ਗਦਰ ਲਹਿਰ: ਗਦਰੀ ਬਾਬਾ ਕਪੂਰ ਸਿੰਘ ਕਾਉਂਕੇ

By August 12, 2016 0 Comments


-ਅਰਜੀਤ ਸਿੰਘ
gaddri-babe1
ਗਦਰ ਲਹਿਰ ਦੇ ਸ਼ਾਨਾਂਮੱਤੇ ਇਤਿਹਾਸ ਵਿਚ ਚਾਰ ਕਪੂਰ ਸਿੰਘ ਹੋਏ ਹਨ। ਤਿੰਨ ਕਪੂਰ ਸਿੰਘ ਤਾਂ ਖਾਸ ਤੌਰ ‘ਤੇ ਜਾਣੇ ਜਾਂਦੇ ਹਨ। ਭਾਈ ਕਪੂਰ ਸਿੰਘ ਮੋਹੀ, ਭਾਈ ਕਪੂਰ ਸਿੰਘ ਹੁਸ਼ਿਆਰਪੁਰ ਅਤੇ ਭਾਈ ਕਪੂਰ ਸਿੰਘ ਅੰਮ੍ਰਿਤਸਰ। ਚੌਥੇ ਸਨ, ਕਾਉਂਕਿਆਂ ਵਾਲੇ ਕਪੂਰ ਸਿੰਘ। ਸਿਵਾਏ ਉਨ੍ਹਾਂ ਦੇ ਨਾਮ ਤੋਂ ਕੋਈ ਬਹੁਤੀ ਜਾਣਕਾਰੀ ਨਹੀਂ ਸੀ ਮਿਲਦੀ। ਗਦਰ ਇਤਿਹਾਸ ਦੇ ਖੋਜੀ ਅਤੇ ਗਦਰੀ ਬਾਬਿਆਂ ਦੇ ਮੁਨਸ਼ੀ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਮੁਤਾਬਕ ਉਹ ਉਨ੍ਹਾਂ ਦੇ ਪਿੰਡ ਕਾਉਂਕੇ ਗਏ ਸਨ। ਉਨ੍ਹਾਂ ‘ਤੇ ਫ਼ਰਦ ਜੁਰਮ ਨਹੀਂ ਸੀ ਲੱਗ ਸਕਿਆ। ਦੂਜੇ ਸਾਜਿ਼ਸ਼ ਕੇਸ ਵਿਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਸੀ। ਅਣਗਿਣਤ ਹਨ ਉਹ ਲੋਕ ਜਿਨ੍ਹਾਂ ਆਜ਼ਾਦੀ ਸੰਗਰਾਮ ਵਿਚ ਆਪਣਾ ਹਿੱਸਾ ਪਾਇਆ ਪਰ ਸਮੇਂ ਦੀ ਗਰਦਿਸ਼ ਹੇਠ ਦੱਬੇ ਗਏ। ਵਾਸਦੇਵ ਸਿੰਘ ਅਤੇ ਚੰਨਣ ਸਿੰਘ ਢੱਕੋਵਾਲ (ਸ਼ਾਹੀ ਕੈਦੀ) ਵੀ ਅਣਗੌਲੇ ਰਹੇ। ਵਾਸਦੇਵ ਸਿੰਘ ਜਿਨ੍ਹਾਂ ਗਦਰ ਦਾ ਇਤਿਹਾਸ ਖੁਦ ਸਿਰਜਿਆ, ਥੋੜ੍ਹਾ ਲਿਖ ਕੇ ਚਲਦੇ ਬਣੇ। ਚੰਗੇ ਭਾਗੀਂ ਉਨ੍ਹਾਂ ਦੇ ਬੇਟੇ ਹਰਮਿੰਦਰ ਬੀਰ ਸਿੰਘ ਅਤੇ ਡਾ. ਜੋਗਿੰਦਰ ਸਿੰਘ ਕੈਰੋਂ ਦੇ ਜਤਨਾਂ ਸਦਕਾ ਦੁਰਲੱਭ ਦਸਤਾਵੇਜ਼ ਛਪ ਗਿਆ। ਚੰਨਣ ਸਿੰਘ ਢੱਕੋਵਾਲ ਏਡੇ ਵੱਡੇ ਕੱਦਕਾਠ ਅਤੇ ਦੇਸ਼ ਭਗਤੀ ਦੇ ਉਚੇ ਮਰਾਤਬੇ ਵਾਲੇ ਸੂਰਮੇ ਬਾਰੇ ਕਿੰਨੇ ਕੁ ਲੋਕ ਜਾਣਦੇ ਹਨ?

2008 ਵਿਚ ‘ਇੰਡੋ ਅਮਰੀਕਨ ਕਲਚਰਲ ਆਰਗੇਨਾਈਜੇਸ਼ਨ’ ਵੱਲੋਂ ਸੈਕਰਾਮੈਂਟੋ ਵਿਚ ਇਕ ਮੇਲਾ ਨਾਮਧਾਰੀ ਲਹਿਰ ਨੂੰ ਸਮਰਪਤ ਕੀਤਾ ਗਿਆ ਸੀ। ਇਕ ਬਜ਼ੁਰਗ ਨੇ ਮੇਲਾ ਦੇਖਣ ਦੀ ਖਾਹਿਸ਼ ਜ਼ਾਹਿਰ ਕੀਤੀ। ਉਨ੍ਹਾਂ ਨੂੰ ਸੁਮਿਤਰ ਸਿੰਘ ਉਪਲ ਅਤੇ ਪ੍ਰਧਾਨ ਸੁਰਿੰਦਰ ਸਿੰਘ ਬਿੰਦਰਾ ਨੇ ਉਚੇਚਾ ਸੱਦਾ ਦਿੱਤਾ ਅਤੇ ਮੇਲੇ ਵਿਚ ਉਨ੍ਹਾਂ ਦੀ ਜਾਣ-ਪਛਾਣ ਦੱਸ ਕੇ ਸਨਮਾਨ ਦਿੱਤਾ ਗਿਆ। ਉਹ ਆਪਣੇ ਪਿਤਾ ਸ. ਕਪੂਰ ਸਿੰਘ ਕਾਉਂਕੇ ਦੀ ਫਰੇਮ ਕੀਤੀ ਫੋਟੋ ਵੀ ਲੈ ਕੇ ਆਏ ਸਨ। ਭਾਈ ਕਪੂਰ ਸਿੰਘ ਕਾਉਂਕੇ ਦੀ ਗ੍ਰਿਫ਼ਤਾਰੀ ਹੋਈ ਸੀ ਜਲੰਧਰ ਜ਼ਿਲ੍ਹੇ ਦੇ ਪਿੰਡ ਉਘੀ ਚਿੱਟੀ ਦੇ ਗੁਰਦੁਆਰੇ ਵਿਚੋਂ। ਉਨ੍ਹਾਂ ਦੇ ਜੀਵਨ ਸੰਗਰਾਮ ਦੀ ਗਾਥਾ ਬੜੇ ਥੋੜ੍ਹੇ ਸ਼ਬਦਾਂ ਵਿਚ ਕਹੀ ਗਈ ਹੈ। ਇਸ ਲੇਖ ਵਿਚ ਉਨ੍ਹਾਂ ਦੇ ਪੁੱਤਰ ਸ. ਅਰਜੀਤ ਸਿੰਘ ਨੇ ਕੁਝ ਵੇਰਵਾ ਦਿੱਤਾ ਹੈ। ਅਰਜੀਤ ਸਿੰਘ ਕੇਂਦਰੀ ਸਕੱਤਰੇਤ ਤੋਂ ਸੈਕਸ਼ਨ ਅਫ਼ਸਰ ਦੇ ਅਹੁਦੇ ਤੋਂ ਰਿਟਾਇਰ ਹੋਣ ਤੋਂ ਬਾਅਦ ਅਮਰੀਕਾ ਵਿਚ ਵਸ ਗਏ। -ਕਸ਼ਮੀਰ ਸਿੰਘ ਕਾਂਗਣਾ
————————————————————————————————————-
ਮੈਂ ਕਈ ਸਾਲਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਮੇਰੇ ਪਿਤਾ ਜੀ ਕਪੂਰ ਸਿੰਘ (ਕਾਉਂਕੇ) ਦੀ ਗਦਰ ਲਹਿਰ ਵਿਚ ਸ਼ਮੂਲੀਅਤ ਦਾ ਕਿਸੇ ਜਗ੍ਹਾ ਵਿਚ ਜ਼ਿਕਰ ਹੈ ਕਿ ਨਹੀਂ? ਪਰ ਕੁਝ ਪ੍ਰਾਪਤੀ ਨਹੀਂ ਹੋਈ। ਇਕ ਦਿਨ ਮੇਰੀ ਪੋਤੀ ਰਵਲੀਨ ਕੌਰ ਜਿਹੜੀ 12ਵੀਂ ਕਲਾਸ ਦੀ ਵਿਦਿਆਰਥਣ ਸੀ ਅਤੇ ਆਪਣੇ ਕੰਪਿਊਟਰ ‘ਤੇ ਆਪਣੇ ਖਾਨਦਾਨ ਦਾ ਫੈਮਿਲੀ-ਟ੍ਰੀ ਬਣਾ ਰਹੀ ਸੀ, ਦੀ ਆਪਣੇ ਪੜਦਾਦਾ ਜੀ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕਰਦਿਆਂ ਗਦਰ ਲਫਜ਼ ‘ਤੇ ਨਜ਼ਰ ਪਈ ਤਾਂ ਉਸ ਦੀ ਦਿਲਚਸਪੀ ਵਧ ਗਈ ਅਤੇ ਉਸ ਨੇ ਇਸ ਬਾਬਤ ਇੰਟਰਨੈਟ ‘ਤੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ। ਫਲਸਰੂਪ ਉਸ ਨੂੰ ਗਦਰੀਆਂ ਦੀ ਡਾਇਰੈਕਟਰੀ ਮਿਲੀ ਜਿਸ ਵਿਚ ਭਾਰਤ ਸਰਕਾਰ ਵਲੋਂ ਜਾਰੀ ਕੀਤੀ ਗਈ ਡਾਇਰੈਕਟਰੀ ਵੀ ਸ਼ਾਮਲ ਹੈ। ਮੇਰੇ ਪਿਤਾ ਜੀ ਸ. ਕਪੂਰ ਸਿੰਘ (ਕਾਉਂਕੇ) ਦਾ ਨਾਮ 591 ਨੰਬਰ ‘ਤੇ ਸੀ। ਉਹ ਉਤਸ਼ਾਹ ਨਾਲ ਭਰ ਗਈ ਅਤੇ ਮੈਨੂੰ ਦੱਸਿਆ। ਉਸ ਦੇ ਉਤਸ਼ਾਹ ਨੇ ਮੈਨੂੰ ਹੋਰ ਖੋਜ ਕਰਨ ਵਾਸਤੇ ਪ੍ਰੇਰਨਾ ਦਿੱਤੀ।

ਸ. ਕਪੂਰ ਸਿੰਘ (ਬਾਅਦ ਵਿਚ ਸ. ਜਗਜੀਤ ਸਿੰਘ) ਦਾ ਜਨਮ ਪਿਤਾ ਸ. ਚੰਦਾ ਸਿੰਘ ਅਤੇ ਮਾਤਾ ਕਿਸ਼ਨ ਕੌਰ ਦੇ ਘਰ ਸੰਨ 1901 ਨੂੰ ਪਿੰਡ ਕਾਉਂਕੇ (ਜ਼ਿਲ੍ਹਾ ਲੁਧਿਆਣਾ) ਵਿਚ ਹੋਇਆ। ਉਹ ਪੰਜ ਭੈਣ ਭਰਾ ਸਨ, ਤਿੰਨ ਭਰਾ ਅਤੇ ਦੋ ਭੈਣਾਂ। ਉਹ ਦੂਸਰੇ ਨੰਬਰ ‘ਤੇ ਸਨ। ਉਨ੍ਹਾਂ ਤੋਂ ਵੱਡਾ ਇਕ ਭਰਾ ਸੀ ਅਤੇ ਇਕ ਛੋਟਾ ਭਰਾ ਜਿਨ੍ਹਾਂ ਨੇ ਕਦੇ ਵਿਆਹ ਨਹੀਂ ਕਰਾਇਆ।

ਜਦੋਂ ਇਹ ਖਬਰ ਫੈਲੀ ਕਿ ਕਾਮਾਗਾਟਾ ਮਾਰੂ ਜਹਾਜ਼, ਜਿਸ ਵਿਚ 400 ਹਥਿਆਰਬੰਦ ਬੰਦੇ ਸਵਾਰ ਹਨ, ਹਿੰਦੁਸਤਾਨ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਛੁਡਾਉਣ ਵਾਸਤੇ ਕੈਨੇਡਾ ਤੋਂ ਚੱਲ ਪਿਆ ਹੈ, ਤਾਂ ਗਦਰ ਲਹਿਰ ਭੜਕ ਉਠੀ। ਉਨ੍ਹਾਂ ਦਿਨਾਂ ‘ਚ ਸਾਰੇ ਪੰਜਾਬ ਵਿਚ ਇਕੱਠ ਜਾਂ ਕਾਨਫਰੰਸਾਂ ਹੁੰਦੀਆਂ ਸਨ। ਉਸ ਵੇਲੇ ਦੇ ਨੇਤਾ, ਕਵੀਸ਼ਰੀਆਂ ਅਤੇ ਕਬਿੱਤਾਂ ਦੁਆਰਾ ਲੋਕਾਂ ਵਿਚ ਦੇਸ਼ ਪ੍ਰੇਮ ਅਤੇ ਆਜ਼ਾਦੀ ਬਾਰੇ ਲੋਕਾਂ ਨੂੰ ਪ੍ਰੇਰਿਤ ਕਰਦੇ ਸਨ। ਕ੍ਰਾਂਤੀਕਾਰੀ ਆਪਣੇ ਕਬਿੱਤਾਂ ਦੁਆਰਾ ਲੋਕਾਂ ਨੂੰ ਕਹਿੰਦੇ ਸੀ ਕਿ ਅੰਗਰੇਜ਼ ਸਾਡੇ ਧਰਮ ਵਿਚ ਦਖ਼ਲ ਦਿੰਦੇ ਹਨ। ਸਾਡੇ ਦੇਸ਼ ਦੇ ਗਰੀਬਾਂ ਦੀਆਂ ਜੇਬਾਂ ‘ਚੋਂ ਪੈਸੇ ਕੱਢ ਕੇ ਇੰਗਲੈਂਡ ਜਾ ਕੇ ਆਪਣੇ ਖ਼ਜ਼ਾਨੇ ਭਰਦੇ ਹਨ। ਇਨ੍ਹਾਂ ਦੀ ਲੜਾਈ ਜਰਮਨੀ ਨਾਲ ਹੈ ਤੇ ਬਜਾਏ ਆਪਣੀਆਂ ਫੌਜਾਂ ਨੂੰ ਫਰੰਟ ‘ਤੇ ਭੇਜਣ ਦੇ, ਸਾਡੇ ਸਿੱਖਾਂ ਦੀਆਂ ਫੌਜਾਂ ਨੂੰ ਜਰਮਨੀ ਨਾਲ ਲੜਨ ਵਾਸਤੇ ਭੇਜ ਦਿੰਦੇ ਹਨ। ਆਓ ਅਸੀਂ ਸਾਰੇ ਦੇਸ਼ ਦੀ ਜਨਤਾ, ਮਿਲ ਕੇ ਇਨ੍ਹਾਂ ਨੂੰ ਹਿੰਦੁਸਤਾਨ ਤੋਂ ਬਾਹਰ ਕੱਢ ਕੇ ਆਪਣਾ ਸਿੱਖ ਰਾਜ ਕਾਇਮ ਕਰੀਏ। ਲੋਕਾਂ ਵਿਚ ਇੰਨਾ ਜੋਸ਼ ਸੀ ਕਿ ਉਹ ਸਮਝਦੇ ਸਨ ਕਿ ਆਜ਼ਾਦੀ ਬਹੁਤ ਜਲਦੀ ਹੀ ਮਿਲ ਜਾਏਗੀ।

