ਸਿੱਖ ਅਰਦਾਸ ਦਾ ਸੰਕਲਪ ਅਤੇ ਮਹਾਤਮ

By August 1, 2016 0 Comments


ardasਅਰਦਾਸ ਸਾਡਾ ਸਿਰਜਣਹਾਰ ਨਾਲ ਰੂਹਾਨੀ ਸੰਵਾਦ ਹੈ। ਸਿੱਖ ਅਰਦਾਸ ਦੇ ਤਸੱਵਰ ਨੂੰ ਸਹੀ ਅਤੇ ਸ਼ੁੱਧ ਪਰਿਪੇਖ ਵਿਚ ਸਮਝਣ ਲਈ, ਅਰਦਾਸ ਦੀ ਸੰਰਚਨਾ, ਸਾਧਨਾ ਵਿਧੀ, ਮਹੱਤਵ ਅਤੇ ਮਹਾਤਮ ਨੂੰ ਹਰ ਪਹਿਲੂ ਤੋਂ ਸਮਝਣ ਦੀ ਜ਼ਰੂਰਤ ਹੈ। ਅਰਦਾਸ ਦੇ ਸੰਕਲਪ ਨੂੰ ਜਾਣਨ ਤੋਂ ਪਹਿਲਾਂ ਇਸ ਗੱਲ ਨੂੰ ਦ੍ਰਿੜ੍ਹ ਕਰ ਲੈਣਾ ਜ਼ਰੂਰੀ ਹੈ ਕਿ ਅਰਦਾਸ ਕੇਵਲ ਈਮਾਨਪ੍ਰਸਤਾਂ ਦਾ ਇਕ ਰੂਹਾਨੀ ਵਰਤਾਰਾ ਹੈ। ਜੋ ਸਿੱਖ, ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਸਾਹਿਬਾਨ ਅਤੇ ਅਰਦਾਸ ਦੇ ਸਮੂਹ ਸ਼ਹੀਦਾਂ ਵਿਚ ਅਕੀਦਾ ਰੱਖਦੇ ਹਨ, ਕੇਵਲ ਉਹ ਲੋਕ ਹੀ ਸਿੱਖ ਅਰਦਾਸ ਵਿਚ ਜੁੜਨ ਦੇ ਮਹਾਤਮ ਨੂੰ ਸਮਝ ਸਕਦੇ ਹਨ। ਅਰਦਾਸ ਸਾਡੇ ਆਤਮਿਕ ਵਿਸ਼ਵਾਸ ਵਿਚੋਂ ਉਪਜਿਆ ਰੂਹਾਨੀ ਸੰਵਾਦ ਹੈ। ਇਸ ਸੰਵਾਦ ਵਿਚ ਜੁੜਨ ਲਈ, ਅਰਦਾਸ ਕਰਨ ਵਾਲੇ ਵਿਅਕਤੀ ਦਾ ਉਸ ਦੇ ਧਾਰਮਿਕ ਵਿਸ਼ਵਾਸ ਪ੍ਰਤੀ ਸ਼ਰਧਾਵਾਨ ਹੋਣਾ ਅਤੇ ਪੂਰਨ ਰੂਪ ਵਿਚ ਸਮਰਪਿਤ ਹੋਣਾ ਜ਼ਰੂਰੀ ਹੈ, ਤਦ ਹੀ ਅਰਦਾਸ ਦਾ ਸਮੁੱਚਾ ਪ੍ਰਯੋਜਨ ਸਮਝ ਆ ਸਕਦਾ ਹੈ। ਇਸ ਅਸਰੀਰੀ ਸੰਵਾਦ ਦੀ ਵਿਧੀ ਤੇ ਆਤਮ-ਨਿਯੰਤਰਣ ਦਾ ਅਨੁਸ਼ਾਸਨ, ਆਮ ਦੁਨਿਆਵੀ ਸੰਵਾਦ ਤੋਂ ਭਿੰਨ ਹੈ। ਅਰਦਾਸ ਸਾਡੀ ਉਪਾਸਨਾ ਸਮਾਧੀ ਦੀ ਚਰਮਸੀਮਾ ਹੈ, ਜਿਸ ਰਾਹੀਂ ਅਸੀਂ ਅਗੋਚਰ ਆਦਿ ਸੱਚ ਭਾਵ ਵਾਹਿਗੁਰੂ ਦੇ ਰੂਬਰੂ ਹੁੰਦੇ ਹਾਂ, ਆਪਣੇ ਸੁੱਖਾਂ ਤੇ ਦੁੱਖਾਂ ਦੀ ਬਾਤ ਪਾਉਂਦੇ ਹਾਂ, ਆਪਣੇ ਸਿਰਜਣਹਾਰ ਨਾਲ ਗੱਲਾਂ ਕਰਦੇ ਹਾਂ।

