ਗੋਆ ਦੀ ਆਜ਼ਾਦੀ ਦਾ ਇਕੋ-ਇਕ ਸ਼ਹੀਦ : ਕਰਨੈਲ ਸਿੰਘ ਈਸੜੂ

By August 15, 2016 0 Comments


karnail singh isru15 ਅਗਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ, ਪਰ ਇਸੇ ਦੇ ਇਕ ਛੋਟੇ ਜਿਹੇ ਹਿੱਸੇ ਗੋਆ ‘ਤੇ ਗੁਲਾਮੀ ਛਾਈ ਰਹੀ। ਗੋਆ ਵਿਚ ਬੈਠਾ ਵਿਦੇਸ਼ੀ ਸਾਮਰਾਜ ਭਾਰਤ ਵਾਸੀਆਂ ਨੂੰ ਚੁਣੌਤੀਆਂ ਦਿੰਦਾ ਰਿਹਾ। ਆਖ਼ਰ ਇਨ੍ਹਾਂ ਚੁਣੌਤੀਆਂ ਨੂੰ ਕਬੂਲਦੇ ਹੋਏ 15 ਅਗਸਤ 1955 ਵਿਚ ਭਾਰਤ ਵਾਸੀਆਂ ਨੇ ਗੋਆ ਨੂੰ ਗ਼ੈਰ-ਮੁਲਕੀ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਇਕ ਸੰਘਰਸ਼ ਸ਼ੁਰੂ ਕੀਤਾ, ਜਿਸ ਵਿਚ ਪੁਰਤਗਾਲ ਸਰਕਾਰ ਦੀ ਸੈਨਾ ਵੱਲੋਂ ਕੀਤੀ ਗਈ ਅੰਨ੍ਹੇਵਾਹ ਫ਼ਾਇਰਿੰਗ ਵਿਚ ਪੰਜਾਬੀ ਨੌਜਵਾਨ ਮਾਸਟਰ ਕਰਨੈਲ ਸਿੰਘ ਈਸੜੂ ਨੇ ਸ਼ਹੀਦੀ ਪ੍ਰਾਪਤ ਕੀਤੀ।
ਸ਼ਹੀਦ ਕਰਨੈਲ ਸਿੰਘ 1929 ਨੂੰ ਚੱਕ ਨੰਬਰ-30, ਤਹਿਸੀਲ ਸਮੁੰਦਰੀ, ਜ਼ਿਲ੍ਹਾ ਲਾਇਲਪੁਰ (ਅੱਜਕਲ੍ਹ ਪਾਕਿਸਤਾਨ) ਵਿਚ ਪੈਦਾ ਹੋਏ। ਸੱਤਵੀਂ ਜਮਾਤ ਤੱਕ ਵਿੱਦਿਆ ਮਿਸ਼ਨ ਹਾਈ ਸਕੂਲ ਖੁਸ਼ਪੁਰ ਚੱਕ ਨੰਬਰ-51 ਵਿਚ ਹਾਸਲ ਕੀਤੀ, ਜਿੱਥੇ ਉਨ੍ਹਾਂ ਦੇ ਵੱਡੇ ਭਰਾ ਤੇ ਉੱਘੇ ਗ਼ਜ਼ਲਗੋ ਸ: ਤਖ਼ਤ ਸਿੰਘ ਜ਼ਿਲ੍ਹਾ ਬੋਰਡ ਹਾਈ ਸਕੂਲ ਚੱਕ ਸ਼ੇਰੇ ਵਾਲਾ ਵਿਚ ਮੁੱਖ ਅਧਿਆਪਕ ਲੱਗੇ। ਕਰਨੈਲ ਸਿੰਘ ਨੇ ਵੀ ਉੱਥੇ ਹੀ ਪੜ੍ਹਨਾ ਸ਼ੁਰੂ ਕੀਤਾ ਅਤੇ ਅੱਠਵੀਂ ਉਸ ਸਕੂਲ ਤੋਂ ਹੀ ਪਾਸ ਕੀਤੀ।