ਮੇਰੇ ਪਿਤਾ ਜੀ ਉਨ੍ਹਾਂ ਦਿਨਾਂ ਵਿਚ ਜਗਰਾਉਂ ਵਿਚ ਅੱਠਵੀਂ ਕਲਾਸ ਵਿਚ ਪੜ੍ਹਦੇ ਸਨ। ਉਸ ਵੇਲੇ ਉਨ੍ਹਾਂ ਦੀ ਉਮਰ 14 ਸਾਲ ਸੀ। ਉਨ੍ਹਾਂ ਦਾ ਸੰਪਰਕ ਸ. ਅਰਜਨ ਸਿੰਘ ਜਗਰਾਉਂ ਵਾਲਿਆਂ (ਜਿਨ੍ਹਾਂ ਨੂੰ ਬਾਅਦ ਵਿਚ ਉਮਰ ਕੈਦ ਦੀ ਸਜ਼ਾ ਹੋ ਗਈ ਸੀ) ਨਾਲ ਹੋਇਆ। ਸ. ਅਰਜਨ ਸਿੰਘ ਨੇ ਮੇਰੇ ਪਿਤਾ ਜੀ ਨੂੰ ਆਜ਼ਾਦੀ ਦੀਆਂ ਨਿਹਮਤਾਂ ਅਤੇ ਗੁਲਾਮੀ ਦੀਆਂ ਲਾਹਨਤਾਂ ਬਾਰੇ ਲੰਮੇ ਲੈਕਚਰ ਰਾਹੀਂ, ਗਦਰ ਮੂਵਮੈਂਟ ਵਿਚ ਸ਼ਾਮਿਲ ਹੋਣ ਵਾਸਤੇ ਪ੍ਰੇਰਿਤ ਕੀਤਾ ਅਤੇ ਪਿਤਾ ਜੀ ਮੰਨ ਗਏ ਪਰ ਪਰਿਵਾਰ ਵਾਲੇ ਉਨ੍ਹਾਂ ਦੇ ਗਦਰ ਲਹਿਰ ਵਿਚ ਸ਼ਾਮਲ ਹੋਣ ਬਾਰੇ ਸਹਿਮਤ ਨਹੀਂ ਸਨ। ਉਨ੍ਹਾਂ ਦਾ ਖਿਆਲ ਸੀ ਕਿ ਕਈ ਮੁਸ਼ਕਲਾਂ ਆਉਣ ਦੇ ਨਾਲ-ਨਾਲ ਪਰਿਵਾਰ ਦੀ ਬਦਨਾਮੀ ਹੋਵੇਗੀ ਅਤੇ ਸਮਾਜ ਨਾਲ ਉਨ੍ਹਾਂ ਦਾ ਮਿਲਵਰਤਣ ਬੰਦ ਹੋ ਜਾਵੇਗਾ। ਪਿਤਾ ਜੀ ਨੇ ਕਿਹਾ ਕਿ ਉਹ ਪਰਿਵਾਰ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ ਪਰ ਉਹ ਉਹੀ ਕੁਝ ਕਰਨਗੇ ਜਿਸ ਚੀਜ਼ ਲਈ ਉਨ੍ਹਾਂ ਦੀ ਆਤਮਾ ਗਵਾਹੀ ਦਿੰਦੀ ਹੈ ਅਤੇ ਉਨ੍ਹਾਂ ਨੇ ਕੀਤੀ ਵੀ ਓਹੀ!

ਗਦਰੀਆਂ ਦੀ ਸਕੀਮ ਵਿਚ ਫੌਜੀ ਸਿਪਾਹੀਆਂ, ਪਿੰਡਾਂ ਦੇ ਲੋਕਾਂ ਅਤੇ ਸਕੂਲਾਂ ਦੇ ਮੁੰਡਿਆਂ ਨੂੰ ਸ਼ਾਮਲ ਕਰਨਾ ਸੀ। ਫੌਜੀਆਂ ਨੂੰ ਕਹਿੰਦੇ ਸਨ ਕਿ ਤੁਸੀਂ ਆਪਣੇ ਮੁਲਕ ਦਾ ਝੰਡਾ ਛੱਡ ਕੇ ਦੂਜੇ ਮੁਲਕਾਂ ਦੀ ਆਜ਼ਾਦੀ ਵਾਸਤੇ ਲੜ ਰਹੇ ਹੋ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਤੁਸੀਂ ਆਪਣੇ ਮੁਲਕ ਦਾ ਝੰਡਾ ਬੜੇ ਮਾਣ ਨਾਲ ਉਚਾ ਕਰਕੇ ਆਪਣੇ ਦੇਸ਼ ਦੀ ਆਜ਼ਾਦੀ ਵਾਸਤੇ ਲੜੋ। ਪਿੰਡਾਂ ਵਾਲਿਆਂ ਨੂੰ ਕਹਿੰਦੇ ਸਨ ਕਿ ਤੁਸੀਂ ਨੰਬਰਦਾਰ ਨੂੰ ਮਾਮਲਾ ਨਾ ਦਿਓ ਅਤੇ ਨੰਬਰਦਾਰ ਜਦੋਂ ਮਾਮਲਾ ਇਕੱਠਾ ਕਰਕੇ ਖਜ਼ਾਨੇ ਵਿਚ ਜਮ੍ਹਾਂ ਕਰਾਉਣ ਵਾਸਤੇ ਜਾਣ ਤਾਂ ਉਨ੍ਹਾਂ ਨੂੰ ਰਾਹ ਵਿਚ ਹੀ ਲੁੱਟ ਲੈਣ ਤਾਂ ਕਿ ਲੁੱਟਿਆ ਹੋਇਆ ਪੈਸਾ ਗ਼ਦਰ ਲਹਿਰ ਵਾਸਤੇ ਵਰਤਿਆ ਜਾ ਸਕੇ। ਪਿੰਡ ਵਿਚ ਛੁੱਟੀ ‘ਤੇ ਘਰ ਆਏ ਫੌਜੀਆਂ ਅਤੇ ਰਿਜ਼ਰਵਿਸਟ ਫੌਜੀਆਂ ਨੂੰ ਅਪਣੀ ਰੈਜੀਮੈਂਟ ਵਿਚ ਵਾਪਸ ਨਾ ਜਾਣ ਦਿਓ।

ਮੁੰਡਿਆਂ ਵਿਚੋਂ ਕੁਝ ਨੂੰ ਵਜ਼ੀਫ਼ੇ ਦੇ ਕੇ ਅਮਰੀਕਾ ਅਤੇ ਜਰਮਨੀ ਭੇਜਦੇ ਤਾਂ ਕਿ ਉਥੇ ਆਪਣੀ ਪੜ੍ਹਾਈ ਦੇ ਨਾਲ-ਨਾਲ ਬੰਦੂਕਾਂ ਅਤੇ ਬੰਬ ਬਣਾਉਣ ਦੀ ਟ੍ਰੇਨਿੰਗ ਵੀ ਲੈ ਸਕਣ। ਬਾਕੀ, ਹਿੰਦੁਸਤਾਨ ਵਿਚ ਆਮ ਤੌਰ ‘ਤੇ ਮੁੰਡਿਆਂ ਕੋਲੋਂ ਜਿਹੜੇ ਕੰਮ ਕਰਵਾਏ ਜਾਂਦੇ ਸਨ, ਉਹ ਸਨ ਬੰਬ ਬਣਾਉਣ ਦੀ ਸਮੱਗਰੀ ਇਕੱਠੀ ਕਰਨਾ, ਅੰਗਰੇਜ਼ਾਂ ਵਿਰੁਧ ਪ੍ਰਚਾਰ ਸਮੱਗਰੀ ਛਪਵਾਉਣਾ, ਇਕ ਤੋਂ ਦੂਜੀ ਜਗ੍ਹਾ ਗਦਰੀਆਂ ਦੇ ਸੁਨੇਹੇ ਪਹੁੰਚਾਉਣੇ ਅਤੇ ਪਿੰਡਾਂ ਵਿਚ ਗਦਰ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦੇਣੀ। ਇਨ੍ਹਾਂ ਮੁੰਡਿਆਂ ਵਿਚੋਂ ਮੇਰੇ ਪਿਤਾ ਜੀ ਵੀ ਇਕ ਸਨ।

