ਸ਼ਹੀਦ ਊਧਮ ਸਿੰਘ ਨੂੰ ਯਾਦ ਕਰਦਿਆਂ

By July 31, 2016 0 Comments


shaheed-udham-singh26 ਦਸੰਬਰ 1899 ਈਸਵੀ ਨੂੰ ਊਧਮ ਸਿੰਘ ਦਾ ਜਨਮ ਸੁਨਾਮ ਵਿਖੇ ਹੋਇਆ। ਊਧਮ ਸਿੰਘ ਦੇ ਪਿਤਾ ਦਾ ਨਾਂਅ ਟਹਿਲ ਸਿੰਘ ਸੀ। ਅੰਮ੍ਰਿਤ ਛਕਣ ਤੋਂ ਪਹਿਲਾਂ ਟਹਿਲ ਸਿੰਘ ਦਾ ਨਾਂਅ ਚੂਹੜ ਸਿੰਘ ਸੀ। ਉਸ ਦੀ ਮਾਤਾ ਦਾ ਨਾਂਅ ਹਰਨਾਮ ਕੌਰ ਸੀ। ਸੁਨਾਮ ਉਸ ਵੇਲੇ ਪਟਿਆਲਾ ਰਿਆਸਤ ਦਾ ਹਿੱਸਾ ਸੀ। ਹੁਣ ਇਹ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਹੈ। ਟਹਿਲ ਸਿੰਘ ਰੇਲਵੇ ਵਿਭਾਗ ਵਿਚ ਪਿੰਡ ਉੱਪਲੀ ਵਿਖੇ ਰੇਲਵੇ ਫਾਟਕ ਦੇ ਚੌਕੀਦਾਰ ਵਜੋਂ ਨੌਕਰੀ ਕਰਦੇ ਸਨ। ਊਧਮ ਸਿੰਘ ਦੇ ਬਚਪਨ ਦਾ ਨਾਂਅ ਸ਼ੇਰ ਸਿੰਘ ਸੀ। ਉਸ ਦੇ ਭਰਾ ਦਾ ਨਾਂਅ ਸਾਧੂ ਸਿੰਘ ਸੀ। 1901 ਵਿਚ ਉਸ ਦੀ ਮਾਤਾ ਅਤੇ 1907 ਵਿਚ ਪਿਤਾ ਅਕਾਲ ਚਲਾਣਾ ਕਰ ਗਏ।

ਕੇਂਦਰੀ ਖ਼ਾਲਸਾ ਯਤੀਮਘਰ ਵਿਖੇ ਰਹਿੰਦੇ ਹੋਏ ਹੀ 1917 ਵਿਚ ਊਧਮ ਸਿੰਘ ਦੁਆਰਾ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਗਈ।
10 ਅਪ੍ਰੈਲ 1919 ਨੂੰ ਭਾਰਤੀ ਰਾਸ਼ਟਰੀ ਕਾਂਗਰਸ ਦੇ ਅੰਮ੍ਰਿਤਸਰ ਵਿਖੇ ਲੀਡਰਾਂ ਸੈਫਉਦਦੀਨ ਕਿਚਲੂ ਅਤੇ ਸੱਤਿਆਪਾਲ ਨੂੰ ਰੋਲਟ ਐਕਟ ਅਧੀਨ ਬਰਤਾਨਵੀ ਸਰਕਾਰ ਦੁਆਰਾ ਗ੍ਰਿਫ਼ਤਾਰ ਕਰ ਲਿਆ ਗਿਆ। 13 ਅਪਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ ਵਿਖੇ ਲੋਕ ਹਜ਼ਾਰਾਂ ਦੀ ਗਿਣਤੀ ਵਿਚ ਆਪਣੇ ਨੇਤਾਵਾਂ ਦੀਆਂ ਗ੍ਰਿਫਤਾਰੀਆਂ ਵਿਰੁੱਧ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਸਨ।

ਹਰਬੰਸ ਸਿੰਘ ਸੰਪਾਦਨ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ ਅਨੁਸਾਰ, ਜਲਿਆਂਵਾਲੇ ਬਾਗ ਦੀ ਘਟਨਾ ਸਮੇਂ ਊਧਮ ਸਿੰਘ ਉਥੇ ਹਾਜ਼ਰ ਸੀ। ਉਹ ਮੁਜ਼ਾਹਰਾਕਾਰੀਆਂ ਨੂੰ ਪਾਣੀ ਪਿਆਉਣ ਦੀ ਸੇਵਾ ਨਿਭਾਅ ਰਿਹਾ ਸੀ। ਇਸੇ ਕਾਰਨ ਹੀ ਜਲਿਆਂਵਾਲੇ ਭਾਗ ਦੀ ਘਟਨਾ ਉਸ ਦੇ ਦਿਲ ‘ਤੇ ਅਮਿੱਟ ਛਾਪ ਛੱਡ ਗਈ। ਇਸ ਘਟਨਾ ਵਿਚ ਬ੍ਰਿਗੇਡੀਅਰ ਜਨਰਲ ਡਾਇਰ ਦੇ ਹੁਕਮ ਤੇ ਬਿਨਾਂ ਕਿਸੇ ਚਿਤਾਵਨੀ ਦਿੱਤੇ ਲੋਕਾਂ ਉਪਰ ਅੰਗਰੇਜ਼ ਫ਼ੌਜੀਆਂ ਦੁਆਰਾ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਇਕ ਅਨੁਮਾਨ ਅਨੁਸਾਰ 379 ਲੋਕ ਮਾਰੇ ਗਏ ਅਤੇ ਲਗਪਗ 1200 ਜ਼ਖ਼ਮੀ ਹੋਏ।

ਪੰਜਾਬ ਦੇ ਸਾਬਕਾ ਗਵਰਨਰ ਮਾਈਕਲ ਉਡਵਾਇਰ ਦੁਆਰਾ ਜਦੋਂ ਇਸ ਘਟਨਾ ਦੀ ਹਮਾਇਤ ਕੀਤੀ ਗਈ ਤਾਂ ਊਧਮ ਸਿੰਘ ਨੇ ਬਦਲਾ ਲੈਣ ਲਈ ਮਨ ਬਣਾ ਲਿਆ ਅਤੇ ਉਹ ਕ੍ਰਾਂਤੀਕਾਰੀ ਸਰਗਰਮੀਆਂ ਵਿਚ ਸ਼ਾਮਿਲ ਹੋ ਗਿਆ। ਇਸ ਸਮੇਂ ਦੌਰਾਨ ਹੀ ਉਹ ਆਜ਼ਾਦੀ ਘੁਲਾਟੀਆਂ ਸੈਫਉਦਦੀਨ ਕਿਚਲੂ, ਬਸੰਤ ਸਿੰਘ, ਅਜੀਤ ਸਿੰਘ, ਮਾਸਟਰ ਮੋਤਾ ਸਿੰਘ ਅਤੇ ਬਾਬਾ ਭਾਗ ਸਿੰਘ ਆਦਿ ਦੇ ਸੰਪਰਕ ਵਿਚ ਆਇਆ।

1922 ਤੋਂ 1924 ਤੱਕ ਊਧਮ ਸਿੰਘ ਨੇ ਗਦਰ ਪਾਰਟੀ ਦੇ ਸਾਹਿਤ ਦਾ ਅਧਿਐਨ ਕੀਤਾ। ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੇ ਉਸ ਦੇ ਮਨ ‘ਤੇ ਗਹਿਰਾ ਪ੍ਰਭਾਵ ਪਾਇਆ। ਗਦਰ ਪਾਰਟੀ ਦੇ ਸਰਗਰਮ ਮੈਂਬਰ ਵਜੋਂ ਉਸ ਨੇ ਵਿਚਾਰਧਾਰਾ ਦੇ ਨਾਲ ਜੋੜਣ ਲਈ ਅਤੇ ਕ੍ਰਾਂਤੀਕਾਰੀਆਂ ਨੂੰ ਇੱਕਠੇ ਕਰਨ ਲਈ ਅਮਰੀਕਾ ਦੇ ਸ਼ਹਿਰਾਂ, ਸਾਨਫਰਾਂਸਿਸਕੋ, ਨਿਊਯਾਰਕ, ਸ਼ਿਕਾਗੋ ਆਦਿ ਦੀਆਂ ਯਾਤਰਾਵਾਂ ਕੀਤੀਆਂ ਅਤੇ ਇਨਕਲਾਬੀਆਂ ਨੂੰ ਇੱਕਠਾ ਕਰਕੇ ਇਕ ਨਵੀਂ ‘ਅਜ਼ਾਦ ਪਾਰਟੀ’ ਦੀ ਸਥਾਪਨਾ ਕੀਤੀ। ਮੁਢਲੇ ਰੂਪ ਵਿਚ ਇਹ ਗਦਰ ਪਾਰਟੀ ਦੀ ਹੀ ਸ਼ਾਖਾ ਸੀ। ਇਥੇ ਹੀ ਊਧਮ ਸਿੰਘ ਨੇ ਬਰਮਾ, ਮਲਾਇਆ, ਸਿੰਘਾਪੁਰ, ਹਾਂਗਕਾਂਗ, ਜਾਪਾਨ, ਮੈਕਸੀਕੋ, ਕੈਨੇਡਾ, ਈਰਾਨ, ਅਫ਼ਗਾਨਿਸਤਾਨ, ਇਟਲੀ ਅਤੇ ਜਰਮਨੀ ਆਦਿ ਦੇਸ਼ਾਂ ਵਿਚ ਕੰਮ ਕਰ ਰਹੇ ਦੇਸ਼ ਭਗਤਾਂ ਨਾਲ ਸੰਪਰਕ ਸਥਾਪਤ ਕੀਤੇ।

