਦ ਕਰੋ । ਉਸ ਸਮੇਂ ਤੋਂ ਉਸ ਜਗਾ ਦਾ ਨਾਮ ਅੱਲਾਹਾਬਾਦ ਹੋ ਗਿਆ । ਅੱਜ ਵੀ ਇਸ ਜਗਾ੍ਹ ਦਾ ਨਾਮ ਅਲਾਹਾਬਾਦ ਹੈ ।
ਸਿੱਖ ਗੁਰੂਆਂ ਨੇ ਸਿਰਜਨਾਤਮਕ ਅਤੇ ਸਾਕਾਰਾਤਮਕ ਗਿਆਨ ਨੂੰ ਅੰਮ੍ਰਿਤ ਕਿਹਾ ਹੈ । ਇਹ ਸੱਚੇ ਗੁਰੂ ਤੋਂ ਪ੍ਰਾਪਤ ਹੁੰਦਾ ਹੈ । ਆਪ ਨੇ ਫੁਰਮਾਇਆ :-
ਸੁਰਿ ਨਰ ਮੁਨਿ ਜਨ ਅੰਮ੍ਰਿਤ ਖੋਜਦੇ
ਸੁ ਅੰਮ੍ਰਿਤ ਗੁਰਿ ਤੇ ਪਾਇਆ॥ਅਨੰਦ ਸਾਹਿਬ ॥
ਗੁਰੂ ਦਾ ਸਬਦ ਹੀ ਅੰਮ੍ਰਿਤਾਂ ਦਾ ਅੰਮ੍ਰਿਤ ਹੈ । ਆਪ ਨੇ ਫੁਰਮਇਆ :-
ਗੁਰ ਕਾ ਸਬਦ ਰਤੰਨ ਹੈ ਹੀਰੇ ਜਿਤੁ ਜੜਾਉ ॥ਅਨੰਦ ਸਾਹਿਬ॥
ਇਸ ਸ਼ਬਦ ਰਤਨੁ ਨਾਲ ਹੀ ਸੱਭ ਸੋਝੀ ਆਉਂਦੀ ਹੈ ,ਫੁਰਮਾਨ ਹੈ :-
ਗਿਆਨ ਰਤਨਿ ਸਭ ਸੋਝੀ ਹੋਇ ॥੩੬੪॥
ਬਦਕਿਸਮਤੀ ਨਾਲ਼ ਭਾਰਤ ਵਰਸ਼ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਿਆ ਹੀ ਨਹੀਂ ਅਤੇ ਨਾ ਅਪਣਾਇਆ ਹੈ । ਸਗੋ ਇਥੋਂ ਦੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧ ਵਿੱਚ ਖੜੇ ਹੋ ਗਏ । ਬ੍ਰਾਹਮਣਵਾਦੀ ਵੇਦਾਂ ਸਿਮਰਤੀਆਂ ਨੂੰ ਹੀ ਭੋਲ਼ੇ ਭਾਲ਼ੇ ਲੋਕਾਂ ਦੇ ਦਿਮਾਗਾਂ ਵਿੱਚ ਜਬਰਦਸਤੀ ਠੂਸ ਰਹੇ ਹਨ । ਬ੍ਰਾਹਮਣਵਾਦੀਆਂ ਅਨੁਸਾਰ ਸਾਰਿਆਂ ਨੂੰ ਇਕੋ ਜਿਹਾ ਗਿਆਨ ਨਹੀਂ ਹੋਣਾ ਚਾਹੀਦਾ । ਜਿਵੇਂ ਕਿ ਬ੍ਰਾਹਮਣ ਨੂੰ ਗਿਆਨ ਹੋਰ, ਖੱਤਰੀ ਨੂੰ ਹੋਰ ਅਤੇ ਵੈਸ਼ ਨੂੰ ਹੋਰ ਅਤੇ ਸੂਦਰ ਨੂੰ ਗਿਆਨ ਪ੍ਰਾਪਤੀ ਦਾ ਅਧਿਕਾਰ ਹੀ ਨਹੀਂ । ਇਸ ਦਾ ਨਤੀਜਾ ਇਹ ਹੋਇਆ ਕਿ ਭਾਰਤ ਵਰਸ਼ ਦੇ ਬਹੁਤੇ ਲੋਕ ਅਨਪੜ੍ਹ ਹਨ । ਅਨਪੜ੍ਹ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਭਰਮਾ ਕੇ ਆਪਣੇ ਪਿੱਛੇ ਲਗਾ ਕੇ ਰਾਜਗੱਦੀਆਂ ਸੰਭਾਲਣ ਦੀ ਸੌਖ ਹੁੰਦੀ ਹੈ । ਏਹੀ ਕਾਰਨ ਹੈ ਅੱਜ ਭਾਰਤ ਵਰਸ਼ ਦੀਆਂ ਸਾਰੀਆਂ ਉੱਚੀਆਂ ਪਦਵੀਆਂ ਤੇ ਬ੍ਰਾਹਮਣ ਬੈਠਾ ਹੈ । ਸੂਦਰਾਂ ਨੂੰ ਤਾਂ ਅੱਜ ਵੀ ਵਧੀਆਂ ਸਿੱਖਿਆ ਤੱਕ ਪਹੁੰਚਣ ਹੀ ਨਹੀਂ ਦਿੱਤਾ ਜਾ ਰਿਹਾ । ਉਹਨਾਂ ਦੇ ਗਿਆਨ ਪਰਾਪਤੀ ਵਾਲ਼ੇ ਰਾਸਤੇ ਵਿੱਚ ਰੁਕਾਵਟਾਂ ਖੜੀਆਂ ਕੀਤੀਆਂ ਜਾਂਦੀਆਂ ਹਨ । ਜਿਵੇਂ ਕਿ ਵਿੱਦਿਆ ਦਾ ਮਹਿੰਗਾ ਹੋਣਾ। ਉਚੇਰੀ ਵਿੱਦਿਆ ਪ੍ਰਾਪਤ ਕਰਨ ਵਾਲ਼ੇ ਸੂਦਰ ਨੌਜੁਆਨਾਂ ਨੂੰ ਜਲੀਲ ਕਰਨਾ । ਉਹਨਾਂ ਨੂੰ ਨੂੰ ਡਿਗਰੀਆਂ ਵਿੱਚ ਵਿਚਾਲ਼ੇ ਛੱਡਣ ਲਈ ਮਜਬੂਰ ਕਰਨਾ ਜਾਂ ਫਿਰ ਰੋਹਿਤ ਵੈਮੁੱਲਾ ਦੀ ਤਰਾਂ ਆਤਮਹੱਤਿਆ ਲਈ ਮਜਬੂਰ ਕਰਨਾ । ਹੋਰ ਵੀ ਬਹੁਤ ਸਾਰੀਆਂ ਲੁਕਵੀਆਂ ਰੁਕਵਟਾਂ ਹਨ ਜਿਸ ਨੂੰ ਬ੍ਰਾਹਮਣਵਾਦੀ ਪਤਾ ਹੀ ਨਹੀਂ ਲੱਗਣ ਦਿੰਦੇ । ਸ਼ਰਤਾਂ ਹੀ ਏਹੋ ਜਿਹੀਆਂ ਰੱਖ ਦੇਣੀਆਂ ਤਾਂ ਕਿ ਸੂਦਰ ਉਥੋਂ ਤੱਕ ਪਹੁੰਚਣ ਦੀ ਹਿੰਮਤ ਹੀ ਨਾ ਕਰ ਸਕਣ । ਇਹਨਾਂ ਦੇ ਧਾਰਮਿਕ ਗ੍ਰੰਥਾਂ ਅਨੁਸਾਰ ਵਿਦਿਆ ਪੜ੍ਹਨੀ ਅਤੇ ਵਿੱਦਿਆ ਪੜਾਉਣੀ ਬ੍ਰਾਹਮਣ ਦਾ ਹੱਕ ਹੈ । ਇਹ ਪੜ੍ਹਦੇ ਤਾਂ ਹਨ ਪਰ ਪੜਾਉਣ ਵੇਲ਼ੇ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਸੂਦਰ ਕੋਲ਼ ਵਿਦਿਆ ਨਾ ਜਾਵੇ । ਉਹਨਾਂ ਨੂੰ ਵਹਿਮਾਂ ਭਰਮਾਂ ਵਿੱਚ ਉਲਝਾਈ ਰੱਖਦੇ ਹਨ । ਇਉਂ ਭਾਰਤ ਵਰਸ਼ ਦੇ ਵਿਸ਼ਾਲਜਨ ਸਮੂਹ (ਸੂਦਰ) ਨੂੰ ਆਪਣੇ ਅਧੀਨ ਰੱਖਦੇ ਹਨ । ਉਹਨਾਂ ਤੇ ਰਾਜ ਕਰਦੇ ਹਨ । ਇਹ ਕੰਮ ਇਹ ਹੇਠਲੇ ਪੱਧਰ ਤੋਂ ਕਰਦੇ ਹਨ । ਜਿਵੇਂ ਇੱਕ ਸੱਚੀ ਉਦਾਹਰਣ ਹੈ ਪਿੰਡ ਗਿਆਸਪੁਰੇ ਦੀ ਜੋ ਕਿ ਪੰਜਾਬ ਦੇ ਜਿਲਾ ਲੁਧਿਆਣੇ ਦਾ ਇੱਕ ਹਿੱਸਾ ਹੈ । ਏਥੇ ਇੱਕ ਸਕੂਲ ਹੈ ਜਿਸ ਦਾ ਨਾਮ ਹੈ ‘ਸਰਕਾਰੀ ਮਿਡਲ ਸਕੂਲ ਗਿਆਸਪੁਰਾ’ । ਇਸ ਸਕੂਲ ਵਿੱਚ ਪਹਿਲੀ ਤੋਂ ਅੱਠਵੀਂ ਤੱਕ ੧੩ ਸੌ ਤੋਂ ਵੱਧ ਬੱਚੇ ਪੜ੍ਹਦੇ ਹਨ । ਇਹ ਪੰਜਾਬ ਦਾ ਸੱਭ ਤੋਂ ਵੱਡਾ ਮਿਡਲ ਸਕੂਲ ਹੈ । ਏਥੇ ਫੋਕਲ ਪੁਆਇੰਟ ਵਿੱਚ ਕੰਮ ਕਰਨ ਵਾਲ਼ੇ ਪ੍ਰਵਾਸੀ ਮਜਦੂਰਾਂ ਅਤੇ ਦਲਿਤਾਂ ਦੇ ਬੱਚੇ ਜਿਆਦਾ ਪੜ੍ਹਦੇ ਹਨ । ਭਾਰਤ ਦੇ ਕੇਂਦਰੀ ਖਜਾਨੇ ਵਿੱਚ ਪੰਜਾਬ ਵਲੋਂ ਏਥੋਂ ਹੀ ਜਿਆਦਾ ਪੈਸਾ ਪੈਂਦਾ ਹੈ । ਇਸ ਪਿੰਡ ਵਾਲ਼ਿਆਂ ਦੀ ਜੱਦੀ ਸ਼ਾਮਲਾਟ ਦੀ ਛੇ ਏਕੜ ਜਮੀਨ ਸੀ । ਇਹ ਜਮੀਨ ਇਸ ਇਲਾਕੇ ਦੇ ਕੌਂਸਲਰ ਅਤੇ ਮੇਅਰ ਨੇ ਸਰਕਾਰ ਨੂੰ ਦੇ ਦਿੱਤੀ ਅਤੇ ਸਰਕਾਰ ਨੇ ਇਸ ਜਮੀਨ ਤੇ ਪ੍ਰਵਾਸੀਆਂ ਵਾਸਤੇ ਪੰਜ ਹਜ਼ਾਰ ਫਲ਼ੈਟ ਬਣਾ ਕੇ ਆਪਣੇ ਵੋਟ ਬੈਂਕ ਨੂੰ ਪੱਕਾ ਕੀਤਾ । ਪਿੰਡ ਦੇ ਜੱਦੀ ਗਰੀਬਾਂ ਨੂੰ ਕੁੱਝ ਵੀ ਨਹੀਂ ਮਿਲ਼ਿਆ । ਪਿੰਡ ਦੇ ਲੋਕ ਪਿਛਲੇ ਦਸ ਸਾਲਾਂ ਤੋਂ ਇਸ ਸਕੂਲ ਦਾ ਦਰਜਾ ਵਧਾਉਣ ਲਈ ਸੰਘਰਸ਼ ਕਰ ਰਹੇ ਹਨ । ਸਕੂਲ ਕੋਲ਼ ਜਗਾ ਕਾਫੀ ਹੈ । ਇੱਕ ਐਨ.ਜੀ.ਓ. ਸੰਸਥਾ ਰਾਊਡ ਟੇਬਲ ਅਤੇ ਲੇਡੀਜ਼ ਸਰਕਲ ਇੰਡੀਆ ਨੇ ਤਿੰਨ ਕਮਰਿਆਂ ਦਾ ਦੋ ਮੰਜਲਾ ਬਲਾਕ ਵੀ ਬਣਾ ਕੇ ਦਿੱਤਾ ਹੈ । ਇਸ ਬਲਾਕ ਲਈ ਲੁਧਿਆਣਾ ਆਰ.ਟੀ.੧੮੮ ਅਤੇ ਐਲ.ਸੀ.੧੧੦ ਅਧੀਨ ਬਲਾਕ ਦੀ ਸਪੁਰਦਗੀ ਕੀਤੀ ਹੈ । ਇਸ ਪ੍ਰੋਜੈਕਟ ਲਈ ਪਲਾਟੀਨਮ ਯੋਗਦਾਨ (ਸੱਭ ਤੋਂ ਜਿਆਦਾ) ਫੀਅਟ ਇੰਡੀਆ ਲਿਮ. ਅਤੇ ਆਈ.ਈ.ਆਰ.ਓ. ਵਾਟਰ ਫਰੰਟ ਲਿਮਟਿਡ ਨੇ ਪਾਇਆ ਹੈ । ਇਹਨਾਂ ਨਾਲ਼ ੨੦ ਹੋਰ ਗੋਲਡਨ ਯੋਗਦਾਨ ਪਾਉਣ ਵਾਲ਼ੇ ਵੀ ਹਨ । ਸਰਕਾਰੀ ਜਾਂਚ ਕਰਤਾਵਾਂ ਨੇ ਪੁਰਜ਼ੋਰ ਸਿਫਾਰਿਸ਼ ਵੀ ਕੀਤੀ ਹੈ ਕਿ ਇਹ ਸਕੂਲ ਹਰ ਹਾਲਤ ਵਿੱਚ ਸੀਨੀਅਰ ਸੈਕੰਡਰੀ ਹੋਣਾ ਚਾਹੀਦਾ ਹੈ । ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ । ਰਾਜਨੀਤਿਕ ਨੇਤਾਵਾਂ ਦੀ ਆਪਸੀ ਖਹਿਬਾਜੀ ਕਰਕੇ ਸਕੂਲ ਦਾ ਦਰਜਾ ਨਹੀਂ ਵਧਾਇਆ ਗਿਆ । ਲੰਬੇ ਸਮੇਂ ਤੋਂ ਬੱਚਿਆਂ ਦੇ ਭਵਿੱਖ ਨਾਲ਼ ਖਿਲਵਾੜ ਕਰਨ ਵਾਲ਼ੀ ਸਮੇਂ ਦੀ ਸਰਕਾਰ ਹੈ । ਇਹ ਸੰਘਣੀ ਅਬਾਦੀ ਵਾਲ਼ਾ ਭੀੜ ਭਰਿਆ ਇਲਾਕਾ ਹੈ । ਅਨਪੜ੍ਹਤਾ ਜਿਆਦਾ ਹੈ । ਅੱਠਵੀਂ ਤੋਂ ਬਾਅਦ ਜਿਆਦਾਤਰ ਲੜਕੀਆਂ ਸਕੂਲ ਛੱਡ ਦਿੰਦੀਆਂ ਹਨ । ਦਲਿਤਾਂ ਨੂੰ ਅਨਪੜ੍ਹ ਰੱਖਣ ਦੇ ਏਸ ਤਰਾਂ ਦੇ ਤਰੀਕੇ ਵਰਤਦੇ ਹਨ । ਇਹ ਤਾਂ ਇੱਕ ਉਦਾਹਰਣ ਹੈ ।
ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਤਨਖਾਹਾਂ ਵੀ ਕਾਫੀ ਹਨ । ਦੁਪਹਿਰ ਦਾ ਖਾਣਾ ਵੀ ਬੱਚਿਆਂ ਨੂੰ ਦਿੱਤਾ ਜਾਂਦਾ ਹੈ । ਗਰੀਬ ਬੱਚਿਆਂ ਨੂੰ ਵਰਦੀਆਂ ਕਿਤਾਬਾਂ ਵੀ ਮੁਫਤ ਹਨ । ਇਤਨਾਂ ਕੁੱਝ ਹੋਣ ਉਪਰੰਤ ਵੀ ਬੱਚਿਆਂ ਦੀ ਪੜਾਈ ਦਾ ਪੱਧਰ ਬਹੁਤ ਨੀਵਾਂ ਹੈ । ਇਹ ਵੀ ਇੱਕ ਸਾਜਿਸ਼ ਅਧੀਨ ਹੈ । ਸਕੂਲਾਂ ਵਿੱਚ ਅਧਿਆਂਪਕਾਂ ਦੀ ਘਾਟ ਹੈ । ਅਧਿਆਪਕਾਂ ਨੂੰ ਹੋਰ-ਹੋਰ ਕੰਮਾਂ ਵਿੱਚ ਉਲਝਾਈ ਰੱਖਦੇ ਹਨ ਜਿਵੇਂ ਕਿ ਮਰਦਮ ਸੁਮਾਰੀ ਦਾ ਕੰਮ, ਵੋਟਾਂ ਬਣਾਉਣ ਅਤੇ ਸੋਧਾਂ ਕਰਨ ਦਾ ਕੰਮ, ਚੋਣਾ ਕਰਵਾਉਣੀਆਂ ਆਦਿ ਕੰਮਾਂ ਵਿੱਚ ਅਧਿਆਪਕਾਂ ਨੂੰ ਉਲਝਾਈ ਰੱਖਦੇ ਹਨ । ਪੜਾਈ ਦਾ ਸੱਭ ਤੋਂ ਜਿਆਂਦਾ ਨੁਕਸਾਨ ਦੁਪਹਿਰ ਦੇ ਖਾਣੇ ਦੇ ਪ੍ਰਬੰਧ ਤੋਂ ਹੁੰਦਾ ਹੈ । ਬਾਲਣ, ਗੋਹਾ ਅਤੇ ਸਲੰਡਰ ਆਦਿ ਦਾ ਪ੍ਰਬੰਧ ਵੀ ਅਧਿਆਪਕਾਂ ਨੂੰ ਕਰਨਾ ਪੈਂਦਾ ਹੈ । ਭਾਂਡਿਆਂ ਦੀ ਸਾਂਭ ਸੰਭਾਲ਼ ਅਤੇ ਰਾਸ਼ਣ ਲਿਆਉਣਾ ਕਰਨਾ ਸੱਭ ਅਧਿਆਪਕਾਂ ਦੀ ਜਿੰਮੇਵਾਰੀ ਹੈ । ਇਹਨਾਂ ਕਾਰਨਾ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੁੰਦਾ ਹੈ । ਭਾਰਤ ਸਰਕਾਰ ਨੇ ਤਾਂ ਕਾਨੂੰਨ ਬਣਾ ਦਿੱਤਾ ਕਿ ਅੱਠਵੀਂ ਤੱਕ ਬੱਚਿਆਂ ਨੂੰ ਫੇਲ੍ਹ ਨਹੀਂ ਕਰਨਾ । ਕਿਸੇ ਬੱਚੇ ਤੇ ਸਖਤੀ ਨਹੀਂ ਕਰਨੀ । ਇਸ ਸਾਜਿਸ਼ ਨਾਲ਼ ਬੱਚੇ ਅੱਠਵੀਂ ਤਾਂ ਪਾਸ ਕਰ ਜਾਂਦੇ ਹਨ ਪਰ ਅੱਗੇ ਜਾ ਕੇ ਫਸ ਜਾਂਦੇ ਹਨ ਅਤੇ ਸਕੂਲ ਹੀ ਛੱਡ ਦਿੰਦੇ ਹਨ । ਏਸ ਤਰੀਕੇ ਮੰਨੂ ਵਾਦੀ ਨੀਤੀ ਸਫਲ ਹੁੰਦੀ ਹੈ ।
ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਵੇਲ਼ੇ ਦੀ ਸਰਕਾਰ ਨੇ ਕਾਨੁੰਨ ਬਣਾਇਆ ਹੈ, ‘ਵਿੱਦਿਆ ਦਾ ਅਧਿਕਾਰ ੨੦੦੯’। ਰਾਈਟ ਟੂ ਐਜੂਕੇਸ਼ਨ ੨੦੦੯ । ਇਸ ਦੀ ਧਾਰਾ ੧੨(੧)(ਸੀ.) ਅਧੀਨ ਨਿੱਜੀ ਸਕੂਲਾਂ ਵਾਲ਼ਿਆ ਲਈ ਹੁਕਮ ਹੈ ਕਿ ਉਹ ਆਪਣੇ ਸਕੂਲਾਂ ਵਿੱਚ ਗਰੀਬ ਅਤੇ ਅਨੁਸੂਚਿਤ ਜਾਤੀਆਂ ਲਈ ਰਾਖਵੇਂ ਕਰਨ ਦੀ ਨੀਤੀ ਅਧੀਨ ਆਪਣੇ ਸਕੂਲਾਂ ਵਿੱਚ ਦਾਖਲ ਕਰਨ । ਇਹ ਕਾਨੂੰਨ ਹਰਿਆਣੇ, ਦਿੱਲੀ ਤੇ ਚੰਡੀਗੜ੍ਹ ਵਾਲ਼ਿਆਂ ਤਾਂ ਲਾਗੂ ਕਰ ਦਿੱਤਾ ਪਰ ਪੰਜਾਬ ਸਰਕਾਰ ਨੇ ਇਸ ਕਾਨੂੰਨ ਵਿੱਚ ਇੱਕ ਧਾਰਾ ੨੦੧੧ ਮੱਦ (੪) ਪਾਸ ਕਰਕੇ ਇਹ ਕਿਹਾ ਹੈ, ‘ਜੇ ਸਰਕਾਰੀ ਸਕੂਲਾਂ ਵਾਲ਼ੇ ਦਾਖਲ ਨਹੀਂ ਕਰਦੇ ਤਾਂ ਫਿਰ ਨਿੱਜੀ ਸਕੂਲਾਂ ਵਿੱਚ ਦਾਖਲਾ ਲੈ ਸਕਦੇ ਹਨ’ ਅੱਗੇ ਨਿੱਜੀ ਸਕੂਲਾਂ ਵਾਲ਼ੇ ਟੈਸਟ ਰੱਖਦੇ ਹਨ ਜੋ ਕਿ ਇਹ ਬੱਚੇ ਉਹਨਾਂ ਦੇ ਮਿਆਰ ਤੇ ਪੂਰੇ ਨਹੀਂ ਉਤਰਦੇ । ਹੋਰ ਵੀ ਕਈ ਗੱਲਾਂ ਕਰਕੇ ਏਸ ਤਰਾਂ ਦੇ ਬੱਚਿਆਂ ਨੂੰ ਦਾਖਲ ਹੋਣ ਤੋਂ ਰੋਕਿਆ ਜਾਂਦਾ ਹੈ । ਭਰਮਾਇਆ ਜਾਂਦਾ ਹੈ ਜਿਵੇਂ ਕਿ ਸਰਕਾਰੀ ਸਕੂਲ ਜਾਓ ਓਥੇ ਖਰਚਾ ਨਹੀਂ ਹੈ । ਵਰਦੀਆਂ ਕਿਤਾਬਾਂ, ਖਾਣਾ ਮਿਲ਼ਦਾ ਹੈ । ਇਸ ਤਰਾਂ ਉਹ ਮਾਪੇ ਤੇ ਬੱਚੇ ਭਟਕਦੇ ਰਹਿੰਦੇ ਹਨ । ਦੋ ਮਹੀਨੇ ਏਸ ਤਰਾਂ ਖਰਾਬ ਹੋ ਜਾਂਦੇ ਹਨ ਅਤੇ ਬੱਚਾ ਬਾਕੀ ਬੱਚਿਆਂ ਨਾਲ਼ੋ ਪਛੜ ਜਾਂਦਾ ਹੈ । ਇਸ ਤਰਾਂ ਇਹਨਾਂ ਬੱਚਿਆਂ ਦੀ ਨੀਂਹ ਖਰਾਬ ਹੋਣ ਕਰਕੇ ਉਹ ਉਚੇਰੀ ਵਿਦਿਆ ਨਹੀਂ ਲੈ ਸਕਦੇ ।ਵੈਸੇ ਵੀ ਅੱਜਕੱਲ ਜੋ ਵਿੱਦਿਆ ਦਿੱਤੀ ਜਾਂਦੀ ਹੈ ਉਹ ਵਪਾਰਕ ਹਾਲਾਤਾਂ ਨੂੰ ਮੁੱਖ ਰੱਖ ਕੇ ਹੀ ਦਿੱਤੀ ਜਾਂਦੀ ਹੈ । ਦਿਮਾਗ ਦੀ ਸਾਰੀ ਸ਼ਕਤੀ ਏਸੇ ਗੱਲ ਤੇ ਲਾਈ ਜਾਂਦੀ ਹੈ ਕਿ ਕਿਵੇਂ ਦੂਜੇ ਦੀ ਜੇਬ ਵਿੱਚੋਂ ਪੈਸੇ ਕਢਵਾਉਣੇ ਹਨ । ਕਿਵੇਂ ਦੂਜਿਆਂ ਦਾ ਹੱਕ ਮਾਰਨਾ ਹੈ । ਇਹਨਾਂ ਕਾਰਨਾ ਕਰਕੇ ਹੀ ਸੰਸਾਰ ਵਿੱਚ ਲੁੱਟ ਖੋਹ ਅਤੇ ਭਰਿਸਟਾਚਾਰ ਭਾਰੂ ਹੈ । ਨੌਜੁਆਨ ਹਥਿਆਰ ਚੁੱਕਦੇ ਹਨ । ਬੇਸ਼ੱਕ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਫਿਰ ਵੀ ਸੰਸਾਰ ਵਿੱਚ ਗਰੀਬੀ ਅਨਪੜ੍ਹਤਾ ਅਤੇ ਬਿਮਾਰੀਆਂ ਦੀ ਭਰਮਾਰ ਹੈ । ਅੱਜ ਸਾਰਾ ਸੰਸਾਰ ਅੱਤਵਾਦ ਤੋਂ ਡਰਿਆ ਹੋਇਆ ਹੈ । ਸਰਕਾਰਾਂ ਵੀ ਕਾਰਨ ਨਹੀਂ ਸਮਝਦੀਆਂ ਬੱਸ ਬੰਬਾਂ ਗੋਲ਼ੀਆਂ ਨਾਲ਼ ਹੱਲ ਕੱਢਿਆ ਜਾਂਦਾ ਹੈ । ਜੇ ਆਪਾਂ ਗੋਲ਼ੀਆਂ ਬੰਬ ਬੀਜਾਂਗੇ ਤਾਂ ਸਮਾਂ ਪਾ ਕੇ ਇਸ ਫਸਲ ਨੇ ਤਾਂ ਉੱਗਣਾ ਹੀ ਹੈ । ਉਹ ਉੱਗੀ ਹੋਈ ਫਸਲ ਹੀ ਅੱਤਵਾਦ ਹੈ । ਹੁਣੇ-ਹੁਣੇ ੧੫-੦੭-੨੦੧੬ ਦੀ ਖਬਰ ਹੈ ਫਰਾਂਸ ਜੋ ਕਿ ਸੰਸਾਰ ਦਾ ਅਤਿ ਅਧੁਨਿਕ ਦੇਸ਼ ਹੈ ਦੇ ਸ਼ਹਿਰ ਨੀਸ਼ ਵਿੱਚ ਲੋਕ ਆਪਣੇ ਦੇਸ਼ ਦਾ ਕੌਮੀ ਦਿਹਾੜਾ ਮਨਾਉਣ ਲਈ ਇਕੱਠੇ ਹੋ ਰਹੇ ਸਨ । ਇੱਕ ਟਰੱਕ ਵਾਲ਼ਾ ਸੜਕ ਤੇ ਚੱਲਣਵਾਲ਼ਿਆਂ ਨੂੰ ਹੀ ਦਰੜਦਾ-ਦਰੜਦਾ ਤਿੰਨ ਕਿਲੋਮੀਟਰ ਤੱਕ ਗਿਆ । ਉਸ ਨੇ ੮੪ ਬੰਦੇ ਮਾਰ ਦਿੱਤੇ ਅਤੇ ੨੦੦ ਤੋਂ ਜਿਆਦਾ ਫੱਟੜ ਕਰ ਦਿੱਤੇ । ਅਮਰੀਕਾ ਦਾ ਆਉਣ ਵਾਲ਼ਾ ਰਾਸਟਰਪਤੀ ਦਾ ਉਮੀਦਵਾਰ ਡੋਨਾਲਡ ਟਰੰਪ ਤਾਂ ਸਿੱਧਾ ਹੀ ਕਹਿ ਰਿਹਾ ਹੈ ਜੇ ਮੈਂ ਰਾਸਟਰਪਤੀ ਚੁਣਿਆ ਗਿਆ ਤਾਂ ਅੱਤਵਾਦੀਆਂ ਖਿਲਾਫ ਯੁੱਧ ਛੇੜਾਂਗਾ । ਭਾਰਤ ਦੇ ਕਸਮੀਰ ਵਿੱਚ ਵੀ ਫੌਜ ਆਪਣਾ ਸਪੈਸ਼ਲ ਐਕਟ ਵਰਤ ਕੇ ਤਬਾਹੀ ਮਚਾ ਰਹੀ ਹੈ । ਗੱਲ ਕੀ ਕਿ ਅੱਜ ਸੰਸਾਰ ਦੇ ਲੋਕ ਅੱਤਵਾਦ ਤੋਂ ਡਰੇ ਹੋਏ ਹਨ । ਅੱਤਵਾਦ ਦੇ ਕਾਰਨਾਂ ਨੂੰ ਕੋਈ ਜਾਣਨਾ ਨਹੀਂ ਚਾਹੁੰਦਾ, ਬਸ ਗੋਲ਼ੀਆਂ ਬੰਬਾਂ ਨਾਲ਼ ਹੀ ਸਮੱਸਿਆ ਹੱਲ ਕਰਦੇ ਹਨ । ਇਹ ਸਾਰਾ ਵਿੱਦਿਆਂ ਨੂੰ ਗਲਤ ਪਾਸੇ ਵਰਤਣ ਦਾ ਫਲ ਹੈ । ਗੁਰਬਾਣੀ ਦਾ ਫੁਰਮਾਣ ਹੈ :
ਵਿਦਿਆ ਵੀਚਾਰੀ ਤਾ ਪਰ ਉਪਕਾਰੀ ॥੩੫੬
ਵਿੱਦਿਆ ਦਾ ਤੱਤ ਸਾਰ ਨਿਸ਼ਕਾਮ ਭਾਵਨਾ ਨਾਲ਼ ਪਰਉਪਕਾਰ ਕਰਨਾ ਹੈ । ਸੰਸਾਰ ਦੀਆਂ ਸਮੱਸਿਆਵਾਂ ਨੂੰ ਲੱਭਣਾ ਅਤੇ ਉਹਨਾਂ ਨੂੰ ਦੂਰ ਕਰਨਾ ਅਸਲੀ ਵਿੱਦਿਆ ਦਾ ਮਤਲਬ ਹੈ । ਇਸ ਗੱਲ ਨੂੰ ਗੁਰੂ ਨਾਨਕ ਸਹਿਬ ਜੀ ਨੇ ਧਿਆਨ ਨਾਲ਼ ਦੇਖਿਆ, ਉਹਨਾਂ ਨੂੰ ਪਤਾ ਲੱਗਿਆ ਕਿ ਧਰਤੀ ਤਾਂ ਜਲ਼ ਬਲ਼ ਰਹੀ ਹੈ । ਲੋਕਾਂ ਨੂੰ ਸਮਝਾਉਣ ਤੁਰ ਪਏ । ਜਿਥੋਂ ਤੱਕ ਵੀ ਜਾ ਸਕਦੇ ਸਨ ਉਥੋਂ ਤੱਕ ਗਏ । ਵਿੱਦਿਆ ਦੇਣ ਵਾਲ਼ਿਆਂ ਨੂੰ ਵਿੱਦਿਆ ਦਾ ਮਤਲਬ ਸਮਝਾਇਆ । ਰਾਜ ਕਰਨ ਵਾਲ਼ਿਆਂ ਨੂੰ ਰਾਜ ਕਰਨਾ ਸਮਝਾਇਆ । ਇਹਨਾਂ ਸਾਰੀਆਂ ਗੱਲਾਂ ਨੂੰ ਕਲਮਬੱਧ ਕੀਤਾ । ਆਉਣ ਵਾਲ਼ੇ ਸੰਸਾਰ ਦੀ ਸੇਧ ਲਈ ਇੱਕ ਥਾਂ ਸੰਪਾਦਿਤ ਕੀਤਾ । ਜਿਸ ਨੂੰ ਸਿੱਖ ਗੁਰੂ ਗ੍ਰੰਥ ਸਾਹਿਬ ਆਖਦੇ ਹਨ । ਅਗਰ ਕਿਤੇ ਵਿੱਦਿਆ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਹੈ । ਇਹ ਇੱਕ ਸੂਰਜ ਹੈ । ਬਦਕਿਸਮਤੀ ਨਾਲ਼ ਭਾਰਤ ਦੇ ਮੰਨੂਵਾਦੀ ਸਰਮਾਏਦਾਰਾਂ ਨੇ ਭਾਰਤ ਦੇ ਭੋਲ਼ੇ ਭਾਲ਼ੇ ਲੋਕਾਂ ਨੂੰ ਇਸ ਦੇ ਵਿਰੋਧ ਵਿੱਚ ਖੜਾ ਕਰ ਦਿੱਤਾ । ਏਹ ਸੂਰਜ ਨੂੰ ਢਕਣਾ ਚਾਹੁੰਦੇ ਹਨ । ਇਹ ਗੁਰਬਾਣੀ ਜਿਹਨਾਂ ਲੋਕਾਂ ਦੇ ਭਲੇ ਲਈ ਹੈ ਉਹਨਾਂ ਨੂੰ ਹੀ ਏਸ ਦੇ ਵਿਰੋਧ ਵਿੱਚ ਖੜਾ ਕੀਤਾ ਹੋਇਆ ਹੈ । ਗੁਰਬਾਣੀ ਦਾ ਫੁਰਮਾਣੁ ਹੈ :-
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸ ਚਹੁ ਵਰਨਾ ਕਉ ਸਾਝਾ ॥੭੪੭॥
ਸਾਰਿਆਂ ਨੂੰ ਇਕੋ ਜਿਹੀ ਵਿੱਦਿਆ ਦੇਣੀ ਚਾਹੇ ਉਹ ਕੋਈ ਵੀ ਜਾਤ ਧਰਮ ਰੰਗ ਆਦਿ ਦਾ ਹੋਵੇ । ਏਥੇ ਭਾਰਤ ਵਿੱਚ ਤਾਂ ਕੇਵਲ ਬ੍ਰਾਹਮਣ ਹੀ ਵਿੱਦਿਆ ਦਾ ਅਧਿਕਾਰੀ ਹੈ । ਏਸ ਲਈ ਬ੍ਰਾਹਮਣ ਦੇ ਅਧੀਨ ਰਾਜੇ ਵੀ ਹਨ । ਪਹਿਲਾਂ-ਪਹਿਲਾਂ ਭਾਰਤ ਦੀ ਜਵਾਹਰਲਾਲ ਨਹਿਰੂ ਯੁਨੀਵਰਸਿਟੀ ਦਾ ਸਿਲੇਬਸ ਹੀ ਉਹ ਹੁੰਦਾ ਸੀ ਜਿਸ ਦਾ ਇਮਤਿਹਾਨ ਦੇ ਕੇ ਵੱਡੇ-ਵੱਡੇ ਪ੍ਰਸ਼ਾਸ਼ਨਿਕ ਅਧਿਕਾਰੀ ਲੱਗਦੇ ਸਨ । ਏਸੇ ਕਰਕੇ ਅੱਜ ਭਾਰਤ ਦੀਆਂ ਸਾਰੀਆਂ ਸੰਵੇਦਨਸ਼ੀਲ ਪਦਵੀਆਂ ਤੇ ਬ੍ਰਾਹਮਣ ਬੈਠਾ ਹੈ । ਅੱਜ ਇਹਨਾਂ ਦੀ ਸਾਰੀ ਸਕਤੀ ਭਾਰਤ ਦਾ ਹਿੰਦੂਕਰਨ ਕਰਨ ਤੇ ਲੱਗੀ ਹੈ । ਬ੍ਰਾਹਮਣਵਾਦੀ ਸਰਮਾਏਦਾਰੀ ਨੇ ਰਾਜ ਕਰਨਾ ਹੈ । ਰਾਜ ੩੫ ਪਰਸੈਂਟ ਦਲਿਤਾਂ ਤੇ ਕਰਨਾ ਹੈ । ਦਲਿਤਾਂ ਤੇ ਰਾਜ ਤਾਂ ਹੀ ਹੋ ਸਕਦਾ ਹੈ ਜੇ ਉਹਨਾਂ ਕੋਲ਼ ਵਿੱਦਿਆ ਨਾ ਜਾਵੇ । ਦਲਿਤਾਂ ਤੱਕ ਵਿੱਦਿਆ ਪਹੁੰਚਾਉਣ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਹਨ । ਗੁਰੂ ਗ੍ਰੰਥ ਸਾਹਿਬ ਪੰਜਾਬੀ ਬੋਲੀ ਵਿੱਚ ਹੈ । ਪੰਜਾਬੀ ਬੋਲੀ ਗੁਰਮੁੱਖੀ ਲਿੱਪੀ ਵਿੱਚ ਹੈ । ਪੰਜਾਬ ਦੀ ਸ਼ਕਤੀ ਨੂੰ ਖਤਮ ਕਰਨ ਲਈ ਇਹਨਾਂ ਨੇ ਪੰਜਾਬ ਦੇ ਤਿੰਨ ਹਿੱਸੇ ਕਰ ਦਿੱਤੇ । ਹਰਿਆਣੇ ਦੇ ਪੰਜਾਬੀ ਬੋਲਣ ਵਾਲ਼ਿਆਂ ਨੂੰ ਕਈ ਦਹਾਕੇ ਦੱਖਣੀ ਭਾਸ਼ਾ ਤਾਮਿਲ ਪੜਾਈ ਜਾਂਦੀ ਰਹੀ । ਇਹ ਸਾਰੀਆਂ ਸਾਜਿਸ਼ਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿੱਦਿਆ ਨੂੰ ਅੱਗੇ ਵਧਣ ਤੋਂ ਰੋਕਣ ਲਈ ਹੀ ਹਨ ।
ਮਸ਼ਹੂਰੀ ਵਾਸਤੇ ਜਾਂ ਧੋਖਾ ਦੇਣ ਵਾਸਤੇ ਪੰਜਾਬ ਦੇ ਸਕੂਲਾਂ ਦੀਆਂ ਕੰਧਾਂ ਤੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਤੁਕਾਂ ਬੜੀਆਂ ਸ਼ਾਨ ਨਾਲ਼ ਲਿਖਵਾਈਆਂ ਜਾਂਦੀਆਂ ਹਨ ਤਾਂ ਕਿ ਲੋਕ ਸਮਝਣ ਕਿ ਇਹਨਾਂ ਸਕੂਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਪੜਾਈ ਜਾਵੇਗੀ । ਜੇ ਕੋਈ ਅਧਿਆਪਕ ਗੁਰਬਾਣੀ ਦੀ ਗੱਲ ਕਰਦਾ ਵੀ ਹੈ ਤਾਂ ਇਹ ਉਹਨੂ ਸੰਪਰਦਾਇਕ ਕਹਿ ਕੇ ਰੋਕ ਦਿੰਦੇ ਹਨ ।ਰਤਨਾ ਦਾ ਰਤਨ ਗਿਆਨ ਹੈ ਜਾਂ ਵਿੱਦਿਆ ਹੈ । ਇਹ ਵਿੱਦਿਆ ਗੁਰੂ ਗ੍ਰੰਥ ਸਾਹਿਬ ਵਿੱਚ ਹੈ । ਸਾਇੰਸ ਇਸ ਤਰਾਂ ਦੇ ਬੰਬ ਤਾਂ ਬਣਾ ਸਕਦੀ ਹੈ ਜਿਸ ਨਾਲ਼ ਧਰਤੀ ਕਈ ਵੇਰ ਤਬਾਹ ਹੋ ਸਕਦੀ ਹੈ । ਇਹਨਾਂ ਬੰਬਾ ਨੂੰ ਬਨਾਉਣ ਵਾਸਤੇ ਬੇਅੰਤ ਧੰਨ ਵੀ ਖਰਚ ਹੁੰਦਾ ਹੈ । ਇਹ ਧੰਨ ਅਤੇ ਬੰਬਾਂ ਨੂੰ ਮਨੁੱਖਤਾ ਦੀ ਭਲਾਈ ਵਾਸਤੇ ਕਿਵੇਂ ਵਰਤਣਾ ਹੈ ਇਹ ਸੋਝੀ ਜਾਂ ਵਿੱਦਿਆ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਤਾ ਹੀ ਬਾਬਾ ਜੀ ਨੇ ਫੁਰਮਾਇਆ:-
ਗਿਆਨ ਰਤਨਿ ਸਭ ਸੋਝੀ ਹੋਇ ॥੩੬੪॥
ਗੁਰਮੇਲ ਸਿੰਘ ਖਾਲਸਾ, ੯੯੧੪੭੦੧੪੬੯,
ਗਿਆਸਪੁਰਾ, ਲੁਧਿਆਣਾ॥

Posted in: ਸਾਹਿਤ