ਗੁਰਬਾਣੀ ਦੇ ਸੰਦਰਭ ਵਿਚ ਪਾਣੀ ਦੀ ਮਹੱਤਤਾ

By August 12, 2016 0 Comments


gurbaniਮਨੁੱਖ ਦੇ ਜਨਮ ਲੈਣ ਤੋਂ ਪਹਿਲਾਂ ਸ੍ਰਿਸ਼ਟੀ ਦੇ ਸਿਰਜਣਹਾਰੇ ਨੇ ਉਸ ਤੋਂ ਪਹਿਲਾਂ ਸ਼ੁੱਧ ਹਵਾ, ਨਿਰਮਲ ਪਾਣੀ, ਸੁਨਹਿਰੀ ਕਿਰਨਾਂ ਅਤੇ ਨਾ ਜਾਣੇ ਹੋਰ ਕਿੰਨੇ ਕੁ ਮਾਖਿਓਂ ਮਿੱਠੇ ਖੂਬਸੂਰਤ ਚੌਗਿਰਦੇ ਦੀ ਸਿਰਜਣਾ ਕੀਤੀ। ਇਹ ਲਾਸਾਨੀ ਦਾਤਾਂ ਜਿੱਥੇ ਮਨੁੱਖੀ ਹੋਂਦ ਨੂੰ ਬਣਾਈ ਰੱਖਣ ਲਈ ਅਤਿਅੰਤ ਜ਼ਰੂਰੀ ਹਨ, ਉਥੇ ਇਹ ਦਾਤਾਂ ਮਨੁੱਖ ਵਿਚ ਆਤਮਿਕ ਅਤੇ ਮਾਨਸਿਕ ਸ਼ਕਤੀਆਂ ਦਾ ਸੰਚਾਰ ਵੀ ਕਰਦੀਆਂ ਹਨ। ਇਨ੍ਹਾਂ ਕੁਦਰਤੀ ਤੋਹਫ਼ਿਆਂ ਵਿਚੋਂ ਪਾਣੀ ਇਕ ਅਨਮੋਲ ਸਾਧਨ ਹੈ। ਪਾਣੀ ਸਾਰੀ ਸ੍ਰਿਸ਼ਟੀ ਲਈ ਅਕਾਲ ਪੁਰਖ ਦਾ ਇਕ ਅਜਿਹਾ ਵਰਦਾਨ ਹੈ, ਜਿਸ ਬਿਨਾਂ ਜੀਵ ਅਤੇ ਬਨਸਪਤੀ ਜ਼ਿੰਦਾ ਨਹੀਂ ਰਹਿ ਸਕਦੇ। ਜਗਤ ਦੀ ਸੰਰਚਨਾ ਵਿਚ ਪਾਣੀ ਦੇ ਵਡਮੁੱਲੇ ਯੋਗਦਾਨ ਨੂੰ ਪਹਿਚਾਣਦੇ ਹੋਏ ਸਮੁੱਚੀ ਮਾਨਵਤਾ ਦਾ ਮਾਰਗ-ਦਰਸ਼ਨ ਕੀਤਾ ਗਿਆ ਹੈ। ਗੁਰਬਾਣੀ ਵਿਚ ਪਾਣੀ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ, ਗੁਰੂ ਨਾਨਕ ਦੇਵ ਜੀ ਨੇ ਆਪਣੀ ਸ਼ਾਹਕਾਰ ਰਚਨਾ ਜਪੁਜੀ ਸਾਹਿਬ ਵਿਚ ਦਰਜ ਇਕ ਸਲੋਕ ਵਿਚ ਪਾਣੀ ਨੂੰ ਪਿਤਾ ਦਾ ਦਰਜਾ ਦੇ ਕੇ ਨਿਵਾਜਿਆ ਹੈ :
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥
ਬਲਦੇਵ ਸਿੰਘ ਬੱਦਨ ਅਨੁਸਾਰ ਪਾਣੀ ਦੇ ਅਰਥ ਜਲ, ਨੀਰ, ਮਾਈਂ, ਆਬ, ਚਮਕ, ਭਾਹ, ਤਰਲ ਪੱਟੀ, ਰੋਗਨ ਆਦਿ ਹਨ। ਹਰਦੇਵ ਸਿੰਘ ਬਾਹਰੀ ਨੇ ਪਾਣੀ ਨੂੰ ਆਪਣੇ ਲਹਿੰਦੀ ਕੋਸ਼ ਵਿਚ ਜਲ, ਮੁਲੰਮਾ ਆਦਿ ਲਿਖਿਆ ਹੈ। ਪ੍ਰਮਾਣਿਕ ਪੰਜਾਬੀ ਕੋਸ਼ ਅਨੁਸਾਰ, ਪਾਣੀ ਇਕ ਪਾਰਦਰਸ਼ੀ (ਅਤੇ ਘੱਟ ਮਾਤਰਾ ਵਿਚ ਹੋਣ ਤੇ ਰੰਗ ਰਹਿਤ) ਤਰਲ ਪਦਾਰਥ ਜਿਸ ਦਾ ਕੋਈ ਸੁਆਦ ਜਾਂ ਗੰਧ ਨਹੀਂ ਹੁੰਦਾ। ਬਾਈਬਲ ਵਿਚ ਵੀ ਕਿਹਾ ਗਿਆ ਹੈ ਕਿ ਪਾਣੀ ਕੁਦਰਤ ਦਾ ਮੂਲ ਹੈ, ਜਿਸ ਦੀ ਰਚਨਾ ਤੋਂ ਬਾਅਦ ਹੀ ਬਾਕੀ ਜੀਵਾਂ ਦੀ ਉਤਪਤੀ ਹੋਈ ਹੈ।
ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਸਮੇਂ ਪਾਣੀ ਨੂੰ ਹੀ ਸਮੁੱਚੀ ਸ੍ਰਿਸ਼ਟੀ ਦਾ ਉਤਪਾਦਕ ਬਣਾਇਆ ਹੈ। ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਸਿਰਫ਼ ਪਰਮਾਤਮਾ ਸੀ, ਹੋਰ ਕੋਈ ਨਹੀਂ ਸੀ। ਖੂਬਸੂਰਤ ਪ੍ਰਕਿਰਤੀ ਦੀ ਰਚਨਾ ਸਮੇਂ ਜਲ ਨੂੰ ਸ਼੍ਰੋਮਣੀ ਸਥਾਨ ਦਿੱਤਾ ਗਿਆ ਹੈ, ਜਿਸ ਬਾਰੇ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ :
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮਰਿਤ ਜਲੁ ਛਾਇਆ ਰਾਮ॥
ਅਮਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ॥
ਪੰਜ ਭੌਤਿਕ ਤੱਤਾਂ (ਆਕਾਸ਼, ਧਰਤੀ, ਹਵਾ, ਪਾਣੀ, ਅੱਗ) ਦੇ ਸੁਮੇਲ ਤੋਂ ਬਣੇ ਸਾਰੇ ਪਦਾਰਥਾਂ ਦੀ ਸਿਰਜਣਾ ਦਾ ਮੂਲ ਤੱਤ ਪਾਣੀ ਹੈ। ਹਰ ਜੀਵ ਪਾਣੀ ਦੀ ਹੀ ਉਪਜ ਹੈ। ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਨੇ ਜਲ ਦੇ ਸਦੀਵੀ ਮਹੱਤਵ ਨੂੰ ਦਰਸਾਇਆ ਹੈ :
ਜਲ ਕੀ ਭੀਤਿ ਪਵਨ ਕਾ
ਥੰਭਾ ਰਕਤ ਬੁੰਦ ਕਾ ਗਾਰਾ॥
ਹਾਡ ਮਾਸ ਨਾੜੀ ਕੋ
ਪਿੰਜਰੁ ਪੰਖੀ ਬਸੈ ਬਿਚਾਰਾ॥
