ਮਹਾਰਾਣੀ ਜਿੰਦਾ ਨੂੰ ਯਾਦ ਕਰਦਿਆਂ…

By August 1, 2016 0 Comments


-ਜਸਪਾਲ ਸਿੰਘ ਹੇਰਾਂ

maharani jinda

ਮਹਾਰਾਣੀ ਜਿੰਦਾ ਸਿੱਖ ਇਤਿਹਾਸ ਦਾ ਵਿਵਾਦਿਤ ਪਾਤਰ ਹੈ। ਮਹਾਰਾਣੀ ਜਿੰਦਾ ਦੀ ਆਜ਼ਾਦੀ ਪ੍ਰਤੀ ਦਿ੍ਰੜਤਾ ਅਤੇ ਸਿੱਖੀ ਪ੍ਰਤੀ ਸਮਰਪਣ ਦੀ ਭਾਵਨਾ ਨੇ ਉਸ ਨੂੰ ਸਿੱਖ ਇਤਿਹਾਸ ਵਿਚ ਅਮਰ ਕਰ ਦਿੱਤਾ ਹੈ। ਪ੍ਰੰਤੂ ਨਾਲ ਦੀ ਨਾਲ ਉਹ ਇਕ ਅਜਿਹੀ ਮਾਂ ਸਾਬਿਤ ਹੋਈ ਜਿਸ ਨੇ ਆਪਣੇ ਪੁੱਤਰ ਨਾਲੋਂ ਉਸ ਦੇ ਸਿੱਖੀ ਸਰੂਪ ਨੂੰ ਪਹਿਲ ਦਿੱਤੀ ਅਤੇ ਵਰਿਆਂ ਬਾਅਦ ਜਦੋਂ ਮਹਾਰਾਣੀ ਆਪਣੀਆਂ ਅੱਖਾਂ ਦੀ ਰੌਸ਼ਨੀ ਗਵਾ ਚੁੱਕੀ ਸੀ ਅਤੇ ਵਿਛੜੇ ਪੁੱਤਰ ਨੂੰ ਮਿਲਣ ਦੀ ਆਸ ਵੀ ਛੱਡ ਚੁੱਕੀ ਸੀ ਤਾਂ ਉਸ ਸਮੇਂ ਜਦੋਂ ਉਸ ਦਾ ਪੁੱਤਰ ਮਹਾਰਾਜਾ ਦਲੀਪ ਸਿੰਘ ਉਸ ਨੂੰ ਮਿਲਿਆ ਤਾਂ ਉਸ ਮਾਂ ਨੇ ਸਭ ਤੋਂ ਪਹਿਲਾ ਉਸ ਦਾ ਸਿੱਖੀ ਸਰੂਪ ਟੋਹਿਆ। ਜਦੋਂ ਉਸ ਨੇ ਮਹਿਸੂਸ ਕੀਤਾ ਕਿ ਉਸ ਦੇ ਪੁੱਤ ਨੇ ਤਾਂ ਸਿੱਖੀ ਸਰੂਪ ਨੂੰ ਤਿਲਾਂਜ਼ਲੀ ਦਿੱਤੀ ਹੋਈ ਹੈ ਤਾਂ ਉਸ ਨੇ ਆਪਣੇ ਪੁੱਤ ਨੂੰ ਆਪਣੇ ਕਲਾਵੇ ਵਿਚ ਲੈਣ ਤੋਂ ਇਹ ਕਹਿੰਦਿਆਂ ਆਪਣੇ ਤੋਂ ਪਰੇ ਧੱਕ ਦਿੱਤਾ ਕਿ ਦਲੀਪ, ‘ਐਨਾ ਦੁੱਖ ਤਾਂ ਮੈਨੂੰ ਉਸ ਦਿਨ ਵੀ ਨਹੀਂ ਸੀ ਹੋਇਆ ਜਿਸ ਦਿਨ ਸਾਡਾ ਰਾਜ ਭਾਗ ਖੁੱਸ ਗਿਆ ਸੀ।’

