ਗੁਰਬਾਣੀ ਤੇ ਸਿੱਖੀ ਸਿਧਾਂਤਾਂ ਨੂੰ ਪਰਣਾਏ ਯੁੱਗ ਪੁਰਸ਼ ਭਗਤ ਪੂਰਨ ਸਿੰਘ

By August 1, 2016 0 Comments


bhagat pooran singhਸੇਵਾ ਬੜੇ ਭਾਗਾਂ ਵਾਲਿਆਂ ਦੇ ਹਿੱਸੇ ਆਉਂਦੀ ਹੈ, ਮਨੁੱਖਤਾ ਦੀ ਸੇਵਾ ਕਰਨਾ ਬਹੁਤ ਹੀ ਬਿਖਮ ਪੈਂਡਾ ਹੈ, ਜਿਸ ‘ਤੇ ਕੋਈ ਵਿਰਲਾ ਹੀ ਤੁਰ ਸਕਦਾ ਹੈ। ਇਸ ਦੀ ਜਿਉਂਦੀ ਜਾਗਦੀ ਮਿਸਾਲ ਭਗਤ ਪੂਰਨ ਸਿੰਘ ਪਿੰਗਲਵਾੜਾ ਵਾਲੇ ਹੋਏ ਹਨ, ਜਿਨ੍ਹਾਂ ਨੇ 20ਵੀਂ ਸਦੀ ਦੇ ਪੰਜਾਬ ਦੇ ਇਤਿਹਾਸ ਵਿਚ ਇਕ ਗਰੀਬੜੇ ਜਿਹੇ ਸਿੱਖ ਦੇ ਤੌਰ ‘ਤੇ ਇਕੱਲੇ ਹੀ ਵੱਡੀ ਪੱਧਰ ‘ਤੇ ਸਿੱਖੀ ਸੇਵਕੀ ਦਾ ਬੀੜਾ ਚੁੱਕਿਆ। ਗੁਰਬਾਣੀ ਦੇ ਫਲਸਫੇ ਤੇ ਸਿੱਖੀ ਸਿਧਾਂਤਾਂ ਨੂੰ ਪਰਣਾਏ, ਸੇਵਾ ਦੀ ਮੂਰਤ ਭਗਤ ਪੂਰਨ ਸਿੰਘ ਨੇ ਦੀਨ-ਦੁਖੀਆਂ, ਅਪਾਹਜਾਂ, ਲਾਵਾਰਸਾਂ, ਪਾਗਲ ਮਰਦਾਂ-ਇਸਤਰੀਆਂ, ਮੰਦਬੁੱਧੀ ਬੱਚੇ-ਬੁੱਢੇ ਨੌਜਵਾਨਾਂ (ਲੜਕੇ-ਲੜਕੀਆਂ) ਤੇ ਬਿਮਾਰਾਂ ਦੀ ਸੇਵਾ-ਸੰਭਾਲ ਲਈ ਆਰੰਭੇ ਕਾਰਜ ਨੂੰ ਪਿੰਗਲਵਾੜਾ ਦੀ ਸਥਾਪਨਾ ਦੇ ਰੂਪ ਵਿਚ ਤਬਦੀਲ ਕਰਕੇ ਸੇਵਾ ਦੇ ਖੇਤਰ ਵਿਚ ਅਦੁੱਤੀ ਮਿਸਾਲ ਪੇਸ਼ ਕੀਤੀ ਹੈ ਅਤੇ ਪੰਜਾਬੀਅਤ ਦਾ ਨਾਂਅ ਰੌਸ਼ਨ ਕੀਤਾ ਹੈ। ਭਗਤ ਜੀ ਦਾ ਜਨਮ ਪਿੰਡ ਰਾਜੇਵਾਲ ਰੋਹਣੋਂ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ ਵਿਖੇ ਮਾਤਾ ਮਹਿਤਾਬ ਕੌਰ ਦੀ ਕੁੱਖੋਂ 4 ਜੂਨ 1904 ਨੂੰ ਪਿਤਾ ਸ਼ਿਬੂ ਮੱਲ ਦੇ ਗ੍ਰਹਿ ਵਿਖੇ ਹੋਇਆ। ਪਿਤਾ ਸ਼ਿਬੂ ਮੱਲ ਭਾਵੇਂ 