ਸਿੱਖ ਪੰਥ ਦੇ ਅਨੋਖੇ ਸ਼ਹੀਦ ਭਾਈ ਬਚਿੱਤਰ ਸਿੰਘ

By August 13, 2016 0 Comments


bhai bachitar singh 3

bhai bachitar

bhai bachitar1ਸਿੱਖ ਇਤਿਹਾਸ ਦੇ ਮਹਾਨ ਵਿਦਵਾਨ ਤੇ ਪਰਮਾਰ ਰਾਜਪੂਤ ਖਾਨਦਾਨ ਨਾਲ ਸਬੰਧਤ ਸ਼ਹੀਦ ਭਾਈ ਮਨੀ ਸਿੰਘ ਦੇ ਦਸ ਪੁੱਤਰਾਂ ਵਿਚੋਂ ਅਨੋਖੇ ਸ਼ਹੀਦ ਭਾਈ ਬਚਿੱਤਰ ਸਿੰਘ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਅਨਿਨ ਸੇਵਕ ਸਨ, ਜਿਨ੍ਹਾਂ ਦੀ ਕੁਰਬਾਨੀ ਅੱਜ ਵੀ ਸਾਨੂੰੰ ਗੁਰੂ-ਘਰ ਦੀ ਸੇਵਾ ਨਾਲ ਜੁੜਨ ਦੀ ਪ੍ਰੇਰਨਾ ਦਿੰਦੀ ਹੈ। ਸ਼ਹੀਦ ਭਾਈ ਬਚਿੱਤਰ ਸਿੰਘ ਦਾ ਜਨਮ ਪੂਜਨੀਕ ਸ਼ਖ਼ਸੀਅਤ ਭਾਈ ਮਨੀ ਸਿੰਘ ਦੇ ਗ੍ਰਹਿ 15 ਵਿਸਾਖ ਸੰਮਤ 1720 (12 ਅਪ੍ਰੈਲ, 1663) ਨੂੰ ਅਲੀਪੁਰ ਸਮਾਲੀ ਜ਼ਿਲ੍ਹਾ ਮੁਜ਼ਫਰਗੜ੍ਹ ਰਿਆਸਤ ਮੁਲਤਾਨ ਵਿਖੇ ਹੋਇਆ। ਆਪ ਦੇ ਮਾਤਾ ਸੀਤੋ ਬਾਈ ਜੀ ਗੁਰੂ-ਘਰ ਦੇ ਗੋਲੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਸਪੁੱਤਰੀ ਸਨ, ਜਿਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਮਗਰੋਂ ਉਨ੍ਹਾਂ ਦੇ ਧੜ ਦਾ ਸਸਕਾਰ ਆਪਣੇ ਘਰ ਨੂੰ ਅਗਨੀ ਭੇਟ ਕਰਕੇ ਕੀਤਾ ਸੀ। ਸ਼ਹੀਦ ਭਾਈ ਬਚਿੱਤਰ ਸਿੰਘ ਦੇ ਪਿਤਾ ਭਾਈ ਮਨੀ ਸਿੰਘ ਨੂੰ ਸ੍ਰੀ ਗੁਰੂ ਹਰਿਰਾਏ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸੇਵਾ ਤੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਸੀ। ਆਖਰੀ ਦਮ ਤੱਕ ਧਰਮ ‘ਤੇ ਪਰਿਪੱਕ ਰਹਿੰਦੇ ਹੋਏ ਭਾਈ ਮਨੀ ਸਿੰਘ ਨੇ ਬੰਦ-ਬੰਦ ਕਟਵਾ ਕੇ ਸ਼ਹੀਦੀ ਪ੍ਰਾਪਤ ਕੀਤੀ ਸੀ।
