ਗੁਰਦੁਆਰਾ ਗੁਰੂ ਕਾ ਬਾਗ਼ (ਪਟਨਾ ਸਾਹਿਬ)

By August 12, 2016 0 Comments


patna sahibਸ੍ਰੀ ਗੁਰੂ ਨਾਨਕ ਦੇਵ ਜੀ ਦੀ ਲਗਾਈ ਹੋਈ ਸਿੱਖ ਫੁਲਵਾੜੀ ਨੂੰ ਹਰਿਆ-ਭਰਿਆ ਕਰਨ ਹਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪੂਰਬ ਦਾ ਦੌਰਾ ਆਰੰਭਿਆ ਅਤੇ ਪਰਿਵਾਰ ਸਮੇਤ ਸੰਨ 1666 ਈ: ਵਿਚ ਪਟਨਾ ਸਾਹਿਬ ਪਹੁੰਚੇ। ਬਰਸਾਤ ਦੇ ਦਿਨ ਹੋਣ ਕਾਰਨ ਗੁਰੂ ਜੀ ਨੇ ਚੋਮਾਸਾ ਇਥੇ ਹੀ ਕੱਟਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਖੀ ਪ੍ਰਚਾਰ ਦੇ ਕੰਮ ਨੂੰ ਤਰਤੀਬ ਦਿੱਤੀ। ਭਾਈ ਦਿਆਲ ਦਾਸ ਨੂੰ ਪੂਰਬ ਦੇ ਬੰਗਾਲ, ਬਿਹਾਰ, ਉੱਤਰ ਪ੍ਰਦੇਸ਼ ਅਤੇ ਉੜੀਸਾ ਪ੍ਰਾਂਤਾਂ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਔਰੰਗਜ਼ੇਬ ਦੇ ਹਿੰਦੂ ਮੰਦਿਰਾਂ ਵਿਰੁੱਧ ਜਾਰੀ ਹੁਕਮਾਂ ਕਾਰਨ ਲੋਕ ਸਹਿਮੇ ਹੋਏ ਸਨ। ਲਗਾਤਾਰ 4 ਸਾਲ ਪਿੰਡ-ਪਿੰਡ ਅਤੇ ਘਰ-ਘਰ ਪੁੱਜ ਕੇ ਸਤਿਗੁਰਾਂ ਨੇ ਹੌਸਲਾ ਦਿੱਤਾ। ਮੁੰਘਰੇ, ਭਾਗਲਪੁਰ ਅਤੇ ਮਾਲਦਾ ਹੁੰਦੇ ਹੋਏ ਉੱਤਰੀ ਆਸਾਮ ਪੁੱਜੇ। ਔਰੰਗਜ਼ੇਬ ਨੇ ਆਸਾਮ ਦੇ ਰਾਜੇ ਵਿਰੁੱਧ ਮਿਰਜਾ ਰਾਜਾ ਜੈ ਸਿੰਘ ਦੇ ਪੁੱਤਰ ਰਾਜਾ ਰਾਮ ਸਿੰਘ ਨੂੰ ਭੇਜਿਆ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 1670 ਈ: ਵਿਚ ਦੋਵਾਂ ਧਿਰਾਂ ਦੀ ਸੁਲ੍ਹਾ ਕਰਵਾ ਦਿੱਤੀ।
ਰਾਜਾ ਰਾਮ ਸਿੰਘ ਨੂੰ ਇਹ ਉਪਕਾਰ ਸਦਾ ਯਾਦ ਰਿਹਾ ਅਤੇ ਉਹ ਗੁਰੂ ਸਾਹਿਬ ਦਾ ਰਿਣੀ ਸੀ। ਪਟਨੇ ਵਿਚ 22 ਦਸੰਬਰ, 1666 ਨੂੰ ਗੋਬਿੰਦ ਰਾਏ ਜੀ ਦਾ ਆਗਮਨ ਹੋਇਆ। ਭਾਈ ਦਿਆਲ ਦਾਸ ਨੇ ਢਾਕੇ ਜਾ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇਹ ਖੁਸ਼ੀ ਭਰੀ ਖ਼ਬਰ ਦਿੱਤੀ। ਉਹ ਸਿਲਹਟ, ਚਿਟਾਗਾਓਂ ਅਤੇ ਧੋਬੜੀ ਆਦਿ ਤੋਂ ਵਾਪਸ ਚੱਲ ਕੇ ਪਟਨੇ ਆ ਰਹੇ ਸਨ ਅਤੇ ਪਟਨਾ ਵਾਸੀਆਂ ਨੂੰ ਇਸ ਖ਼ਬਰ ਨੇ ਖੁਸ਼ੀ ਨਾਲ ਭਰਪੂਰ ਕਰ ਦਿੱਤਾ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਪਟਨਾ ਸ਼ਹਿਰ ਤੋਂ ਬਾਹਰ ਇਕ ਨਵਾਬ ਦੇ ਇਸ ਬਾਗ ਵਿਚ ਆ ਬਿਰਾਜੇ। ਇਧਰੋਂ ਸੰਗਤਾਂ ਬਾਲ ਗੋਬਿੰਦ ਰਾਏ ਨੂੰ ਪਾਲਕੀ ਵਿਚ ਬਿਠਾ ਕੇ ਹੁੰਮਹੁਮਾ ਕੇ ਦਰਸ਼ਨਾਂ ਨੂੰ ਚੱਲ ਪਈਆਂ। ਉਧਰੋਂ ਗੁਰੂ ਤੇਗ ਬਹਾਦਰ ਜੀ ਘੋੜੇ ਤੋਂ ਉੱਤਰੇ ਅਤੇ ਇਧਰੋਂ ਪਾਲਕੀ ‘ਚੋਂ ਬਾਲ ਗੋਬਿੰਦ ਰਾਏ ਨਿਕਲੇ। ਪਿਤਾ ਜੀ ਦੇ ਸਾਹਮਣੇ ਸਿਰ ਝੁਕਾ ਕੇ ਚਰਨ ਛੋਹੇ ਤਾਂ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਬਾਲ ਗੋਬਿੰਦ ਰਾਏ ਨੂੰ ਆਪਣੀ ਗੋਦ ਵਿਚ ਚੁੱਕ ਲਿਆ ਅਤੇ ਪਿਆਰ ਨਾਲ ਮੂੰਹ ਚੁੰਮ ਲਿਆ। ਪਿਤਾ-ਪੁੱਤਰ ਦੇ ਮਿਲਾਪ ਦੀ ਅਟੱਲ ਯਾਦਗਾਰ ਇਹ ਗੁਰੂ ਕਾ ਬਾਗ ਹੈ।
gurdev
By Gurdev Singh

Posted in: ਸਾਹਿਤ