ਪਾਣੀ ਮਨੁੱਖ ਨੂੰ ਅੰਤਰ-ਦ੍ਰਿਸ਼ਟੀ ਦੇਣ ਦੇ ਨਾਲ-ਨਾਲ ਉਸ ਦੇ ਸੁਭਾਅ ਵਿਚ ਸ਼ੁੱਧਤਾ, ਨਿਰਮਲਤਾ, ਸ਼ਾਂਤੀ ਅਤੇ ਪਵਿੱਤਰਤਾ ਦਾ ਵੀ ਸੰਚਾਰ ਕਰਦਾ ਹੈ। ਜਿੱਥੇ ਪਾਣੀ ਪਵਿੱਤਰ ਅਤੇ ਅਨਮੋਲ ਮੰਨਿਆ ਜਾਂਦਾ ਹੈ, ਉਥੇ ਪਾਣੀ ਨਾਲ ਸਰੀਰਕ ਗੰਧ ਵੀ ਧੋਤੀ ਜਾਂਦੀ ਹੈ। ਧਾਰਮਿਕ ਤਿਉਹਾਰਾਂ ਉੱਤੇ ਸਰੋਵਰ ਅਤੇ ਨਦੀ-ਇਸ਼ਨਾਨਾਂ ਦਾ ਮਹੱਤਵ ਇਸੇ ਕਰਕੇ ਹੈ ਕਿ ਇਸ ਨਾਲ ਮਨ ਦੀ ਦੁਰਗੰਧ ਵੀ ਦੂਰ ਹੋ ਜਾਂਦੀ ਹੈ। ਗੁਰਬਾਣੀ ਇਸ ਗੱਲ ਨੂੰ ਸਪੱਸ਼ਟ ਕਰਦੀ ਹੈ ਕਿ ਮਨ ਦੀ ਮੈਲ ਤਾਂ ਸ਼ਬਦ ਦੇ ਅੰਮ੍ਰਿਤ ਜਲ ਨਾਲ ਹੀ ਧੋਤੀ ਜਾਣੀ ਹੈ, ਪਾਣੀ ਨਾਲ ਤਾਂ ਸਿਰਫ਼ ਤਨ ਦੀ ਮੈਲ ਹੀ ਦੂਰ ਹੋ ਸਕਦੀ ਹੈ।
ਭਰੀਐ ਹਥੁ ਪੈਰੁ ਤਨੁ ਦੇਹ॥
ਪਾਣੀ ਧੋਤੈ ਉਤਰਸੁ ਖੇਹ॥
ਮੂਤ ਪਲੀਤੀ ਕਪੜੁ ਹੋਇ॥
ਦੇ ਸਾਬੂਣੁ ਲਈਐ ਉਹ ਧੋਇ॥
ਭਰੀਐ ਮਤਿ ਪਾਪਾ ਕੈ ਸੰਗਿ॥
ਉਹ ਧੋਪੇ ਨਾਵੈ ਕੈ ਰੰਗਿ॥
ਗੁਰਬਾਣੀ ਵਿਚ ਮਨੁੱਖੀ ਜੀਵਨ ਦਾ ਉਦੇਸ਼ ਕੁਦਰਤ ਦੀ ਸਿਰਜਣਾ ਕਰਨ ਵਾਲੇ ਕਾਦਰ ਤੱਕ ਪੁੱਜਣਾ ਹੈ, ਕਾਦਰ ਤੱਕ ਸਿੱਧੇ ਅਤੇ ਸੌਖੇ ਹੀ ਨਹੀਂ ਪਹੁੰਚਿਆ ਜਾ ਸਕਦਾ। ਕਾਦਰ ਤੱਕ ਪਹੁੰਚਣ ਲਈ ਕੁਦਰਤ ਦੇ ਸਹਾਰੇ ਦੀ ਲੋੜ ਪੈਂਦੀ ਹੈ। ਜਿਵੇਂ ਧਰਤੀ ਉੱਤੇ ਡਿੱਗਿਆ ਮਨੁੱਖ ਧਰਤੀ ਦੇ ਸਹਾਰੇ ਤੋਂ ਬਗੈਰ ਦੁਬਾਰਾ ਖੜ੍ਹਾ ਨਹੀਂ ਹੋ ਸਕਦਾ, ਜਿਵੇਂ ਪਾਣੀ ਵਿਚ ਡਿੱਗਿਆ ਮਨੁੱਖ ਪਾਣੀ ਦੇ ਸਹਾਰੇ ਤੋਂ ਬਗੈਰ ਪਾਣੀ ਵਿਚੋਂ ਬਾਹਰ ਨਹੀਂ ਨਿਕਲ ਸਕਦਾ, ਉਸੇ ਤਰ੍ਹਾਂ ਕਾਦਰ ਤੋਂ ਟੁੱਟ ਕੇ ਕੁਦਰਤ ਦਾ ਅੰਗ ਬਣਿਆ ਮਨੁੱਖ, ਕੁਦਰਤ ਦੇ ਸਹਾਰੇ ਤੋਂ ਬਗ਼ੈਰ ਕਾਦਰ ਨਾਲ ਨਹੀਂ ਮਿਲ ਸਕਦਾ।
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥
ਗੁਰਬਾਣੀ ਵਿਚ ਪਾਣੀ ਨੂੰ ਜੀਵਨ ਦਾ ਮੂਲ ਮੰਨਦੇ ਹੋਏ ਇਸ ਨੂੰ ਜੀਵ ਕਿਹਾ ਗਿਆ ਹੈ। ਜਿਸ ਦੀ ਹੋਂਦ ਨਾਲ ਮਨੁੱਖੀ ਪ੍ਰਕਿਰਤੀ ਹੋਂਦ ਵਿਚ ਆਈ ਹੈ। ਆਦਿ ਕਾਲ ਤੋਂ ਹੀ ਮਨੁੱਖ ਕੁਦਰਤ ਦੇ ਭੇਦ ਜਾਨਣ ਅਤੇ ਕੁਦਰਤੀ ਸ਼ਕਤੀਆਂ ਉੱਤੇ ਕਾਬਜ਼ ਹੋਣ ਲਈ ਤਰਲੋਮੱਛੀ ਹੁੰਦਾ ਆਇਆ ਹੈ। ਸਭ ਤੋਂ ਪਹਿਲਾਂ ਪਰਮਾਤਮਾ ਨੇ ਪਾਣੀ ਵਿਚ ਰਹਿਣ ਵਾਲੇ ਜੀਵ ਹੀ ਪੈਦਾ ਕੀਤੇ। ਕੁਦਰਤ ਦੇ ਜੀਵਾਂ ਵਿਚ ਸਭ ਤੋਂ ਪਹਿਲਾਂ ਅਮੀਬਾ ਪੈਦਾ ਹੋਇਆ, ਜਿਸ ਦੀ ਉਤਪਤੀ ਪਾਣੀ ਵਿਚ ਹੋਈ। ਇਸ ਤਰ੍ਹਾਂ ਸਪੱਸ਼ਟ ਹੁੰਦਾ ਹੈ ਕਿ ਜੀਵਾਂ ਲਈ ਪਾਣੀ ਕਿੰਨਾ ਮਹੱਤਵਪੂਰਨ ਹੈ। ਗੁਰਬਾਣੀ ਦਾ ਫੁਰਮਾਨ ਹੈ :
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥
-0-
ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ॥
ਮਨੁੱਖ ਨੇ ਧਰਤੀ ਦਾ ਪੇਟ ਚੀਰ ਕੇ ਅਨਾਜ ਪੈਦਾ ਕੀਤਾ, ਤੇਲ ਅਤੇ ਪਾਣੀ ਕੱਢਿਆ, ਖਣਿਜ ਪਦਾਰਥ ਹਾਸਲ ਕੀਤੇ, ਪਰ ਇਸ ਕਾਰਜ ਵਿਚ ਉਸ ਨੇ ਪਾਣੀ ਨੂੰ ਕਿੰਨੀ ਹਾਨੀ ਪਹੁੰਚਾਈ, ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਸੁਨਾਮੀ ਲਹਿਰਾਂ ਦੇ ਆਉਣ ਦਾ ਕਾਰਨ ਧਰਤੀ ਹੇਠਲੀ ਛੇੜਛਾੜ ਨੂੰ ਮੰਨਿਆ ਗਿਆ ਹੈ। ਅਨਾਜ ਪੈਦਾ ਕਰਨ ਲਈ ਵਰਤੇ ਜਾਂਦੇ ਕੀਟਨਾਸ਼ਕਾਂ ਨੇ ਜਿੱਥੇ ਫ਼ਸਲ ਨੂੰ ਕੀੜਿਆਂ ਤੋਂ ਬਚਾਇਆ, ਉਥੇ ਧਰਤੀ ਨੂੰ ਬੰਜਰ ਕਰ ਦੇਣ ਵਾਲਾ ਯਤਨ ਆਰੰਭ ਕਰ ਦਿੱਤਾ। ਧਰਤੀ ਦੂਸ਼ਿਤ ਹੋ ਗਈ। ਪਾਣੀ ਰਾਹੀਂ ਕੀਟਨਾਸ਼ਕਾਂ ਦਾ ਧਰਤੀ ਦੇ ਹੇਠਲੇ ਪਾਣੀ ਨਾਲ ਮਿਲ ਜਾਣ ਕਾਰਨ ਉਹ ਪਾਣੀ ਵੀ ਦੂਸ਼ਿਤ ਹੋ ਗਿਆ। ਉਥੇ ਨਾਲ ਹੀ ਪੀਣ ਵਾਲੇ ਸਾਫ਼ ਪਾਣੀ ਦੀ ਘਾਟ ਨੇ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੱਤਾ। ਇਸ ਦਾ ਅਸਰ ਪੰਛੀਆਂ ਅਤੇ ਜਾਨਵਰਾਂ ‘ਤੇ ਵੀ ਪਿਆ ਹੈ। ਇਹੀ ਕਾਰਨ ਹੈ ਕਿ ਅੱਜ ਬਹੁਤ ਸਾਰੇ ਪੰਛੀ ਅਤੇ ਜਾਨਵਰ ਜੋ ਮਨੁੱਖ ਦੇ ਸਾਥੀ ਤੇ ਸਹਿਯੋਗੀ ਸਨ, ਉਹ ਅਲੋਪ ਹੀ ਹੋ ਗਏ ਹਨ। ਪੰਜਾਬ ਵਿਚ ਮਾਨਸਾ, ਬਠਿੰਡਾ ਅਤੇ ਮੁਕਤਸਰ ਜ਼ਿਲ੍ਹਿਆਂ ਦੀ ਧਰਤੀ ਹੇਠਲਾ ਪਾਣੀ ਬਿਲਕੁਲ ਗੰਧਲਾ ਹੋ ਗਿਆ ਹੈ, ਜਿਸ ਕਾਰਨ ਇਨ੍ਹਾਂ ਜ਼ਿਲ੍ਹਿਆਂ ਅੰਦਰ ਚਮੜੀ ਰੋਗ ਅਤੇ ਕੈਂਸਰ ਵਰਗਾ ਰੋਗ ਜ਼ੋਰ ਫੜ ਰਿਹਾ ਹੈ। ਇਸ ਦਾ ਮੁੱਖ ਕਾਰਨ ਅਸ਼ੁੱਧ ਹੋਏ ਪਾਣੀ ਨੂੰ ਮੰਨਿਆ ਗਿਆ ਹੈ। ਗੁਰਬਾਣੀ ਅਨੁਸਾਰ ਪਾਣੀ ਦੀ ਉੱਚਤਾ ਅਤੇ ਮਹਾਨਤਾ ਇਸ ਦੀਆਂ ਕੁਦਰਤੀ ਵਿਸ਼ੇਸ਼ਤਾਵਾਂ ਕਰਕੇ ਹੈ, ਜਿਸ ਦੇ ਸਬੱਬ ਨਾਲ ਇਹ ਕਾਇਨਾਤ ਉਸਰੀ ਹੈ ਅਤੇ ਜੀਵ-ਜੰਤੂ ਬ੍ਰਹਿਮੰਡ ਵਿਚ ਵਿਗਸ ਰਹੇ ਹਨ। ਪਰ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਉਹੀ ਮਨੁੱਖ ਜਿਸ ਦਾ ਵਜੂਦ ਪਾਣੀ ਹੈ, ਜਿਸ ਦੇ ਧਾਰਮਿਕ ਗ੍ਰੰਥ ਉਸ ਨੂੰ ਪਾਣੀ ਦੀ ਪਵਿੱਤਰਤਾ ਅਤੇ ਅਹਿਮੀਅਤ ਦਾ ਸੰਦੇਸ਼ ਦਿੰਦੇ ਹਨ, ਉਹ ਲਗਾਤਾਰ ਇਸ ਕੁਦਰਤੀ ਸੋਮੇ ਨੂੰ ਪਲੀਤ ਕਰਨ ਲਈ ਤੁਲਿਆ ਹੋਇਆ ਹੈ।
ਪਾਣੀ, ਸੁੱਚਮਤਾ ਦਾ ਪ੍ਰਤੀਕ ਹੈ। ਨਿਰਮਲ ਜਲ ਆਪਣੇ ਸੰਪਰਕ ਵਿਚ ਆਉਣ ਵਾਲੇ ਜੀਵਾਂ, ਵਸਤਾਂ, ਪਦਾਰਥਾਂ ਆਦਿ ਦੀ ਮੈਲ ਉਤਾਰ ਕੇ ਉਨ੍ਹਾਂ ਨੂੰ ਸ਼ੁੱਧ ਪਵਿੱਤਰ ਕਰਦਾ ਹੈ। ਕੋਈ ਵੀ ਧਾਰਮਿਕ ਕਾਰਜ ਕਰਨ ਲੱਗਿਆਂ ਇਸ਼ਨਾਨ ਜਾਂ ਹੱਥ ਸੁੱਚੇ ਕਰਨ ਦੀ ਕਿਰਿਆ, ਪਾਣੀ ਦੁਆਰਾ ਹੀ ਕੀਤੀ ਜਾਂਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਵੇਈਂ ਪ੍ਰਵੇਸ਼ ਵਾਲੀ ਸਾਖੀ ਜਿਸ ਸਦਕਾ ਉਹ ਅਕਾਲ ਪੁਰਖ ਦੇ ਦਰਬਾਰ ਵਿਚ ਜਾ ਪਹੁੰਚਦੇ ਹਨ, ਪਾਣੀ ਦੀ ਸੁੱਚਮਤਾ ਨੂੰ ਸੁਦ੍ਰਿੜ੍ਹ ਕਰਨ ਵਾਲੀ ਮਹੱਤਵਪੂਰਨ ਘਟਨਾ ਹੈ। ਗੁਰੂ ਨਾਨਕ ਸਾਹਿਬ ਨੇ ਪਾਣੀ ਦੀ ਇਹ ਪ੍ਰਕਿਰਤੀ ਵੀ ਦਰਸਾਈ ਹੈ ਕਿ ਇਹ ਆਪਣੇ ਕੋਲ ਆਉਣ ਵਾਲਿਆਂ ਦੀ ਮੈਲ ਉਤਾਰ ਕੇ ਉਸ ਨੂੰ ਆਪਣੇ ਵਿਚ ਸਮਾਅ ਲੈਂਦਾ ਹੈ ਅਤੇ ਉਨ੍ਹਾਂ ਨੂੰ ਸੁੱਚਮਤਾ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਦਰਿਆ (ਪਾਣੀ) ਦੀ ਪ੍ਰਕਿਰਤੀ ਵੀ ਗੁਰੂ ਵਾਲੀ ਹੈ। ਗੁਰਵਾਕ ਹੈ :
ਗੁਰੁ ਦਰੀਆਓ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ।
ਸਾਡੇ ਗੁਰੂ-ਪੀਰਾਂ ਨੇ, ਰਿਸ਼ੀਆਂ-ਮੁਨੀਆਂ ਨੇ ‘ਸਭੇ ਸਾਝੀਵਾਲ ਸਦਾਇਨ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ’ ਜਾਂ ‘ਸਰਬੱਤ ਦਾ ਭਲਾ’ ਮੰਗਿਆ ਸੀ। ਅਸੀਂ ਉਸੇ ਪਾਣੀ ਦੀ ਉਪਜ ਹਾਂ, ਜੋ ਪਾਣੀ ਗੁਰੂ ਸਹਿਬਾਨ ਨੇ ਪੀਤਾ ਸੀ, ਪੀਰਾਂ ਤੇ ਸੂਫੀਆਂ ਨੇ ਪੀਤਾ ਸੀ, ਸਿਆਣਿਆਂ ਤੇ ਬੁੱਧੀਜੀਵੀਆਂ ਨੇ ਪੀਤਾ ਸੀ। ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਪਾਵਨ ਪਾਣੀ ਦੀ ਲਾਜ ਰੱਖੀਏ, ਇਸ ਦਾ ਰਵਾ ਪਛਾਣੀਏ, ਇਸ ਦੀ ਖਾਸੀਅਤ ਜਾਣੀਏ। ਗੁਰਬਾਣੀ ਵਿਚ ਪਾਣੀ ਦੀ ਜੋ ਅਹਿਮੀਅਤ ਦਰਸਾਈ ਗਈ ਹੈ, ਉਹ ਇਹ ਹੈ ਕਿ ਅਸੀਂ ਉਸ ਤੋਂ ਸਹੀ ਸੇਧ ਲੈ ਕੇ ਇਸ ਕੁਦਰਤੀ ਅਤੇ ਨਾ-ਨਵਿਆਣਯੋਗ ਲਾਸਾਨੀ ਦਾਤ ਦਾ ਬਚਾਅ ਕਰ ਸਕਦੇ ਹਾਂ।

-ਖੋਜਾਰਥੀ, ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।
ਈ-ਮੇਲ : jaswindersinghdr@yahoo.com
By Jaswinder Singh

Posted in: ਸਾਹਿਤ