ਭਾਈ ਬਚਿੱਤਰ ਸਿੰਘ ਨੂੰ ਸਿਦਕ ਭਰਿਆ, ਕੁਰਬਾਨੀ ਤੇ ਵੀਰਤਾ ਵਾਲਾ ਵਿਰਸਾ ਪਰਿਵਾਰਕ ਵਿਰਾਸਤ ਵਿਚੋਂ ਹੀ ਪ੍ਰਾਪਤ ਹੋਇਆ ਸੀ। ਸਿੱਖ ਇਤਿਹਾਸ ਅਨੁਸਾਰ ਜਦੋਂ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਸੀ, ਉਸ ਸਮੇਂ ਰਾਜੇ ਕੇਸਰੀ ਚੰਦ ਦੀ ਤਕਰੀਬ ਸੀ ਕਿ ਪਹਾੜੀ ਰਾਜਿਆਂ ਵੱਲੋਂ ਇਕ ਮਸਤ ਹੋਏ ਹਾਥੀ ਪਾਸੋਂ ਕਿਲ੍ਹੇ ਦਾ ਦਰਵਾਜ਼ਾ ਤੁੜਵਾਇਆ ਜਾਵੇ ਤੇ ਬਾਅਦ ਵਿਚ ਫੌਜਾਂ ਹੱਲਾ ਬੋਲ ਕੇ ਕਿਲ੍ਹੇ ‘ਤੇ ਕਾਬਜ਼ ਹੋ ਜਾਣ। ਇਕ ਤਾਕਤਵਰ ਜਿਸ ਦਾ ਮੱਥਾ ਫੌਲਾਦ ਦੀਆਂ ਤਵੀਆਂ ਨਾਲ ਬੰਨ੍ਹਿਆ ਹੋਇਆ ਸੀ, ਜੋ ਮਦਮਸਤ ਅਤੇ ਉਸ ਦੀ ਸਾਰੀ ਦੇਹ ਲੋਹੇ ਨਾਲ ਢਕੀ ਹੋਈ ਸੀ ਤੇ ਉਸ ਦੀ ਸੁੰਡ ਵਿਚ ਭਾਰੀ ਤਿੱਖੀਆਂ ਤਲਵਾਰਾਂ ਟੰਗੀਆਂ ਹੋਈਆਂ ਸਨ। ਇਹ ਪਾਗਲ ਹੋਇਆ ਹਾਥੀ ਫੌਜਾਂ ਦੀ ਅਗਵਾਈ ਕਰਦਾ ਹੋਇਆ ਕਿਲ੍ਹੇ ਵੱਲ ਤੇਜ਼ ਰਫ਼ਤਾਰ ਵਧ ਰਿਹਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਥਾਪੀ ਦੇ ਕੇ ਜੰਗ ਦੇ ਮੈਦਾਨ ਵਿਚ ਭੇਜਿਆ ਤੇ ਬਚਿੱਤਰ ਸਿੰਘ ਫੁਰਤੀਲੇ ਘੋੜੇ ‘ਤੇ ਸਵਾਰ ਹੋ ਕੇ ਹਾਥੀ ‘ਤੇ ਝਪਟਿਆ ਤੇ ਨਾਗਨੀ ਨੇਜੇ ਨੂੰ ਹਾਥੀ ਦੇ ਮੱਥੇ ‘ਤੇ ਮਾਰਿਆ, ਜਿਸ ਦੀ ਤਿੱਖੀ ਨੋਕ ਤਵੇ ਨੂੰ ਚੀਰਦੀ ਹੋਈ ਹਾਥੀ ਦੇ ਮੱਥੇ ਅੰਦਰ ਧਸ ਗਈ ਤੇ ਹਾਥੀ ਕੁਰਲਾਉਂਦਾ ਹੋਇਆ ਭੈਅ-ਭੀਤ ਹੋ ਕੇ ਪਿੱਛੇ ਆਪਣੀ ਹੀ ਫੌਜ ਨੂੰ ਲਤਾੜਦਾ ਹੋਇਆ ਦੌੜ ਗਿਆ।
ਸਿੱਖ ਫੌਜਾਂ ਨੇ ਪਹਾੜੀ ਰਾਜਿਆਂ ਦੀ ਫੌਜ ਨੂੰ ਮਾਤ ਦਿੰਦੇ ਹੋਏ ਬਚਿੱਤਰ ਸਿੰਘ ਦੀ ਤੇ ਭਾਈ ਉਦੈ ਸਿੰਘ ਨੇ ਵੈਰੀ ਫੌਜਾਂ ਦੀ ਕਮਾਂਡ ਕਰ ਰਹੇ ਰਾਜਾ ਕੇਸਰੀ ਚੰਦ ਦਾ ਸਿਰ ਵੱਢ ਕੇ ਸਿੰਘਾਂ ਦੀ ਸਰਦਾਰੀ ਨੂੰ ਕਾਇਮ ਕੀਤਾ। ਭਾਈ ਬਚਿੱਤਰ ਸਿੰਘ ਦੇ ਨੌਂ ਭਾਈ, ਜਿਨ੍ਹਾਂ ਵਿਚੋਂ ਚਿੱਤਰ ਸਿੰਘ, ਉਦੈ ਸਿੰਘ, ਅਨਿਕ ਸਿੰਘ, ਅਜਬ ਸਿੰਘ, ਅਜਾਇਬ ਸਿੰਘ, ਗੁਰਬਖਸ਼ ਸਿੰਘ, ਭਗਵਾਨ ਸਿੰਘ, ਬਲਰਾਮ ਸਿੰਘ, ਦੇਸਾ ਸਿੰਘ ਨੇ ਵੀ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੁਰਬਾਨੀ ਦਿੱਤੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ, ਉਸ ਸਮੇਂ ਭਾਈ ਬਚਿੱਤਰ ਸਿੰਘ ਤੇ ਉਨ੍ਹਾਂ ਦੇ ਭਾਈ ਉਦੈ ਸਿੰਘ ਵੀ ਨਾਲ ਸਨ। ਗੁਰੂ ਜੀ ਪਰਿਵਾਰ ਵਿਛੋੜੇ ਤੋਂ ਬਾਅਦ ਸਰਸਾ ਨਦੀ ਤੋਂ ਸਿੱਧਾ ਪਿੰਡ ਕੋਟਲਾ ਨਿਹੰਗ ਵਿਖੇ ਚੌਧਰੀ ਨਿਹੰਗ ਖਾਂ ਦੇ ਕਿਲ੍ਹੇ ਵਿਚ ਪਹੁੰਚੇ ਸੀ, ਜੋ ਕਿ ਗੁਰੂ-ਘਰ ਦਾ ਸੱਚਾ ਸ਼ਰਧਾਲੂ ਸੀ। ਭਾਈ ਬਚਿੱਤਰ ਸਿੰਘ ਦੀ ਰੋਪੜ ਦੇ ਲਾਗੇ ਵੈਰੀ ਫੌਜਾਂ ਨਾਲ ਮਲਕਪੁਰ ਦੇ ਰੰਗੜਾਂ ਦੇ ਨਾਲ ਜੰਗ ਹੋ ਗਈ। ਸਾਰੇ ਸਿੰਘਾਂ ਨੇ ਵੈਰੀ ਫੌਜ ਨਾਲ ਸਖਤ ਟੱਕਰ ਲਈ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਭਾਈ ਬਚਿੱਤਰ ਸਿੰਘ ਵੀ ਸਖਤ ਜ਼ਖਮੀ ਹੋ ਗਏ ਸਨ। ਅਚਾਨਕ ਪਿੱਛੋਂ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਮਦਨ ਸਿੰਘ ਸਿੱਖਾਂ ਨਾਲ ਉਥੋਂ ਲੰਘੇ ਤਾਂ ਜ਼ਖਮੀ ਹਾਲਤ ਵਿਚ ਬਚਿੱਤਰ ਸਿੰਘ ਨੂੰ ਕੋਟਲਾ ਨਿਹੰਗ ਵਿਖੇ ਚੌਧਰੀ ਨਿਹੰਗ ਖਾਂ ਦੇ ਕਿਲ੍ਹੇ ਵਿਚ ਪਹੁੰਚਾਇਆ, ਜਿਥੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਚੌਧਰੀ ਨਿਹੰਗ ਖਾਂ ਪਠਾਣ ਦੇ ਕੋਲ ਪਹਿਲਾਂ ਹੀ ਠਹਿਰੇ ਹੋਏ ਸਨ। ਭਾਈ ਬਚਿੱਤਰ ਸਿੰਘ ਨੂੰ ਇਕ ਪਲੰਘ ‘ਤੇ ਲਿਟਾਇਆ ਤੇ ਗੁਰੂ ਗੋਬਿੰਦ ਸਿੰਘ ਜੀ ਅੱਧੀ ਰਾਤ ਨੂੰ ਭਾਈ ਬਚਿੱਤਰ ਸਿੰਘ ਦੀ ਸੇਵਾ ਵਿਚ ਚੌਧਰੀ ਨਿਹੰਗ ਖਾਂ ਦੀ ਡਿਊਟੀ ਲਗਾ ਕੇ ਆਪ ਦੋਵੇਂ ਸਾਹਿਬਜ਼ਾਦੇ, ਪਾਲਿਤ ਜ਼ੋਰਾਵਾਰ ਸਿੰਘ ਤੇ ਭਾਈ ਮੋਹਕਮ ਸਿੰਘ ਆਦਿ ਸਿੰਘਾਂ ਸਹਿਤ ਪਿੰਡ ਲਖਮੀਪੁਰ ਦੀ ਤਰਫ ਰਵਾਨਾ ਹੋ ਗਏ ਤੇ ਅੱਗੇ ਚਮਕੌਰ ਸਾਹਿਬ ਪਹੁੰਚੇ ਸਨ। ਚੌਧਰੀ ਨਿਹੰਗ ਖਾਂ ਨੇ ਗੁਰੂ ਜੀ ਦੇ ਆਦੇਸ਼ ਅਨੁਸਾਰ ਬਚਿੱਤਰ ਸਿੰਘ ਦੀ ਸੇਵਾ ਕੀਤੀ।
