ਸ਼ਿਵ ਸੈਨਾ ਨੇ ਮੁਆਫ਼ੀ ਮੰਗੀ – ਫ਼ਗਵਾੜਾ ਵਿਚ ਮੁਸਲਿਮ ਭਾਈਚਾਰੇ ਨਾਲ ਕੀਤੀ ਸੀ ਵਧੀਕੀ

By August 3, 2016 0 Comments


senaਫ਼ਗਵਾੜਾ, ਅਗਸਤ 3, 2016: ਫ਼ਗਵਾੜਾ ਵਿਚ ਸ਼ਿਵ ਸੈਨਾ, ਹਿੰਦੂ ਸੁਰਕਸ਼ਾ ਸਮਿਤੀ ਅਤੇ ਹੋਰ ਸੱਜੇ ਪੱਖੀ ਸੰਸਥਾਵਾਂ ਦੇ ਮੁੱਖ ਆਗੂਆਂ ਨੇ ਬੀਤੇ ਦਿਨੀਂ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਕੀਤੀ ਵਧੀਕੀ ਲਈ ਲਿਖ਼ਤੀ ਤੌਰ ‘ਤੇ ਮੁਆਫ਼ੀ ਮੰਗ ਲਈ ਹੈ।ਲਿਖ਼ਤ ਵਿਚ ਮੰਗੀ ਗਈ ਮੁਆਫ਼ੀ ਉੱਤੇ ਜਿਹੜੇ ਆਗੂਆਂ ਨੇ ਸਹੀ ਪਾਈ ਹੈ ਉਹਨਾਂ ਵਿਚ ਇੰਦਰਜੀਤ ਕਰਵਲ, ਗੁਰਦੀਪ ਸੈਣੀ, ਸੰਜੂ ਚਾਹਲ, ਦਿਨੇਸ਼ ਬਾਂਸਲ, ਮਨੀਸ਼ ਸੂਦ, ਕਮਲ ਕਿਸ਼ੋਰ, ਭਜਨ ਬੱਤੀ, ਹੈਪੀ ਭਾਰਦਵਾਜ ਅਤੇ ਵਿਪਿਨ ਸ਼ਾਮਿਲ ਹਨ।

ਇਸ ਮੁਆਫ਼ੀ ਨਾਲ ਇਹਨਾਂ ਆਗੂਆਂ ਦੇ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 307, 295-ਏ, 148, 149 ਆਦਿ ਤਹਿਤ ਦਰਜ ਮੁਕੱਦਮਾ ਵਾਪਸ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ।

ਇਹ ਮੁਆਫ਼ੀਨਾਮਾ ਦਰਅਸਲ ਇਹਨਾਂ ਸੰਸਥਾਵਾਂ ਵੱਲੋਂ ਕੀਤੀਆਂ ਗਈਆਂ ਵਧੀਕੀਆਂ ਦੀ ਜ਼ਿੰਮੇਵਾਰੀ ਲੈਣ ਦੇ ਤੁਲ ਹੈ। ਮੁਆਫ਼ੀਨਾਮੇ ਰਾਹੀਂ ਇਹਨਾਂ ਆਗੂਆਂ ਨੇ ਜੁਲਾਈ 20 ਤੋਂ 22, 2016 ਤਕ ਕੀਤੇ ਮੁਸਲਿਮ ਭਾਈਚਾਰੇ ਪ੍ਰਤੀ ਗਾਲੀ ਗਲੋਚ , ਉਹਨਾਂ ਦੀਆਂ ਦੁਕਾਨਾਂ ਦੀ ਭੰਨਤੋੜ ਅਤੇ ਪਥਰਾਅ ਆਦਿ ਦੀ ਗ਼ਲਤੀ ਮੰੰਨਦਿਆਂ ਭਾਈਚਾਰੇ ਤੋਂ ਮੁਆਫ਼ੀ ਮੰਗੀ ਹੈ।

ਮੁਆਫ਼ੀਨਾਮੇ ਵਿਚ ਲਿਖਿਆ ਹੈ ਕਿ, ‘ਮਿਤੀ 20.7.2016 ਤੋਂ ਲੈ ਕੇ 22.7.2016 ਤਕ ਅਸੀਂ ਜੋ ਰੋਸ ਪ੍ਰਦਰਸ਼ਨ ਕੀਤੇ, ਇਸ ਦੌਰਾਨ ਜੋ ਸਾਡੇ ਮੁਸਲਮਾਨ ਭਰਾਵਾਂ ਨੂੰ ਗਾਲੀ ਗਲੋਚ ਹੋਇਆ, ਉਹਨਾਂ ਦੀਆਂ ਦੁਕਾਨਾਂ ਦੀ ਭੰਨਤੋੜ ਅਤੇ ਪਥਰਾਅ ਦੌਰਾਨ ਉਹਨਾਂ ਦੀਆਂ ਧਾਰਮਕਿ ਭਾਵਨਾਵਾਂ ਨੂੰ ਜੋ ਠੇਸ ਪਹੁੰਚੀ, ਇਸ ਗਲਤੀ ਲਈ ਅਸੀਂ ਆਪਣੇ ਸਾਰੇ ਮੁਸਲਮਾਨ ਭਰਾਵਾਂ ਤੋਂ ਮੁਆਫ਼ੀ ਮੰਗਦੇ ਹਾਂ ਅਤੇ ਵਿਸ਼ਵਾਸ ਦਿਵਾਉਂਦੇ ਹਾਂ, ਅਗਾਂਹ ਤੋਂ ਮੁਸਲਮਾਨ ਭਰਾਵਾਂ ਜਾਂ ਕਿਸੇ ਵੀ ਹੋਰ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਬਿਆਨਬਾਜ਼ੀ ਜਾਂ ਪ੍ਰਦਰਸ਼ਨ ਨਹੀਂ ਕਰਾਂਗੇ।