ਆਜ਼ਾਦੀ ਦੇ ਸੰਘਰਸ਼ ਵਿਚ ਅਣਗੌਲੇ ਫ਼ੌਜੀ ਸੂਰਬੀਰਾਂ ਦੀ ਗਾਥਾ

By August 21, 2016 0 Comments


shaheed1912-13 ਵਿਚ ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ, ਜਿਨ੍ਹਾਂ ਵਿਚ ਬਹੁ-ਗਿਣਤੀ ਪੰਜਾਬੀਆਂ ਦੀ ਸੀ, ਨੇ ਭਾਰਤ ਦੀ ਆਜ਼ਾਦੀ ਲਈ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ। ਪਹਿਲਾ ਵਿਸ਼ਵ ਯੁੱਧ ਜੁਲਾਈ 1914 ਵਿਚ ਸ਼ੁਰੂ ਹੋਇਆ ਤਾਂ ਗ਼ਦਰ ਪਾਰਟੀ ਦੇ ਨੇਤਾਵਾਂ ਨੇ ਇਹ ਮੌਕਾ ਭਾਰਤ ਵਿਚੋਂ ਅੰਗਰੇਜ਼ਾਂ ਨੂੰ ਕੱਢਣ ਲਈ ਢੁਕਵਾਂ ਜਾਣਿਆ ਕਿਉਂਕਿ ਅੰਗਰੇਜ਼ ਵੀ ਇਸ ਯੁੱਧ ਵਿਚ ਸ਼ਾਮਿਲ ਸਨ।
ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਗ਼ਦਰ ਲਹਿਰ ਦੇ ਸੰਗਰਾਮ ਵਿਚ ਫ਼ੌਜੀਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ ਹੈ। ਜਿਹੜੇ ਫ਼ੌਜੀ ਇਸ ਲਹਿਰ ਵਿਚ ਸ਼ਾਮਿਲ ਹੋਏ, ਉਨ੍ਹਾਂ ਵਿਚੋਂ ਸੈਂਕੜੇ ਕੋਰਟ ਮਾਰਸ਼ਲ ਕਰਕੇ ਗੋਲੀ ਨਾਲ ਉਡਾਏ ਗਏ ਅਤੇ 60 ਨੂੰ ਫਾਂਸੀ ਦਿੱਤੀ ਗਈ। 190 ਤੋਂ ਵੱਧ ਫ਼ੌਜੀਆਂ ਨੂੰ ਉਮਰ ਕੈਦ ਜਲਾਵਤਨੀ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਦਿੱਤੀ ਗਈ। ਕਈਆਂ ਨੂੰ ਫ਼ੌਜ ਵਿਚੋਂ ਕੱਢ ਦਿੱਤਾ ਗਿਆ। ਇਸ ਲੇਖ ਵਿਚ ਅਸੀਂ ਮੀਆਂ ਮੀਰ ਛਾਉਣੀ ਲਾਹੌਰ ਵਿਚ 23 ਰਸਾਲੇ ਦੇ ਬਹਾਦਰ ਫ਼ੌਜੀ ਯੋਧਿਆਂ ਦੀ ਵੀਰ ਗਾਥਾ ਨੂੰ ਸੰਖੇਪ ਵਿਚ ਬਿਆਨ ਕਰਨ ਜਾ ਰਹੇ ਹਾਂ।
1912-13 ਵਿਚ ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਜਿਨ੍ਹਾਂ ਵਿਚ ਬਹੁ-ਗਿਣਤੀ ਪੰਜਾਬੀਆਂ ਦੀ ਸੀ, ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ। ਪਹਿਲਾ ਵਿਸ਼ਵ ਯੁੱਧ ਜੁਲਾਈ 1914 ਵਿਚ ਸ਼ੁਰੂ ਹੋਇਆ ਤਾਂ ਗ਼ਦਰ ਪਾਰਟੀ ਦੇ ਨੇਤਾਵਾਂ ਨੇ ਇਹ ਮੌਕਾ ਭਾਰਤ ਵਿਚੋਂ ਅੰਗਰੇਜ਼ਾਂ ਨੂੰ ਕੱਢਣ ਲਈ ਢੁਕਵਾਂ ਜਾਣਿਆ ਕਿਉਂਕਿ ਅੰਗਰੇਜ਼ ਵੀ ਇਸ ਯੁੱਧ ਵਿਚ ਸ਼ਾਮਿਲ ਸਨ। ਗ਼ਦਰ ਪਾਰਟੀ ਦੇ ਮੈਂਬਰ ਵੱਖ-ਵੱਖ ਸਮੁੰਦਰੀ ਜ਼ਹਾਜ਼ਾਂ ਰਾਹੀਂ ਭਾਰਤ ਪੁੱਜਣੇ ਸ਼ੁਰੂ ਹੋਏ। ਜਿਨ੍ਹਾਂ ਵਿਚ ਪ੍ਰਮੁੱਖ ਬਾਬਾ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ ਠੱਠੀਆਂ, ਸਰਦਾਰ ਕਰਤਾਰ ਸਿੰਘ ਸਰਾਭਾ, ਬਾਬਾ ਵਸਾਖਾ ਸਿੰਘ ਦਦੇਹਰ ਸਾਹਿਬ, ਬਾਬਾ ਕੇਸਰ ਸਿੰਘ, ਕਰਤਾਰ ਸਿੰਘ ਠੱਠਗੜ੍ਹ, ਬਾਬਾ ਜਿੰਦਰ ਸਿੰਘ ਚੌਧਰੀ ਵਾਲਾ ਆਦਿ ਸੈਂਕੜੇ ਇਨਕਲਾਬੀ ਸ਼ਾਮਿਲ ਸਨ। 20 ਸਤੰਬਰ 1914 ਨੂੰ ਕਾਮਾਗਾਟਾਮਾਰੂ ਜਹਾਜ਼ ਬਾਬਾ ਗੁਰਦਿੱਤ ਸਿੰਘ ਸਰਹਾਲੀ ਦੀ ਅਗਵਾਈ ਹੇਠ ਕਲਕੱਤੇ (ਕੋਲਕਾਤਾ) ਪੁੱਜਾ ਤਾਂ ਅੰਗਰੇਜ਼ੀ ਹਕੂਮਤ ਨੇ ਗੋਲੀ ਚਲਾ ਕੇ 18 ਮੁਸਾਫਿਰ ਮਾਰ ਦਿੱਤੇ। ਬਾਹਰੋਂ ਆਏ ਬਹੁਤ ਸਾਰੇ ਇਨਕਲਾਬੀਆਂ ਨੂੰ ਜੇਲ੍ਹਾਂ ਜਾਂ ਪਿੰਡਾਂ ਵਿਚ ਨਜ਼ਰਬੰਦ ਕਰ ਦਿੱਤਾ। ਬਾਕੀ ਬਚੇ ਗ਼ਦਰੀ ਯੋਧਿਆਂ ਨੇ ਲਹਿਰ ਨੂੰ ਜਥੇਬੰਦ ਕਰਕੇ ਵੱਖ-ਵੱਖ ਥਾਵਾਂ ‘ਤੇ ਗ਼ਦਰ ਅੱਡੇ ਸਥਾਪਤ ਕੀਤੇ। ਪੰਜਾਬ ਦੇ ਮਾਝਾ ਖੇਤਰ ਵਿਚ ਦਦੇਹਰ ਸਾਹਿਬ, ਝਾੜ ਸਾਹਿਬ, ਸਰਹਾਲੀ, ਸੁਰਸਿੰਘ ਪ੍ਰਮੁੱਖ ਗ਼ਦਰੀ ਅੱਡੇ ਸਨ।
ਇਸ ਸਮੇਂ ਦੌਰਾਨ ਲਾਹੌਰ ਦੀ ਮੀਆਂਮੀਰ ਛਾਉਣੀ ਵਿਚਲੀ ਰੈਜੀਮੈਂਟ ਦੇ 23ਵੇਂ ਰਸਾਲੇ ਦੇ ਫ਼ੌਜੀਆਂ ਦਾ ਸੰਪਰਕ ਗ਼ਦਰ ਪਾਰਟੀ ਨਾਲ ਬਣ ਗਿਆ। 23ਵੇਂ ਰਸਾਲੇ ਵਿਚ ਬਹੁ-ਗਿਣਤੀ ਮਾਝੇ ਦੇ ਫ਼ੌਜੀ ਸਵਾਰਾਂ ਦੀ ਸੀ। ਨਵੰਬਰ 1914 ਦੇ ਸ਼ੁਰੂ ਵਿਚ ਇਸ ਰਸਾਲੇ ਦਾ ਸਵਾਰ ਸੁੱਚਾ ਸਿੰਘ ਚੋਹਲਾ ਸਾਹਿਬ ਕੁਝ ਦਿਨ ਦੀ ਛੁੱਟੀ ਕੱਟ ਕੇ ਵਾਪਸ ਆਇਆ ਤਾਂ ਉਸ ਨੇ ਸਾਥੀਆਂ ਨੂੰ ਬਾਹਰੋਂ ਆਏ ਗ਼ਦਰੀ ਇਨਕਲਾਬੀਆਂ ਦੀਆਂ ਗਤੀਵਿਧੀਆਂ ਬਾਰੇ ਦੱਸਿਆ ਕਿ ਉਹ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਕੱਢਣ ਦੀਆਂ ਸਕੀਮਾਂ ਬਣਾ ਰਹੇ ਹਨ। ਉਨ੍ਹਾਂ ਦੀ ਇਕ ਯੋਜਨਾ ਲਾਹੌਰ ‘ਤੇ ਕਬਜ਼ਾ ਕਰਨ ਦੀ ਹੈ। ਇਸ ਕੰਮ ਲਈ ਉਹ ਸਿੱਖ ਰੈਜੀਮੈਂਟ ਦੀ ਮਦਦ ਚਾਹੁੰਦੇ ਹਨ। ਇਹ ਸੁਣ ਕੇ ਲਾਂਸ ਦਫ਼ੇਦਾਰ ਲਛਮਣ ਸਿੰਘ ਚੂਸਲੇਵੜ, ਮਹਰਾਜ ਸਿੰਘ ਕਸੇਲ ਅਤੇ ਸੁਰੈਣ ਸਿੰਘ ਗ਼ਦਰੀਆਂ ਦੀ ਸਹਾਇਤਾ ਲਈ ਸਹਿਮਤ ਹੋ ਗਏ। ਦੋ ਦਿਨਾਂ ਬਾਅਦ ਲਛਮਣ ਸਿੰਘ ਚੂਸਲੇਵੜ ਦੀ ਅਗਵਾਈ ਹੇਠ ਇਨ੍ਹਾਂ ਫ਼ੌਜੀਆਂ ਦੀ ਮੀਟਿੰਗ ਹੋਈ, ਜਿਸ ਵਿਚ ਗੰਢਾ ਸਿੰਘ ਦਫ਼ੇਦਾਰ (ਟਰੂਪ : 1) ਵੀ ਸ਼ਾਮਿਲ ਹੋਏ ਤੇ ਫ਼ੈਸਲਾ ਹੋਇਆ ਕਿ ਗੰਢਾ ਸਿੰਘ ਦਫ਼ੇਦਾਰ ਜੋ ਦੋ ਦਿਨ ਦੀ ਛੁੱਟੀ ਜਾ ਰਿਹਾ ਹੈ ਬਾਹਰੋਂ ਆਏ ਗ਼ਦਰੀਆਂ ਨਾਲ ਸੰਪਰਕ ਕਰਕੇ ਆਪਸੀ ਮਿਲਵਰਤਨ ਸਬੰਧੀ ਗੱਲਬਾਤ ਕਰਕੇ ਆਵੇਗਾ।