ਕਿਸੇ ਦੋਖੀ ਨੇ ਰੋਪੜ ਚੌਕੀ ਦੇ ਸਰਦਾਰ ਨੂੰ ਸੂਹ ਦਿੱਤੀ ਤੇ ਸਰਦਾਰ ਜਾਫਰ ਅਲੀ ਖਾਨ ਨੇ ਅਪਣੇ ਸਿਪਾਹੀਆਂ ਨਾਲ ਕਿਲ੍ਹੇ ਨੂੰ ਘੇਰਿਆ ਤੇ ਚੌਧਰੀ ਨਿਹੰਗ ਖਾਂ ਦੇ ਕਿਲ੍ਹੇ ਦੀ ਛਾਣਬਾਣ ਕੀਤੀ। ਕਿਲ੍ਹੇ ਦੀ ਕੇਵਲ ਇਕ ਕੋਠੜੀ ਹੀ ਤਲਾਸ਼ੀ ਲਈ ਰਹਿ ਗਈ ਸੀ, ਜਿਸ ਬਾਰੇ ਪੁੱਛਣ ‘ਤੇ ਚੌਧਰੀ ਨਿਹੰਗ ਖਾਂ ਨੇ ਕਿਹਾ ਕਿ ਕੋਠੜੀ ਵਿਚ ਮੇਰੀ ਲੜਕੀ ਮੁਮਤਾਜ ਤੇ ਦਾਮਾਦ ਆਰਾਮ ਕਰ ਰਹੇ ਹਨ। ਕਹਿੰਦੇ ਹੋ ਤਾਂ ਖੁਲ੍ਹਵਾ ਕੇ ਦਿਖਾਵਾਂ? ਸਰਦਾਰ ਜਾਫਰ ਅਲੀ ਖਾਨ ਚੌਧਰੀ ਨਿਹੰਗ ਖਾਂ ਤੋਂ ਖਿਮਾ ਮੰਗ ਕੇ ਵਾਪਸ ਚਲੇ ਗਿਆ ਸੀ। ਕੋਠੜੀ ਵਿਚ ਭਾਈ ਬਚਿੱਤਰ ਸਿੰਘ ਦੀ ਸੇਵਾ ਬੇਟੀ ਮੁਮਤਾਜ ਕਰ ਰਹੀ ਸੀ ਤੇ ਪਿਤਾ ਜੀ ਦੇ ਬਚਨ ਸੁਣ ਕੇ ਬੇਟੀ ਮੁਮਤਾਜ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ ਸੀ ਤੇ ਭਾਰੀ ਤਪ ਕੀਤਾ ਸੀ। ਭਾਈ ਬਚਿੱਤਰ ਸਿੰਘ ਜ਼ਖਮਾਂ ਦੀ ਤਾਅਬ ਨਾ ਸਹਿੰਦਾ ਹੋਇਆ ਸੱਤ ਪੋਹ ਨੂੰ ਸਦਾ ਲਈ ਵਿਛੜ ਗਿਆ ਸੀ। ਚੌਧਰੀ ਨਿਹੰਗ ਖਾਂ ਨੇ ਪਿੰਡ ਤੋਂ ਹੀ ਭਾਈ ਗੁਰਸਾ ਸਿੰਘ ਗਹੂਣੀਆਂ ਤੇ ਭਾਈ ਬੱਗਾ ਸਿੰਘ ਤਖਣੇਟੇ ਨੂੰ ਬੁਲਾ ਕੇ ਕਿਲ੍ਹੇ ਵਿਚ ਹੀ ਭਾਈ ਬਚਿੱਤਰ ਸਿੰਘ ਦਾ ਗੁਰਮਰਿਆਦਾ ਨਾਲ ਦਾਹ ਸਸਕਾਰ ਕਰਵਾ ਦਿੱਤਾ ਸੀ, ਜਿਥੇ ਅੱਜਕਲ੍ਹ ਸ਼ਹੀਦ ਭਾਈ ਬਚਿੱਤਰ ਸਿੰਘ ਟਰੱਸਟ ਕੋਟਲਾ ਨਿਹੰਗ ਖਾਂ ਦੇ ਸਹਿਯੋਗ ਨਾਲ ਕਾਰਸੇਵਾ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਦੇ ਬਾਬਾ ਬਚਨ ਸਿੰਘ ਆਲੀਸ਼ਾਨ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨਿਰਮਾਣ ਕਰਵਾ ਰਹੇ ਹਨ। ਇਸ ਟਰੱਸਟ ਦੇ ਪਹਿਲੇ ਪ੍ਰਧਾਨ ਮੱਖਣ ਸਿੰਘ ਸਨ, ਜਿਨ੍ਹਾਂ ਨੇ ਟਰੱਸਟ ਬਣਾ ਕੇ ਗੁਰਦੁਆਰਾ ਸਾਹਿਬ ਦੀ ਪਹਿਲੀ ਇਮਾਰਤ ਬਣਾਈ ਸੀ ਤੇ ਬਾਬਾ ਜੈਮਲ ਸਿੰਘ ਨਿਹੰਗ ਨੂੰ ਗੁਰਦੁਆਰਾ ਸਾਹਿਬ ਦਾ ਪ੍ਰਬੰਧਕ ਲਗਾਇਆ ਸੀ। ਇਸ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ 19, 20, 21 ਦਸੰਬਰ ਨੂੰ ਸਾਲਾਨਾ ਸ਼ਹੀਦੀ ਜੋੜ ਮੇਲਾ ਭਰਦਾ ਹੈ ਤੇ ਦੂਰ-ਦਰਾਜ ਤੋਂ ਪਹੁੰਚ ਕੇ ਸੰਗਤਾਂ ਗੁਰੂ-ਘਰ ਦੀਆਂ ਖੁਸ਼ੀਆਂ ਹਾਸਲ ਕਰਦੀਆਂ ਹਨ।

ਸਰਬਜੀਤ ਸਿੰਘ ਕੋਟਲਾ ਨਿਹੰਗ
-ਜ਼ਿਲ੍ਹਾ ਰੋਪੜ। ਮੋਬਾ: 94648-20881
ਭਾਈ ਉਦੈ ਸਿੰਘ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਸਿੱਖ ਸਨ। ਉਹ ਭਾਈ ਬੱਚਿਤਰ ਸਿੰਘ ਜੀ ਦੇ ਭਰਾ ਸਨ। ਉਨ੍ਹਾਂ ਦੇ ਪਿਤਾ ਮਨੀ ਰਾਮ ਜੀ ਨੇ ਜੋ ਅਲੀਪੁਰ ਦੇ ਵਸਨੀਕ ਸਨ, ਉਨ੍ਹਾਂ ਸਮੇਤ ਆਪਣੇ ਚਾਰ ਪੁੱਤਰ ਹੋਰ ਦਸ਼ਮੇਸ਼ ਜੀ ਨੂੰ ਅਰਪਣ ਕਰ ਦਿੱਤੇ ਸਨ।

ਭਾਈ ਉਦੈ ਸਿੰਘ ਜੀ ਬੜੇ ਚੰਗੇ ਨਿਸ਼ਾਨਚੀ ਤੇ ਨਿਰਭੈ ਸ਼ਿਕਾਰੀ ਸਨ। ਇੱਕ ਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਿਕਾਰ ਲਈ ਗਏ। ਕੁੱਝ ਸਿੱਖ ਵੀ ਸਤਿਗੁਰੂ ਜੀ ਦੇ ਨਾਲ ਸਨ, ਜਿਨ੍ਹਾਂ ਨੇ ਘੋੜਿਆਂ ਤੇ ਮਾਲ-ਭੰਡਾਰ ਵਾਸਤੇ ਘਾਹ-ਪੱਠਾ ਵੀ ਇਕੱਠਾ ਕਰਨਾ ਸੀ। ਦੋ ਪਹਾੜੀ ਰਾਜਿਆਂ ਬਲੀਆਂ ਚੰਦ ਅਤੇ ਆਲਮ ਚੰਦ ਨੇ ਜਦੋਂ ਦੇਖਿਆ ਕਿ ਸਤਿਗੁਰੂ ਜੀ ਦੇ ਨਾਲ ਸਿੱਖ ਬਹੁਤ ਥੋੜੇ ਹਨ ਤਾਂ ਉਨ੍ਹਾਂ ਨੇ ਸਤਿਗੁਰਾਂ ਤੇ ਹਮਲਾ ਕਰ ਦਿੱਤਾ।

ਭਾਈ ਉਦੈ ਸਿੰਘ ਜੀ ਨੇ ਇਸ ਲੜਾਈ ਵਿੱਚ ਕਮਾਲ ਦੀ ਬਹਾਦਰੀ ਵਿਖਾਈ। ਪਹਿਲਾ ਆਲਮ ਚੰਦ ਦਾ ਮੁਕਾਬਲਾ ਭਾਈ ਆਲਮ ਸਿੰਘ ਨਾਲ ਹੋਇਆ ਅਤੇ ਭਾਈ ਆਲਮ ਸਿੰਘ ਨੇ ਉਸ ਦੀ ਸੱਜੀ ਬਾਂਹ ਵੱਢ ਦਿੱਤੀ। ਬਲੀਆ ਚੰਦ ਨੇ ਅੱਗੇ ਵੱਧ ਕੇ ਭਾਈ ਉਦੈ ਸਿੰਘ ਨਾਲ ਟੱਕਰ ਲੈਣ ਦੀ ਸੋਚੀ ਤਾਂ ਭਾਈ ਉਦੈ ਸਿੰਘ ਨੇ ਬੰਦੂਕ ਦੀ ਗੋਲੀ ਨਾਲ ਉਸ ਨੂੰ ਫੱਟੜ ਕਰ ਦਿੱਤਾ ਅਤੇ ਉਹ ਡਿੱਗ ਪਿਆ। ਪਹਾੜੀਏ ਭੱਜ ਉਠੇ ਅਤੇ ਸਿੱਖਾਂ ਦੀ ਜਿੱਤ ਹੋਈ। ਭਾਈ ਉਦੈ ਸਿੰਘ ਦੀ ਬੀਰਤਾ ਦੀ ਗੁਰੂ ਸਾਹਿਬ ਜੀ ਨੇ ਬਹੁਤ ਪ੍ਰਸ਼ੰਸਾ ਕੀਤੀ।

ਅਨੰਦਪੁਰ ਸਾਹਿਬ ਦੀਆਂ ਸਾਰੀਆਂ ਲੜਈਆਂ ਵਿੱਚ ਭਾਈ ਉਦੈ ਸਿੰਘ ਨੇ ਵਧਚੜ੍ਹ ਕੇ ਹਿੱਸਾ ਲਿਆ। ਜਦ ਬਹੁਤ ਸਾਰੇ ਪਹਾੜੀ ਹਿੰਦੂ ਰਾਜਿਆਂ ਦੀਆਂ ਫੌਜਾਂ ਨੇ ਮਿਲ ਕੇ ਅਨੰਦਪੁਰ ਸਾਹਿਬ ਦਾ ਘੇਰਾ ਪਾਇਆ ਤਾਂ ਸਤਿਗੁਰੂ ਜੀ ਨੇ ਫਤਿਹਗੜ੍ਹ ਦੇ ਕਿਲ੍ਹੇ ਦੀ ਰੱਖਿਆ ਵਾਸਤੇ ਭਾਈ ਉਦੈ ਸਿੰਘ ਨੂੰ ਨਿਯੁਕਤ ਕੀਤਾ।