ardas 2
ਸਮੂਹਿਕ ਅਰਦਾਸ, ਭਾਵ ਸੰਗਤ ਰੂਪ ਅਰਦਾਸ ਤੇ ਵਿਅਕਤੀਗਤ ਅਰਦਾਸ ਦਾ ਮਹੱਤਵ ਅਤੇ ਮਹਾਤਮ ਵੱਖੋ-ਵੱਖਰਾ ਹੈ। ਸੰਗਤ ਰੂਪ ਅਰਦਾਸ ਵਿਚ ਅਸੀਂ ਸਮੂਹਿਕ ਸਰੋਕਾਰਾਂ ਦੀ ਦ੍ਰਿਸ਼ਟੀ ਵਿਚ ਅਕਾਲ-ਪੁਰਖ ਨੂੰ ਸੰਬੋਧਤ ਹੁੰਦੇ ਹਾਂ, ਵਿਅਕਤੀਗਤ ਅਰਦਾਸ ਵਿਚ ਅਸੀਂ ਆਪਣੀ ਨਿੱਜੀ ਪੀੜ, ਦੁੱਖ-ਦਰਦ ਮਾਨਸਿਕ ਕਲੇਸ਼, ਦੇਹ ਅਰੋਗਤਾ, ਸਫ਼ਲਤਾਵਾਂ ਤੇ ਕਾਰੋਬਾਰੀ ਬਰਕਤਾਂ ਦੇ ਸਵਾਲ ਪਾਉਂਦੇ ਹਾਂ। ਇਥੇ ਮੈਂ ਫਿਰ ਦੁਹਰਾਉਂਦਾ ਹਾਂ ਕਿ ਅਰਦਾਸ ਤੁਹਾਡੇ ਮਨ ਦੇ ਵਿਸ਼ਵਾਸ ਦਾ ਪ੍ਰਤੱਖ ਰੂਪ ਹੈ, ਅਰਦਾਸ ਤੁਹਾਡੇ ਤਨ ਅਤੇ ਮਨ ਦੀ ਇਕਸੁਰਤਾ ਦਾ ਪ੍ਰਕਾਸ਼ ਤੇ ਜ਼ਹੂਰ ਹੈ। ਅਰਦਾਸ ਕਰਨ ਵਾਲੇ ਵਿਅਕਤੀ ਲਈ ਜ਼ਰੂਰੀ ਹੈ ਕਿ ਉਹ ਪੂਰੀ ਸ਼ਰਧਾ, ਨਿਮਰਤਾ ਤੇ ਸਾਵਧਾਨੀ ਨਾਲ ਅਰਦਾਸ ਵਿਚ ਜੁੜੇ। ਅਰਦਾਸ ਦੀ ਆਰੰਭਕ ਪ੍ਰਸਤਾਵਨਾ ਸਿੱਖ ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਰਾਧਨਾ ਨਾਲ ਸ਼ੁਰੂ ਹੁੰਦੀ ਹੈ, ਉਸ ਤੋਂ ਉਪਰੰਤ ਚਾਰੇ ਸਾਹਿਬਜ਼ਾਦੇ, ਪੰਜ ਪਿਆਰੇ, ਚਾਲੀ ਮੁਕਤੇ, ਹਠੀਆਂ, ਜਪੀਆਂ, ਤਪੀਆਂ, ਸਿੰਘ ਸ਼ਹੀਦਾਂ, ਮੁਰੀਦਾਂ ਅਤੇ ਸਮੂਹ ਸਿਦਕਵਾਨਾਂ, ਜਿਨ੍ਹਾਂ ਨੇ ਸਿੱਖੀ ਸਿਦਕ ‘ਤੇ ਸਿਰੜ ਨਾਲ ਪਹਿਰਾ ਦਿੰਦੇ ਹੋਏ ਅਨੇਕਾਂ ਤਸੀਹੇ ਝੱਲਦੇ ਹੋਏ ਆਪਣੀਆਂ ਕੁਰਬਾਨੀਆਂ ਦਿੱਤੀਆਂ ਪਰ ‘ਸਿੱਖੀ ਸਿਦਕ’ ਨੂੰ ਪਿੱਠ ਨਹੀਂ ਦਿੱਤੀ। ਇਸ ਲਈ ਅਸੀਂ ਇਨ੍ਹਾਂ ਸਭਨਾਂ ਦੀਆਂ ਸੂਰਮਗਤੀਆਂ ਤੇ ਕੁਰਬਾਨੀਆਂ ਦੀ ਉਸਤਤੀ ਵਾਰਤਾ ਨਾਲ, ਆਪਣੀ ਸਮਰੂਪਤਾ ਅਤੇ ਰੂਹਾਨੀ ਸੰਪਰਕ, ਸਿਰਜਣਹਾਰ ਨਾਲ ਸਥਾਪਤ ਕਰਦੇ ਹਾਂ।
ਉਪਰੋਕਤ ਇਬਤਦਾਈ ਤਮਹੀਦ ਤੇ ਤੁਅੱਰਫ਼ ਦਾ ਭਾਵ ਹੈ ਕਿ ਅਰਦਾਸ ਕਰਨ ਵਾਲਾ ਪ੍ਰਾਣੀ ਜਾਂ ਅਰਦਾਸ ਕਰ ਰਹੀ ਸੰਗਤ ਆਪਣੇ-ਆਪ ਨੂੰ ਸਿੱਖ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ, ਹਠੀਆਂ, ਜਪੀਆਂ, ਤਪੀਆਂ, ਸਿੰਘ ਸ਼ਹੀਦਾਂ, ਮੁਰੀਦਾਂ ਅਤੇ ਸਮੂਹ ਸਿਦਕਵਾਨਾਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ ਤੇ ਤੇਗ ਵਾਹੀ, ਇਨ੍ਹਾਂ ਸਭਨਾਂ ਦਾ ਓਟ ਆਸਰਾ ਲੈ ਕੇ, ਆਪਣੇ-ਆਪ ਨੂੰ ਇਨ੍ਹਾਂ ਦੇ ਪੈਰੋਕਾਰ ਜਾਂ ਪੈਰੋਕਾਰਾਂ ਦੇ ਰੂਪ ਵਿਚ ਪੇਸ਼ ਕਰਦੇ ਹਾਂ। ਇਸ ਦੇ ਨਾਲ ਹੀ ਅਰਦਾਸ ਦਾ ਦੂਸਰਾ ਪੜਾਅ ‘ਹੇ ਵਾਹਿਗੁਰੂ’ ਨਾਲ ਸ਼ੁਰੂ ਹੁੰਦਾ ਹੈ, ਜਿਸ ਨਾਲ ਅਸੀਂ ਆਪਣੀ ਅੰਤਰੀਵ ਆਰਜ਼ੂ ਪੇਸ਼ ਕਰਦੇ ਹਾਂ। ‘ਹੇ ਵਾਹਿਗੁਰੂ’ ਦਾ ਭਾਵ ਹੈ, ਸਤਿਗੁਰਾਂ ਅੱਗੇ ਅਧਿਕ ਜ਼ੋਰ ਨਾਲ ਹਾੜ੍ਹਾ ਪਾਉਣਾ। ਅਰਦਾਸ ਕਰਦੇ ਹਾਂ ‘ਹੇ ਸੱਚੇ ਪਾਤਿਸ਼ਾਹ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਸਾਹ ਦਾਨ, ਬੁੱਧੀ ਤੇ ਵਿਵੇਕ ਦਾਨ, ਸਿਦਕ ਤੇ ਭਰੋਸਾ ਦਾਨ, ਦਾਨਾਂ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਕੀਆਂ, ਝੰਡੇ, ਬੁੰਗੇ ਜੁਗੋ ਜੁਗ ਅਟੱਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਹੇ ਸੱਚੇ ਪਾਤਸ਼ਾਹਿ, ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮੱਤ ਦਾ ਰਾਖਾ ਆਪ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਸੱਚੇ ਪਿਤਾ ਵਾਹਿਗੁਰੂ! ਆਪ ਦੇ ਹਜ਼ੂਰ ਅਰਦਾਸ ਹੈ…’ (ਇਥੇ ਅਸੀਂ ਜਿਸ ਕਾਰਜ ਲਈ ਸੰਗਤ ਜੁੜੀ ਹੋਵੇ, ਉਸ ਕਾਰਜ ਦਾ ਜ਼ਿਕਰ ਯੋਗ ਸ਼ਬਦਾਂ ਵਿਚ ਕਰਦੇ ਹਾਂ ਜਾਂ ਅਪਣੀ ਕਿਸੇ ਪੀੜਾ ਤੇ ਰੋਗਾਂ ਤੋਂ ਮੁਕਤੀ, ਪਰਿਵਾਰ ਦੀ ਚੜ੍ਹਦੀ ਕਲਾ, ਸਿਹਤਯਾਬੀਆਂ, ਕਾਰੋਬਾਰੀ ਬਰਕਤਾਂ, ਕਾਮਯਾਬੀਆਂ ਤੇ ਜਿੱਤਾਂ ਲਈ ਅਰਜੋਈਆਂ ਕਰਦੇ ਹਾਂ)।
ਅਰਦਾਸ ਹਮੇਸ਼ਾ ਹੀ, ਦਸ ਗੁਰੂ ਸਾਹਿਬਾਨ ਦੀ ਜਾਗਤ ਜੋਤ, ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਖੜ੍ਹੇ ਹੋ ਕੇ ਕੀਤੀ ਜਾਂਦੀ ਹੈ। ਪਰ ਜੇਕਰ ਕਿਸੇ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਪਲਬਧ ਨਹੀਂ ਹੈ ਤਾਂ ਅਜਿਹੀ ਅਵਸਥਾ ਵਿਚ ਕਿਸੇ ਵੀ ਦਿਸ਼ਾ ਵੱਲ ਮੂੰਹ ਕਰਕੇ, ਆਪਣੀ ਅੰਤਰ ਅਰਾਧਨਾ ਰਾਹੀਂ ਵਾਹਿਗੁਰੂ ਨੂੰ ਧਿਆ ਕੇ ਵੀ ਅਰਦਾਸ ਕੀਤੀ ਜਾ ਸਕਦੀ ਹੈ। ਪਰ ਅਜਿਹੇ ਸਮੇਂ ਸਾਡੇ ਲਈ ਇਕ ਵਿਸ਼ੇਸ਼ ਚੇਤਨਾ ਰਾਹੀਂ, ਆਤਮ-ਨਿਯੰਤਰਨ ਦੀ ਵਿਧੀ ਅਪਣਾ ਕੇ ਅਰਦਾਸ ਵਿਚ ਜੁੜਨਾ ਜ਼ਰੂਰੀ ਹੈ। ਸਿੱਖ ਧਰਮ ਵਿਚ ਹਰ ਸਿੱਖ ਲਈ, ਨਿੱਤ-ਨੇਮ ਦੀ ਬਾਣੀ ਦੇ ਪਾਠ ਉਪਰੰਤ ਅਤੇ ਹੋਰ ਅਨੇਕਾਂ ਕਾਰਜਾਂ ਦੀ ਨਿਰਵਿਘਨ ਸੰਪੂਰਨਤਾ ਲਈ ਵਾਹਿਗੁਰੂ ਜੀ ਅੱਗੇ ਖੜ੍ਹੇ ਹੋ ਕੇ ਅਤੇ ਦੋਵੇਂ ਹੱਥ ਅਦਬ ਸਹਿਤ ਜੋੜ ਕੇ ਅਰਦਾਸ ਕਰਨਾ ਜ਼ਰੂਰੀ ਹੈ। ਅਰਦਾਸ ਇਕ ਪਰਮਾਰਥਿਕ ਵਰਤਾਰਾ ਤੇ ਮੁਰਾਦਾਂ ਮੰਗਣ ਦੀ ਕਿਰਿਆ ਹੈ, ਇਸ ਲਈ ਅਰਦਾਸ ਰਾਹੀਂ ਅਸੀਂ ਆਪਣੇ ਮਨ ਵਿਚ ਉਪਜੀ ਹਰ ਤਰ੍ਹਾਂ ਦੀ ਇੱਛਾ ਦੀ ਸਾਂਝ ਆਪਣੇ ਸਿਰਜਣਹਾਰ ਨਾਲ ਪਾਉਂਦੇ ਹਾਂ। ਇਸ ਸਮੇਂ ਸਾਡੇ ਅਤੇ ਵਾਹਿਗੁਰੂ ਦੇ ਦਰਮਿਆਨ ਹੋਰ ਕੋਈ ਨਹੀਂ ਹੁੰਦਾ, ਕੇਵਲ ਗੁਰੂ ਸਾਹਿਬਾਨ, ਗੁਰੂ ਸ਼ਬਦ ਤੇ ਸ਼ਹੀਦ ਸਾਡੀ ਗਵਾਹੀ ਭਰਦੇ ਹੋਏ ਸਾਡੀ ਪਾਸਬਾਨੀ ਕਰਦੇ ਹਨ। ਅਜਿਹੇ ਵਿਚ ਸਾਡਾ ਮਨ ਪੂਰੀ ਪਾਕੀਜ਼ਗੀ ਨਾਲ ਪਾਰਬ੍ਰਹਮ ਦੀ ਇਲਾਹੀ ਨਦਰ ਦਾ ਤਲਬਗਾਰ ਬਣਦਾ ਹੈ।
ਇਥੇ ਇਸ ਸਦੀਵੀ ਸੱਚ ਨੂੰ ਸਮਝਣ ਅਤੇ ਵਿਚਾਰਨ ਦੀ ਲੋੜ ਹੈ ਕਿ ਜੋ ਕੁਝ ਵੀ ਅਰਦਾਸ ਵਿਚ ਅਸੀਂ ਵਾਹਿਗੁਰੂ ਪਾਸੋਂ ਮੰਗਦੇ ਹਾਂ, ਕੀ ਅਸੀਂ ਸੱਚੇ ਮਨੋਂ ਉਸ ਦੇ ਅਭਿਲਾਸ਼ੀ ਵੀ ਹਾਂ, ਜੇ ਸੱਚੇ ਮਨੋਂ ਅਭਿਲਾਸ਼ੀ ਹਾਂ ਤਾਂ ਕੀ ਸਾਡਾ ਆਚਰਣ ਤੇ ਦਿਨ ਭਰ ਦੇ ਵਰਤਾਰੇ, ਸਾਡੀ ਅਰਦਾਸ ਦੇ ਜ਼ਹੂਰ ਅਨੁਸਾਰ, ਢੁਕਵੇਂ ਸਦਾਚਾਰਾਂ ‘ਤੇ ਪੂਰੇ ਵੀ ਉਤਰਦੇ ਹਨ ਜਾਂ ਨਹੀਂ? ਮਿਸਾਲ ਦੇ ਤੌਰ ‘ਤੇ ਜੇ ਅਸੀਂ ਅਰਦਾਸ ਕਰਦੇ ਹਾਂ ‘ਹੇ ਸੱਚੇ ਪਾਤਿਸ਼ਾਹ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਸਾਹ ਦਾਨ, ਬੁੱਧੀ ਤੇ ਵਿਵੇਕ ਦਾਨ, ਸਿਦਕ ਤੇ ਭਰੋਸਾ ਦਾਨ, ਦਾਨਾਂ ਸਿਰ ਦਾਨ ਨਾਮ ਦਾਨ…’ ਪ੍ਰੰਤੂ ਜੇ ਅਰਦਾਸ ਉਪਰੰਤ ਜੀਵਨ ਦੇ ਸਭ ਆਹਾਰ ਅਤੇ ਵਿਹਾਰ ਅਰਦਾਸ ਦੀ ਭਾਵਨਾ ਦੇ ਵਿਪਰੀਤ ਹੋਣ, ਤਦ ਸਾਡੀ ਅਰਦਾਸ ਕਿਵੇਂ ਮਨਜ਼ੂਰ ਹੋਵੇਗੀ? ਜੇ ਕੋਈ ਵਿਅਕਤੀ ਜਾਂ ਕੌਮ ਆਪਣੀ ਅਰਦਾਸ ਪ੍ਰਤੀ ਵੀ ਵਫ਼ਾਦਾਰ ਨਾ ਹੋਵੇ ਤੇ ਅਰਦਾਸ ਸਮੇਂ ਵੀ ਕੋਈ ਢੌਂਗ ਕਰ ਰਿਹਾ ਹੋਵੇ, ਤਦ ਉਸ ਦੀ ਬਹੁੜੀ ਕੌਣ ਕਰੇਗਾ? ਜੋ ਵਿਅਕਤੀ ਆਪਣੇ ਵਾਹਿਗੁਰੂ ਨੂੰ ਹਾਜ਼ਰ-ਨਾਜ਼ਰ ਜਾਣਦਿਆਂ ਹੋਇਆਂ ਵੀ ਉਸ ਦੇ ਸਨਮੁਖ ਛਲਾਵਾ ਕਰ ਸਕਦਾ ਹੈ, ਉਹ ਵਾਹਿਗੁਰੂ ਦੀ ਅਪਾਰ ਕਿਰਪਾ ਦਾ ਪਾਤਰ ਕਿਵੇਂ ਹੋ ਸਕਦਾ ਹੈ? ਅਰਦਾਸ ਨੂੰ ਕੇਵਲ ਰੋਜ਼ਮਰ੍ਹਾ ਦੀ ਇਕ ਬੰਨ੍ਹਵੀਂ ਮਸ਼ਕ ਸਮਝ ਲੈਣਾ ਵੀ ਇਕ ਅਣਉਚਿੱਤ ਤੇ ਸ਼ਰਧਾਹੀਣ ਰਵੱਈਆ ਹੈ। ਅਜੋਕੇ ਭਿਆਨਕ ਤੇ ਅਦ੍ਰਿੜ੍ਹ ਸਮਿਆਂ ਦੇ ਸੰਤਾਪ ਦੇ ਸੰਦਰਭ ਵਿਚ ਹਰ ਸਿੱਖ ਨੂੰ ਸਿੱਖ ਅਰਦਾਸ ਵਿਚ ਸੱਚੀ-ਸੁੱਚੀ ਸਮਰਪਿਤ ਭਾਵਨਾ ਨਾਲ ਜੁੜਨਾ ਅਤੇ ਆਪਣੀ ਅਰਾਧਨਾ ਦੇ ਸੱਚੇ ਪਹਿਰੇਦਾਰ ਬਣ ਕੇ ਜੀਵਨ ਨਿਰਬਾਹ ਕਰਨਾ ਹੀ ‘ਸਿੱਖ ਸੰਕਲਪ’ ਦਾ ਇਕ ਯੋਗ ਅਮਲ ਹੈ। ਅਰਦਾਸ ਦੇ ਅਮਲੀ ਯਥਾਰਥ ਨੂੰ ਅਨੁਭਵ ਕਰਨ ਲਈ ਸਿੱਖ ਅਰਦਾਸ ਦਾ ਸੰਕਲਪ, ਸੰਰਚਨਾ, ਆਤਮ-ਨਿਯੰਤਰਨ ਦੀ ਵਿਧੀ ਅਤੇ ਮਹਾਤਮ ਨੂੰ ਸਮੁੱਚਤਾ ਵਿਚ ਸਮਝਣ ਦੀ ਲੋੜ ਹੈ, ਨਹੀਂ ਤਾਂ ਅਸੀਂ ਰਹਿਮਤਾਂ ਦੇ ਪਾਤਰ ਬਣਨ ਤੋਂ ਵਾਂਝੇ ਰਹਿ ਸਕਦੇ ਹਾਂ। ਜੋ ਵਾਹਿਗੁਰੂ ਬਖ਼ਸ਼ਿਸ਼ਾਂ ਦੇ ਸਮਰੱਥ ਅਤੇ ਸਰਬ-ਸ਼ਕਤੀਮਾਨ ਹਨ, ਉਹ ਸਾਡੀ ਹਰ ਅਵੱਗਿਆ ਨੂੰ ਵੀ ਪਛਾਣਦੇ ਹਨ, ਉਹ ਸਭ ਦੀ ਪੀੜ ਨੂੰ ਬੁੱਝਦੇ ਤੇ ਜਾਣਦੇ ਹਨ :
ਘਟ ਘਟ ਕੇ ਅੰਤਰ ਕੀ ਜਾਨਤ॥
ਭਲੇ ਬੁਰੇ ਕੀ ਪੀਰ ਪਛਾਨਤ॥
(ਕਬਿਯੋਬਾਚ ਬੇਨਤੀ॥ ਚੌਪਈ॥ ਪਾਤਿਸ਼ਾਹਿ ਦਸਵੀਂ॥)
ਆਓ ਆਪਣੀ ਅਰਦਾਸ ਯਾਚਨਾ ਦੇ ਸੱਚੇ ਪਹਿਰੇਦਾਰ ਬਣ ਕੇ ਵਾਹਿਗੁਰੂ ਜੀ ਦੀਆਂ ਮਿਹਰਾਂ ਅਤੇ ਰਹਿਮਤਾਂ ਦੇ ਪਾਤਰ ਬਣੀਏ, ਤਾਂ ਕਿ ਸਾਡਾ ਲੋਕ ਸੁਖੀ ਤੇ ਪ੍ਰਲੋਕ ਸੁਹੇਲਾ ਹੋ ਸਕੇ।

ਬੀਰ ਦਵਿੰਦਰ ਸਿੰਘ
-ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ। ਮੋਬਾ: 98140-33362
Tags: ,
Posted in: ਸਾਹਿਤ