1912 ਵਿਚ ਸਰਕਾਰ ਨੂੰ 52 ਰੁਪਏ ਆਮਦਨ ਕਰ ਭਰਦਾ ਰਿਹਾ ਪਰ ਇਹ ਸ਼ਾਹੂਕਾਰੀ 1913 ਵਿਚ ਅਕਾਲ ਪੈਣ ਕਾਰਨ ਭਾਰੀ ਗਰੀਬੀ ਵਿਚ ਬਦਲ ਗਈ ਅਤੇ ਮਾਂ ਨੂੰ ਆਪਣੇ ਬੱਚੇ ਦੀ ਪੜ੍ਹਾਈ ਜਾਰੀ ਰੱਖਣ ਲਈ ਲਾਹੌਰ ਸ: ਹਰਨਾਮ ਸਿੰਘ ਹੁਰਾਂ ਕੋਲ 10 ਰੁਪਏ ਮਹੀਨੇ ਉੱਪਰ ਨੌਕਰੀ ਕਰਨੀ ਪਈ।

ਭਗਤ ਜੀ ਦਾ ਬਚਪਨ ਦਾ ਨਾਂਅ ਰਾਮ ਜੀ ਦਾਸ ਸੀ। ਸਿੱਖ ਸਿਧਾਤਾਂ ਤੋਂ ਪ੍ਰਭਾਵਿਤ ਹੋ ਕੇ ਆਪ ਨੇ 1923 ਵਿਚ ਸਿੱਖ ਧਰਮ ਵਿਚ ਪ੍ਰਵੇਸ਼ ਕੀਤਾ ਅਤੇ ਉਹ ਪੂਰਨ ਸਿੰਘ ਬਣ ਗਏ। ਆਪ ਨੇ 1924 ਈ: ਤੋਂ 1947 ਤੱਕ ਗੁਰਦੁਆਰਾ ਡੇਹਰਾ ਸਾਹਿਬ ਦੀ ਛਤਰ-ਛਾਇਆ ਹੇਠ ਜੀਵਨ ਬਿਤਾਇਆ। ਭਗਤ ਜੀ ਨੂੰ ਪ੍ਰਾਣੀ ਮਾਤਰ ਦੇ ਭਲੇ ਦੀ ਗੁੜ੍ਹਤੀ ਆਪਣੀ ਮਾਂ ਪਾਸੋਂ ਹੀ ਮਿਲੀ ਅਤੇ 1934 ਈ: ਵਿਚ ਤਕਰੀਬਨ 30 ਕੁ ਸਾਲ ਉਮਰ ਆਪ ਨੇ ਇਕ ਲਾਵਾਰਿਸ ਅਤੇ ਲੂਲੇ ਬੱਚੇ ਦੀ ਸੇਵਾ ਦੀ ਜ਼ਿੰਮੇਵਾਰੀ ਲਈ। ਭਗਤ ਜੀ ਦੀ ਸੇਵਾ ਦਾ ਸਫ਼ਰ ਲਾਹੌਰ ਦੀਆਂ ਸੜਕਾਂ ਤੋਂ ਸ਼ੁਰੂ ਹੋਇਆ ਅਤੇ ਉਨ੍ਹਾਂ ਦੀ ਮੰਜ਼ਿਲ ਅੰਮ੍ਰਿਤਸਰ ਵਿਖੇ ਪਿੰਗਲਵਾੜਾ ਦੀ ਸਥਾਪਨਾ ਨਾਲ ਸੰਪੂਰਨ ਹੋਈ। ਭਗਤ ਪੂਰਨ ਸਿੰਘ ਇਕ ਦੂਰਅੰਦੇਸ਼ ਲੇਖਕ ਅਤੇ ਵਧੀਆ ਪ੍ਰਕਾਸ਼ਕ ਸਨ, ਜਿਨ੍ਹਾਂ ਜ਼ਿੰਦਗੀ ਦੇ ਅੰਤਿਮ ਪੜਾਅ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਅਰਥਾਂ ਸਮੇਤ ਮਿਸਾਲਾਂ ਦੇ ਕੇ ਸਮੁੱਚੇ ਵਿਸ਼ਵ ਨੂੰ ਆਉਣ ਵਾਲੀਆਂ ਚੁਣੌਤੀਆਂ ਤੋਂ ਇਲਾਵਾ ਬਹੁਤ ਸਾਰਾ ਸਾਹਿਤ ਹੱਥੀਂ ਲਿਖਿਆ, ਛਪਾਵਿਆ ਤੇ ਵੰਡਵਾਇਆ, ਜੋ ਮਨੁੱਖ ਨੂੰ ਆਉਣ ਵਾਲੀਆਂ ਭਿਆਨਕ ਤਬਾਹੀਆਂ ਤੋਂ ਸੁਚੇਤ ਕਰਦਾ ਹੋਇਆ ਬਚਾਅ ਦਾ ਰਾਹ ਦਰਸਾਉਂਦਾ ਹੈ। ਸੇਵਾ ਦੀ ਇਹ ਜਗਦੀ ਜੋਤ 5 ਅਗਸਤ 1992 ਈ: ਨੂੰ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੀ।
ਭਗਤ ਜੀ ਵੱਲੋਂ ਮਨੁੱਖਤਾ ਦੀ ਭਲਾਈ ਲਈ ਵਿੱਢੀ ਗਈ ਮੁਹਿੰਮ ਨੂੰ ਉਨ੍ਹਾਂ ਦੀ ਉਤਰਾਧਿਕਾਰੀ ਡਾ: ਇੰਦਰਜੀਤ ਕੌਰ ਨੇ ਉਸੇ ਸ਼ਿੱਦਤ ਨਾਲ ਜਾਰੀ ਰੱਖਿਆ ਹੈ। ਮਾਨਾਂਵਾਲਾ ਵਿਖੇ ਬਣੇ 23 ਏਕੜ ਦੇ ਕੰਪਲੈਕਸ ਵਿਚ ਭਗਤ ਪੂਰਨ ਸਿੰਘ ਆਦਰਸ਼ ਸਕੂਲ, ਭਗਤ ਪੂਰਨ ਸਿੰਘ ਮਸਨੂਈ ਅੰਗ ਕੇਂਦਰ, ਭਗਤ ਪੂਰਨ ਸਿੰਘ ਨਿਵਾਸ ਆਪਣਾ ਘਰ (ਬਿਰਧ ਘਰ), ਲੜਕੀਆਂ ਦਾ ਹੋਸਟਲ, ਅਜਾਇਬ ਘਰ, ਤਿੰਨ ਵਾਰਡਾਂ ਇਮਾਰਤਾਂ ਸੰਗਤਾਂ ਦੀ ਸੇਵਾ ਵਿਚ ਹਾਜ਼ਰ ਹਨ।
ਕੁੱਲ ਮਿਲਾ ਕੇ ਅੱਜ ਪਿੰਗਲਵਾੜਾ ਸੰਸਥਾ ਦੀਨ-ਦੁਖੀਆਂ, ਮਰੀਜ਼ਾਂ, ਅਪਾਹਜਾਂ, ਰੋਗੀਆਂ, ਮਾਨਸਿਕ ਰੋਗੀਆਂ, ਲਾਵਾਰਸਾਂ ਤੇ ਲੋੜਵੰਦਾਂ ਲਈ ਨਿਵੇਕਲੇ ਕਿਸਮ ਦਾ ਇਕ ਸਵਰਗ ਸਾਬਤ ਹੋ ਰਿਹਾ ਹੈ। ਸਮੁੱਚੀ ਲੋਕਾਈ ਲਈ ਪ੍ਰੇਰਨਾ ਸਰੋਤ ਭਗਤ ਪੂਰਨ ਸਿੰਘ ਦੀ ਬਰਸੀ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ:) ਅੰਮ੍ਰਿਤਸਰ ਵੱਲੋਂ 3 ਅਗਸਤ ਤੋਂ 5 ਅਗਸਤ ਤੱਕ ਮਨਾਈ ਜਾ ਰਹੀ ਹੈ।

ਗੁਰਦੀਪ ਸਿੰਘ ਨਾਗੀ
-ਮਾਨਾਂਵਾਲਾ (ਅੰਮ੍ਰਿਤਸਰ)।
ਮੋਬਾ: 98550-60161
Tags: ,
Posted in: ਸਾਹਿਤ