ਸ: ਕਰਨੈਲ ਸਿੰਘ ਦਾ ਦੂਜਾ ਭਰਾ ਹਰਚੰਦ ਸਿੰਘ ਅਤੇ ਉਸ ਦੀ ਮਾਤਾ ਜੀ ਪਾਕਿਸਤਾਨ ਤੋਂ ਆ ਕੇ ਪਿੰਡ ਈਸੜੂ, ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ ਵਿਚ ਰਹਿਣ ਲੱਗੇ। ਅੱਠਵੀਂ ਪਾਸ ਕਰਨ ਤੋਂ ਬਾਅਦ ਕਰਨੈਲ ਸਿੰਘ ਵੀ ਉਨ੍ਹਾਂ ਦੇ ਕੋਲ ਪਿੰਡ ਈਸੜੂ ਹੀ ਆ ਗਏ ਅਤੇ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਖੰਨਾ ਵਿਚ ਦਾਖ਼ਲ ਹੋ ਗਏ, ਜਿੱਥੇ ਉਨ੍ਹਾਂ ਨੇ ਮੈਟ੍ਰਿਕ ਪਹਿਲੇ ਦਰਜੇ ਵਿਚ ਪਾਸ ਕੀਤੀ। ਪੜ੍ਹਾਈ ਦੌਰਾਨ ਉਨ੍ਹਾਂ ਨੂੰ ਆਪਣੇ ਭਰਾ ਤਖ਼ਤ ਸਿੰਘ, ਜੋ ਕਿ ਇਕ ਤਰੱਕੀ ਪਸੰਦ ਸ਼ਾਇਰ ਵੀ ਸਨ, ਦੀਆਂ ਉਰਦੂ ਵਿਚ ਲਿਖੀਆਂ ਹੋਈਆਂ ਨਜ਼ਮਾਂ ਪੜ੍ਹਨ ਦਾ ਬਹੁਤ ਸ਼ੌਕ ਸੀ। ਇਸ ਕਿਸਮ ਦੀਆਂ ਨਜ਼ਮਾਂ ਉਹ ਸਕੂਲ ਦੇ ਹਰ ਸਮਾਗਮ ਸਮੇਂ ਪੜ੍ਹਦੇ। ਇਸ ਤੋਂ ਉਨ੍ਹਾਂ ਦਾ ਰੁਝਾਨ ਰਾਜਨੀਤੀ ਵੱਲ ਹੋ ਗਿਆ ਅਤੇ ਉਹ ਸਟੂਡੈਂਟਸ ਫ਼ੈਡਰੇਸ਼ਨ ਦੇ ਮੈਂਬਰ ਬਣ ਗਏ। ਉਨ੍ਹਾਂ ਦਿਨਾਂ ਵਿਚ ਖੰਨਾ ਦੇ ਸਕੂਲ ਵਿਚ ਫ਼ੀਸਾਂ ਵਧਾਉਣ ਕਾਰਨ ਸਰਕਾਰ ਦੇ ਵਿਰੁੱਧ ਸੰਘਰਸ਼ ਹੋ ਗਿਆ ਤੇ ਕਰਨੈਲ ਸਿੰਘ ਪ੍ਰਧਾਨ ਚੁਣੇ ਗਏ।
ਉਨ੍ਹਾਂ ਨੇ ਪ੍ਰਾਈਵੇਟ ਤੌਰ ‘ਤੇ ਐਫ਼.ਏ. ਪਾਸ ਕੀਤੀ। ਆਪਣੇ ਵੱਡੇ ਭਰਾ ਦੇ ਕਹਿਣ ‘ਤੇ ਉਨ੍ਹਾਂ ਨੇ ਐਮਰਜੈਂਸੀ ਬੇਸਿਕ ਟਰੇਨਿੰਗ ਹਾਸਲ ਕੀਤੀ ਅਤੇ ਖੰਨਾ ਨੇੜੇ ਪਿੰਡ ਬੰਬਾਂ ਵਿਚ ਅਧਿਆਪਕ ਲੱਗ ਗਏ। ਨੌਕਰੀ ਦੌਰਾਨ ਵੀ ਉਨ੍ਹਾਂ ਦਾ ਧਿਆਨ ਜ਼ਿਆਦਾਤਰ ਰਾਜਨੀਤੀ ਵੱਲ ਹੀ ਰਹਿੰਦਾ। ਅਗਸਤ 1955 ਵਿਚ ਉਹ ਆਪਣਾ ਆਖ਼ਰੀ ਸਾਲ ਦਾ ਐਮਰਜੈਂਸੀ ਬੇਸਿਕ ਟਰੇਨਿੰਗ ਕੋਰਸ ਕਰਨ ਜਰਗ ਚਲੇ ਗਏ ਸਨ। ਉਦੋਂ ਹੀ ਗੋਆ ਨੂੰ ਪੁਰਤਗਾਲੀ ਸਾਮਰਾਜ ਤੋਂ ਛੁਡਵਾਉਣ ਲਈ ਸੰਘਰਸ਼ ਸ਼ੁਰੂ ਹੋ ਗਿਆ। ਉਨ੍ਹਾਂ ਦੇ ਦਿਲ ਵਿਚ ਵੀ ਗੋਆ ਦੇ ਸੱਤਿਆਗ੍ਰਹਿ ‘ਚ ਸ਼ਿਰਕਤ ਕਰਨ ਦਾ ਸ਼ੌਕ ਪੈਦਾ ਹੋਇਆ। ਉਨ੍ਹਾਂ ਨੇ ਘਰ ਦੇ ਮੈਂਬਰਾਂ ਤੋਂ ਇਜਾਜ਼ਤ ਲਏ ਬਗੈਰ ਹੀ ਆ ਕੇ ਆਪਣੇ ਵੱਡੇ ਭਰਾ ਸ: ਤਖ਼ਤ ਸਿੰਘ ਨੂੰ ਇਕ ਪੋਸਟ ਕਾਰਡ ਲਿਖਿਆ ਜਿਸ ਵਿਚ ਉਨ੍ਹਾਂ ਨੇ ਲਿਖਿਆ ਕਿ ਮੈਂ ਲੁਧਿਆਣਾ ਤੋਂ ਆਪ ਜੀ ਨੂੰ ਇਹ ਪੋਸਟ ਕਾਰਡ ਇਸ ਲਈ ਪਾਇਆ ਹੈ ਕਿ ਇਹ ਕਾਰਡ ਆਪ ਨੂੰ ਉਸ ਵਕਤ ਮਿਲੇਗਾ, ਜਦ ਮੈਂ ਲੁਧਿਆਣਾ ਤੋਂ ਚੱਲ ਪਵਾਂਗਾ, ਫਿਰ ਮੈਨੂੰ ਵੱਡੇ ਭਰਾ ਜੀ ਗੋਆ ਜਾਣ ਤੋਂ ਰੋਕ ਨਹੀਂ ਸਕਣਗੇ। ਇੰਨਾ ਜ਼ਜਬਾ ਸੀ, ਉਨ੍ਹਾਂ ਵਿਚ ਗੋਆ ਦੇ ਸੱਤਿਆਗ੍ਰਹਿ ਵਿਚ ਹਿੱਸਾ ਲੈਣ ਦਾ।
ਗੋਆ ਪੁੱਜ ਕੇ ਜਦੋਂ ਦੇਸ਼ ਦੇ ਮਰਜੀਵੜਿਆਂ ਦੀ ਭਾਰੀ ਭੀੜ ਨੇ ਪੁਰਤਗਾਲੀਆਂ ਨੂੰ ਉਥੋਂ ਭਜਾ ਦਿੱਤਾ ਤਾਂ ਇਸੇ ਦੌਰਾਨ ਕਰਨੈਲ ਸਿੰਘ ਉਥੇ ਜਦੋਂ ਝੰਡਾ ਝੁਲਾਉਣ ਲਈ ਮਿਨਾਰ ‘ਤੇ ਚੜ੍ਹੇ ਤਾਂ ਕਿਸੇ ਛੁਪੇ ਹੋਏ ਪੁਰਤਗਾਲੀ ਨੇ ਅੰਨ੍ਹੇਵਾਹ ਫ਼ਾਇਰਿੰਗ ਕਰ ਦਿੱਤੀ, ਜਿਸ ਦੇ ਸਿੱਟੇ ਵਜੋਂ ਕਰਨੈਲ ਸਿੰਘ ਮੌਕੇ ‘ਤੇ ਹੀ ਸ਼ਹੀਦ ਹੋ ਗਏ ਅਤੇ ਪੰਜਾਬ ਦੀ ਧਰਤੀ ਦਾ ਸਿਰ ਉੱਚਾ ਕਰ ਗਏ। ਉਨ੍ਹਾਂ ਦੀ ਯਾਦ ਵਿਚ ਹਰ ਵਰ੍ਹੇ ਪਿੰਡ ਈਸੜੂ ਵਿਚ ਇਕ ਭਾਰੀ ਸ਼ਹੀਦੀ ਜੋੜ ਮੇਲਾ ਲਗਦਾ ਹੈ। ਪਿੰਡ ਵਾਸੀਆਂ ਵੱਲੋਂ ਸ਼ਹੀਦ ਕਰਨੈਲ ਸਿੰਘ ਮੈਮੋਰੀਅਲ ਟੂਰਨਾਮੈਂਟ ਕਮੇਟੀ ਬਣਾਈ ਗਈ ਹੈ, ਜੋ ਹਰ ਸਾਲ ਟੂਰਨਾਮੈਂਟ ਕਰਵਾਉਂਦੀ ਹੈ। ਸ਼ਹੀਦ ਕਰਨੈਲ ਸਿੰਘ ਦੇ ਨਾਂਅ ‘ਤੇ ਪਿੰਡ ਵਿਚ ਹੀ ਇਕ ਲਾਇਬ੍ਰੇਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੀ ਬਣਾਇਆ ਗਿਆ ਹੈ। ਇਥੇ ਹੀ ਇਕ ਸਟੇਡੀਅਮ ਉਸਾਰੀ ਅਧੀਨ ਹੈ। ਖੰਨਾ ਵਿਖੇ ਇਕ ਬਜ਼ਾਰ ਦਾ ਨਾਂਅ ਵੀ ਸ਼ਹੀਦ ਕਰਨੈਲ ਸਿੰਘ ਦੇ ਨਾਂਅ ‘ਤੇ ਰੱਖਿਆ ਗਿਆ ਹੈ।
ਪਿੰਡ ਈਸੜੂ ਜੋ ਖੰਨਾ ਤੋਂ ਮਲੇਰਕੋਟਲਾ ਸੜਕ ਉੱਤੇ 12 ਕਿਲੋਮੀਟਰ ਦੀ ਦੂਰੀ ‘ਤੇ ਹੈ, ਵਿਖੇ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਸਮਾਧੀ ਬਣੀ ਹੋਈ ਹੈ। ਉੱਥੇ ਉਨ੍ਹਾਂ ਦਾ ਆਦਮ ਕੱਦ ਬੁੱਤ ਲੱਗਾ ਹੋਇਆ ਹੈ। ਈਸੜੂ ਵਿਚ ਹਰ ਸਾਲ 15 ਅਗਸਤ ਨੂੰ ਭਾਰੀ ਇੱਕਠ ਹੁੰਦਾ ਹੈ। ਇਸ ਮੌਕੇ ‘ਤੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੀਆਂ ਪ੍ਰਮੁੱਖ ਹਸਤੀਆਂ ਪਹੁੰਚਦੀਆਂ ਹਨ ਅਤੇ ਸ਼ਹੀਦ ਨੂੰ ਸ਼ਰਧਾਂਜਲੀਆਂ ਭੇਂਟ ਕਰਦੀਆਂ ਹਨ।
Joginder Singh Obraiobrai

-ਪੱਤਰ ਪ੍ਰੇਰਕ, ਖੰਨਾ/ਦੋਰਾਹਾ
ਮੋਬਾਈਲ : 94170-34189.
Link :http://beta.ajitjalandhar.com/news/20160815/126/1455485.cms#1455485

Posted in: ਸਾਹਿਤ