ਭਾਈ ਬਚਿੱਤਰ ਸਿੰਘ ਨੂੰ ਗੁਰੂ ਸਾਹਿਬ ਨੇ ਹਾਥੀ ਦੇ ਮੁਕਾਬਲੇ ਲਈ ਭੇਜਿਆ ਅਰੇ ਭਾਈ ਉਦੈ ਸਿੰਘ ਜੀ ਨੇ ਗੁਰੂ ਜੀ ਪਾਸੋਂ ਆਗਿਆ ਮੰਗੀ ਕਿ ਉਹ ਜਸਵਾਲ ਦੇ ਰਾਜੇ ਕੇਸਰੀ ਚੰਦ (ਜੋ ਪਹਾੜੀ ਰਾਜਿਆਂ ਦੀਆਂ ਫੌਜਾਂ ਦਾ ਜਰਨੈਲ ਸੀ) ਨੂੰ ਸਿੱਧਾ ਟਕਰਣਾ ਚਾਹੁੰਦਾ ਹੈ। ਸਤਿਗੁਰੂ ਜੀ ਦੀ ਆਗਿਆ ਲੈ ਕੇ ਭਾਈ ਉਦੈ ਸਿੰਘ ਨੇ ਕੁੱਝ ਸੂਰਬੀਰ ਸਿੰਘ ਨਾਲ ਲਏ ਅਤੇ ਹਿੰਦੂ ਰਾਜਿਆਂ ਉੱਤੇ ਭੁੱਖੇ ਸ਼ੇਰ ਦੀ ਤਰ੍ਹਾਂ ਟੁੱਟ ਪਿਆ ਅਤੇ ਪਲੋ-ਪਲੀ ਪਹਾੜੀ ਫੌਜਾਂ ਦੇ ਸੱਥਰ ਲਾਹ ਸੁੱਟੇ।

ਭਾਈ ਉਦੈ ਸਿੰਘ ਦੇ ਭਰਾ ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਸਿਰ ਵਿੱਚ ਨਾਗਣੀ ਬਰਛਾ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ। ਮਦ ਮਸਤ ਹਾਥੀ ਮਾਰ ਖਾ ਕੇ ਵਾਪਸ ਪਹਾੜੀ ਰਾਜਿਆਂ ਦੀਆਂ ਫੌਜਾਂ ਨੂੰ ਕੂਚਲਣ ਲੱਗ ਪਿਆ ਤਾਂ ਜਸਵਾਲ ਦੇ ਰਾਜੇ ਕੇਸਰੀ ਚੰਦ ਨੂੰ ਬਹੁਤ ਗੁੱਸਾ ਚੜ੍ਹਿਆ। ਉਸ ਸਮੇਂ ਭਾਈ ਉਦੈ ਸਿੰਘ ਕੁੱਦ ਕੇ ਮੈਦਾਨ ਵਿੱਚ ਆ ਗਿਆ ਤੇ ਉਸ ਨੇ ਰਾਜਾ ਕੇਸਰੀ ਚੰਦ ਨੂੰ ਵੰਗਾਰਦੇ ਹੋਏ ਆਖਿਆ ਕਿ ਤੇਰੇ ਵਿੱਚ ਹਿੰਮਤ ਹੈ ਤਾਂ ਸਿੱਧਾ ਉਸ ਨਾਲ ਲੋਹਾ ਲਵੇ।

ਸਾਹਮਣੇ ਆ ਕੇ ਦੋ ਹੱਥ ਕਰੇ। ਭਾਈ ਉਦੈ ਸਿੰਘ ਨੇ ਇਸ ਫੁਰਤੀ ਨਾਲ ਅੱਗੇ ਵੱਧ ਕੇ ਕੇਸਰੀ ਚੰਦ ਉਪਰ ਤਲਵਾਰ ਦਾ ਵਾਰ ਕੀਤਾ ਕਿ ਪਹਿਲੀ ਸੱਟੇ ਹੀ ਉਸ ਦਾ ਸਿਰ ਵੱਢ ਦਿੱਤਾ। ਵੱਢੇ ਹੋਏ ਸਿਰ ਨੂੰ ਆਪਣੇ ਬਰਛੇ ਉੱਤੇ ਟੰਗ ਕੇ ਤੇ ਉੱਚਾ ਚੁੱਕ ਕੇ ਭਾਈ ਉਦੈ ਸਿੰਘ ਫੌਰਨ ਕਿਲ੍ਹੇ ਵਿੱਚ ਵਾਪਸ ਪਰਤ ਆਏ। ਸਿੰਘਾ ਦੀ ਭਾਰੀ ਜਿੱਤ ਦਾ ਸਿਹਰਾ ਉਦੈ ਸਿੰਘ ਦੇ ਸਿਰ ਸੀ।

ਸ਼੍ਰੀ ਅਨੰਦਪੁਰ ਸਾਹਿਬ ਦੀ ਪੰਜਵੀਂ ਲੜਾਈ ਵਿੱਚ ਵੀ ਭਾਈ ਉਦੈ ਸਿੰਘ ਇੱਕ ਮੋਹਰੀ ਜਰਨੈਲ ਸੀ। ਇਨ੍ਹਾਂ ਨੇ ਦੁਸ਼ਮਣਾਂ ਦੇ ਖੂਬ ਆਹੁ ਲਹੇ। ਜਦੋਂ ਪਹਾੜੀ ਰਾਜਿਆਂ ਅਤੇ ਮੁਗਲ ਫ਼ੌਜਾਂ ਦੀ ਪੇਸ਼ ਨਾ ਗਈ ਤੇ ਬਹੁਤ ਨੁਕਸਾਨ ਹੋਇਆ ਤਾਂ ਉਨ੍ਹਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਦਾ ਵੱਡਾ ਘੇਰਾ ਪਾ ਦਿੱਤਾ। 6-7 ਮਹੀਨੇ ਦੇ ਘੇਰੇ ਦੌਰਾਨ ਕਈ ਝਪਟਾਂ ਹੋਈਆ।

ਅੰਤ ਪੋਹ ਦੇ ਮਹੀਨੇ 19-20 ਦਸੰਬਰ 1704 ਨੂੰ ਇੱਕ ਹਨੇਰੀ ਰਾਤ ਵਿੱਚ ਗੁਰੂ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਛੱਡ ਦਿੱਤਾ। ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਲ੍ਹੇ ਤੋਂ ਬਾਹਰ ਆਏ ਤਾਂ ਭਾਈ ਉਦੈ ਸਿੰਘ, ਭਾਈ ਦਯਾ ਸਿੰਘ ਤੇ ਭਾਈ ਆਲਮ ਸਿੰਘ ਸਭ ਤੋਂ ਅੱਗੇ ਸਨ।

ਸਤਿਗੁਰੂ ਜੀ ਪਹਿਲਾ ਰਾਮ ਘਨੌਲਾ ਨੂੰ ਗਏ ਤੇ ਫਿਰ ਕੀਰਤਪੁਰ ਵੱਲ ਮੁੜੇ ਪਰ ਜਦ ਉਹ ਨਿਰਮੋਹ ਲਾਗੇ ਪਹੁੰਚੇ ਤਾਂ ਦੁਸ਼ਮਣ ਨੇ ਪਿੱਛੋਂ ਹਮਲਾ ਕਰ ਦਿੱਤਾ। ਭਾਈ ਉਦੈ ਸਿੰਘ ਜੀ ਉਸ ਦਸਤੇ ਵਿੱਚ ਆ ਗਏ ਜੋ ਕਿ ਬਾਬਾ ਅਜੀਤ ਸਿੰਘ ਜੀ ਦੀ ਕਮਾਨ ਹੇਠਾਂ ਸੀ। ਸਰਸਾ ਕੰਢੇ ਤੇ ਬਹੁਤ ਭਿਆਨਕ ਲੜਾਈ ਹੋਈ। ਉਦੈ ਸਿੰਘ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਬੜੀ ਬਹਾਦਰੀ ਨਾਲ ਲੜੇ।

ਇੱਕ ਵਾਰ ਤਾਂ ਸਾਹਿਬਜਾਦਾ ਅਜੀਤ ਸਿੰਘ ਜੀ ਨੂੰ ਬਚਾਉਂਦੇ ਹੋਏ ਛਾਤੀਆਂ ਡਾਹ ਕੇ ਖੜ੍ਹੇ ਹੋ ਗਏ ਅਤੇ ਜਦੋਂ ਤੱਕ ਸਾਹਿਬਜਾਦਾ ਅਜੀਤ ਸਿੰਘ ਦੂਰ ਤੱਕ ਨਹੀਂ ਨਿਕਲ ਗਏ, ਭਾਈ ਸਾਹਿਬ ਉਥੇ ਹੀ ਡਟ ਗਏ ਅਤੇ ਦੁਸ਼ਮਣ ਦਾ ਮੁਕਾਬਲਾ ਕਰਦਿਆਂ ਹੋਇਆਂ ਸ਼ਹੀਦੀ ਪਾ ਗਏ। ਧੰਨ ਧੰਨ ਭਾਈ ਉਦੈ ਸਿੰਘ ਜੀ, ਜਿਨ੍ਹਾਂ ਨੇ ਧਰਮ ਦੇ ਖਾਤਰ ਸ਼ਹੀਦੀ ਪਾਈ।
Tags:
Posted in: ਸਾਹਿਤ