ਕੌਮੀ ਪ੍ਰਾਪਤੀ ਦੇ ਰਾਹ ਤੁਰੀਏ…

By August 12, 2016 0 Comments


-ਜਸਪਾਲ ਸਿੰਘ ਹੇਰਾਂ

Jaspal Singh Heran Chief Editor : Rozana Pehredar

Jaspal Singh Heran
Chief Editor : Rozana Pehredar


ਪੰਜਾਬ ਦੀ ਧਰਤੀ, ਜਿਹੜੀ ਸਿੱਖੀ ਤੇ ਖਾਲਸੇ ਦੀ ਜਨਮ-ਭੂਮੀ ਹੈ। ਜਿਹੜੀ ਗੁਰੂਆਂ ਦੇ ਨਾਮ ਵੱਸਦੀ ਹੈ। ਉਸ ਧਰਤੀ ਤੇ ਅਧਰਮੀ ਲੋਕਾਂ ਦਾ ਜਾਬਰ ਰਾਜ ਸਥਾਪਿਤ ਹੋ ਜਾਵੇ, ਸਿੱਖ ਦੁਸ਼ਮਣ ਤਾਕਤਾਂ ਵੱਲੋਂ ਕੁਹਾੜੇ ਦੇ ਦਸਤੇ ਆਪਣੇ-ਆਪ ਨੂੰ ਪੰਥਕ ਵੀ ਅਖ਼ਵਾਈ ਜਾਣ ਤੇ ਸਿੱਖੀ ਦੀਆਂ ਜੜਾਂ ਵੀ ਵੱਢੀ ਜਾਣ…ਕੌਮ ਚੁੱਪ-ਚਾਪ, ਸਿਰ ਨੀਵਾਂ ਕਰਕੇ ਆਪਣੀ ਹੋਣੀ ਦੀ ਉਡੀਕ ਕਰੀ ਜਾਵੇ…ਕੀ ਇਹ ਸਿੱਖੀ ਦੇ ਵਿਹੜੇ ’ਚ ਸੰਭਵ ਹੋਣਾ ਚਾਹੀਦਾ ਸੀ?

ਸ਼ਾਇਦ ਹਰ ਪੰਥ ਦਰਦੀ, ਦਾ ਜਵਾਬ ਇਕ ਦਮ ਨਾਂਹ ’ਚ ਹੋਵੇਗਾ। ਪ੍ਰੰਤੂ ਫ਼ਿਰ ਇਹ ਸਾਰਾ ਕੁਝ ਵਾਪਰ ਕਿਉਂ ਤੇ ਕਿਵੇਂ ਰਿਹਾ ਹੈ? ਕਿੱਥੇ ਗਏ ਉਹ ਸਿੰਘ, ਜਿਨਾਂ ਲਈ ਸਿੱਖੀ ਸਿਦਕ, ਸਿਰ ਤੋਂ ਹਜ਼ਾਰਾਂ-ਲੱਖਾਂ ਗੁਣਾਂ ਵੱਧ ਪਿਆਰਾ ਸੀ? ਕੀ ਸੁਆਰਥ ਤੇ ਪਦਾਰਥ ਦੀ ਹਨੇਰੀ ਸਾਰਾ ਕੁਝ ਉਡਾ ਕੇ ਲੈ ਗਈ?

ਸਿੱਖੀ ਸਿਧਾਂਤਾਂ, ਪ੍ਰੰਪਰਾਵਾਂ, ਮਰਿਆਦਾ, ਵਿਰਸੇ ਇਤਿਹਾਸ ਸੱਭਿਆਚਾਰ ਤੇ ਸਭਿਅਤਾ ਤੇ ਇਹ ਹੱਲਾ ਨਾ ਤਾਂ ਪਹਿਲੀ ਵਾਰ ਹੋਇਆ ਹੈ ਅਤੇ ਨਾ ਹੀ ਸ਼ਾਇਦ ਇਹ ਆਖ਼ਰੀ ਹੋਵੇਗਾ। ਪ੍ਰੰਤੂ ਇਸ ਹੱਲੇ ਤੇ ਪਹਿਲੇ ਹੱਲਿਆਂ ’ਚ ਇਕ ਵੱਡਾ ਫ਼ਰਕ ਜ਼ਰੂਰ ਹੈ। ਜਿਹੜਾ ਸਮੁੱਚੀ ਕੌਮ ਲਈ ਚਿੰਤਾ ਤੇ ਚਿੰਤਨ ਦੋਵਾਂ ਦਾ ਵਿਸ਼ਾ ਹੈ।

