ਵੇਸਵਾਗਿਰੀ ਦੇ ਧੰਦੇ ਵਿੱਚ ਭਾਰਤ ਸੱਤਵੇ ਨੰਬਰ ‘ਤੇ

By August 13, 2016 0 Comments


ਜਸਬੀਰ ਸਿੰਘ ਪੱਟੀ 09356024684
india
ਔਰਤ ਦਾ ਸਾਡੋ ਸਮਾਜ ਵਿੱਚ ਵਿਸ਼ੇਸ਼ ਸਥਾਨ ਹੈ ਜਿਹੜੀ ਇੱਕ ਸਭ ਤੋ ਪਵਿੱਤਰ ਰਿਸ਼ਤੇ ਮਾਂ ਤੇ ਭੈਣ ਨਾਲ ਵੀ ਬੱਝੀ ਹੋਈ ਹੈ ਫਿਰ ਵੀ ਔਰਤ ਨੂੰ ਇੱਕ ਸਮਾਜਿਕ ਖਿਲੌਣਾ ਸਮਝ ਕੇ ਵਰਤਿਆ ਜਾਂਦਾ ਹੈ ਅਤੇ ਉਸ ਨੂੰ ਇੱਕ ਵੇਸਵਾ ਦਾ ਲਕਬ ਦੇ ਕੇ ਭੰਡਿਆ ਵੀ ਜਾਂਦਾ ਹੈ। ਦੁਨੀਆ ਭਰ ਵਿੱਚ ਭਾਰਤ ਦਾ ਵੇਸਵਾਗਿਰੀ ਵਿੱਚ ਸੱਤਵਾਂ ਸਥਾਨ ਹੈ ਜਦ ਕਿ ਪਹਿਲੇ ਨੰਬਰ ਦੇ ਵਿਕਾਸ਼ਸ਼ੀਲ ਦੇਸ ਚੀਨ, ਦੂਸਰੇ ਨੰਬਰ ਤੇ ਸਪੇਨ, ਤੀਸਰੇ ਨੰਬਰ ਤੇ ਜਪਾਨ, ਚੌਥੇ ਤੇ ਜਰਮਨੀ, ਪੰਜਵੇ ਤੇ ਦੁਨੀਆ ਦਾ ਪਹਿਲਾਂ ਮੁਲਕ ਅਮਰੀਕਾ, ਛੇਵੇ ਨੰਬਰ ਤੇ ਦੱਖਣੀ ਕੋਰੀਆ ਅਤੇ ਸੱਤਵੇ ਨੰਬਰ ਤੇ ਭਾਰਤ ਦਾ ਨਾਮ ਆਉਦਾ ਹੈ।
ਦੁਨੀਆ ਭਰ ਦੀ ਮੰਨੀ ਪ੍ਰਮੰਨੀ ਸੰਸਥਾ ‘ਵਾਕ ਫਰੀ ਫਾਊਡੇਸ਼ਨ’ ਨੇ ਵਿਸ਼ਵ ਪੱਧਰੀ ਗੁਲਾਮੀ ਦੇ ਇੰਡੈਕਸ ਦੀ ਇੱਕ ਰਿਪੋਰਟ ਜਾਰੀ ਕੀਤੀ ਹੈ। ਇਸ ਸਿਲਸਿਲੇ ਵਿੱਚ 2016 ਵਿੱਚ ਜਾਰੀ ਕੀਤੀ ਗਈ ਉਸ ਦੀ ਇਹ ਤੀਸਰੀ ਰਿਪੋਰਟ ਹੈ। ਇਸ ਰਿਪਰੋਟ ਵਿੱਚ 167 ਦੇਸ਼ਾਂ ਵਿੱਚ ਕੀਤੇ ਗਏ ਸਰਵੇਖਣਾ ਦੇ ਆਧਾਰ ਤੇ ਆਧੁਨਿਕ ਗੁਲਾਮੀ ਦੇ ਸ਼ਿਕਾਰ ਲੋਕਾਂ, ਮੁੱਖ ਕਾਰਨਾਂ ਅਤੇ ਸਰਕਾਰਾਂ ਦੀ ਕਾਰਵਾਈ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਗਲੋਬਲ ਸਲੇਵਰੀ ਇੰਡੈਕਸ ਰਿਪੋਰਟ ਅਨੁਸਾਰ ਭਾਰਤ ਦੀ 125 ਕਰੋੜ ਦੀ ਅਬਾਦੀ ਵਿੱਚੋਂ 1.83 ਕਰੋੜ ਤੋ ਵੀ ਵੱਧ ਲੋਕ ਸਿੱਧੇ ਤੌਰ ‘ਤੇ ਆਧੁਨਿਕ ਗੁਲਾਮੀ ਦਾ ਸ਼ਿਕਾਰ ਹਨ। ਇਹਨਾਂ ਵਿੱਚੋ ਵਧੇਰੇ ਕਰਕੇ ਜਬਰੀ ਵਿਆਹ, ਮਜਦੂਰੀ, ਮਨੁੱਖੀ ਸਮੱਗਲਿੰਗ ਅਤੇ ਵੇਸਵਾਗਿਰੀ ਦੇ ਧੰਦੇ ਵਿੱਚ ਸ਼ਾਮਲ ਲੋਕ ਹਨ।
ਵਾਕ ਫਰੀ ਫਾਊਡੇਸ਼ਨ ਦੇ ਮੁੱਖੀ ‘ਐੰਡ ਫਾਰੈਸਟ’ ਨੇ ਰਿਪੋਰਟ ਵਿੱਚ ਲਿਖਿਆ ਹੈ ਕਿ ਇਹ ਇੰਡੈਕਸ ਕੋਈ ਅਕਾਦਮਿਕ ਅਧਿਐਨ ਨਹੀ ਹੈ, ਬਲਕਿ ਇਸ ਵਿੱਚ ਠੋਸ ਕਾਰਵਾਈ ਕਰਨ ਲਈ ਸੱਦਾ ਦਿੱਤਾ ਗਿਆ ਹੈ। ਜੇਕਰ ਦੁਨੀਆ ਦੇ ਨੇਤਾ, ਉਦਯੋਗਪਤੀ ਸਮਾਜਿਕ ਕਾਰਕੁੰਨ ਆਪਣੀ ਇੱਛਾ ਸ਼ਕਤੀ ਪ੍ਰਦਰਸ਼ਿਤ ਕਰਨ ਤਾਂ ਗੁਲਾਮੀ ਨੂੰ ਖਤਮ ਕੀਤਾ ਜਾ ਸਕਦਾ ਹੈ। ਭਾਰਤ ਵਿੱਚ ਬੰਧੂਆ ਮਜਦੂਰੀ ਨੂੰ ਬਹੁਤ ਪਹਿਲਾਂ ਗੈਰ ਕਨੂੰਨੀ ਕਰਾਰ ਦਿੱਤਾ ਜਾ ਚੁੱਕਾ ਹੈ ਪਰ ਇਹ ਸਰਵੇਖਣ ਸਪੱਸ਼ਟ ਕਰਦਾ ਹੈ ਕਿ ਇਹ ਪ੍ਰਥਾ ਅੱਜ ਵੀ ਜਾਰੀ ਹੈ ਜਿਸ ਦਾ ਮੁੱਖ ਕਾਰਨ ਕਰਜ਼ਾ ਪ੍ਰਣਾਲੀ ਤੇ ਸਾਮੰਤੀ ਮਾਨਸਿਕਤਾ ਹੈ। ਘਰਾਂ ਵਿੱਚ ਕੰਮ ਕਰਨ ਵਾਲੇ ਲੱਗਪੱਗ ਸਾਰੇ ਕਾਮਿਆ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਹੈ ਜਦ ਕਿ ਆਰਥਿਕ ਤੇ ਸਰੀਰਕ ਸ਼ੋਸ਼ਣ ਦੀਆ ਘਟਨਾਵਾਂ ਆਮ ਵਾਪਰਦੀਆ ਰਹਿੰਦੀਆ ਹਨ ਅਤੇ ਕਦੇ ਕਦੇ ਕਦੇ ਇਹ ਅਖਬਾਰਾਂ ਦੀਆ ਸੁਰਖੀਆ ਵੀ ਬਣਦੀਆ ਹਨ। ਭਾਰਤ ਵਿੱਚ ਕਨੂੰਨ ਦਾ ਡੰਡਾ ਹੋਣ ਦੇ ਬਾਵਜੂਦ ਵੀ ਅਜਿਹੇ ਗ੍ਰੋਹ ਸਰਗਰਮ ਹਨ ਜਿਹੜੇ ਜਿਹੜੇ ਗਰੀਬਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਹਨਾਂ ਨੂੰ ਭੀਖ ਮੰਗਣ ਲਈ ਮਜਬੂਰ ਕਰਦੇ ਹਨ।
ਸੰਨ 2016 ਦੇ ਸਰਵੇ ਮੁਤਾਬਕ ਵੇਸਵਾਪੁਣਾ ਵੀ ਭਾਰਤ ਵਿੱਚ ਜ਼ੋਰ ਜ਼ਬਰੀ ਦੇ ਆਧਾਰ ਤੇ ਕਰਵਾਇਆ ਜਾਂਦਾ ਹੈ ਅਤੇ ਦੇਹ ਵਪਾਰ ਅੱਜ ਵੀ ਦੁਨੀਆ ਭਰ ਦੇ ਮੱਥੇ ਤੇ ਕਲੰਕ ਹੈ। ਦੁਨੀਆ ਭਰ ਵਿੱਚ ਲੰਮੇ ਸਮੇਂ ਤੋ ਔਰਤ ਦੀ ਆਨ ਤੇ ਸ਼ਾਨ ਦੇ ਖਿਲਾਫ ਜਾਣਿਆ ਜਾਂਦਾ ਇਹ ਧੰਦਾ ਔਰਤਾਂ ਦੀ ਅਜ਼ਾਦੀ ‘ਤੇ ਕਲੰਕ ਹੀ ਨਹੀ ਸਗੋਂ ਇੱਕ ਆਦਰਸ਼ ਸਮਾਜ ਦੀ ਸਥਾਪਨਾ ਕਰਨ ਦੇ ਰਸਤੇ ਵਿੱਚ ਵੀ ਵੱਡੀ ਰੁਕਾਵਟ ਹੈ। ਭਾਰਤ ਵਰਗੇ ਵਿਸ਼ਾਲ ਦੇਸ਼ ਵਿੱਚ ਬੇਰੁਜਗਾਰੀ, ਮਜਬੂਰੀ ਤੇ ਜਬਰੀ ਲੰਮੇ ਸਮੇਂ ਤੋ ਔਰਤਾਂ ਨੂੰ ਦੇਹ ਵਪਾਰ ਵਰਗਾ ਇਹ ਘਿਨਾਉਣਾ ਧੰਦਾ ਨਾ ਚਹੁੰਦਿਆ ਵੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹੈਵੋਕ ਸਕੋਪ ਰਿਸਰਚ ਇੰਸਟੀਚਿਊਟ ਨੇ ਵਿਸ਼ਵ ਦੇ ਕਈ ਦੇਸ਼ਾਂ ਤੋ ਸੈਕਸ ਬਜ਼ਾਰ ਦੇ ਅੰਕੜੇ ਇਕੱਠੇ ਕੀਤੇ ਹਨ ਜਿਹਨਾਂ ਵਿੱਚ ਭਾਰਤ ਨੂੰ ਇਸ ਗੋਰਖ ਧੰਦੇ ਦਾ ਇੱਕ ਵੱਡਾ ਵਪਾਰ ਦੱਸਿਆ ਗਿਆ ਹੈ ਜਿਥੇ ਹਰ ਸਾਲ 840 ਅਰਬ ਡਾਲਰ ਦਾ ਹਰ ਸਾਲ ਵਪਾਰ ਹੁੰਦਾ ਹੈ। ਇਹ ਸਿਰਫ ਸਰਵੇ ਅਨੁਸਾਰ ਰਿਪੋਰਟ ਹੈ ਪਰ ਇਸ ਤੋ ਇਲਾਵਾ ਵੀ ਇਹ ਗੋਰਖਧੰਦਾ ਕਾਫੀ ਅੱਗੇ ਵੱਧ ਗਿਆ ਹੈ ਅਤੇ ਹੋਟਲ ਵੀ ਇਸ ਧੰਦੇ ਦੋ ਕੇਂਦਰ ਬਣੇ ਹੋਏ ਹਨ। ਧਾਰਮਿਕ ਅਸਥਾਨਾ ਦੀਆ ਸਰਾਵਾਂ ਵੀ ਇਸ ਧੰਦੇ ਲਈ ਵਰਤੀਆ ਜਾਂਦੀਆ ਹਨ ਤੇ ਕਈ ਵਾਰੀ ਲੋਕ ਫੜੇ ਵੀ ਗਏ ਹਨ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਿਲਕੁਲ ਨਜ਼ਦੀਕ ਇੱਕ ਹੋਟਲ ਪਿਛਲੇ ਕਈ ਦਹਾਕਿਆ ਤੋ ਵੇਸਵਾਗਿਰੀ ਦੇ ਧੰਦੇ ਲਈ ਬਦਨਾਮ ਤੇ ਕਈ ਵਾਰੀ ਉਸ ਹੋਟਲ ਵਾਲਿਆ ਦੇ ਖਿਲਾਫ ਪੁਲੀਸ ਕਾਰਵਾਈ ਵੀ ਹੋ ਚੁੱਕੀ ਹੈ ਪਰ ਫਿਰ ਇਹ ਧੰਦਾ ਦਿਨ ਦੁੱਗਣੀ ਚਾਰ ਚੌਗੁਣੀ ਤਰੱਕੀ ਕਰ ਰਿਹਾ ਹੈ।
ਦੇਸ਼ ਦੀ ਰਾਜਧਾਨੀ ਵਿੱਚ ਪੰਜ ‘ਲੋਹ ਔਰਤਾਂ’ ਵਜੋ ਜਾਣੀਆ ਜਾਂਦੀਆ ਬੀਬੀਆ ਉੱਚੇ ਮੁਰਤਬੇ ਵਾਲੇ ਆਹੁਦਿਆ ਰਹੀਆ ਜਿਹਨਾਂ ਵਿੱਚ ਦੇਸ਼ ਦੇ ਰਾਸ਼ਟਰਪਤੀ ਦੇ ਆਹੁਦੇ ‘ਤੇ ਸ੍ਰੀਮਤੀ ਪ੍ਰਭਿਤਾ ਦੇਵੀ ਸਿੰਘ ਪਾਟਿਲ , ਸ੍ਰੀਂਮਤੀ ਸੋਨੀਆ ਗਾਂਧੀ ਕਾਂਗਰਸ ਦੇ ਕੌਮੀ ਪ੍ਰਧਾਨ ਤੇ ਕੇਂਦਰ ਦੀ ਕਾਂਗਰਸ ਪਾਰਟੀ ਦੇ ਚੇਅਰਪਰਸਨ, ਸ਼ੁਸ਼ਮਾ ਸਵਰਾਜ ਵਿਰੋਧੀ ਧਿਰ ਦੀ ਨੇਤਾ, ਸ੍ਰੀਮਤੀ ਸ਼ੀਲਾ ਦੀਕਸ਼ਤ ਦਿੱਲੀ ਦੀ ਮੁੱਖ ਮੰਤਰੀ ਤੇ ਲੋਕ ਸਭਾ ਦੀ ਸਪੀਕਰ ਮੀਰਾ ਕੁਮਾਰ ਵਰਗੀਆ ਰਹੀਆ ਹਨ ਪਰ ਉਹ ਦੇਸ਼ ਵਿੱਚੋ ਤਾਂ ਕੀ ਦਿੱਲੀ ਦੇ ਜੀ ਬੀ ਰੋਡ ਤੋ ਵੇਸਵਾਗਿਰੀ ਦਾ ਧੰਦਾ ਬੰਦ ਨਹੀ ਕਰਵਾ ਸਕੀਆ ਹਨ। ਉਹਨਾਂ ਦੇ ਹੁੰਦਿਆ ਕੋਲਕਤਾ ਦਾ ਸੋਨਾਗਾਛੀ ਇਲਾਕੇ ਨੂੰ ਏਸ਼ੀਆ ਦਾ ਸਭ ਤੋ ਵੱਡਾ ਲਾਲਬੱਤੀ ਏਰੀਆ ਮੰਨਿਆ ਜਾਂਦਾ ਹੈ ਜਿਥੇ ਹਜ਼ਾਰਾ ਔਰਤਾਂ ਆਪਣੈ ਜਿਸਮ ਵੇਚਦੀਆ ਹਨ ਤੇ ਉਥੋ ਦੀ ਮੁੱਖ ਮੰਤਰੀ ‘ਆਇਰਨ ਲੇਡੀ’ ਵਜੋ ਜਾਣੀ ਮੋਹਤਰਮਾ ਮਮਤਾ ਬੈਨਰਜੀ ਹੈ। ਅੰਦਾਜੇ ਮੁਤਾਬਕ ਇਥੇ ਕਈ ੂਬਹੁ ਮੰਜ਼ਿਲਾਂ ਇਮਾਰਤਾਂ ਹਨ , ਜਿਥੇ ਕਰੀਬ 11 ਹਜ਼ਾਰ ਵੇਸਵਾਵਾਂ ਦੇਹ ਵਪਾਰ ਦੇ ਇਸ ਗੋਰਖ ਧੰਦੇ ਵਿੱਚ ਸ਼ਾਮਲ ਹਨ।
ਇਸੇ ਤਰ•ਾ ਹੀ ਬੰਗਾਲ ਦੇ ਉੱਤਰੀ ਕੋਲਕਤਾ ਦੇ ਖਿੱਤੇ ਦੇ ਸ਼ੋਭਾ ਬਜ਼ਾਰ ਨੇੜੇ ਰੇਲਵੇ ਵਿਭਾਗ ਲਈ ਤਾਕਤ (ਇੰਜਨ) ਪੈਦਾ ਕਰਨ ਵਾਲੇ ਚਿਤਰੰਜਨ ਸ਼ਹਿਰ ਦੇ ਨਾਮ ਤੇ ਵੱਸੇ ਚਿਤਰੰਜਨ ਐਵੇਨਿਉ ਦੇ ਇਲਾਕੇ ਵਿੱਚ ਕਈ ਵੇਸਵਾਵਾਂ ਦੇ ਧੰਦੇ ਨੂੰ ਕਨੂੰਨੀ ਮਾਨਤਾ ਦੇ ਕੇ ਉਹਨਾਂ ਨੂੰ ਧੰਦਾ ਕਰਨ ਦੇ ਲਾਈਸੰਸ ਜਾਰੀ ਕੀਤੇ ਗਏ ਹਨ। ਇਸ ਧੰਦੇ ਨੂੰ ਸੈਕੜਿਆ ਗਿਣਤੀ ਵਿੱਚ ਮਰਦ ਵੀ ਚਲਾਉਦੇ ਹਨ ਜਿਹੜੇ ਵੱਖ ਵੱਖ ਗ੍ਰੋਹਾਂ ਵਿੱਚ ਵੰਡੇ ਹੋਏ ਹਨ। ਰਾਜਧਾਨੀ ਦਿੱਲੀ ਸਥਿਤ ਜੀ ਬੀ ਰੋਡ ਦਾ ਨਾਮ ਅਸਲ ਵਿੱਚ ਗਾਰਸਟਿਨ ਬਾਸਟਿਨ ਰੋਡ ਹੈ ਅਤੇ ਰਾਜਧਾਨੀ ਦਾ ਇਹ ਸਭ ਤੋ ਵੱਡਾ ਰੈਡ ਲਾਈਟ ਏਰੀਆ ਹੈ ਜਿਥੇ ਹਰ ਲੰਘਣ ਵਾਲੇ ਨੂੰ ਵੇਸਵਾਵਾਂ ਇੰਜ ਵਾਜਾ ਮਾਰਦੀਆ ਹਨ ਜਿਵੇ ਉਹਨਾਂ ਕਿਸੇ ਵਿਦੇਸ਼ੀ ਮਾਲ ਦੀ ‘ਸੇਲ’ ਲਗਾਈ ਹੋਵੇ। ਹਾਲਾਂ ਕਿ ਇਸ ਇਲਾਕੇ ਦਾ ਨਾਮ 1965 ਵਿੱਚ ਲਾਲ ਬਹਾਦਰ ਸ਼ਾਸ਼ਤਰੀ ਦੀ ਸਰਕਾਰ ਸਮੇਂ ਬਦਲ ਕੇ ‘ਸਵਾਮੀ ਸ਼ਰਧਾਨੰਦ ਮਾਰਗ’ ਕਰ ਦਿੱਤਾ ਸੀ ਪਰ ਇਹ ਨਾਮ ਕੋਈ ਪ੍ਰਚਲਿਤ ਨਹੀ ਹੋ ਸਕਿਆ ਤੇ ਅੱਜ ਇਸ ਇਲਾਕੇ ਵਿੱਚ ਵੇਸਵਾਗਿਰੀ ਕਰਨ ਵਾਲੀਆ ਬੀਬੀਆ ਵੱਲੋ ਪੂਰੀ ਸ਼ਰਧਾ ਵਰਤਾਈ ਜਾ ਰਹੀ ਹੈ। ਮੁਗਲ ਸਾਮਰਾਜ ਵੇਲੇ ਇਥੇ ਸਿਰਫ ਪੰਜ ਲਾਲਬੱਤੀ ਦੇ ਠਿਕਾਣੇ ਸਨ ਭਾਵ ਵੇਸਵਾਵਾਂ ਦੇ ਕੋਠੇ ਹੋਇਆ ਕਰਦੇ ਸਨ ਜਿਥੇ ਅਮੀਰ ਲੋਕ ਜਾ ਕੇ ਮੁੰਜਰਾਂ ਵੇਖਦੇ ਤੇ ਆਪਣੀ ਜਿਸਮਾਨੀ ਭੁੱਖ ਮਿਟਾਉਣ ਦੇ ਨਾਲ ਨਾਲ ਸੁਰ ਦੇ ਨਾਲ ਨਾਲ ਸੁਰਾ ਦਾ ਵੀ ਅਨੰਦ ਮਾਣਦੇ। ਅੰਗਰੇਜ਼ ਸਾਮਰਾਜ ਵੇਲੇ ਇਹਨਾਂ ਪੰਜਾਂ ਨੂੰ ਇਕੱਠਾ ਕਰ ਦਿੱਤਾ ਗਿਆ ਤੇ ਉਸ ਵੇਲੇ ਤੋ ਹੀ ਇਕੱਠਾ ਕਰਨ ਵਾਲੇ ਅੰਗਰੇਜ ਦੇ ਨਾਮ ਤੇ ਇਹ ਦਾ ਨਾਮ ਜੀ.ਬੀ ( ਗਾਰਸਟਿਨ ਤੇ ਬਾਸਟਿਨ) ਰੋਡ ਪੈ ਗਿਆ।
