ਬੱਚਿਆਂ ਨੂੰ ਗੁਰਮਤਿ ਨਾਲ ਕਿਵੇਂ ਜੋੜੀਏ?

By August 12, 2016 0 Comments


gurmat (1)

gurmat (2)ਅੱਜ ਸਾਡੇ ਪੰਜਾਬ ਲਈ ਅਤੇ ਖਾਸ ਕਰਕੇ ਸਿੱਖ ਸਮਾਜ ਲਈ ਸਭ ਤੋਂ ਵੱਡੀ ਸਮੱਸਿਆ ਨੌਜਵਾਨਾਂ ਵਿਚ ਫ਼ੈਲੇ ਨਸ਼ਿਆਂ ਅਤੇ ਪਤਿਤਪੁਣੇ ਦੀ ਬਣੀ ਹੋਈ ਹੈ। ਭਾਵੇਂ ਕਿ ਸਾਡੇ ਪੰਜਾਬ ਦੇ ਹਾਕਮ ਇਹ ਗੱਲ ਮੰਨਣ ਲਈ ਤਿਆਰ ਨਹੀਂ ਹਨ ਪਰ ਜਦੋਂ ਵੀ ਸਿਆਣੇ ਲੋਕ ਆਪਸ ਵਿਚ ਚਰਚਾ ਕਰਦੇ ਹਨ ਤਾਂ ਇਹ ਆਮ ਹੀ ਚਰਚਾ ਛਿੜ ਪੈਂਦੀ ਹੈ ਕਿ ਦੇਖੋ ਜੀ ਨਸ਼ੇ ਬੜੇ ਵਧ ਗਏ ਹਨ, ਮੁੰਡੇ ਘਰੇ ਕੰਮ ਨੂੰ ਹੱਥ ਲਾ ਕੇ ਰਾਜ਼ੀ ਨਹੀਂ, ਸਾਰਾ-ਸਾਰਾ ਦਿਨ ਵਿਹਲੇ ਮੋਟਰਸਾਈਕਲਾਂ ‘ਤੇ ਗਲੀਆਂ ਦੇ ਗੇੜੇ ਕੱਢਦੇ ਰਹਿੰਦੇ ਹਨ। ਜਦ ਕੋਈ ਮਾਪੇ ਆਪਣੀ ਧੀ ਵਾਸਤੇ ਵਰ ਲੱਭਦੇ ਹਨ ਤਾਂ ਉਨ੍ਹਾਂ ਸਾਹਮਣੇ ਸਭ ਤੋਂ ਵੱਡੀ ਚਿੰਤਾ ਇਸ ਗੱਲ ਦੀ ਹੁੰਦੀ ਹੈ ਕਿ ਕਿਤੇ ਭਾਲਿਆ ਜਾਣ ਵਾਲਾ ਵਰ (ਲੜਕਾ) ਨਸ਼ਿਆਂ ਦਾ ਆਦੀ ਤਾਂ ਨਹੀਂ, ਕਿਉਂਕਿ ਅੱਜ ਪੰਜਾਬ ਵਿਚ ਬਹੁਤ ਸਾਰੇ ਰਿਸ਼ਤੇ ਵਿਆਹੇ ਹੋਏ ਲੜਕਿਆਂ ਦੇ ਨਸ਼ਿਆਂ ‘ਚ ਗੁਲਤਾਨ ਹੋਣ ਕਾਰਨ ਦੋ-ਚਾਰ ਸਾਲ ਵਿਚ ਹੀ ਟੁੱਟ ਜਾਂਦੇ ਹਨ, ਨੌਬਤ ਤਲਾਕ ਤੱਕ ਪੁੱਜਦੀ ਹੈ। ਸਾਡੇ ਅੱਜ ਬਹੁਤੇ ਵੀਰ-ਭੈਣਾਂ ਨਸ਼ੇ ਫ਼ੈਲਣ ਲਈ ਸਰਕਾਰ ਨੂੰ ਅਕਸਰ ਕੋਸਦੇ ਹਨ ਅਤੇ ਕਈ ਵੀਰ-ਭੈਣਾਂ ਅਕਸਰ ਇਹ ਕਹਿੰਦੇ ਸੁਣਾਈ ਦਿੰਦੇ ਹਨ ਕਿ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੱਚਿਆਂ ਅਤੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਸੁਹਿਰਦ ਯਤਨ ਨਹੀਂ ਕਰ ਰਹੀ।
ਭਾਵੇਂ ਅਸੀਂ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਸਦੇ ਹਾਂ, ਪਰ ਸਾਨੂੰ ਆਪਣੇ ਵੱਲ ਝਾਤੀ ਜ਼ਰੂਰ ਮਾਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਨ੍ਹਾਂ ਬੁਰਾਈਆਂ ਵੱਲ ਜਾਣ ਤੋਂ ਰੋਕਣ ਅਤੇ ਸਿੱਖੀ ਨਾਲ ਜੋੜਨ ਲਈ ਕੀ ਕਰ ਰਹੇ ਹਾਂ? ਇਸ ਦੇ ਲਈ ਸਾਰੇ ਮਾਪਿਆਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਗੁਰਦੁਆਰੇ ਲਿਜਾਣਾ ਸ਼ੁਰੂ ਕਰਨ, ਛੋਟੀ ਉਮਰ ਵਿਚ ਹੀ ਬੱਚਿਆਂ ਨੂੰ ਗੁਰਬਾਣੀ ਅਤੇ ਗੁਰਮਤਿ ਸਾਹਿਤ ਨਾਲ ਜੋੜਨ। ਬੱਚਿਆਂ ਦੇ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਹਰ ਰੋਜ਼ ਅੰਮ੍ਰਿਤ ਵੇਲੇ ਆਪ ਜਾਗਣ ਤੇ ਆਪਣੇ ਬੱਚਿਆਂ ਨੂੰ ਵੀ ਨਾਲ ਹੀ ਉਠਾ ਕੇ ਇਸ਼ਨਾਨ ਤੋਂ ਬਾਅਦ ਗੁਰਦੁਆਰਾ ਸਾਹਿਬ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਰਵਣ ਕਰਨ ਅਤੇ ਕਰਵਾਉਣ। ਘਰ ਵਿਚ ਅੰਮ੍ਰਿਤ ਵੇਲੇ ਦੀਆਂ ਨਿਤਨੇਮ ਦੀਆਂ ਬਾਣੀਆਂ ਪਰਿਵਾਰ ਵੱਲੋਂ ਸਮੂਹਿਕ ਰੂਪ ਵਿਚ ਪੜ੍ਹੀਆਂ ਜਾਣ, ਜਿਹੜੇ ਪਰਿਵਾਰਕ ਮੈਂਬਰ ਪਾਠ ਗੁਟਕਾ ਸਾਹਿਬ ਤੋਂ ਨਹੀਂ ਕਰ ਸਕਦੇ, ਉਹ ਬੈਠ ਕੇ ਪਾਠ ਸਰਵਣ ਕਰਨ ਤੇ ਇਸ ਤੋਂ ਬਾਅਦ ਹੀ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਅਤੇ ਆਪਣਾ ਦਿਨ ਦਾ ਕੰਮ ਕਾਰ ਸ਼ੁਰੂ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਸ਼ਾਮ ਨੂੰ ਹੋ ਸਕੇ ਤਾਂ ਗੁਰਦੁਆਰਾ ਸਾਹਿਬ ਜਾਇਆ ਜਾਵੇ ਤੇ ਘਰ ਵਿਚ ਰਹਿਰਾਸ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਅਰਦਾਸ ਕੀਤੀ ਜਾਵੇ, ਜਦਕਿ ਸੌਣ ਮੌਕੇ ਸੋਹਿਲਾ ਸਾਹਿਬ ਦਾ ਪਾਠ ਜ਼ਰੂਰ ਹੀ ਕੀਤਾ ਜਾਵੇ। ਇਸ ਮੌਕੇ ਵੀ ਜਾਂ ਬੱਚਿਆਂ ਨੂੰ ਗੁਰਬਾਣੀ ਪੜ੍ਹਨ ਲਈ ਪ੍ਰੇਰਿਆ ਜਾਵੇ ਜਾਂ ਫਿਰ ਉਨ੍ਹਾਂ ਨੂੰ ਕੋਲ ਬਿਠਾ ਕੇ ਪਾਠ ਸੁਣਾਇਆ ਜਾਵੇ।
ਮਾਪਿਆਂ ਨੂੰ ਚਾਹੀਦਾ ਹੈ ਕਿ ਘਰਾਂ ਵਿਚ ਗੁਰਬਾਣੀ ਸੈਂਚੀਆਂ ਰੱਖੀਆਂ ਜਾਣ, ਜਿਨ੍ਹਾਂ ਤੋਂ ਵਿਹਲੇ ਸਮੇਂ ਆਪ ਅਤੇ ਬੱਚਿਆਂ ਨੂੰ ਗੁਰਬਾਣੀ ਪੜ੍ਹਨ ਤੇ ਸੁਣਨ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਨਿਤਨੇਮ ਤੇ ਹੋਰ ਬਾਣੀਆਂ ਦੀ ਵਿਆਖਿਆ ਵਾਲੀਆਂ ਪੁਸਤਕਾਂ ਬੱਚਿਆਂ ਨੂੰ ਪੜ੍ਹਾਈਆਂ ਜਾਣ। ਇਸ ਨਾਲ ਜਿਥੇ ਗੁਰਬਾਣੀ ਦੇ ਅਰਥਾਂ ਦੀ ਸਮਝ ਪਵੇਗੀ, ਉਥੇ ਗੁਰਬਾਣੀ ਪੜ੍ਹਨ ਵਿਚ ਸਮਝ ਹੋਣ ਕਾਰਨ ਮਨ ਵਧੇਰੇ ਲੱਗੇਗਾ। ਇਸ ਦੇ ਨਾਲ ਹੀ ਘਰ ਵਿਚ ਇਕ ਛੋਟੀ ਲਾਇਬ੍ਰੇਰੀ ਬਣਾਈ ਜਾਵੇ, ਜਿਸ ਵਿਚ ਸਿੱਖ ਧਰਮ ਨਾਲ ਸਬੰਧਤ ਅਤੇ ਹੋਰ ਗਿਆਨ ਵੰਡਣ ਵਾਲੀਆਂ ਪੁਸਤਕਾਂ ਹੋਣੀਆਂ ਚਾਹੀਦੀਆਂ ਹਨ। ਵਿਹਲੇ ਸਮੇਂ ਇਨ੍ਹਾਂ ਪੁਸਤਕਾਂ ਨੂੰ ਪੜ੍ਹਨ ਲਈ ਵੀ ਬੱਚਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਅਤੇ ਹੋਰ ਇਤਿਹਾਸਕ ਗੁਰਧਾਮਾਂ ਦੇ ਬੱਚਿਆਂ ਨੂੰ ਸਮਾਂ ਮਿਲਣ ‘ਤੇ ਦਰਸ਼ਨ ਜ਼ਰੂਰ ਕਰਵਾਉਣੇ ਚਾਹੀਦੇ ਹਨ। ਇਨ੍ਹਾਂ ਗੁਰਦੁਆਰਿਆਂ ਦੇ ਇਤਿਹਾਸ ਸਬੰਧੀ ਜਾਣਕਾਰੀ ਦੇਣੀ ਚਾਹੀਦੀ ਹੈ। ਉੱਥੇ ਖੁੱਲ੍ਹਾ ਸਮਾਂ ਗੁਰਬਾਣੀ ਕੀਰਤਨ ਸਰਵਣ ਕਰਨਾ ਚਾਹੀਦਾ ਹੈ ਤੇ ਜੇ ਸਮਾਂ ਹੋਵੇ ਤਾਂ ਲੰਗਰ ਜਾਂ ਜੋੜਾ ਘਰ ਆਦਿ ਵਿਚ ਪਰਿਵਾਰ ਨੂੰ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਬੱਚਿਆਂ ‘ਚ ਅਧਿਆਤਮਕਤਾ, ਨਿਮਰਤਾ ਅਤੇ ਸਮਾਜ ਲਈ ਸੇਵਾ ਭਾਵਨਾ ਵਾਲੇ ਗੁਣ ਉਤਪੰਨ ਹੋਣਗੇ ਤੇ ਸਿੱਖੀ ਪ੍ਰਤੀ ਸ਼ਰਧਾ ਵੀ ਵਧੇਗੀ। ਜੇ ਅਸੀਂ ਇਨ੍ਹਾਂ ਨੁਕਤਿਆਂ ‘ਤੇ ਅਮਲ ਕਰ ਲਈਏ ਤਾਂ ਜਿੱਥੇ ਸਾਡੇ ਪਰਿਵਾਰਾਂ ਦਾ ਆਪਸੀ ਪ੍ਰੇਮ ਪਿਆਰ ਵਧੇਗਾ, ਉੱਥੇ ਸਾਡੇ ਬੱਚੇ ਪਤਿਤਪੁਣੇ ਅਤੇ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਵੀ ਬਚ ਜਾਣਗੇ, ਜਿਸ ਨਾਲ ਬੱਚਿਆਂ ਦਾ ਆਪਣੇ ਪਰਿਵਾਰਾਂ ਅਤੇ ਸਮਾਜ ਪ੍ਰਤੀ ਪ੍ਰੇਮ ਪਿਆਰ ਵਧੇਗਾ, ਸਾਡੇ ਬੱਚੇ ਤੇ ਨੌਜਵਾਨ ਭੈੜੀਆਂ ਅਲਾਮਤਾਂ ਤੋਂ ਬਚੇ ਰਹਿਣਗੇ। ਇਸ ਨਾਲ ਜਿੱਥੇ ਸਿੱਖੀ ਦੇ ਪ੍ਰਚਾਰ ਤੇ ਪਾਸਾਰ ਵਿਚ ਵਾਧਾ ਹੋਵੇਗਾ, ਉੱਥੇ ਸਾਡਾ ਪੰਜਾਬ ਵੀ ਮੁੜ ਤੋਂ ਚੜ੍ਹਦੀ ਕਲਾ ਵੱਲ ਨੂੰ ਜਾਣਾ ਸ਼ੁਰੂ ਹੋ ਜਾਵੇਗਾ।

By Harjit Singh Gill
-ਫ਼ਿਰੋਜ਼ਪੁਰ ਰੋਡ, ਜ਼ੀਰਾ।
ਮੋਬਾ: 94176-05645
Tags:
Posted in: ਸਾਹਿਤ