ਗੁਰਦੁਆਰਾ ਸਾਹਿਬ ਬਾਬਾ ਗੁਰਦਿੱਤਾ ਜੀ ਚਾਂਦਪੁਰ ਰੁੜਕੀ

By August 12, 2016 0 Comments


chandpurਸ੍ਰੀ ਗੁਰੂ ਤੇਗ ਬਹਾਦਰ ਮਾਰਗ ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ‘ਤੇ ਕੁੱਕੜਮਜਾਰਾ ਤੋਂ 2 ਕਿਲੋਮੀਟਰ ਦੂਰ ਸੱਜੇ ਪਾਸੇ ਸਥਿਤ ਪਿੰਡ ਚਾਂਦਪੁਰ ਰੁੜਕੀ, ਤਹਿਸੀਲ ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਬਾਬਾ ਗੁਰਦਿੱਤਾ ਜੀ ਸੁਸ਼ੋਭਿਤ ਹੈ। ਇਸ ਗੁਰਦੁਆਰਾ ਸਾਹਿਬ ਵਿਖੇ ਬਾਬਾ ਗੁਰਦਿੱਤਾ ਦੀ ਯਾਦ ਵਿਚ ਹਰ ਸਾਲ ਸਾਉਣ-ਭਾਦੋਂ ਦੀ ਸੰਗਰਾਂਦ ਨੂੰ ਭਾਰੀ ਜੋੜ ਮੇਲਾ ਤੇ ਸੰਤ ਸਮਾਗਮ ਕਰਵਾਇਆ ਜਾਂਦਾ ਹੈ, ਜਿਸ ਵਿਚ ਦੇਸ਼-ਵਿਦੇਸ਼ ਤੋਂ ਸੰਗਤ ਬਹੁਤ ਹੀ ਸ਼ਰਧਾ ਨਾਲ ਪਹੁੰਚ ਕੇ ਨਤਮਸਤਕ ਹੁੰਦੀ ਹੈ। ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਇਤਿਹਾਸ ਬਾਰੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਤੇ ਪਿੰਡ ਦੇ ਕੁਝ ਸਿਆਣੇ ਵਿਅਕਤੀਆਂ ਨੇ ਦੱਸਿਆ ਕਿ ਬਾਬਾ ਕੇਸਰਾ ਸਿੰਘ ਜੋ ਕਿ ਬਾਬਾ ਗੁਰਦਿੱਤਾ ਦੇ ਛੋਟੇ ਭਰਾ ਸੂਰਜ ਮੱਲ ਦੀ ਵੰਸ਼ ਵਿਚੋਂ ਸਨ, ਇਸ ਜਗ੍ਹਾ ‘ਤੇ ਰਿਹਾ ਕਰਦੇ ਸਨ। ਬਾਬਾ ਕੇਸਰਾ ਸਿੰਘ ਆਪਣੇ ਵਡਾਰੂ ਬਾਬਾ ਗੁਰਦਿੱਤਾ ਨੂੰ ਸਭ ਕੁਝ ਮੰਨਦੇ ਸਨ। ਬਾਬਾ ਗੁਰਦਿੱਤਾ ਦੁਆਰਾ ਚਲਾਏ ਉਦਾਸੀ ਭੇਖ ਵਿਚ ਰਹਿ ਕੇ ਬਾਬਾ ਕੇਸਰਾ ਸਿੰਘ ਪ੍ਰਭੂ ਭਗਤੀ ਕਰਦੇ ਸਨ। ਬਾਬਾ ਕੇਸਰਾ ਸਿੰਘ 1820 ਈਸਵੀ ਵਿਚ ਜੋਤੀ-ਜੋਤ ਸਮਾਏ। ਉਨ੍ਹਾਂ ਦੀ ਯਾਦ ਵਿਚ ਸਮਾਧ ਵੀ ਬਣੀ ਹੋਈ ਹੈ। ਬਾਬਾ ਕੇਸਰਾ ਸਿੰਘ ਦੇ ਵੰਸ਼ ਵਿਚੋਂ ਹੀ ਇੱਥੇ ਸੇਵਾ ਕਰਦੇ ਬਾਬਾ ਜੋਧ ਸਿੰਘ ਦੀ ਵੀ ਸਮਾਧ ਇੱਥੇ ਹੈ।
ਬਾਬਾ ਗੁਰਦਿੱਤਾ ਦੀ ਉਪਾਸਨਾ ਕਾਰਨ ਹੀ ਇਸ ਅਸਥਾਨ ‘ਤੇ 1934 ਈਸਵੀ ਨੂੰ ਸਵ: ਡਿਪਟੀ ਸੰਤ ਸਿੰਘ ਆਈ.ਸੀ.ਐੱਸ. ਵੱਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਤੇ ਇਸੇ ਵਰ੍ਹੇ ਹੀ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਇਸ ਗੁਰਦੁਆਰਾ ਸਾਹਿਬ ਦੀ ਸਰਦਾਰ ਮਨਸਾ ਸਿੰਘ ਨੇ ਕਾਫੀ ਲੰਮੇ ਸਮੇਂ ਤੱਕ ਸੇਵਾ ਸੰਭਾਲ ਕੀਤੀ। ਇਸ ਗੁਰਦੁਆਰਾ ਸਾਹਿਬ ਵਿਖੇ ਸਵਰਗੀ ਸਰਦਾਰ ਅਮਰ ਸਿੰਘ ਨੇ ਕਾਫੀ ਲੰਮਾ ਸਮਾਂ ਹੈੱਡ ਗ੍ਰੰਥੀ ਦੀ ਸੇਵਾ ਨਿਭਾਈ ਤੇ ਹੁਣ ਜਥੇਦਾਰ ਤਰਲੋਕ ਸਿੰਘ ਮੁੱਖ ਗ੍ਰੰਥੀ ਦੀ ਸੇਵਾ ਨਿਭਾਅ ਰਹੇ ਹਨ। ਇਸ ਗੁਰਦੁਆਰਾ ਸਾਹਿਬ ਦੇ ਸੰਚਾਲਨ ਲਈ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੋਇਆ ਹੈ, ਜਿਸ ਦੇ ਪ੍ਰਧਾਨ ਸ: ਹਰਮੰਦਰ ਸਿੰਘ, ਰਾਮ ਲਾਲ ਸਕੱਤਰ, ਸ: ਚਾਨਣ ਸਿੰਘ ਪਟਵਾਰੀ ਕੈਸ਼ੀਅਰ, ਹਰਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ ਚੇਅਰਮੈਨ, ਸਤਿੰਦਰ ਕੁਮਾਰ ਸਰਪੰਚ, ਧਰਮ ਚੰਦ ਬਿੱਟੂ, ਗੁਰਮੇਲ ਸਿੰਘ ਪੀ.ਪੀ ਵਾਈਸ ਸਕੱਤਰ, ਬਿੰਦਰ ਕੁਮਾਰ, ਗੁਰਮੇਲ ਸਿੰਘ, ਦਿਲਦਾਰ ਸਿੰਘ ਸਾਬਕਾ ਸਰਪੰਚ, ਲੰਬੜਦਾਰ ਚਰਨ ਸਿੰਘ ਮੈਂਬਰ ਹਨ। ਇਥੇ ਇਹ ਵੀ ਵਰਨਣਯੋਗ ਹੈ ਕਿ ਇਸ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਲਗਪਗ 30 ਸਾਲ ਲਗਾਤਾਰ ਪ੍ਰਧਾਨ ਸਵ: ਮਲਕੀਤ ਸਿੰਘ ਰਹੇ ਤੇ ਉਨ੍ਹਾਂ ਇਹ ਸੇਵਾ ਆਪਣੇ ਆਖਰੀ ਦਮ ਤੱਕ ਨਿਭਾਈ।
ਇਸ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਸਾਉਣ-ਭਾਦੋਂ ਦੀ ਸੰਗਰਾਂਦ ਨੂੰ ਭਾਰੀ ਜੋੜ ਮੇਲਾ ਲੱਗਦਾ ਹੈ। ਇਸ ਵਰ੍ਹੇ ਵੀ ਇਹ ਸਾਲਾਨਾ ਜੋੜ ਮੇਲਾ ਤੇ ਸੰਤ ਸਮਾਗਮ 14 ਅਗਸਤ ਤੋਂ 16 ਅਗਸਤ ਤੱਕ ਚੱਲੇਗਾ। 14 ਅਗਸਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਦਾ ਅਰੰਭ ਹੋਵੇਗਾ ਤੇ 16 ਅਗਸਤ ਨੂੰ ਭੋਗ ਪਾਏ ਜਾਣਗੇ। ਰੋਜ਼ਾਨਾ ਰਾਤ ਨੂੰ 8 ਵਜੇ ਸੰਤ ਸਮਾਗਮ ਸ਼ੁਰੂ ਹੋਵੇਗਾ, ਜਿਸ ਵਿਚ 14 ਅਗਸਤ ਨੂੰ ਸੰਤ ਬਾਬਾ ਸੁਖਦੇਵ ਸਿੰਘ ਖੋਜਕੀਪੁਰ ਵਾਲੇ, 15 ਅਗਸਤ ਰਾਤ ਨੂੰ ਸੰਤ ਬਾਬਾ ਪਰਮਜੀਤ ਸਿੰਘ ਖ਼ਾਲਸਾ ਕੀਰਤਨ ਤੇ ਪ੍ਰਵਚਨ ਕਰਨਗੇ। 16 ਅਗਸਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਦੇ ਭੋਗ ਤੋਂ ਬਾਅਦ ਸਵੇਰੇ 10 ਵਜੇ ਕੀਰਤਨ ਦਰਬਾਰ ਸ਼ੁਰੂ ਹੋਵੇਗਾ, ਜਿਸ ਵਿਚ ਭਾਈ ਹਰਪ੍ਰੀਤ ਸਿੰਘ ਚਾਂਦਪੁਰੀ, ਸੰਤ ਬਾਬਾ ਕੁਲਦੀਪ ਸਿੰਘ ਨਾਨਕਸਰ ਮਜਾਰੀ ਵਾਲੇ, ਗਿਆਨੀ ਗੁਰਚੇਤ ਸਿੰਘ ਗਰਚਾ, ਹਰਦੀਪ ਸਿੰਘ ਮਾਨ ਕੁੱਲਪੁਰ ਵਾਲੇ ਤੇ ਢਾਡੀ ਕਸ਼ਮੀਰ ਸਿੰਘ ਕਾਦਰ ਮਹਿੰਦਪੁਰ ਵਾਲੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸੇ ਦਿਨ ਰਾਤ ਨੂੰ ਪਰਮਜੀਤ ਸਿੰਘ ਢਿੱਡਾ ਸਾਹਿਬ ਵਾਲੇ ਤੇ ਸੰਤ ਬਾਬਾ ਦਰਬਾਰਾ ਸਿੰਘ ਰੂਈਸਰ ਫ਼ਤਹਿਗੜ੍ਹ ਸਾਹਿਬ ਵਾਲੇ ਵੀ ਪ੍ਰਵਚਨ ਕਰਨਗੇ। 17 ਅਗਸਤ ਨੂੰ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ।

By Kulwinder Singh
-ਪੋਜੇਵਾਲ ਸਰਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ
Tags:
Posted in: ਸਾਹਿਤ