ਗੰਢਾ ਸਿੰਘ ਦਫ਼ੇਦਾਰ ਦੀ ਵਾਪਸੀ ਤੋਂ ਕੁਝ ਦਿਨਾਂ ਬਾਅਦ ਦੁਪਹਿਰ ਸਮੇਂ ਇਕ ਵਜੇ ਸ਼ਮਸ਼ਾਨਘਾਟ ਵਿਚ ਇਨ੍ਹਾਂ ਫ਼ੌਜੀਆਂ ਨੇ ਦੁਬਾਰਾ ਮੀਟਿੰਗ ਕੀਤੀ। ਜਿਸ ਵਿਚ ਕੇਸਰ ਸਿੰਘ ਅਤੇ ਇੰਦਰ ਸਿੰਘ ਸ਼ਬਾਜਪੁਰ ਵੀ ਸ਼ਾਮਿਲ ਹੋਏ। ਗੰਢਾ ਸਿੰਘ ਦਫ਼ੇਦਾਰ ਨੇ ਦੱਸਿਆ ਕਿ ਸਾਡੇ ਨਾਲ ਸੰਪਰਕ ਕਰਨ ਲਈ ਛੇਤੀ ਹੀ ਗ਼ਦਰ ਪਾਰਟੀ ਦਾ ਏਜੰਟ ਆਵੇਗਾ। ਸੁੱਚਾ ਸਿੰਘ ਚੋਹਲਾ ਸਾਹਿਬ ਛੁੱਟੀ ਪਿੰਡ ਗਿਆ ਤੇ ਖ਼ਬਰ ਲਿਆਇਆ ਕਿ 17 ਨਵੰਬਰ ਨੂੰ ਗ਼ਦਰ ਹੋਵੇਗਾ। ਛੇਤੀ ਹੀ ਇਕ ਗ਼ਦਰੀ ਪ੍ਰੇਮ ਸਿੰਘ ਸੁਰਸਿੰਘ ਛਾਉਣੀ ਆਇਆ ਅਤੇ ਇਨ੍ਹਾਂ ਇਨਕਲਾਬੀਆਂ ਨੂੰ ਦੱਸਿਆ ਕਿ ਛੇਤੀ ਬਾਹਰੋਂ ਆਏ ਬਹੁਤ ਸਾਰੇ ਗ਼ਦਰੀ ਝਾੜ ਸਾਹਿਬ ਨੇੜੇ ਸ਼ਬਾਜਪੁਰ ਇਕੱਠੇ ਹੋਣਗੇ ਅਤੇ ਦੋ ਪਾਰਟੀਆਂ ਬਣਾ ਕੇ ਲਾਹੌਰ ਤੇ ਤਰਨਤਾਰਨ ‘ਤੇ ਹਮਲਾ ਕਰਨਗੇ। ਗੰਢਾ ਸਿੰਘ ਨੇ ਢੋਟੀਆਂ ਦੇ ਅਬਦੁਲਾ ਨਾਹਲਬੰਦ, ਬੁੱਧ ਸਿੰਘ, ਬਿਸ਼ਨ ਸਿੰਘ, ਨੱਥਾ ਸਿੰਘ, ਕੇਹਰ ਸਿੰਘ, ਪਿੰਡ ਰੂੜੀਵਾਲਾ ਦੇ ਭਾਗ ਸਿੰਘ, ਮੋਤਾ ਸਿੰਘ, ਤਾਰਾ ਸਿੰਘ ਤੇ ਦਫੇਦਾਰ ਵਧਾਵਾ ਸਿੰਘ ਆਦਿ ਨੂੰ ਵੀ ਗ਼ਦਰ ਸਬੰਧੀ ਸਹਿਮਤ ਕਰ ਲਿਆ।
ਪ੍ਰੇਮ ਸਿੰਘ ਦੋ ਸਾਥੀਆਂ ਨਾਲ ਦੁਬਾਰਾ ਫਿਰ ਲਾਹੌਰ ਛਾਉਣੀ ਆਇਆ ਅਤੇ ਲਾਹੌਰ ਉੱਤੇ ਹਮਲੇ ਦੀ ਨਵੀਂ ਤਾਰੀਖ 23 ਨਵੰਬਰ ਦੱਸੀ। ਦਫ਼ੇਦਾਰ ਲਛਮਣ ਸਿੰਘ ਨੇ ਗ਼ਦਰ ਦੀ ਤਿਆਰੀ ਸਬੰਧੀ ਰਾਈਫਲ ਰੇਂਜ ਵਿਚ ਸਾਥੀਆਂ ਨਾਲ ਮੀਟਿੰਗ ਕਰਕੇ ਸਲਾਹ ਕੀਤੀ। 23 ਨਵੰਬਰ ਨੂੰ ਦੁਪਹਿਰ ਵੇਲੇ ਸੁੱਚਾ ਸਿੰਘ ਚੋਹਲਾ ਸਾਹਿਬ ਪਿੰਡੋਂ ਛੁੱਟੀ ਕੱਟ ਕੇ ਵਾਪਸ ਛਾਉਣੀ ਆਇਆ ਤਾਂ ਉਸ ਨੇ ਦੱਸਿਆ ਕਿ ਗ਼ਦਰੀ ਹਮਲੇ ਦੀ ਮਿਤੀ ਬਦਲ ਕੇ 27 ਨਵੰਬਰ ਹੋ ਗਈ ਹੈ। 27 ਨਵੰਬਰ 1914 ਨੂੰ ਰਾਤ 10 ਵਜੇ ਗੰਡਾ ਸਿੰਘ ਦੇ ਕੁਆਰਟਰ ਵਿਖੇ ਇਨਕਲਾਬੀ ਫ਼ੌਜੀ ਇਕੱਠੇ ਹੋਏ ਅਤੇ ਝਾੜ ਸਾਹਿਬ ਨੂੰ ਜਾਣ ਦੀਆਂ ਤਿਆਰੀਆਂ ਕਰ ਰਹੇ ਸਨ , ਅਚਾਨਕ ਮੂਲ ਸਿੰਘ ਗ੍ਰੰਥੀ ਨੇ ਆ ਕੇ ਫ਼ੌਜੀ ਸਵਾਰਾਂ ਨੂੰ ਇਹ ਕਹਿ ਕੇ ਰੋਕ ਦਿੱਤਾ ਕਿ, ‘ਗ਼ਦਰ ਦੀ ਕਾਮਯਾਬੀ ਦੀ ਆਸ ਤਾਂ ਕੋਈ ਵੀ ਨਹੀਂ, ਐਂਵੇ ਬਦੋਬਦੀ ਖ਼ਤਰਾ ਮੁੱਲ ਕਿਉਂ ਲੈਂਦੇ ਹੋ।’ ਪਰ ਫਿਰ ਵੀ ਸੁੱਚਾ ਸਿੰਘ , ਸੁਰੈਣ ਸਿੰਘ, ਮਹਿਰਾਜ ਸਿੰਘ ਅਤੇ ਚੰਨਣ ਸਿੰਘ ਗ੍ਰੰਥੀ ਦੀ ਗੱਲ ਨੂੰ ਅਣਸੁਣੀ ਕਰਕੇ ਫ਼ੌਜੀ ਛਾਉਣੀ ਛੱਡ ਗਏ। ਉਨ੍ਹਾਂ ਨੇ ਸਰਹਾਲੀ, ਦਦੇਹਰ, ਤਰਨ ਤਾਰਨ ਆਦਿ ਗ਼ਦਰੀ ਕੇਂਦਰਾਂ ‘ਤੇ ਗ਼ਦਰੀਆਂ ਦੀ ਤਲਾਸ਼ ਕੀਤੀ ਅਤੇ ਅੰਤ ਉਹ ਝਾੜ ਸਾਹਿਬ ਪੁੱਜ ਗਏ, ਜਿੱਥੋਂ ਚੰਨਣ ਸਿੰਘ ਅਗਲੀ ਸਵੇਰ ਵਾਪਸ ਲਾਹੌਰ ਆ ਕੇ ਰਸਾਲੇ ਵਿਚ ਹਾਜ਼ਰ ਹੋ ਗਿਆ। ਬਾਕੀ ਤਿੰਨਾਂ ਨੂੰ ਇਕ ਦਸੰਬਰ ਨੂੰ ਗਸ਼ਤ ਕਰਦੀ ਪੁਲਿਸ ਨੇ ਫੜ ਕੇ ਫ਼ੌਜੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਦਾ ਕੋਰਟ ਮਾਰਸ਼ਲ ਕੀਤਾ ਅਤੇ ਪੁੱਛਗਿੱਛ ਕੀਤੀ ਪਰ ਉਨ੍ਹਾਂ ਨੇ ਕੁਝ ਵੀ ਨਹੀਂ ਦੱਸਿਆ। ਵਿਸ਼ਵ ਜੰਗ ਦੇ ਕਾਰਨ ਉਨ੍ਹਾਂ ਨੂੰ ਗ਼ੈਰ-ਹਾਜ਼ਰ ਕਾਰਨ 2-2 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ।
ਦਸੰਬਰ 1914 ਤੋਂ ਲੈ ਕੇ ਅਪ੍ਰੈਲ 1915 ਤੱਕ 23ਵੇਂ ਰਸਾਲੇ ਦੇ ਇਹ ਫ਼ੌਜੀ ਗ਼ਦਰ ਸਬੰਧੀ ਸਲਾਹਾਂ ਕਰਦੇ ਰਹੇ। ਉਨ੍ਹਾਂ ਦਾ ਸੰਪਰਕ ਗ਼ਦਰ ਲੀਡਰਸ਼ਿਪ ਨਾਲ ਬਣਿਆ ਰਿਹਾ। 19 ਨਵੰਬਰ ਦੇ ਗ਼ਦਰ ਵਿਚ ਵੀ ਉਨ੍ਹਾਂ ਨੇ ਪੂਰੀ ਭੂਮਿਕਾ ਨਿਭਾਉਣੀ ਸੀ ਜੇਕਰ ਇਹ ਗਦਾਰਾਂ ਕਾਰਨ ਫੇਲ੍ਹ ਨਾ ਹੁੰਦਾ। ਪ੍ਰੇਮ ਸਿੰਘ ਸੁਰਸਿੰਘ ਦੇ ਰਾਹੀਂ ਹੀਰਾ ਸਿੰਘ ਚਰੜ ਕੋਲੋਂ ਉਨ੍ਹਾਂ ਨੇ ਦੇਸੀ ਬੰਬ ਬਣਾਉਣੇ ਸਿੱਖ ਲਏ। ਉਨ੍ਹਾਂ ਵੱਲੋਂ 19 ਫਰਵਰੀ ਦੇ ਗ਼ਦਰ ਨੂੰ ਫੇਲ੍ਹ ਕਰਨ ਵਾਲੇ ਦੋਸ਼ੀ ਗਦਾਰ ਕਿਰਪਾਲ ਸਿੰਘ ਤੇ ਬੇਲਾ ਸਿੰਘ ਜ਼ੈਲਦਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਰੈਜੀਮੈਂਟ ਦੇ ਅੰਗਰੇਜ਼ੀ ਅਫ਼ਸਰਾਂ ਨੂੰ ਬੰਬ ਨਾਲ ਉਡਾਉਣ ਦੀ ਸਕੀਮ ਬਣਾਈ ਪਰ ਉਹ ਕਾਮਯਾਬ ਨਾ ਸਕੇ। ਫਰਵਰੀ 14 ਉਨ੍ਹਾਂ ਨੇ ਟੈਲੀਗ੍ਰਾਮ ਤਾਰਾਂ ਨੂੰ ਕੱਟ ਕੇ ਅੰਗਰੇਜ਼ੀ ਸੰਚਾਰ ਪ੍ਰਬੰਧ ਨੂੰ ਰੋਕ ਦਿੱਤਾ।
pannu

-ਅਧਿਆਪਕ, ਚੌਧਰੀ ਵਾਲਾ, ਨੌਸ਼ਹਿਰਾ ਪੰਨੂੰਆਂ, ਤਰਨ ਤਾਰਨ।
ਮੋਬਾਈਲ : 98766-98068.
Tags:
Posted in: ਸਾਹਿਤ