ਗਦਰੀਆਂ ਦੇ ਗਰੁਪ ਬਣਾਏ ਗਏ ਸਨ ਜਿਨ੍ਹਾਂ ਵਿਚ ਹਰ ਇਕ ਨੂੰ ਉਸ ਦੀ ਡਿਊਟੀ ਵੰਡੀ ਗਈ ਸੀ। ਮੇਰੇ ਪਿਤਾ ਜੀ ਉਸ ਗਰੁਪ ਵਿਚ ਸਨ ਜਿਨ੍ਹਾਂ ਦਾ ਕੰਮ ਅਸਲਾ ਲੈ ਕੇ ਜਾਣਾ ਸੀ। ਗਦਰੀ ਘੁਮਿਆਰ ਦੇ ਭੇਸ ਬਣਾ ਕੇ ਖੋਤਿਆਂ ‘ਤੇ ਅਸਲਾ ਆਦਿ ਲੈ ਜਾਂਦੇ। ਇਹ ਅਸਲਾ ਥੈਲਿਆਂ ਵਿਚ ਪਾਥੀਆਂ ਦੇ ਅੰਦਰ ਛੁਪਾਇਆ ਹੁੰਦਾ।

28 ਮਈ 1915 ਨੂੰ ਗਦਰੀਆਂ ਦੀ ਮੀਟਿੰਗ ਹੋਈ ਜਿਸ ਵਿਚ 5 ਜੂਨ 1915 ਨੂੰ ਕਪੂਰਥਲੇ ਦੀ ਛਾਉਣੀ ‘ਤੇ ਹਮਲਾ ਕਰਕੇ ਹਥਿਆਰ ਲੁੱਟਣ ਅਤੇ ਉਨ੍ਹਾਂ ਦੀ ਸਹਾਇਤਾ ਨਾਲ ਲਾਹੌਰ ਅਤੇ ਮਿੰਟਗੁੰਮਰੀ ਦੀਆਂ ਜੇਲ੍ਹਾਂ ‘ਚੋਂ ਆਪਣੇ ਬੰਦਿਆਂ ਨੂੰ ਛੁਡਾਉਣ ਅਤੇ ਅੰਗਰੇਜ਼ਾਂ ਨੂੰ ਕਤਲ ਕਰਨ ਦੀ ਯੋਜਨਾ ਬਣਾਈ ਗਈ ਸੀ। ਫਿਰ ਉਨ੍ਹਾਂ ਨੇ ਹਿਸਾਬ ਲਾਇਆ ਕਿ ਇਹ ਯੋਜਨਾਵਾਂ ਸਫ਼ਲ ਕਰਨ ਲਈ ਕੋਈ 60 ਬੰਦਿਆਂ ‘ਤੇ ਭਰੋਸਾ ਕੀਤਾ ਜਾ ਸਕਦਾ ਹੈ। 5 ਜੂਨ ਨੂੰ ਉਹ ਸਾਰੇ ਇਕੱਠੇ ਹੋਏ। ਉਨ੍ਹਾਂ ਨਾਲ ਛਾਉਣੀ ਦਾ ਇਕ ਸਿਪਾਹੀ ਵੀ ਸੀ ਜਿਸ ਨੇ ਉਨ੍ਹਾਂ ਨੂੰ ਛਾਉਣੀ ਤੱਕ ਪਹੁੰਚਾਉਣ ਅਤੇ ਹਥਿਆਰ ਦੇਣ ਦਾ ਵਚਨ ਦਿੱਤਾ ਸੀ। ਉਸ ਦਿਨ ਕੁੱਲ 18-19 ਬੰਦੇ ਹੀ ਇਕੱਠੇ ਹੋਏ ਜਦ ਕਿ 60 ਬੰਦਿਆਂ ਦੇ ਆਉਣ ਦੀ ਉਮੀਦ ਸੀ। ਇਹ ਮਹਿਸੂਸ ਕਰਦਿਆਂ ਕਿ ਜਿਸ ਕੰਮ ਵਾਸਤੇ ਅਸੀਂ ਇਕੱਠੇ ਹੋਏ ਹਾਂ, ਇਤਨੇ ਥੋੜ੍ਹੇ ਬੰਦਿਆਂ ਨਾਲ ਕੰਮ ਨੂੰ ਅੰਜ਼ਾਮ ਨਹੀਂ ਦਿੱਤਾ ਜਾ ਸਕਦਾ, ਉਨ੍ਹਾਂ ਨੇ ਹਮਲਾ ਕਰਨ ਦੀ ਯੋਜਨਾ 12 ਜੂਨ ਤੱਕ ਟਾਲ ਦਿੱਤੀ।

ਮੀਟਿੰਗ ਤੋਂ ਕੁਝ ਦੇਰ ਬਾਅਦ ਹੀ 2 ਬੌਰੀਏ (ਜਰਾਇਮਪੇਸ਼ਾ ਕਰਾਰ ਦਿੱਤੀ ਗਈ ਕੌਮ, ਉਸ ਵਕਤ ਵੀ ਅਤੇ ਆਜ਼ਾਦੀ ਤੋਂ ਪਿਛੋਂ ਵੀ ਇਨ੍ਹਾਂ ਗਰੀਬ ਲੋਕਾਂ ਨੂੰ ਜਰਾਇਮਪੇਸ਼ਾ ਕੌਮ ਵਜੋਂ ਨਫਰਤ ਨਾਲ ਦੇਖਿਆ ਜਾਂਦਾ ਰਿਹਾ। ਅਸਲ ਵਿਚ ਜੇ ਇਨ੍ਹਾਂ ਦੇ ਮੁਢਲੇ ਇਤਿਹਾਸ ‘ਤੇ ਝਾਤੀ ਮਾਰੀਏ ਤਾਂ ਇਹ ਬੜੇ ਗੌਰਵ ਵਾਲੇ ਲੋਕ ਸਨ), ਜਿਹੜੇ ਕਿ ਮਿਲਟਰੀ ਬੈਰਕਾਂ ਦੇ ਪਿਛੇ ਬਟੇਰਾਂ ਦੀ ਖੋਜ ਵਿਚ ਘੁੰਮ ਰਹੇ ਸਨ, ਦੀ ਨਜ਼ਰ ਗਦਰੀਆਂ ਦੇ ਪੈਰਾਂ ਦੇ ਨਿਸ਼ਾਨਾਂ ‘ਤੇ ਪਈ ਜਿਥੇ ਕਿ ਉਨ੍ਹਾਂ ਦੀ ਮੀਟਿੰਗ ਹੋਈ ਸੀ। ਉਨ੍ਹਾਂ ਨੂੰ ਸ਼ੱਕ ਹੋਇਆ ਅਤੇ ਊਹ ਮੁੜ ਕੇ ਉਸ ਜਗ੍ਹਾ ‘ਤੇ ਪਹੁੰਚ ਗਏ ਜਿਥੋਂ ਦੀ ਪੈਰਾਂ ਅਤੇ ਛਵੀਆਂ ਦੇ ਨਿਸ਼ਾਨ ਸ਼ੁਰੂ ਹੁੰਦੇ ਸੀ। ਬੌਰਿਆਂ ਨੇ ਹਿਸਾਬ ਲਾਇਆ ਕਿ 7 ਬੰਦੇ ਕਰਤਾਰਪੁਰ ਗਏ ਹਨ, 3 ਛਾਉਣੀ ਵੱਲ ਭੇਜੇ ਗਏ ਅਤੇ 4 ਬੰਦੇ ਪਿੰਡ ਕਾਲਾ ਸੰਘਿਆਂ ਨੂੰ ਭੇਜੇ ਗਏ ਸਨ। 4 ਬੰਦਿਆਂ ਤੋਂ ਇਲਾਵਾ ਜਿਨ੍ਹਾਂ ਵਿਚ ਮੇਰੇ ਪਿਤਾ ਸ. ਕਪੂਰ ਸਿੰਘ (ਕਾਉਂਕੇ) ਵੀ ਸਨ, ਸਾਰਿਆਂ ਦੇ ਪੈਰਾਂ ਦੇ ਨਿਸ਼ਾਨ ਪੱਕੀ ਸੜਕ ਤੱਕ ਆ ਕੇ ਗੁੰਮ ਹੋ ਗਏ। ਪੈਰਾਂ ਦੇ ਨਿਸ਼ਾਨਾਂ ਤੋਂ ਦੋਵਾਂ ਬੌਰੀਆਂ ਨੇ ਪਿੰਡ ਕਾਲਾ ਸੰਘਿਆਂ ਤੱਕ ਪਿੱਛਾ ਕੀਤਾ ਅਤੇ ਇਕ ਕਾਂਸਟੇਬਲ ਦੀ ਮਦਦ ਨਾਲ ਪਿੰਡ ਉਗੀ ਚਿੱਟੀ ਪਹੁੰਚ ਗਏ। ਉਥੋਂ ਉਨ੍ਹਾਂ ਨੇ ਪਿੰਡ ਦੇ ਨੰਬਰਦਾਰ ਨੂੰ ਨਾਲ ਲੈ ਕੇ ਪੈਰਾਂ ਦੇ ਨਿਸ਼ਾਨਾਂ ਦਾ ਪਿੰਡ ਦੇ ਗੁਰਦੁਆਰੇ ਤੱਕ ਪਿੱਛਾ ਕੀਤਾ। ਪੁਲਿਸ ਵਾਲੇ ਜਿਨ੍ਹਾਂ ਨੂੰ ਸਭ ਖ਼ਬਰ ਸੀ, ਸਾਦੇ ਕੱਪੜਿਆਂ ਵਿਚ ਉਥੇ ਆਏ। ਡੇਰੇ ਦੇ ਖੂਹ ‘ਤੇ ਮੇਰੇ ਪਿਤਾ ਸੀ, ਬਾਲਟੀਆਂ ਨਾਲ ਪਾਣੀ ਕੱਢ ਕੇ ਸ. ਅਰਜਨ ਸਿੰਘ ਨੂੰ ਇਸ਼ਨਾਨ ਕਰਵਾ ਰਹੇ ਸੀ। ਉਨ੍ਹਾਂ ਦੇ ਮੋਢਿਆਂ ‘ਤੇ ਆਪਣਾ ਅਤੇ ਸ. ਅਰਜਨ ਸਿੰਘ ਦਾ ਰਿਵਾਲਵਰ ਪਾਇਆ ਹੋਇਆ ਸੀ। ਪੁਲਿਸ ਵਾਲੇ ਉਥੇ ਪੁੱਜ ਗਏ ਅਤੇ ਬੜੇ ਪਿਆਰ ਨਾਲ ਗੱਲਾਂ ਕਰਨ ਲਗ ਪਏ ਅਤੇ ਹੌਲੀ ਹੌਲੀ ਉਨ੍ਹਾਂ ਨੂੰ ਘੇਰ ਲਿਆ ਅਤੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਮੇਰੇ ਪਿਤਾ ਜੀ ਨੂੰ ਫੜ ਲਿਆ। ਫਿਰ ਸ. ਅਰਜਨ ਸਿੰਘ ਨੂੰ ਵੀ ਫੜ ਲਿਆ। ਬਾਅਦ ਵਿਚ ਗੁਰਦੁਆਰੇ ਨੂੰ ਘੇਰ ਕੇ ਬਾਕੀ ਦੋਨਾਂ ਨੂੰ ਵੀ ਫੜ ਲਿਆ ਗਿਆ।

ਇਸੇ ਦੌਰਾਨ ਇਕ ਹੋਰ ਦਿਲਚਸਪ ਘਟਨਾ ਘਟੀ। ਉਘੀ ਚਿੱਟੀ ਪਿੰਡ ਦਾ ਨੰਬਰਦਾਰ ਪੁਲਿਸ ਵਾਲਿਆਂ ਦੇ ਨਾਲ ਮੇਰੇ ਪਿਤਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਤੱਕ ਪਹੁੰਚਿਆ। ਜਦੋਂ ਉਸ ਦੀ ਨਜ਼ਰ ਮੇਰੇ ਪਿਤਾ ਉਪਰ ਪਈ ਤਾਂ ਹੈਰਾਨ ਹੋ ਕੇ ਉਨ੍ਹਾਂ ਵੱਲ ਟਿਕਟਿਕੀ ਲਾ ਕੇ ਦੇਖਦਾ ਰਿਹਾ। ਪੁਲਿਸ ਵਾਲੇ ਨੇ ਕਾਰਨ ਪੁੱਛਿਆ ਤਾਂ ਉਸ ਦੀਆਂ ਅੱਖਾਂ ਵਿਚ ਪਾਣੀ ਆ ਗਿਆ ਅਤੇ ਰੋ ਕੇ ਕਹਿਣ ਲੱਗਾ ਕਿ ਇਸ ਮੁੰਡੇ ਦੀ ਸ਼ਕਲ ਹੂ-ਬ-ਹੂ ਮੇਰੇ ਪੁੱਤਰ ਨਾਲ ਮਿਲਦੀ ਹੈ ਜੋ ਇਸ ਵੇਲੇ ਇਸ ਦੁਨੀਆਂ ਵਿਚ ਨਹੀਂ ਹੈ। ਮਿਹਰਬਾਨੀ ਕਰਕੇ ਇਕ ਰਾਤ ਵਾਸਤੇ ਇਸ ਨੂੰ ਆਪਣੇ ਘਰ ਲੈ ਜਾਣ ਦੀ ਇਜਾਜ਼ਤ ਦੇ ਦਿਓ। ਪੁਲਿਸ ਵਾਲਿਆਂ ਨੂੰ ਉਸ ‘ਤੇ ਰਹਿਮ ਆ ਗਿਆ ਅਤੇ ਮੇਰੇ ਪਿਤਾ ਜੀ ਨੂੰ ਘਰ ਲੈ ਜਾਣ ਦੀ ਆਗਿਆ ਦੇ ਦਿੱਤੀ। ਨੰਬਰਦਾਰ ਜਦੋਂ ਮੇਰੇ ਪਿਤਾ ਨੂੰ ਲੈ ਕੇ ਆਪਣੇ ਘਰ ਪਹੁੰਚਿਆ ਤਾਂ ਘਰ ਦਾ ਬੂੁਹਾ ਉਸ ਦੀ ਬੇਟੀ ਨੇ ਖੋਲ੍ਹਿਆ। ਮੇਰੇ ਪਿਤਾ ਨੂੰ ਦੇਖਦੇ ਹੀ ਉਹ ਚੀਕ ਮਾਰਦੀ ਹੋਈ ਅੰਦਰ ਆਪਣੀ ਮਾਤਾ ਕੋਲ ਭੱਜ ਗਈ ਅਤੇ ਕਹਿਣ ਲੱਗੀ ਕਿ ਆਪਣਾ ਜੁਗਿੰਦਰ ਆ ਗਿਆ ਹੈ। ਸਾਰਾ ਪਰਿਵਾਰ ਇਕੱਠਾ ਹੋ ਗਿਆ ਅਤੇ ਮੇਰੇ ਪਿਤਾ ਨੂੰ ਪਿਆਰ ਕਰਨ ਲੱਗ ਪਿਆ। ਨੰਬਰਦਾਰ ਨੇ ਮੇਰੇ ਪਿਤਾ ਬਾਰੇ ਸਾਰੀ ਹਕੀਕਤ ਆਪਣੇ ਪਰਿਵਾਰ ਨੂੰ ਦੱਸੀ ਕਿ ਇਹ ਸਾਡਾ ਜੁਗਿੰਦਰ ਨਹੀਂ ਹੈ। ਅਗਲੇ ਦਿਨ ਸਵੇਰੇ ਜਦੋਂ ਪਿਤਾ ਜੀ ਨੂੰ ਪੁਲਿਸ ਵਾਲਿਆਂ ਕੋਲ ਵਾਪਸ ਪਹੁੰਚਾਉਣ ਵਾਸਤੇ ਜਾਣ ਲੱਗੇ ਤਾਂ ਉਸ ਦੀ ਬੇਟੀ ਨੇ ਆਪਣੇ ਪਿਤਾ ਕੋਲ ਦੁਹਾਈ ਪਾਈ ਕਿ ਬਾਪੂ ਜੁਗਿੰਦਰ ਨੂੰ ਨਾ ਜਾਣ ਦਿਓ। ਨੰਬਰਦਾਰ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ ਕਿ ਇਹ ਜਿਸ ਗਰੁਪ ਦਾ ਮੈਂਬਰ ਹੈ, ਜੇ ਇਨ੍ਹਾਂ ਦੀ ਯੋਜਨਾ ਸਫ਼ਲ ਹੋ ਜਾਂਦੀ ਤਾਂ ਕਈ ਮੌਤਾਂ ਹੋ ਜਾਣੀਆਂ ਸਨ। ਇਸ ਕਰਕੇ ਮੈਂ ਮਜਬੂਰ ਹਾਂ ਅਤੇ ਆਪਣੀ ਜ਼ਿੰਮੇਦਾਰੀ ਸਮਝਦੇ ਹੋਏ ਇਸ ਨੂੰ ਪੁਲਿਸ ਨੂੰ ਵਾਪਸ ਕਰਨਾ ਪਵੇਗਾ। ਸੋ, ਆਪਣੇ ਵਾਅਦੇ ਮੁਤਾਬਕ ਮੇਰੇ ਪਿਤਾ ਜੀ ਨੂੰ ਉਹ ਧਰਮਸ਼ਾਲਾ ਲੈ ਗਿਆ ਅਤੇ 6 ਜੂਨ 1915 ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਪ੍ਰੋਗਰਾਮ ਮੁਤਾਬਕ 12 ਜੂਨ 1915 ਨੂੰ ਫਿਰ ਮੀਟਿੰਗ ਹੋਈ ਜਿਸ ਵਿਚ ਸਿਰਫ਼ 8-9 ਬੰਦੇ ਹੀ ਸ਼ਾਮਿਲ ਹੋਏ। ਜਦੋਂ ਇਨ੍ਹਾਂ ਨੂੰ ਉਘੀ ਚਿੱਟੀ ਪਿੰਡ ਦੇ ਗਦਰੀਆਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਮਿਲੀ ਤਾਂ ਇਹ ਮਹਿਸੂਸ ਕੀਤਾ ਕਿ ਸਰਕਾਰ ਨੂੰ ਉਨ੍ਹਾਂ ਦੀ 5 ਜੂਨ ਦੀ ਯੋਜਨਾ ਬਾਰੇ ਪਤਾ ਲੱਗ ਚੁੱਕਾ ਹੈ ਅਤੇ ਉਹ ਸਾਰੇ ਉਥੋਂ ਹੀ ਨਿਕਲ ਗਏ। ਪਿਤਾ ਜੀ ਦੇ ਗਰੁਪ ਦੇ ਫੜੇ ਜਾਣ ਤੋਂ ਬਾਅਦ ਬਾਕੀ ਗਦਰੀਆਂ ਨੇ ਮਹਿਸੂਸ ਕੀਤਾ ਕਿ ਬੰਦੇ ਘੱਟ ਹੋਣ ਕਰਕੇ ਹਮਲਾ ਕਾਮਯਾਬ ਨਹੀਂ ਹੋ ਸਕਦਾ ਅਤੇ ਇਸ ਦਾ ਖਿਆਲ ਛੱਡ ਦਿੱਤਾ ਗਿਆ।

ਉਸ ਤੋਂ ਬਾਅਦ ਮੇਰੇ ਪਿਤਾ ਜੀ ਨੂੰ ਤਕਰੀਬਨ 7-8 ਮਹੀਨਿਆਂ ਵਾਸਤੇ ਜੇਲ੍ਹ ਰੱਖਿਆ ਗਿਆ। ਇਨ੍ਹਾਂ ਕੋਲੋਂ ਗਦਰ ਲਹਿਰ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਜੇਲ੍ਹ ਅਧਿਕਾਰੀ ਕਈ ਤਰ੍ਹਾਂ ਦੇ ਲਾਲਚ, ਧਮਕੀਆਂ ਦਿੰਦੇ ਅਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਦੇ। ਇਹ ਸਾਰਿਆਂ ਗਦਰੀਆਂ ‘ਚੋਂ ਸਭ ਤੋਂ ਛੋਟੀ ਉਮਰ (15 ਸਾਲ) ਦੇ ਸਨ। ਉਨ੍ਹਾਂ ਲੋਕਾਂ ਦਾ ਖਿਆਲ ਸੀ ਕਿ ਇਹ ਬੱਚਾ ਹੈ ਅਤੇ ਸ਼ਾਇਦ ਘਬਰਾ ਕੇ ਮੂੰਹੋਂ ਕੁਝ ਉਗਲ ਦੇਵੇਗਾ ਪਰ ਉਹ ਬਾਕੀ ਗਦਰੀਆਂ ਵਾਂਗ ਹੀ ਸਨ ਜਿਹੜੇ ਕਥਨੀ ਅਤੇ ਕਰਨੀ ਦੇ ਪੱਕੇ ਸਨ। ਪੁਲਿਸ ਉਨ੍ਹਾਂ ਦੀ ਜ਼ੁਬਾਨ ਨਹੀਂ ਖੁਲ੍ਹਵਾ ਸਕੀ। ਬਾਅਦ ਵਿਚ ਜਦੋਂ ‘ਸਪਲੀਮੈਂਟਰੀ ਲਾਹੌਰ ਕਾਂਸਪੀਰੇਸੀ ਕੇਸ-1915’ ਦਾ ਫੈਸਲਾ ਸੁਣਾਇਆ ਗਿਆ ਤਾਂ 5 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਅਤੇ ਮੇਰੇ ਪਿਤਾ ਤੇ ਪੰਜ ਹੋਰ ਬੰਦਿਆਂ ਨੂੰ ਛੱਡ ਕੇ ਬਹੁਤ ਸਾਰਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਮੇਰੇ ਪਿਤਾ ਜੀ ਬਾਰੇ ਜੱਜ ਨੇ ਕਿਹਾ ਕਿ ਇਹ ਬੱਚਾ ਹੈ, ਅਜੇ ਆਪਣੇ ਫੈਸਲੇ ਕਰਨ ਬਾਰੇ ਸਮਰੱਥ ਨਹੀਂ ਹੈ। ਇਸ ਨੂੰ ਪੜ੍ਹਾਇਆ ਹੋਇਆ ਹੈ ਅਤੇ ਇਹਦੇ ਦਿੱਤੇ ਬਿਆਨ ‘ਤੇ ਮੈਂ ਯਕੀਨ ਨਹੀਂ ਕਰਦਾ ਅਤੇ ਨਾਲ ਹੀ ਚੇਤਾਵਨੀ ਦਿੱਤੀ ਕਿ ਤੂੰ ਮੁੜ ਕੇ ਗਦਰ ਵਿਚ ਹਿੱਸਾ ਨਹੀਂ ਲਵੇਂਗਾ ਅਤੇ ਪੜ੍ਹਾਈ ਵਿਚ ਧਿਆਨ ਦੇਵੇਂਗਾ।