ਸਿੱਖ ਰਾਜ ਦੀ ਪੁਨਰ ਸਥਾਪਤੀ ਲਈ ਮਹਾਰਾਣੀ ਨੇ ਜ਼ਿੰਦਗੀ ਭਰ ਅੰਗਰੇਜ ਹਕੂਮਤ ਨਾਲ ਲੜਾਈ ਲੜੀ। ਪ੍ਰੰਤੂ ਅੱਜ ਮਹਾਰਾਣੀ ਦੀ ਬਰਸੀ ਵਾਲੇ ਦਿਨ ਅਸੀਂ ਉਸ ਦੇ ਸਿੱਖੀ ਨੂੰ ਸਮਰਪਿਤ ਮਾਂ ਵਾਲੇ ਗੁਣ ਦੀ ਗੱਲ ਅੱਜ ਦੀਆਂ ਮਾਂਵਾਂ ਦੇ ਚਰਿੱਤਰ ਨਾਲ ਤੁਲਨਾ ਕਰਕੇ ਕਰਾਂਗੇ। ਇਕ ਪਾਸੇ ਦੋ ਦਹਾਕਿਆਂ ਤੋਂ ਵੱਧ ਅਰਸੇ ਬਾਅਦ ਮਿਲੇ ਪੁੱਤ ਨੂੰ ਇਕ ਮਾਂ ਇਸ ਕਾਰਨ ਦੁਰਕਾਰ ਦਿੰਦੀ ਹੈ ਕਿ ਉਸ ਨੇ ਸਿੱਖੀ ਸਰੂਪ ਦਾ ਤਿਆਗ ਕਰ ਛੱਡਿਆਂ ਹੈ ਅਤੇ ਦੂਜੇ ਪਾਸੇ ਸਾਡੀਆਂ ਅਜੋਕੀਆਂ ਮਾਂਵਾਂ, ਜਿਨਾਂ ਨੂੰ ਆਪਣੇ ਕੇਸਧਾਰੀ ਪੁੱਤ ਦੇ ਕੇਸ ਇਸ ਕਾਰਨ ਦੁੱਖ ਦਿੰਦੇ ਹਨ ਕਿ ਉਸ ਨੂੰ ਸਕੂਲ ਭੇਜਣ ਤੋਂ ਪਹਿਲਾ ਜੂੜਾ ਕਰਨ, ਕੇਸਕੀ ਸਜਾਉਣ ਲਈ ਅਤੇ ਹਫ਼ਤੇ ਬਾਅਦ ਉਸ ਦਾ ਕੇਸੀ ਇਸ਼ਨਾਨ ਕਰਾਉਣ ਲਈ ਸਮਾਂ ਬਰਬਾਦ ਕਰਨਾ ਪੈਂਦਾ ਹੈ।

 

ਮਾਂਵਾਂ ਨੇ ਟੀ.ਵੀ. ਦੇ ਸੀਰੀਅਲ ਦੇਖਣੇ ਹੁੰਦੇ ਹਨ ਜਾਂ ਆਪਣਾ ਸ਼ਿੰਗਾਰ ਕਰਨਾ ਹੁੰਦਾ ਹੈ। ਅਜਿਹੀਆਂ ਮਾਂਵਾਂ ਆਪਣੇ ਹੱਥੀ ਆਪਣੇ ਪੁੱਤਰਾਂ ਨੂੰ ਨਾਈਆਂ ਦੀਆਂ ਦੁਕਾਨਾਂ ’ਤੇ ਤੋਰਦੀਆਂ ਹਨ। ਇਕ ਮਾਂ ਲਈ ਰਾਜ ਭਾਗ ਤੋਂ ਵਧੇਰੇ ਸਿੱਖੀ ਸਰੂਪ ਪਿਆਰਾ ਹੈ ਅਤੇ ਦੂਜੇ ਪਾਸੇ ਅੱਜ ਦੀਆਂ ਮਾਂਵਾਂ ਲਈ ਕੇਸ ਝੰਜਟ ਅਤੇ ਝਮੇਲਾ ਬਣ ਗਏ ਹਨ।

ਅੱਜ ਸਮਾਜ ਵਿਚ ਵੱਡਾ ਨਿਘਾਰ ਆ ਗਿਆ ਹੈ। ਰਿਸ਼ਤੇ ਨਾਤੇ ਤਿੜਕ ਰਹੇ ਹਨ। ਪੁੱਤ ਮਾਂ-ਬਾਪ ਦਾ ਕਤਲ ਕਰਨ ਲੱਗ ਪਏ ਹਨ। ਆਖ਼ਰ ਕਾਰਨ ਕੀ ਹੈ? ਉਹ ਰਿਸ਼ਤਾ ਜਿਹੜਾ ਮਾਂ ਦੇ ਦੁੱਧ ਤੋਂ ਵੱਧ ਮਾਂ ਦੀਆਂ ਲੋਰੀਆਂ ਕਾਰਨ ਨਿੱਕੇ ਜਿਹੇ ਮਾਸੂਮ ਪੁੱਤ ਨੂੰ ਸੁਣਾਈਆਂ ਇਤਿਹਾਸਕ ਸਾਖੀਆਂ ਕਾਰਨ ਨਿੱਘੇ ਰੂਪ ਵਿਚ ਸਦੀਵੀਂ ਜੁੜਦਾ ਸੀ, ਹੁਣ ਮਾਂ ਵਲੋਂ ਆਪਣੀ ਆਜ਼ਾਦੀ ਲਈ ਬੱਚੇ ਦੇ ਦੋ ਸਾਲ ਦਾ ਹੋਣ ਤੋਂ ਪਹਿਲਾ ਹੀ ਸਕੂਲ ਭੇਜਣ ਦੀ ਕਾਹਲੀ ਨੇ ਖ਼ਤਮ ਕਰ ਦਿੱਤਾ ਹੈ।

ਪੌਣੇ ਦੋ ਸਾਲ ਦੀ ਉਮਰ ਤੋਂ ਹੀ ਸਕੂਲ ਜਾਂਦਾ ਬੱਚਾ ਪੜ ਲਿਖ ਕੇ ਕੁਝ ਬਣੇਗਾ ਜਾਂ ਨਹੀਂ ਇਹ ਤਾਂ ਸਮੇਂ ਦੇ ਗਰਭ ਵਿਚ ਹੁੰਦਾ ਹੈ। ਪ੍ਰੰਤੂ ਬੱਚਾ ਮਾਂ ਦੇ ਪਿਆਰ ਤੋਂ ਮਰਹੂਮ ਹੋ ਕੇ ਮਾਂ ਪੁੱਤ ਵਾਲੀਆਂ ਮੋਹ ਦੀਆਂ ਤੰਦਾਂ ਤੋਂ ਜ਼ਰੂਰ ਵਾਂਝਾ ਹੋ ਜਾਂਦਾ ਹੈ।

ਅੱਜ ਮਹਾਰਾਣੀ ਜਿੰਦਾ ਨੂੰ ਯਾਦ ਕਰਦਿਆਂ ਅਸੀਂ ਅੱਜ ਦੀਆਂ ਮਾਂਵਾਂ ਨੂੰ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਵਿਰਾਸਤੀ ਗੁਣ ਬੱਚੇ ਨੂੰ ਸਿਰਫ਼ ਤੇ ਸਿਰਫ਼ ਮਾਂ ਦੇ ਸਕਦੀ ਹੈ। ਇਹ ਜਿੰਮੇਵਾਰੀ ਮਾਂ ਦੀ ਹੈ ਕਿ ਉਸ ਨੇ ਆਪਣੇ ਬੱਚੇ ਨੂੰ ਮਾਂ-ਬਾਪ ਦਾ ਦੁਲਾਰਾ ਅਤੇ ਕੌਮ ਦਾ ਪਿਆਰਾ ਬਣਾਉਣ ਹੈ ਜਾਂ ਫਿਰ ਇਕ ਅਵਾਰਾ ਗੁੰਡਾ?

Posted in: ਸਾਹਿਤ