ਮਨੁੱਖਤਾ ਦੇ ਵਿਕਾਸ ਲਈ ਅੱਜ ਵੀ ਪ੍ਰਸੰਗਿਕ ਹੈ-ਸ੍ਰੀ ਗੁਰੂ ਨਾਨਕ ਦੇਵ ਦਾ ਫਲਸਫ਼ਾ

By August 13, 2016 0 Comments


ਅੱਜ ਵਿਸ਼ਵ ਪੱਧਰ ‘ਤੇ ਮਨੁੱਖ ਜਾਤੀ ਵੱਡੀਆਂ ਚੁਣੌਤੀਆਂ ਦੇ ਰੂਬਰੂ ਹੈ। ਇਹ ਚੁਣੌਤੀਆਂ ਮਨੁੱਖੀ ਲਾਲਸਾਵਾਂ, ਹਉਮੈ, ਨਫ਼ਰਤ, ਮਜ਼੍ਹਬ ਅਤੇ ਦੇਸ਼-ਦੇਸ਼ਾਂਤਰਾਂ ਦੀਆਂ ਹੱਦਾਂ-ਬੰਨ੍ਹਿਆਂ ਨੂੰ ਲੈ ਕੇ ਹਨ। ਮਨੁੱਖ ਦੇ ਹੰਕਾਰ, ਲੋਭ ਅਤੇ ਦਵੈਤ ਕਾਰਨ ਹੀ ਅੱਜ ਸਾਰਾ ਸੰਸਾਰ ਵਿਕਾਰਮੁਖੀ ਅੱਗ ਵਿਚ ਸੜ ਰਿਹਾ ਹੈ। ਅਜਿਹੀ ਨੌਬਤ ਮਨੁੱਖ ਦੇ ਆਪਣੇ ‘ਮੂਲ’ ਨਾਲੋਂ ਟੁੱਟਣ ਕਾਰਨ ਹੀ ਆਈ ਹੈ। ‘ਮੂਲ’ ਅਰਥਾਤ ਸਰਬਵਿਆਪਕਤਾ, ਜਿਸ ਵਿਚੋਂ ਮਨੁੱਖ ਉਪਜਿਆ ਹੈ ਅਤੇ ਉਸ ਦਾ ਉਹ ਇਕ ਅੰਸ਼ ਹੈ, ਉਸ ਨੂੰ ਭੁੱਲ ਕੇ ਮਨੁੱਖ ਦਵੈਤ, ਮਾਇਆਵੀ ਲਾਲਸਾਵਾਂ ਅਤੇ ਹੰਕਾਰ ਵਿਚ ਨੱਕੋ-ਨੱਕ ਡੁੱਬਿਆ ਹੋਇਆ ਹੈ। ਹੰਕਾਰ ਵਿਚ ਮਨੁੱਖ ਨੇ ਮਨੁੱਖ ਨੂੰ ਹੀ ਖ਼ਤਮ ਕਰ ਲਈ ਅਜਿਹੇ ਐਟਮੀ ਹਥਿਆਰ ਤੱਕ ਤਿਆਰ ਕਰ ਰੱਖੇ ਹਨ, ਜਿਹੜੇ ਸਾਰੀ ਦੁਨੀਆ ਨੂੰ ਇਕੋ ਪਲ ਵਿਚ ਮੁਰਦਾਘਰ ਵਿਚ ਤਬਦੀਲ ਕਰਨ ਦੀ ਸਮਰੱਥਾ ਰੱਖਦੇ ਹਨ। ਮਨੁੱਖਤਾਵਾਦੀ ਸਫ਼ਾਂ ਮਨੁੱਖ ਦੇ ਇਸੇ ਹੰਕਾਰ ਦੀ ਜੰਗ ਤੋਂ ਬੇਹੱਦ ਭੈਅ-ਭੀਤ ਵੀ ਹਨ ਅਤੇ ਇਸ ਦਾ ਕੋਈ ਸਦੀਵੀ ਹੱਲ ਲੱਭਣ ਲਈ ਤਤਪਰ ਵੀ ਹਨ।
ਅਜੋਕੀਆਂ ਵਿਸ਼ਵ ਸਮੱਸਿਆਵਾਂ ਦੇ ਹੱਲ ਲਈ ਸਾਨੂੰ ਮਨੁੱਖਤਾ ਦੇ ਸਰਬਪੱਖੀ ਵਿਕਾਸ ਦਾ ਕੋਈ ਨਵਾਂ ਨਮੂਨਾ ਲੱਭਣ ਦੀ ਲੋੜ ਹੈ ਅਤੇ ਇਹ ਨਮੂਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ‘ਚੋਂ ਭਾਲਿਆ ਜਾ ਸਕਦਾ ਹੈ। ਜਿਸ ਤਰ੍ਹਾਂ ਦੇ ਅੱਜ ਸੰਸਾਰਿਕ ਪੱਧਰ ‘ਤੇ ਹਾਲਾਤ ਬਣੇ ਹੋਏ ਹਨ, ਬਿਲਕੁਲ ਉਸੇ ਤਰ੍ਹਾਂ ਦੇ ਹੀ 15ਵੀਂ ਸਦੀ ਵਿਚ ਭਾਰਤ ਦੇ ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਹਾਲਾਤ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਵੇਲੇ ਪੂਰੀ ਲੋਕਾਈ ਨੂੰ ਇਕ ਸਾਂਝਾ ਤੇ ਬਰਾਬਰਤਾ ਵਾਲਾ ਮਨੁੱਖੀ ਜੀਵਨ-ਜਾਚ ਦਾ ਸਿਧਾਂਤ ਦਿੱਤਾ। ਜੇਕਰ ਉਸ ਸਿਧਾਂਤ ‘ਤੇ ਚੱਲਿਆ ਜਾਵੇ ਤਾਂ ਯਕੀਨਨ ਅੱਜ ਵੀ ਦੁਨੀਆ ਭਰ ਵਿਚ ਸਾਰੇ ਝਗੜੇ-ਝੇੜਿਆਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਆਦਰਸ਼ਕ ਜੀਵਨ-ਜਾਚ ਦੀ ਮੁਢਲੀ ਸ਼ਰਤ ਹੀ ਇਹ ਰੱਖੀ :
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥
(ਸਿਰੀ ਰਾਗੁ ਮ: ੧, ਅੰਗ 62)
ਗੁਰੂ ਸਾਹਿਬ ਨੇ ਸਾਨੂੰ ਸਭ ਤੋਂ ਪਹਿਲਾਂ ‘ਸੱਚ’ ਅਰਥਾਤ ਆਪਣੇ ਮੂਲ ਨੂੰ ਪਛਾਣਨ ਲਈ ਆਖਿਆ। ਜਗਤ ਦੇ ਮਨੁੱਖ, ਜੀਵ, ਜੰਤੂ, ਬਨਸਪਤੀ ਸਾਰੇ ਇਕੋ ਹੀ ਸਰਬਸ਼ਕਤੀਮਾਨ ਪ੍ਰਮਾਤਮਾ ਦੇ ‘ਅੰਸ਼’ ਹਨ, ਤਾਂ ਫ਼ਿਰ ਇਹ ਨਫ਼ਰਤ ਅਤੇ ਹਉਮੈ ਦੇ ਸਾਰੇ ਬਿਖੇੜੇ ਕਿਉਂ? ਅਸਲ ਵਿਚ ਇਸੇ ‘ਸੱਚ’ ਵਿਚ ਲੀਨ ਹੋਣ ਦੀ ਹੀ ਗੁਰੂ ਨਾਨਕ ਫ਼ਲਸਫ਼ਾ ਸਾਨੂੰ ਜੀਵਨ ਜੁਗਤ ਦਿੰਦਾ ਹੈ। ਗੁਰੂ ਸਾਹਿਬ ਨੇ ਮੂਲ ਮੰਤਰ ਰਾਹੀਂ ਸਾਨੂੰ ਸੋਝੀ ਦਿੱਤੀ ਕਿ ਪ੍ਰਮਾਤਮਾ ਇਕ ਹੈ ਅਤੇ ਸਰਬਵਿਆਪਕ ਹੈ। ਗੁਰੂ ਸਾਹਿਬ ਸਾਰੇ ਦੁਨਿਆਵੀ ਝਗੜੇ-ਝੇੜਿਆਂ ਦਾ ਮੂਲ ਕਾਰਨ ਹੀ ਮਨੁੱਖ ਦੀ ‘ਹਉਮੈ’ ਨੂੰ ਤਾਈਦ ਕਰਦੇ ਹਨ।
ਮਾਇਆ ਮੋਹੁ ਸਭੁ ਕੂੜੁ ਹੈ ਕੂੜੋ ਹੋਇ ਗਇਆ॥
ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ॥
(ਵਾਰ ਸੂਹੀ ਕੀ, ਅੰਗ 790)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਵਿਚ ਚਾਰ ਉਦਾਸੀਆਂ ਦੌਰਾਨ ਵੱਖ-ਵੱਖ ਧਰਮਾਂ ਅਤੇ ਸੱਭਿਅਤਾਵਾਂ ਦਾ ਅਧਿਐਨ ਕਰਨ ਤੋਂ ਬਾਅਦ ਮਨੁੱਖ ਨੂੰ ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਦਾ ਜੀਵਨ ਅਮਲ ਦਿੱਤਾ। ਗੁਰੂ ਸਾਹਿਬ ਨੇ ਖੁਦ ਕਰਤਾਰਪੁਰ ਦੀ ਧਰਤੀ ‘ਤੇ 17 ਸਾਲ 5 ਮਹੀਨੇ 9 ਦਿਨ ਰਹਿ ਕੇ ਖੇਤੀਬਾੜੀ ਕੀਤੀ ਅਤੇ ਮਨੁੱਖ ਨੂੰ ਸੰਦੇਸ਼ ਦਿੱਤਾ ‘ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥’
‘ਸਰਮਾਏਦਾਰੀ’ ਦੇ ਜਲੌਅ ‘ਚ ਖ਼ਤਮ ਹੋ ਰਹੇ ਮਨੁੱਖੀ ਅਧਿਕਾਰਾਂ ਅਤੇ ਸੰਵੇਦਨਾਵਾਂ ਨੂੰ ਬਚਾਉਣ ਲਈ 19ਵੀਂ ਸਦੀ ਵਿਚ ਕਾਰਲ ਮਾਰਕਸ ਨੇ ਜਿਹੜਾ ‘ਸਮਾਜਵਾਦ’ ਦਾ ਸਿਧਾਂਤ ਦਿੱਤਾ ਸੀ, ਅਸਲ ਵਿਚ ਉਹ ‘ਸਮਾਜਵਾਦ’ ਗੁਰੂ ਨਾਨਕ ਸਾਹਿਬ ਨੇ 15ਵੀਂ ਸਦੀ ਵਿਚ ਹੀ ਮਨੁੱਖ ਨੂੰ ਦੇ ਦਿੱਤਾ ਸੀ। ‘ਸਰਮਾਏਦਾਰੀ’ 90 ਫ਼ੀਸਦੀ ਲੋਕਾਂ ਦਾ ਹੱਕ ਮਾਰ ਕੇ 10 ਫ਼ੀਸਦੀ ਅਮੀਰਾਂ ਕੋਲ ਸਾਰੀ ਪੂੰਜੀ ਇਕੱਠੀ ਕਰਨ ਦੀ ਤਰਫ਼ਦਾਰੀ ਕਰਦੀ ਹੈ ਅਤੇ ਇਸ ਦੇ ਖਿਲਾਫ਼ ਗੁਰੂ ਨਾਨਕ ਸਾਹਿਬ ਵਲੋਂ ਪੰਜ ਸਦੀਆਂ ਪਹਿਲਾਂ ਹੀ ਸੁਣਾਇਆ ਗਿਆ ਇਹ ਫ਼ਤਵਾ ‘ਸਮਾਜਵਾਦ’ ਦਾ ਅਸਲ ਹੋਕਾ ਸੀ :
ਹਕੁ ਪਰਾਇਆ ਨਾਨਕਾ ਉਸੁ ਸੂਅਰੁ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥
(ਮ: ੧, ਅੰਗ 141)
ਭੂਮੀਪਤੀ, ਰਾਜੇ ਅਮੀਰ ਅਤੇ ਗਰੀਬ ਸਾਰੇ ਹੀ ਪਦਾਰਥਾਂ ਨੂੰ ਇਕੱਠੇ ਕਰਨ ਵਿਚ ਰੁੱਝੇ ਹਨ ਪਰ ਦੂਜਿਆਂ ਦਾ ਹੱਕ ਮਾਰ ਕੇ ਦੁਨਿਆਵੀ ਪਦਾਰਥ ਜੋੜਣ ਵਾਲਾ ਮਨੁੱਖ ਇੰਨਾ ਖੁਦਗਰਜ਼ ਹੋ ਜਾਂਦਾ ਹੈ ਕਿ ਉਸ ਨੂੰ ਆਪਣੇ ਬੱਚਿਆਂ ਅਤੇ ਪਤਨੀ ‘ਤੇ ਵੀ ਯਕੀਨ ਨਹੀਂ ਰਹਿੰਦਾ। ਪਦਾਰਥਾਂ ਦਾ ਚਸਕਾ ਅਜਿਹਾ ਹੈ ਕਿ ਇਸ ਵਿਚ ਫ਼ਸ ਕੇ ਪਛਤਾਉਂਦੇ ਹੋਏ ਮਨੁੱਖ ਵੀ ਇਨ੍ਹਾਂ ਨੂੰ ਛੱਡਣਾ ਨਹੀਂ ਚਾਹੁੰਦਾ ਅਤੇ ਇਸੇ ਜਾਲ ਵਿਚ ਫ਼ਸਿਆ ਆਪਣਾ ਜਨਮ ਵੀ ਗੁਆ ਬੈਠਦਾ ਹੈ। ਇਹੀ ਅਜੋਕੇ ਸਮੇਂ ਮਨੁੱਖ ਦੀ ਸਥਿਤੀ ਬਣੀ ਹੋਈ ਹੈ। ਅਖ਼ਬਾਰਾਂ ਵਿਚ ਰੋਜ਼ਾਨਾ ਪੜ੍ਹਦੇ ਹਾਂ ਕਿਧਰੇ ਕਿਸੇ ਨੇ ਸਕੇ-ਸਬੰਧੀਆਂ ਵਲੋਂ ਹੀ ਪੈਸੇ-ਧੇਲੇ ਦੀ ਕੀਤੀ ਠੱਗੀ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ ਅਤੇ ਕਿਧਰੇ ਕੋਈ ਅਮੀਰ ਆਪਣੇ ਪਦਾਰਥਕ ਪਸਾਰੇ ਨੂੰ ਵਧਾਉਣ ਲਈ ਲਏ ਕਰਜ਼ਿਆਂ ਦੇ ਜੰਜਾਲ ਵਿਚ ਫ਼ਸਿਆ ਆਪਣੇ ਪੂਰੇ ਪਰਿਵਾਰ ਸਮੇਤ ਜੀਵਨ ਲੀਲਾ ਸਮਾਪਤ ਕਰ ਬੈਠਦਾ ਹੈ।