ਸਿੱਖੀ ਦੀ ਸਥਾਪਤੀ ਤੋਂ ਲੈ ਕੇ ਬਾਦਲਕਿਆਂ ਦੇ ਰਾਜ ਸੱਤਾ ਤੇ ਏਕਾ ਅਧਿਕਾਰ ਤੋਂ ਪਹਿਲਾ ਤੱਕ, ਜਦੋਂ ਵੀ ਕੌਮ ਦੀ ਹੋਂਦ ਤੇ ਹੱਲਾ ਹੋਇਆ, ਕੌਮ ਨੇ ਉਸਦਾ ਲੱਖਾਂ ਵਖਰੇਵੇਂ ਹੋਣ ਦੇ ਬਾਵਜੂਦ ਇਕਜੁੱਟ, ਇਕ ਸੁਰ ਹੋ ਕੇ ਜਵਾਬ ਦਿੱਤਾ। ਧਾੜਵੀਆਂ ਨੂੰ ਚਾਹੇ ਉਹ ਅਬਦਾਲੀ ਸੀ, ਚਾਹੇ ਉਹ ਮੀਰ ਮੰਨੂ ਸੀ, ਚਾਹੇ ਉਹ ਜਕਰੀਆ ਖਾਨ ਸੀ, ਚਾਹੇ ਉਹ ਅੰਗਰੇਜ਼ ਸਨ ਤੇ ਚਾਹੇ ਉਹ ਇੰਦਰਾ ਗਾਂਧੀ ਸੀ, ਸਭ ਨੂੰ ਮੂੰਹ ਦੀ ਖਾਣੀ ਪਈ।

ਕੌਮ ਹਰ ਹੱਲੇ ’ਚੋਂ ਹੋਰ ਸ਼ਕਤੀਸ਼ਾਲੀ ਤੇ ਪ੍ਰਪੱਕ ਹੋ ਕੇ ਨਿਕਲਦੀ ਰਹੀ। ਸਿੱਖੀ ਸਿਧਾਂਤ ਹੋਰ ਰੋਸ਼ਨ ਹੁੰਦੇ ਰਹੇ, ਗੁਰੂ ਪ੍ਰਤੀ ਸਮਰਪਿਤ ਭਾਵਨਾ ਹੋਰ ਗੂੜੀ ਹੁੰਦੀ ਰਹੀ। ਕਾਰਣ ਸ਼ਾਇਦ ਇਹੋ ਰਿਹਾ ਕਿ ਕੌਮ ਗੁਰੂ ਦੀ ਮੱਤ ਲੈਂਦੀ ਰਹੀ। ਕਿਉਂਕਿ ਆਪਣਾ ਸੀਸ ਤਾਂ ਉਹ ਗੁਰੂ ਨੂੰ ਪਹਿਲਾ ਹੀ ਭੇਂਟ ਕਰ ਚੁੱਕੀ ਹੁੰਦੀ ਸੀ। ਜਦੋਂ ਮੇਰਾ ਕੁਝ ਹੈ ਹੀ ਨਹੀਂ, ਫ਼ਿਰ ਮੈਨੂੰ ਕਿਸਦਾ ਡਰ, ਕਿਸਦੀ ਲੋਭ-ਲਾਲਸਾ? ਸਿਰਫ਼ ਗੁਰੂ ਦੀ ਟੇਕ।

ਇਹੋ ਕੌਮ ਦੀ ਸਫ਼ਲਤਾ ਦੀ, ਕੁਰਬਾਨੀ ਦੀ, ਨਿੱਡਰਤਾ ਦੀ, ਬਹਾਦਰੀ ਦੀ ਕੁੰਜੀ ਸੀ। ਪ੍ਰੰਤੂ ਅੱਜ ਜਦੋਂ ਬਾਦਲਕਿਆਂ ਨੇ ਕੌਮ ਨੂੰ ਸਿੱਖੀ ਸਿਧਾਂਤਾਂ ਤੋਂ ਦੂਰ ਕਰਨ ਲਈ ਸੱਤਾ ਲਾਲਸਾ ਤੇ ਧਨ ਦੌਲਤ ਦੀ ਅੰਨੀ ਖੇਡ ’ਚ ਉਲਝਾ ਹੀ ਲਿਆ ਹੈ, ਉਨਾਂ ਨੇ ਕੌਮ ਨੂੰ ਗੁਰੂ ਤੋਂ ਬੇਮੁੱਖ ਕਰਨ ਲਈ ਸਿੱਖੀ ਦੀਆਂ ਜੜਾਂ ’ਚ ਭਗਵਾਂ ਚਾਸ਼ਨੀ ਡੋਲਣੀ ਸ਼ੁਰੂ ਕੀਤੀ ਹੋਈ ਹੈ ਤਾਂ ਕਿ ਭਲਕੇ ਸਾਰੀ ਦੁਨੀਆ ਨੂੰ ਰੂਹਾਨੀਅਤ ਦੀ ਛਾਂ ਤੋਂ ਵਾਂਝਾ ਕਰਕੇ, ਭਗਵੇਂ ਪ੍ਰਛਾਵੇਂ ਥੱਲੇ ਲਿਆਂਦਾ ਜਾ ਸਕੇ।