ਆਮ ਲੋਕਾਂ ਦਾ ਖਿਆਲ ਇਹੀ ਹੁੰਦਾ ਹੈ ਕਿ ਜਦੋਂ ਕਿਸੇ ਨੂੰ ਰਿਹਾਅ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਦੀਆਂ ਸਾਰੀਆਂ ਤਕਲੀਫਾਂ ਦਾ ਅੰਤ ਹੋ ਜਾਂਦਾ ਹੈ, ਲੇਕਿਨ ਸੱਚਾਈ ਇਹ ਹੈ ਕਿ ਉਨ੍ਹਾਂ ਦੀਆਂ ਤਕਲੀਫ਼ਾਂ ਸਗੋਂ ਸ਼ੁਰੂ ਹੋ ਗਈਆਂ। ਉਨ੍ਹਾਂ ਨੂੰ ਬਲੈਕ ਲਿਸਟ ਕਰ ਦਿੱਤਾ ਗਿਆ। ਬਾਗ਼ੀ ਦਾ ਨਾਂ ਦੇ ਕੇ ਉਨ੍ਹਾਂ ਦਾ ਨਾਂ ਸਕੂਲ ਵਿਚੋਂ ਕੱਟ ਦਿੱਤਾ ਗਿਆ। ਦੁਬਾਰਾ ਦਾਖ਼ਲੇ ਲਈ ਦੂਸਰੇ ਸਕੂਲਾਂ ਦੇ ਚੱਕਰ ਲੱਗਣੇ ਸ਼ਰੂ ਹੋ ਗਏ ਪਰ ਹਰ ਸਕੂੁਲ ਦੇ ਪ੍ਰਿੰਸੀਪਲ ਨੇ ਦਾਖ਼ਲਾ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਇਹੀ ਕਹਿੰਦੇ ਕਿ ਇਹ ਬੱਚਾ ਖਤਰਨਾਕ ਹੈ, ਬਾਕੀ ਬੱਚਿਆਂ ਨੂੰ ਵੀ ਖ਼ਰਾਬ ਕਰੇਗਾ ਅਤੇ ਉਨ੍ਹਾਂ ਦੇ ਸਕੂਲ ਬੰਦ ਹੋਣ ਦੀ ਨੌਬਤ ਆ ਸਕਦੀ ਹੈ। ਹਾਰ-ਥੱਕ ਕੇ ਮਾਲਵਾ ਖ਼ਾਲਸਾ ਹਾਈ ਸਕੂਲ ਲੁਧਿਆਣਾ ਪੁੱਜੇ ਅਤੇ ਹੈਡਮਾਸਟਰ ਨੂੰ ਮਿਲੇ। ਉਨ੍ਹਾਂ ਦੀ ਮਾਨਸਿਕ ਅਵਸਥਾ ਦੇਖ ਕੇ ਹੈਡਮਾਸਟਰ ਨੂੰ ਉਨ੍ਹਾਂ ‘ਤੇ ਤਰਸ ਆ ਗਿਆ ਅਤੇ ਮੇਰੇ ਪਿਤਾ ਜੀ ਨੂੰ ਅੰਮ੍ਰਿਤ ਛਕ ਕੇ ਨਾਂ ਬਦਲਣ ਦੀ ਸਲਾਹ ਦਿੱਤੀ। ਮੇਰੇ ਪਿਤਾ ਜੀ ਨੇ ਅੰਮ੍ਰਿਤ ਛਕ ਕੇ ਆਪਣਾ ਨਾਂ ਕਪੂਰ ਸਿੰਘ ਤੋਂ ਬਦਲ ਕੇ ਜਗਜੀਤ ਸਿੰਘ ਰੱਖ ਲਿਆ। ਸਕੂਲ ਵਿਚ ਦਾਖ਼ਲਾ ਮਿਲ ਗਿਆ। ਕੁਝ ਚਿਰ ਉਥੇ ਪੜ੍ਹੇ, ਫਿਰ ਖ਼ਾਲਸਾ ਕਾਲਜ ਅੰਮ੍ਰਿਤਸਰ (ਸਕੂਲ) ਤੋਂ ਉਨ੍ਹਾਂ ਨੇ 1919 ਵਿਚ ਮੈਟ੍ਰਿਕ ਪਾਸ ਕਰ ਲਿਆ। 1920 ਵਿਚ ਉਨ੍ਹਾਂ ਦੀ ਸ਼ਾਦੀ ਮੇਰੀ ਮਾਤਾ ਚਤਰ ਕੌਰ (ਬੇਟੀ ਈਸ਼ਰ ਸਿੰਘ ਅਤੇ ਰਾਮਦੇਈ) ਨਾਲ ਹੋਈ। ਸ਼ਾਦੀ ਤੋਂ ਬਾਅਦ ਉਹ ਲਖਨਊ ਚਲੇ ਗਏ ਜਿਥੋਂ ਉਨ੍ਹਾਂ ਨੇ ਹਿਊਏਟ ਇੰਜੀਨੀਅਰਿੰਗ ਕਾਲਜ ਤੋਂ ਦੋ ਸਾਲ ਲਾ ਕੇ ਸਿਵਿਲ ਇੰਜੀਨੀਅਰਿੰਗ ਦਾ ਡਿਪਲੋਮਾ ਹਾਸਿਲ ਕੀਤਾ। ਉਸ ਤੋਂ ਬਾਅਦ 11 ਜਨਵਰੀ 1924 ਨੂੰ ਮੇਰਾ ਜਨਮ ਹੋਇਆ। ਮੈਂ ਦਸ ਮਹੀਨੇ ਦਾ ਸੀ ਜਦੋਂ ਮੇਰੇ ਪਿਤਾ ਜੀ ਪਰਿਵਾਰ ਸਮੇਤ ਬਰਮਾ ਚਲੇ ਗਏ। ਉਥੇ 6 ਸਾਲ ਰਹਿਣ ਤੋਂ ਬਾਅਦ 1930 ਵਿਚ ਹਿੰਦੁਸਤਾਨ ਵਾਪਸ ਆ ਗਏ। ਅਸੀਂ 4 ਭਰਾ ਅਤੇ 4 ਭੈਣਾਂ ਸਾਂ। ਮੇਰੀਆਂ 2 ਭੈਣਾਂ ਅਤੇ 2 ਭਰਾ, 5 ਸਾਲ ਦੀ ਉਮਰ ਤੋਂ ਪਹਿਲਾਂ ਹੀ ਗੁਜ਼ਰ ਗਏ।

ਬਲੈਕ ਲਿਸਟਿਡ ਹੋਣ ਕਰਕੇ ਉਨ੍ਹਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ। ਉਹ ਬੱਸ, ਪ੍ਰਾਈਵੇਟ ਨੌਕਰੀਆਂ ਹੀ ਕਰਦੇ ਰਹੇ। ਉਨ੍ਹਾਂ ਨੇ ਕੁੱਲ 16 ਨੌਕਰੀਆਂ ਕੀਤੀਆਂ। ਕੋਈ 6 ਮਹੀਨੇ, ਕੋਈ ਸਾਲ ਅਤੇ ਕੋਈ ਡੇਢ ਸਾਲ। ਬੜਾ ਹੀ ਔਖਾ ਟਾਈਮ ਕੱਢਿਆ। ਆਪਣੇ ਪਰਿਵਾਰ ਦੀ ਜ਼ਿੰਦਗੀ ਚਲਾਉਣ ਵਾਸਤੇ ਸਾਰੀ ਉਮਰ ਸੰਘਰਸ਼ ਕਰਦੇ ਰਹੇ, ਕਦੇ ਸੁੱਖ ਦਾ ਸਾਹ ਨਹੀਂ ਲਿਆ। ਨੌਕਰੀ ਤੋਂ ਇਲਾਵਾ ਆਮਦਨੀ ਦਾ ਕੋਈ ਸਾਧਨ ਨਹੀਂ ਸੀ, ਕਿਉਂਕਿ ਅੰਗਰੇਜ਼ਾਂ ਦੇ ਜ਼ਮਾਨੇ ਵਿਚ ਅੰਗਰੇਜ਼ੀ ਸਰਕਾਰ ਕ੍ਰਾਂਤੀਕਾਰੀਆਂ ਦੀਆਂ ਜ਼ਮੀਨਾਂ ‘ਤੇ ਕਬਜ਼ਾ ਕਰ ਲੈਂਦੀ ਸੀ। ਇਸੇ ਡਰ ਦੇ ਮਾਰੇ ਉਨ੍ਹਾਂ ਦੇ ਪਿਤਾ ਸ. ਚੰਦਾ ਸਿੰਘ ਨੇ ਆਪਣੀ 10 ਘੁਮ੍ਹਾਂ ਜ਼ਮੀਨ ਪਿੰਡ ਦੇ ਨੇੜੇ ਇਕ ਡੇਰਾ ਜਿਸ ਦਾ ਨਾਂ ਰਾਮਸ਼ਰਣਦਾਸ ਸੀ, ਨੂੰ ਦਾਨ ਕਰ ਦਿੱਤੀ।

ਉਨ੍ਹਾਂ ਦੀ ਰਿਹਾਈ ਤੋਂ ਬਾਅਦ ਵੀ ਹਰ ਸਾਲ ਪੁਲਿਸ ਪਰਿਵਾਰ ਤੋਂ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛ ਕੇ ਪ੍ਰੇਸ਼ਾਨ ਕਰਦੀ ਰਹਿੰਦੀ। ਪ੍ਰੇਸ਼ਾਨ ਕਰਨ ਦਾ ਸਿਲਸਿਲਾ 1949 ਤੱਕ ਚਲਦਾ ਰਿਹਾ। ਮੈਂ ਆਪ ਦੂਸਰੀ ਤੋਂ ਚੌਥੀ ਕਲਾਸ ਤੱਕ ਪਿੰਡ ਰਿਹਾ ਅਤੇ ਪੁਲਿਸ ਵਾਲੇ ਮੈਨੂੰ ਵੀ ਪ੍ਰੇਸ਼ਾਨ ਕਰਦੇ ਰਹੇ ਪਰ ਸਾਡੇ ਗੁਆਂਢੀ ਪੁਲਿਸ ਵਾਲਿਆਂ ਨੂੰ ਮੇਰੇ ਬਾਰੇ ਇਹੀ ਸਮਝਾਉਂਦੇ ਕਿ ਇਸ ਮੁੰਡੇ ਦਾ ਪੜ੍ਹਾਈ ਵਿਚ ਧਿਆਨ ਹੈ, ਹੋਰ ਕਿਸੇ ਗੱਲ ਵਿਚ ਨਹੀਂ। 1966 ਵਿਚ ਮੇਰੀ ਮਾਤਾ ਨੇ ਵੀ ਪੰਜਾਬੀ ਸੂਬਾ ਲਹਿਰ ਵਿਚ ਹਿੱਸਾ ਲਿਆ ਅਤੇ 6 ਮਹੀਨੇ ਜੇਲ੍ਹ ਕੱਟੀ। ਮਾਤਾ-ਪਿਤਾ ਦੋਵੇਂ ਪੂਰਨ ਗੁਰਸਿੱਖ ਅਤੇ ਧਰਮੀ ਸਨ। ਆਪਣੇ ਬੱਚਿਆਂ ਅਤੇ ਦੋਹਤਿਆਂ-ਪੋਤਿਆਂ ਨੂੰ ਵੀ ਸਾਰੀ ਉਮਰ ਪ੍ਰੇਰਿਤ ਕਰਦੇ ਰਹੇ। 1989 ਵਿਚ ਮਾਤਾ ਜੀ ਅਮਰੀਕਾ ਪਹੁੰਚਣ ਤੋਂ 2 ਮਹੀਨੇ ਬਾਅਦ ਹੀ ਅਕਾਲ ਚਾਲਣਾ ਕਰ ਗਏ।

ਪੰਜਾਬ ਅਤੇ ਹਿੰਦੋਸਤਾਨ ਵਿਚ ਜਿੰਨੀਆਂ ਵੀ ਸਰਕਾਰਾਂ ਬਣੀਆਂ, ਉਨ੍ਹਾਂ ਵਿਚੋਂ ਕਿਸੇ ਵੀ ਸਰਕਾਰ ਨੇ ਆਜ਼ਾਦੀ ਸੰਗਰਾਮੀਆਂ ਦੀ ਖ਼ਬਰ ਨਹੀਂ ਲਈ; ਖਾਸ ਕਰ ਗਦਰੀਆਂ ਦੀ। ਤੇ ਇਹੋ ਹੀ ਹਾਲ ਮੇਰੇ ਪਿਤਾ ਜੀ ਦਾ ਹੋਇਆ। ਇਕ ਵਾਰ ਸਰਕਾਰ ਵੱਲੋਂ ਸਿਆਸੀ ਪੀੜਤਾਂ ਨੂੰ ਪੈਨਸ਼ਨ ਦੇਣ ਦੀ ਸਕੀਮ ਆਈ। ਅਸੀਂ ਪਿਤਾ ਜੀ ਨੂੰ ਅਰਜ਼ੀ ਦੇਣ ਵਾਸਤੇ ਕਿਹਾ ਪਰ ਅਣਖੀ ਸੁਭਾਅ ਹੋਣ ਕਰਕੇ ਉਨ੍ਹਾਂ ਨੇ ਇਹ ਕਹਿ ਕੇ ਮਨ੍ਹਾਂ ਕਰ ਦਿੱਤਾ ਕਿ ਇਹ ਸਰਕਾਰ ਤਾਂ ਆਪ ਮੰਗਤੀ ਹੈ, ਮੈਂ ਇਸ ਕੋਲੋਂ ਕੀ ਲੈਣਾ ਹੈ? ਪਰਿਵਾਰ ਦੇ ਵਾਰ-ਵਾਰ ਕਹਿਣ ਤੋਂ ਬਾਅਦ ਮੇਰੇ ਮਾਤਾ ਜੀ ਨੇ ਕੋਸ਼ਿਸ਼ ਕੀਤੀ ਪਰ ਰਿਸ਼ਵਤ ਖਾਣ ਵਾਲੇ ਅਫ਼ਸਰਾਂ ਦੀ ਮੰਗ ਇੰਨੀ ਉਚੀ ਸੀ ਕਿ ਪੂਰੀ ਨਹੀਂ ਕੀਤੀ ਜਾ ਸਕਦੀ ਸੀ। ਇਸ ਕਰਕੇ ਉਨ੍ਹਾਂ ਨੂੰ ਪੈਨਸ਼ਨ ਵੀ ਨਹੀਂ ਲੱਗ ਸਕੀ। ਮੇਰੇ ਪਿਤਾ ਜੀ ਦੋ ਮਹੀਨੇ ਬੀਮਾਰ ਰਹਿਣ ਤੋਂ ਬਾਅਦ 1976 ਵਿਚ ਅਕਾਲ ਚਲਾਣਾ ਕਰ ਗਏ।

ਅਖੀਰ ਵਿਚ ਇਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਪਿਤਾ ਜੀ ਨੂੰ ਸਾਰੀ ਉਮਰ ਪਰਿਵਾਰ ਨੂੰ ਪਾਲਣ ਲਈ ਸਿਵਾਏ ਸੰਘਰਸ਼ ਅਤੇ ਥਾਂ-ਥਾਂ ਧੱਕੇ ਖਾਣ ਦੇ, ਹੋਰ ਕੁਝ ਵੀ ਪ੍ਰਾਪਤ ਨਹੀਂ ਹੋਇਆ। ਨਾ ਹੀ ਸਾਨੂੰ ਹੁਣ ਉਨ੍ਹਾਂ ਦੀਆਂ ਕੁਰਬਾਨੀਆਂ ਦੇ ਬਦਲੇ ਕਿਸੇ ਚੀਜ਼ ਦੀ ਚਾਹ ਹੈ। ਸਿਰਫ਼ ਇਹੀ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਕੁਰਬਾਨੀ ਲਈ ਮਾਨਤਾ ਅਤੇ ਸਤਿਕਾਰ ਮਿਲੇ। ਜਿਸ ਬੱਚੇ ਨੇ 14 ਸਾਲ ਦੀ ਉਮਰ ਵਿਚ ਵੀ ਪੂਰੀ ਤਰ੍ਹਾਂ ਜਾਣਦੇ ਹੋਏ ਕਿ ਇਸ ਗਦਰ ਵਿਚ ਸ਼ਮੂਲੀਅਤ ਦੇ ਨਤੀਜੇ ਕੀ ਹੋ ਸਕਦੇ ਹਨ, ਫਿਰ ਵੀ ਗਦਰ ਲਹਿਰ ਵਿਚ ਹਿੱਸਾ ਲਿਆ, ਇਹ ਕਿਸੇ ਕੁਰਬਾਨੀ ਨਾਲੋਂ ਘੱਟ ਨਹੀਂ ਸੀ।

ਅਰਜੀਤ ਸਿੰਘ
*ਫ਼ੋਨ: 503-590-6748
Tags: ,
Posted in: ਸਾਹਿਤ