ਅਜੋਕੇ ਸਮੇਂ ਵੀ ਸਾਡੇ ਦੇਸ਼ ਦੀ ਰਾਜਨੀਤਕ ਵਿਵਸਥਾ ਬਿਲਕੁਲ ਅਜਿਹੀ ਬਣੀ ਹੋਈ ਹੈ ਕਿ ਹਾਕਮ ਬਣ ਕੇ ਬੇਪਨਾਹ ਧਨ ਅਤੇ ਧਰਤੀ ਦੇ ਮਾਲਕ ਬਣਨ ਦੀ ਹੋੜ ਲੱਗੀ ਹੋਈ ਹੈ। ਸਰਹੱਦਾਂ ਤੋਂ ਪਾਰ ਦੇਸ਼ਾਂ ਦੀ ਧਰਤੀ ‘ਤੇ ਕਬਜ਼ੇ ਨੂੰ ਲੈ ਕੇ ਲੜਾਈ ਹੈ ਅਤੇ ਸਰਹੱਦਾਂ ਦੇ ਅੰਦਰ ‘ਹਰਾਮ’ ਦੀ ਕਮਾਈ ਨਾਲ ਧਨ-ਦੌਲਤਾਂ ਦੇ ਅੰਬਾਰ ਲਗਾਉਣ ਦੀ ਦੌੜ ਲੱਗੀ ਹੋਈ ਹੈ। ਅਜੋਕੀਆਂ ਹਕੂਮਤਾਂ ‘ਸੱਚ’ ਅਰਥਾਤ ਆਪਣੇ ਸੰਵਿਧਾਨਕ ਕਰਤਵਾਂ ਤੋਂ ਮੂੰਹ ਮੋੜੀ ਬੈਠੀਆਂ ਹਨ ਅਤੇ ਇਸੇ ਕਰਕੇ ਅੱਜ ਸਾਡੇ ਦੇਸ਼ ਨੂੰ ਭ੍ਰਿਸ਼ਟਾਚਾਰ ਘੁਣ ਵਾਂਗ ਖਾ ਰਿਹਾ ਹੈ।
ਸਵਾਰਥ ਅਤੇ ਪਦਾਰਥਕ ਦੌੜ ਵਾਲੇ ਅਜੋਕੇ ਦੁਨੀਆ ਦੇ ਵਿਕਾਸ ਮਾਡਲ ਦੇ ਦੁਰ-ਪ੍ਰਭਾਵ ਤੋਂ ਸਾਡਾ ਧਾਰਮਿਕ ਸਮਾਜ ਵੀ ਅਛੂਤਾ ਨਹੀਂ ਰਿਹਾ। ਭਾਵੇਂ ਕਿ ਸ਼ੁਰੂ ਤੋਂ ਹੀ ਧਰਮ-ਕਰਮ ਕਰਨ ਵਾਲੇ ਪੁਜ਼ਾਰੀ ਸ਼ਰਧਾਲੂਆਂ ਦੇ ਚੜ੍ਹਤ-ਚੜ੍ਹਾਵੇ ‘ਤੇ ਨਿਰਬਾਹ ਕਰਦੇ ਰਹੇ ਹਨ ਪਰ ਅੱਜ ਤਾਂ ਧਾਰਮਿਕ ਦੀਵਾਨਾਂ ਵਿਚ ‘ਉਪਦੇਸ਼’ ਹਾਸਲ ਕਰਨ ਲਈ ਬਾਕਾਇਦਾ ਟਿਕਟਾਂ ਵਿਕਦੀਆਂ ਹਨ। ਅਜਿਹੇ ਧਾਰਮਿਕ ਆਗੂਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਇਉਂ ਫ਼ਿਟਕਾਰਦੀ ਹੈ :
ਧ੍ਰਿਗੁ ਤਿਨਾ ਕਾ ਜੀਵਿਆ
ਜਿ ਲਿਖਿ ਲਿਖਿ ਵੇਚਹਿ ਨਾਉ॥
(ਸਲੋਕ ਮ: ੧, ਅੰਗ 1245)
ਸਗੋਂ ਅਜਿਹਾ ਧਰਮ ਕਮਾਉਣ ਲਈ ਆਖਿਆ ਹੈ :
ਅਕਲੀ ਸਾਹਿਬੁ ਸੇਵੀਐ
ਅਕਲੀ ਪਾਈਐ ਮਾਨੁ॥
ਅਕਲੀ ਪੜ੍ਹਿ ਕੈ ਬੁਝੀਐ