ਸਿੱਖ ਜੁਆਨੀ ਦੀ ਪਹਿਲਾ ਝੂਠੇ ਪੁਲਿਸ ਮੁਕਾਬਲਿਆਂ ’ਚ ਖ਼ਾਤਮੇ ਦੀ ਕੋਝੀ ਵਹਿਸ਼ੀਆਨਾ ਖੇਡ ਖੇਡੀ ਗਈ, ਫ਼ਿਰ ਹੁਣ ਨਸ਼ਿਆਂ ਦੀ ਸੁਨਾਮੀ ’ਚ ਰੋੜਣ ਦਾ ਯਤਨ ਹੋਇਆ। ਪ੍ਰੰਤੂ ਜਦੋਂ ਸਿੱਖੀ ਦੀ ਗੁੜਤੀ ਅਤੇ ਵਿਰਸੇ ਦੀ ਮਜ਼ਬੂਤ ਪਕੜ ਨੇ ਜੁਆਨੀ ਨੂੰ ਮੁੜ ਸਿੱਖੀ ਜਜ਼ਬੇ ਦੇ ਰੰਗ ’ਚ ਰੰਗ ਲਿਆ ਤਾਂ ਇਹ ਸਿੱਖ ਦੁਸ਼ਮਣ ਤਾਕਤਾਂ ਆਪਣੇ ਬਾਦਲੀ ਕੁਹਾੜੇ ਨੂੰ ਫ਼ਿਰ ਤਿੱਖਾ ਕਰਕੇ, ਸਿੱਖੀ ਦੀਆਂ ਜੜਾਂ ਤੇ ਵਾਰ ਕਰਵਾਉਣ ਦੇ ਰਾਹ ਪਈਆਂ ਹੋਈਆਂ ਹਨ। ੲਸ ਸਮੇਂ ਜੇ ਆਪਣੀ ਮੱਤ ਦਾ ਤਿਆਗ ਕਰਕੇ, ਗੁਰੂ ਦੀ ਮੱਤ ਲੈ ਕੇ ਇਕਜੁੱਟ, ਇਕ ਸੁਰ ਹੋ ਕੇ ਇਸ ਸੰਘਰਸ਼ ਨੂੰ ਜਿੱਤ ਦੀਆਂ ਬਰੂਹਾਂ ਤੱਕ ਪਹੁੰਚਾਉਣ ਲਈ ਕੌਮ ਮੈਦਾਨ ’ਚ ਨਿੱਤਰੇ ਤਾਂ ਪੁਰਾਤਨ ਇਤਿਹਾਸ ਦੁਹਰਾਇਆ ਜਾ ਸਕਦਾ ਹੈ ਅਤੇ ਕੌਮ ਦੀ ਝੋਲੀ ਪ੍ਰਾਪਤੀਆਂ ਨਾਲ ਭਰੀ ਜਾ ਸਕਦੀ ਹੈ।

ਨਿੱਜੀ ਲਾਲਸਾ, ਨਿੱਜੀ ਹੳੂਮੈ, ਨਿੱਜੀ ਈਰਖਾ, ਚੌਧਰ ਦੀ ਭੁੱਖ ਦਾ ਤਿਆਗ ਕਰਕੇ, ਪਹਿਲਾ ਬਾਦਲਾਂ ਦੀ ਗ਼ੁਲਾਮੀ ਤੇ ਫ਼ਿਰ ਕੌਮੀ ਗ਼ੁਲਾਮੀ ਨੂੰ ਗਲੋਂ ਲਾਹੁੰਣ ਦਾ ਮਿਸ਼ਨ, ਸਰਵਸਾਂਝਾ ਕੌਮੀ ਮਿਸ਼ਨ ਮੰਨ ਕੇ, ਸਿਰਫ਼ ਇਸ ਦੀ ਪ੍ਰਾਪਤੀ ਨੂੰ ਨਿਸ਼ਾਨਾ ਬਣਾ ਕੇ ਜਦੋਂ ਕੌਮ ਅੱਗੇ ਤੁਰ ਪਵੇਗੀ ਤਾਂ ਦੁਨੀਆ ਦੀ ਕੋਈ ਤਾਕਤ ਉਸਨੂੰ ਮੰਜ਼ਿਲ ਤੇ ਪੁੱਜਣ ਤੋਂ ਰੋਕ ਨਹੀਂ ਸਕੇਗੀ। ਇਹ ਸਾਡਾ ਭਰੋਸਾ ਹੈ।