ਦੇਸ਼ ਦੀ ਆਰਥਿਕ ਰਾਜਧਾਨੀ ਵਜੋ ਜਾਣੇ ਜਾਂਦੇ ਮੁਬੰਈ ਦੇ ਇਲਾਕੇ ਕਮਾਠੀਪੁਰਾ ਪ੍ਰਮੁੱਖ ਰੈਂਡ ਲਾਈਟ ਖੇਤਰ ਵਜੋ ਚਰਚਿਤ ਹੈ। ਦੱਸਿਆ ਜਾਂਦਾ ਹੈ ਕਿ ਇਹ ਏਸ਼ੀਆ ਦਾ ਸਭ ਤੋ ਪੁਰਾਣਾ ਰੈਡ ਲਾਈਟ ਏਰੀਆ ਹੈ ਜਿਥੇ ਵੇਸਵਾਵਾਂ ਵੀ ਦੀ ਦਰਜਾਬੰਦੀ ਕੀਤੀ ਗਈ ਹੈ। ਇਸ ਖੇਤਰ ਦਾ ਇਤਿਹਾਸ ਜੇਕਰ ਫਰੋਲੀਏ ਤਾਂ ਸੰਨ 1795 ਵਿੱਚ ਪੁਰਾਣੀ ਬੰਬਈ ਦੇ ਨਿਰਮਾਣ ਸਮੇਂ ਹੀ ਇਹ ਖੇਤਰ ਹੋਂਦ ਵਿੱਚ ਆ ਗਿਆ ਸੀ ਭਾਵ ਕਿ ਔਰਤ ਦਾ ਜਿਸਮਾਨੀ ਸ਼ੋਸ਼ਣ ਅੱਜ ਕੋਈ ਨਵਾਂ ਨਹੀ ਸਗੋ ਇਹ ਸਮਾਜ ਦੀ ਉਤਪਤੀ ਦੇ ਨਾਲ ਹੀ ਸ਼ੁਰੂ ਹੋ ਗਿਆ ਸੀ। ਪ੍ਰਸਿੱਧ ਲਿਖਾਰੀ ਤੇ ਦਾਰਸ਼ਨਿਕ ਖ੍ਰੁਸ਼ਵੰਤ ਸਿੰਘ ਨੂੰ ਜਦੋ ਇੱਕ ਐੰਕਰ ਨੇ ਟੀ.ਵੀ ਇੰਟਰਵਿਊ ਲੈਦਿਆ ਇਹ ਸਵਾਲ ਪੁੱਛਿਆ ਸੀ ਕਿ ਭਾਰਤ ਵਿੱਚ ਅਜ਼ਾਦੀ ਵੱਧਣ ਦੇ ਕੀ ਕਾਰਨ ਹਨ? ਉਹਨਾਂ ਦਾ ਜਵਾਬ ਸੀ ਕਿ ਇਥੇ ਮਨੋਰੰਜਨ ਦੇ ਹੋਰ ਸਾਧਨ ਬਹੁਤ ਘੱਟ ਹਨ।
ਭਾਰਤ ਦੇ ਵੱਖ ਵੱਖ ਪ੍ਰਾਤਾਂ ਵਿੱਚ ਮਾਦਾ ਭਰੂਣ ਹੱਤਿਆ ਕਾਰਨ ਵਿਆਹ ਲਈ ਲੜਕੀਆ ਦੀ ਗਿਣਤੀ ਘੱਟ ਰਹਿ ਗਈ ਹੈ ਅਤੇ ਹੋਰ ਵੀ ਘੱਟ ਰਹੀ ਹੈ। ਇਸ ਹਾਲਤ ਵਿੱਚ ਮਜੂਬਰੀ ਵੱਸ ਵਿਆਹ ਲਈ ਲੜਕੀਆ ਦੀ ਸਮੱਗਲਿੰਗ ਦੇ ਮਾਮਲੇ ਲਗਾਤਾਰ ਵੱਧੇ ਹਨ। ਔਰਤਾਂ ਦੇ ਅਗਵਾ, ਉਥਾਲ ਤੇ ਛੇੜ ਛਾੜ ਦੀਆ ਘਟਨਾਵਾਂ ਵਿੱਚ ਵੀ ਢੇਰ ਸਾਰਾ ਵਾਧਾ ਹੋਇਆ ਹੈ। ਰਾਜਧਾਨੀ ਦਿੱਲੀ ਵਿੱਚ ਦੋ ਅਜਿਹੇ ਵੱਡੇ ਕੇਸ ਵਾਪਰੇ ਹਨ ਜਿਹਨਾਂ ਨੇ ਇੱਕ ਵਾਰੀ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਰ ਬਲਾਤਕਾਰ ਤੇ ਛੇੜਛਾੜ ਦੀਆ ਘਟਨਾਵਾਂ ਫਿਰ ਵੀ ਜਾਰੀ ਹਨ। ਲੋਕਾਂ ਨੂੰ ਸੈਕਸ ਸਬੰਧੀ ਵਿਦਿਆ ਦੇਣ ਦੇ ਵੀ ਕੋਈ ਖਾਸ ਪ੍ਰਬੰਧ ਨਹੀ ਹਨ ਅਤੇ ਔਰਤ 21 ਵੀ ਸਦੀ ਵਿੱਚ ਵੀ ਆਰਥਿਕ, ਸਮਾਜਿਕ , ਧਾਰਮਿਕ ਤੇ ਵਿਸ਼ੇਸ਼ ਕਰਕੇ ਜਿਸਮਾਨੀ ਤੌਰ ‘ਤੇ ਗੁਲਾਮ ਹੈ। ਭਾਰਤ ਅੱਜ 70 ਵਾਂ ਅਜਾਦੀ ਦਿਵਸ ਮਨਾਉਣ ਜਾ ਰਿਹਾ ਹੈ ਪਰ ਔਰਤ ਦੀ ਗੁਲਾਮੀ ਅੱਜ ਵੀ ਬਰਕਰਾਰ ਹੈ ਅਤੇ ਇਸ ਪ੍ਰਕਾਰ ਦੀ ਗੁਲਾਮੀ ਨੂੰ ਰੋਕਣ ਲਈ ਕਨੂੰਨ ਤਾਂ ਜ਼ਰੂਰ ਹਨ , ਪਰ ਅਮਲੀ ਤੌਰ ‘ਤੇ ਲਾਗੂ ਨਹੀ ਕੀਤੇ ਜਾ ਰਹੇ ਹਨ ਕਿਉਕਿ ਹਰ ਅਜਿਹੇ ਗੋਰਖਧੰਦੇ ਪਿੱਛੇ ਸਿਆਸਤਦਾਨਾ ਤੇ ਬਾਰਸੂਖ ਵਿਅਕਤੀਆ ਦਾ ਹੱਥ ਹੁੰਦਾ ਹੈ ਜਿਹੜੇ ਆਪਣੀ ਮਾਇਆ ਦੀ ਭੁੱਖ ਨੂੰ ਮਿਟਾਉਣ ਲਈ ਕੋਈ ਵੀ ਅਜਿਹਾ ਕਾਰਜ ਕਰਨ ਲਈ ਤਿਆਰ ਰਹਿੰਦੇ ਹਨ ਜਿਸ ਨਾਲ ਉਹਨਾਂ ਨੂੰ ਫਾਇਦਾ ਮਿਲਦਾ ਹੋਵੇ। ਜੇਕਰ ਸਰਕਾਰਾਂ ਸਖਤ ਹੋ ਜਾਣ ਤੇ ਅਜਿਹੇ ਧੰਦਾ ਕਰਨ ਲਈ ਮਜਬੂਰ ਕਰਨ ਵਾਲਿਆ ਦੇ ਖਿਲਾਫ ਸਖਤ ਤੋ ਸਖਤ ਕਾਰਵਾਈ ਹੋਵੇ ਤਾਂ ਇਸ ਬੁਰਾਈ ਨੂੰ ਫੈਲਣ ਤੋ ਰੋਕਿਆ ਜਾ ਸਕਦਾ ਹੈ ਪਰ ਅਫਸੋਸ ਕੌਣ ਸਾਹਿਬ ਨੂੰ ਆਖੇ…… .. .. .. ..!
Tags: