ਗੁਰੂ ਸਾਹਿਬ ਦੀ ਬੇਅਦਬੀ ਬਨਾਮ ਸੰਘ ਆਗੂ ਤੇ ਹਮਲਾ…

By August 9, 2016 0 Comments


-ਜਸਪਾਲ ਸਿੰਘ ਹੇਰਾਂ
rss
ਆਖ਼ਰ ੳੂਠ ਪਹਾੜ ਦੇ ਥੱਲੇ ਆ ਹੀ ਗਿਆ। ਜਲੰਧਰ ’ਚ ਕਿਸੇ ਨੇ ਸੰਘ ਦੇ ਸੀਨੀਅਰ ਆਗੂ ਬਿ੍ਰਗੇਡੀਅਰ (ਰਿਟ.) ਜਗਦੀਸ਼ ਗਗਨੇਜਾ ਨੂੰ ਗੋਲੀਆਂ ਮਾਰ ਦਿੱਤੀਆਂ। ਉਹ ਗੰਭੀਰ ਹਾਲਤ ’ਚ ਇਸ ਸਮੇਂ ਲੁਧਿਆਣਾ ਦੇ ਦਿਆਨੰਦ ਹਸਪਤਾਲ ’ਚ ਵੈਟੀਲੇਂਟਰ ਤੇ ਹਨ। ਸੰਘ ਆਗੂ ਤੇ ਹਮਲੇ ਤੋਂ ਬਾਅਦ ਨਾਗਪੁਰ ਤਖ਼ਤ ਹਿੱਲ ਗਿਆ ਹੈ। ਉਸ ਵੱਲੋਂ ਪੰਜਾਬ ਸਰਕਾਰ ਭਾਵ ਬਾਦਲ ਨੂੰ ਸਖ਼ਤ ਹਿਦਾਇਤਾਂ ਭੇਜੀਆਂ ਗਈਆਂ ਹਨ ਕਿ ਗਗਨੇਜਾ ਤੇ ਕਾਤਲਾਨਾ ਹਮਲਾ ਕਰਨ ਵਾਲੇ ਜਲਦੀ ਤੋਂ ਜਲਦੀ ਫੜੇ ਜਾਣ।
ਭਗਵਾਂ ਬਿ੍ਰਗੇਡ ਦੇ ਗੁੱਸੇ ਨੇ ਬਾਦਲਾਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ। ਪੁਲਿਸ ਮੁਖੀ ਸਮੇਤ ਸਾਰਾ ਪੁਲਿਸ ਬਲ ਗਗਨੇਜੇ ਦੇ ਹਮਲਾਵਰਾਂ ਦੀ ਭਾਲ ’ਚ ਲੱਗ ਗਿਆ ਹੈ। ਚੰਡੀਗੜ ਦੀ ਥਾਂ ਪੁਲਿਸ ਦਾ ਹੈਡਕੁਆਟਰ ਜਿਵੇਂ ਜਲੰਧਰ ਤਬਦੀਲ ਹੋ ਗਿਆ ਲੱਗਦਾ ਹੈ ਬਾਦਲ ਪਿਉ ਪੁੱਤ ਤੁਰੰਤ ਲੁਧਿਆਣਾ ਹਸਪਤਾਲ ਵੱਲ ਭੱਜੇ।
ਉਧਰ ਭਾਜਪਾ ਨੂੰ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿੱਤੀ ਹੱਥੋਂ ਨਿਕਲ ਚੁੱਕੀ ਜਾਪਣ ਲੱਗ ਪਈ ਹੈ। ਅਸੀਂ ਭਾਵੇਂ ਕਿਸੇ ਤਰਾਂ ਦੀ ਵੀ ਹਿੰਸਕ ਕਾਰਵਾਈ ਦੇ ਹਾਮੀ ਨਹੀਂ। ਪ੍ਰੰਤੂ ਭਾਜਪਾ, ਭਗਵਾਂ ਬਿ੍ਰਗੇਡ ਤੇ ਬਾਦਲਾਂ ਨੂੰ ਇਹ ਚੇਤਾ ਜ਼ਰੂਰ ਕਰਵਾਉਣਾ ਚਾਹੁੰਦੇ ਹਾਂ ਕਿ ਇਕ ਹਮਲਾ 14 ਮਹੀਨੇ ਪਹਿਲਾ ਸਿੱਖਾਂ ਲਈ ‘‘ਪ੍ਰਗਟ ਗੁਰਾਂ ਦੀ ਦੇਹਿ’’ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਇਆ ਸੀ ਤੇ ਫ਼ਿਰ ਗੁਰੂ ਸਾਹਿਬ ਤੇ ਗੁਰਬਾਣੀ ਤੇ ਨਿਰੰਤਰ 71 ਹਮਲੇ ਵੱਖ-ਵੱਖ ਥਾਵਾਂ ਤੇ ਹੋਏ।
ਪੂਰਾ ਪੰਜਾਬ 14 ਦਿਨ ਸੜਕਾਂ ਤੇ ਆ ਕੇ ਬੈਠ ਗਿਆ ਸੀ। ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆਂ ਦੇ ਉਲਟਾ ਪੁਲਿਸ ਦੀਆਂ ਗੋਲੀਆਂ ਚੱਲੀਆਂ। ਸਿੰਘ ਸ਼ਹੀਦ ਹੋਏ। ਉਦੋਂ ਨਾ ਤਾਂ ਭਾਜਪਾ ਨੂੰ ਪੰਜਾਬ ’ਚ ਅਮਨ-ਕਾਨੂੰਨ ਦੀ ਸਥਿੱਤੀ ਹੱਥੋਂ ਨਿਕਲ ਚੁੱਕੀ ਜਾਪੀ ਸੀ ਅਤੇ ਨਾ ਹੀ ਪੰਥਕ ਅਖਵਾਉਂਦੀ ਬਾਦਲ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਈ ਸੀ। ਉਸਨੂੰ ਤਾਂ ਖ਼ੁਦ ਵੱਲੋਂ ਥਾਪੇ ਜਸਟਿਸ ਜ਼ੋਰਾ ਸਿੰਘ ਦੀ ਜਾਂਚ ਰਿਪੋਰਟ 40 ਦਿਨ ਲੰਘ ਜਾਣ ਦੇ ਬਾਵਜੂਦ ਹਾਲੇਂ ਤੱਕ ਲਿਫ਼ਾਫੇ ’ਚੋਂ ਕੱਢਣ ਦਾ ਸਮਾਂ ਨਹੀਂ ਮਿਲਿਆ।
ਇਕ ਪਾਸੇ ਗੁਰੂ ਸਾਹਿਬ ਤੇ ਹੁੰਦੇ ਹਮਲਿਆਂ ਨੂੰ ਸਰਕਾਰ ਅਣਗੌਲਿਆ, ਅਣਦੇਖਿਆ ਕਰ ਛੱਡਦੀ ਹੈ। ਦੂਜੇ ਪਾਸੇ ਇਕ ਧਿਰ ਦੇ ਆਗੂ ਤੇ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਸਮੁੱਚਾ ਪ੍ਰਸ਼ਾਸਨ ਹਿੱਲ ਜਾਂਦਾ ਹੈ। ਅਸੀਂ ਸਮਝਦੇ ਹਾਂ ਕਿ ਇਸ ਤੋਂ ਬਾਅਦ ਸਿੱਖ ਨੌਜਵਾਨਾਂ ਤੇ ਤਸ਼ੱਦਦ ਦਾ ਦੌਰ ਸ਼ੁਰੂ ਹੋਣ ਵਾਲਾ ਹੈ। ਹਾਲਾਂਕਿ ਜਲੰਧਰ ’ਚ ਇਸ ਹਿੰਸਕ ਘਟਨਾ ਤੋਂ ਪਹਿਲਾ ਇਨਾਂ ਹਿੰਦੂਵਾਦੀ ਜਾਨੂੰਨੀ ਜਥੇਬੰਦੀਆਂ ਨੇ ਨੇੜਲੇ ਸ਼ਹਿਰ ਫਗਵਾੜਾ ’ਚ ਜਾਣਬੁੱਝ ਕੇ ਮੁਸਲਿਮ ਜਥੇਬੰਦੀਆਂ ਨਾਲ ਪੰਗਾ ਲਿਆ ਸੀ।
ਜੰਮੂ-ਕਸ਼ਮੀਰ ਦੇ ਹਾਲਤ ਨਿਰੰਤਰ ਵਿਗੜਦੇ ਜਾ ਰਹੇ ਹਨ। ਉਥੇ ਸੁਰੱਖਿਆ ਦਸਤਿਆਂ ਦਾ ਜ਼ੁਲਮ-ਜ਼ੁਲਮ ਸਿਖ਼ਰਾਂ ਤੇ ਹੈ। ਅਸੀਂ ਆਖ਼ਰ ਭਾਜਪਾ ਨੂੰ ਇਹ ਜ਼ਰੂਰ ਪੁੱਛਣਾ ਚਹਾਂਗੇ ਕਿ ਅੱਜ ਜਦੋਂ ਸੇਕ ਉਸਦੇ ਘਰ ਪੁੱਜਾ ਹੈ ਤਾਂ ਉਸਨੂੰ ਪੰਜਾਬ ਦੇ ਪੰਜਾਬ ਦੇ ਅਮਨ-ਕਾਨੂੰਨ ਦੀ ਵਿਗੜੀ ਹਾਲਤ ਤੁਰੰਤ ਚੇਤੇ ਆ ਗਈ। ਪ੍ਰੰਤੂ ਜਦੋਂ ਨਿੱਤ-ਦਿਨ ਪੰਜਾਬ ’ਚ ਗੁਰੂ ਸਾਹਿਬ ਤੇ ਗੁਰਬਾਣੀ ਦੀ ਨਿਰੰਤਰ ਬੇਅਦਬੀ ਹੁੰਦੀ, ਉਦੋਂ ਉਹ ਚੁੱਪ ਕਿਉਂ ਰਹੀ? ਅੱਗ ਬਿਗਾਨੇ ਘਰ ‘‘ਬੈਸੰਤਰ’’ ਹੀ ਦਿੱਸਦੀ ਹੁੰਦੀ ਹੈ।
ਨਸ਼ਿਆਂ ਦੇ ਮੁੱਦੇ ਤੇ ਉਹ ਬਾਦਲ ਸਰਕਾਰ ਨੂੰ ਸੁਰੱਖਿਆ ਛਤਰੀ ਅੱਜ ਤੱਕ ਕਿਉਂ ਦੇਈ ਬੈਠੀ ਹੈ? ਧੱਕਾ ਤਾਂ ਧੱਕਾ ਹੀ ਹੁੰਦਾ ਹੈ, ਚਾਹੇ ਕਿਸੇ ਨਾਲ ਹੋਵੇ। ਵੇਖਣ ਵਾਲੀ ਗੱਲ ਹੈ, ਜਿਹੜੀ ਬਾਦਲ ਸਰਕਾਰ ਪਿਛਲੇ 14 ਮਹੀਨਿਆਂ ਤੋਂ ਗੁਰੂ ਸਾਹਿਬ ਦੇ ਚੋਰਾਂ ਤੇ ਕਾਤਲਾਂ ਨੂੰ ਨਹੀਂ ਲੱਭ ਸਕੀ, ਗੋਲੀ ਚਲਾ ਕੇ 2 ਸਿੰਘ ਸ਼ਹੀਦ ਕਰਨ ਵਾਲੇ ਵਰਦੀਧਾਰੀ ਪੁਲਿਸ ਵਾਲਿਆ ਤੇ ਪਰਚਾ ਦਰਜ ਨਹੀਂ ਕਰ ਸਕੀ, ਉਹ ਇਕ ਨਿੱਕਰ ਵਾਲੇ ਤੇ ਗੋਲੀ ਚਲਾਉਣ ਵਾਲਿਆਂ ਨੂੰ ਕਿੰਨੇ ਘੰਟਿਆਂ ’ਚ ਫੜਦੀ ਹੈ?
ਦੋਸ਼ੀ ਫੜੇ ਜਾਣੇ ਚਾਹੀਦੇ ਹਨ, ਪ੍ਰੰਤੂ ਸਾਰੇ ਹੀ, ਬਿਨਾਂ ਕਿਸੇ ਭੇਦ-ਭਾਵ ਦੇ। ਪ੍ਰੰਤੂ ਅਸੀਂ ਜਾਣਦੇ ਹਾਂ ਕਿ ਗੁਰੂ ਸਾਹਿਬ ਦੀ ਬੇਅਦਬੀ ਇਕ ਸਾਜ਼ਿਸ ਅਧੀਨ ਕਰਵਾਈ ਗਈ ਸੀ, ਜਿਸ ’ਚ ਸਰਕਾਰ ਤੇ ਸਰਕਾਰ ਨੂੰ ਕਠਪੁੱਤਲੀ ਵਾਗੂੰ ਨਚਾਉਣ ਵਾਲੀਆਂ ਤਾਕਤਾਂ ਖ਼ੁਦ ਸ਼ਾਮਲ ਸਨ, ਇਸ ਲਈ ਅੱਜ ਤੱਕ ਦੋਸ਼ੀ ਨਹੀਂ ਫੜੇ ਗਏ।
ਅਸੀਂ ਪਹਿਲਾ ਵੀ ਵਾਰ-ਵਾਰ ਯਾਦ ਕਰਵਾਇਆ ਕਿ ਬਾਦਲਕੇ ਸੱਤਾ ਪ੍ਰਾਪਤੀ ਲਈ ਕੁਝ ਵੀ ਕਰ ਸਕਦੇ ਹਨ। ਪੰਜਾਬ ਦੇ ਅਮਨ-ਚੈਨ ਨੂੰ ਵੀ ਲਾਂਬੂੰ ਲਾ ਸਕਦੇ ਹਨ, ਇਸ ਲਈ ਉਨਾਂ ਤੋਂ ਕੋਈ ਵੀ ਆਸ ਰੱਖੀ ਜਾ ਸਕਦੀ ਹੈ, ਇਸਨੂੰ ਭਾਜਪਾ ਵੀ ਥੋੜਾ ਧਿਆਨ ’ਚ ਰੱਖੇ। ਬਾਕੀ ਕੋਈ ਨਿਰਪੱਖ ਸੁਪਰੀਮ ਕੋਰਟ ਦੇ ਜੱਜਾਂ ਦੀ ਜਾਂਚ ਸਾਰਾ ਕੁੱਝ ਸਾਫ਼ ਕਰ ਸਕਦੀ ਹੈ।

Posted in: ਸਾਹਿਤ