ਅਕਲੀ ਕੀਚੈ ਦਾਨੁ॥
ਨਾਨਕੁ ਆਖੈ ਰਾਹੁ
ਏਹੁ ਹੋਰਿ ਗਲਾਂ ਸੈਤਾਨੁ॥
(ਸਲੋਕ ਮ: ੧, ਅੰਗ 1245)
ਇਕ ਸਰਬ-ਵਿਆਪਕਤਾ ਦੀ ਸੋਝੀ ਹਾਸਲ ਕਰਨ ਤੋਂ ਬਗੈਰ ਦੂਜਿਆਂ ਨੂੰ ਉਪਦੇਸ਼ ਦੇਣੇ ਸ਼ੈਤਾਨ ਦੀਆਂ ਗੱਲਾਂ ਕਰਨ ਵਾਲੇ ਹਨ।
ਜਾਤ-ਪਾਤ ਅਤੇ ਨਸਲਵਾਦ ਦਾ ਵਰਤਾਰਾ ਅੱਜ ਸੰਸਾਰ ਭਰ ਵਿਚ ਨਾ ਸਿਰਫ਼ ਪ੍ਰਬਲ ਹੋ ਰਿਹਾ ਹੈ, ਸਗੋਂ ਸਿੱਖ ਕੌਮ ਨੂੰ ਵੀ ਇਸ ਦਾ ਸੇਕ ਝੱਲਣਾ ਪੈ ਰਿਹਾ ਹੈ। ਅਮਰੀਕਾ ਸਮੇਤ ਪੱਛਮੀ ਮੁਲਕਾਂ ਵਿਚ ਸਿੱਖਾਂ ‘ਤੇ ਨਸਲੀ ਭੁਲੇਖੇ ਕਾਰਨ ਲਗਾਤਾਰ ਹਮਲੇ ਵਧ ਰਹੇ ਹਨ। ਅਜਿਹੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਨ੍ਹਾਂ ਸਿਧਾਂਤਾਂ ਨੂੰ ਪੂਰੀ ਦੁਨੀਆ ਸਾਹਮਣੇ ਸ਼ਿੱਦਤ ਨਾਲ ਪੇਸ਼ ਕਰਨਾ ਚਾਹੀਦਾ ਹੈ :
ਜਾਣਹੁ ਜੋਤਿ ਨ ਪੂਛਹੁ
ਜਾਤੀ ਆਗੈ ਜਾਤਿ ਨ ਹੇ॥
(ਆਸਾ ਮਹਲਾ ੧, ਅੰਗ 349)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ, ਰੰਗ-ਨਸਲ ਰਹਿਤ ਸਮਾਜ ਦੀ ਸਿਰਜਣਾ ਦਾ ਨਾਯਾਬ ਨਮੂਨਾ ਪੇਸ਼ ਕਰਦਿਆਂ ਮਨੁੱਖ ਨੂੰ ‘ਜਾਤ’ ਦੀ ਥਾਂ ਉਸ ਇਕ ਸਰਬਸ਼ਕਤੀਮਾਨ ‘ਜੋਤ’ ਨੂੰ ਪਛਾਣਨ ਲਈ ਆਖਿਆ ਜਿਸ ਤੋਂ ਸਾਰਾ ਹੀ ਸੰਸਾਰ ਪੈਦਾ ਹੋਇਆ ਹੈ। ਦੁਨੀਆ ਨੂੰ ਪੈਦਾ ਕਰਨ ਵਾਲੇ ਸਰਬ-ਸ਼ਕਤੀਮਾਨ ਲਈ ਜਾਤ-ਪਾਤ ਕੋਈ ਮਾਇਨੇ ਨਹੀਂ ਰੱਖਦੀ ਅਤੇ ਅੰਤ ਨੂੰ ਨਿਬੇੜਾ ਜਾਤ, ਨਸਲ ਜਾਂ ਰੰਗ ਦੇ ਆਧਾਰ ‘ਤੇ ਨਹੀਂ ਸਗੋਂ ਮਨੁੱਖ ਦੇ ਕਰਮਾਂ ਦੇ ਆਧਾਰਿਤ ਹੋਣਾ ਹੈ।
ਅਗੈ ਜਾਤਿ ਨ ਜੋਰੁ ਹੈ
ਅਗੈ ਜੀਉ ਨਵੇ॥
ਜਿਨ ਕੀ ਲੇਖੈ ਪਤਿ
ਪਵੈ ਚੰਗੇ ਸੇਈ ਕੇਇ॥
(ਮ: ੧, ਅੰਗ 469)
ਜੇਕਰ ਅੱਜ ਸੰਸਾਰ ਨੇ ਤਬਾਹੀ ਤੋਂ ਬਚਣਾ ਹੈ ਤਾਂ ਉਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਰਸਾਈ ਹੋਈ ਜੀਵਨ-ਜਾਚ ਦਾ ਧਾਰਨੀ ਬਣਨਾ ਪਵੇਗਾ ਅਤੇ ਉਨ੍ਹਾਂ ਵਲੋਂ ਦੱਸੇ ‘ਸੱਚ’ ਅਰਥਾਤ ਸਰਬਵਿਆਪਕਤਾ ਨਾਲ ਇਕ-ਮਿਕ ਹੋਣਾ ਪਵੇਗਾ, ਕਿਉਂਕਿ ਆਪਣੇ ‘ਮੂਲ’ ਨਾਲੋਂ ਟੁੱਟ ਕੇ ਹੀ ਮਨੁੱਖ ਅੱਜ ਹਉਮੈ, ਲੋਭ, ਨਾਸ਼ਵਾਨ ਪਦਾਰਥਾਂ ਦੀ ਅਮੁੱਕ ਲਾਲਸਾ ਅਤੇ ਤ੍ਰਿਸ਼ਨਾਵਾਂ ਦੀ ਅੱਗ ਵਿਚ ਸੜ ਰਿਹਾ ਹੈ। ਦੇਸ਼ਾਂ-ਦੇਸ਼ਾਂਤਰਾਂ ਦੀਆਂ ਹੱਦਾਂ-ਸਰਹੱਦਾਂ ਦੀਆਂ ਲੜਾਈਆਂ ਵੀ ਆਪਣੇ ‘ਮੂਲ’ ਨੂੰ ਭੁੱਲ ਜਾਣ ਦਾ ਹੀ ਨਤੀਜਾ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਦਾ ਫ਼ਲਸਫ਼ਾ ਸਾਨੂੰ ਵਾਰ-ਵਾਰ ਆਪਣੇ ਉਸ ‘ਮੂਲ ਅੰਸ਼’ ਨਾਲ ਜੁੜਨ ਲਈ ਆਖਦਾ ਹੈ, ਜਿਸ ਨੇ ਸਾਰੇ ਜਗਤ ਨੂੰ ਪੈਦਾ ਕੀਤਾ ਹੈ :
ਮਨ ਤੂੰ ਜੋਤਿ ਸਰੂਪੁ ਹੈ
ਆਪਣਾ ਮੂਲੁ ਪਛਾਣੁ॥
(ਆਸਾ ਮ: ੩, ਅੰਗ 441)

ਤਲਵਿੰਦਰ ਸਿੰਘ ਬੁੱਟਰ
-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ,
ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ।
ਫ਼ੋਨ : 98780-70008
e-mail : ts1984buttar@yahoo.com
Tags:
Posted in: ਸਾਹਿਤ