1927 ਵਿਚ ਊਧਮ ਸਿੰਘ ਵਾਪਸ ਭਾਰਤ ਆ ਗਿਆ। ਇਨਕਲਾਬੀ ਸਰਗਰਮੀਆਂ ਵਿਚ ਭਾਗ ਲੈਣ ਲਈ ਉਸ ਨੇ ਹਥਿਆਰ ਇਕੱਠੇ ਕਰਨੇ ਸ਼ੁਰੂ ਕੀਤੇ। ਗਦਰ ਪਾਰਟੀ ਦੇ ਪਾਬੰਦੀਸ਼ੁਦਾ ਅਖ਼ਬਾਰ ‘ਗਦਰ ਦੀ ਗੂੰਜ’ ਅਤੇ ਹਥਿਆਰ ਰੱਖਣ ਦੇ ਦੋਸ਼ ਅਧੀਨ ਊਧਮ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੰਜ ਸਾਲ ਦੀ ਸਜ਼ਾ ਹੋਈ। 1931 ਵਿਚ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਉਹ ਕਸ਼ਮੀਰ ਚਲਾ ਗਿਆ। 1934 ਤੋਂ 1938 ਤੱਕ ਊਧਮ ਸਿੰਘ ਨੇ ਯੂਰਪ ਦੇ ਵੱਖ-ਵੱਖ ਦੇਸ਼ਾਂ ਇਟਲੀ, ਹੰਗਰੀ, ਆਸਟਰੇਲੀਆ, ਹਾਲੈਂਡ, ਪੋਲੈਂਡ, ਬੈਲਜੀਅਮ, ਜਰਮਨੀ, ਫਰਾਂਸ, ਨਾਰਵੇ ਅਤੇ ਸਵੀਡਨ ਆਦਿ ਦੀਆਂ ਯਾਤਰਾਵਾਂ ਕੀਤੀਆਂ।

ਇੰਗਲੈਂਡ ਵਿਚ ਰਹਿੰਦੇ ਹੋਏ ਊਧਮ ਸਿੰਘ ਨੇ ਜੀਵਨ ਨਿਰਵਾਹ ਲਈ ਕਈ ਕੰਮ ਕੀਤੇ। ਦੂਸਰਾ ਮਹਾਂਯੁੱਧ ਸ਼ੁਰੂ ਹੋਣ ਨਾਲ ਭਾਰਤ ਵਿਚ ਅੰਗਰੇਜ਼ਾਂ ਵਿਰੁੱਧ ਆਜ਼ਾਦੀ ਸੰਗਰਾਮ ਹੋਰ ਤੇਜ਼ ਹੋ ਗਿਆ ਸੀ। ਊਧਮ ਸਿੰਘ ਅਜਿਹੇ ਮੌਕੇ ਦੀ ਤਲਾਸ਼ ਵਿਚ ਸੀ। 13 ਮਾਰਚ 1940 ਨੂੰ ਲੰਦਨ ਦੇ ਕੈਕਸਟਨ ਹਾਲ ਵਿਚ ਮੀਟਿੰਗ ਹੋ ਰਹੀ ਸੀ। ਇਹ ਮੀਟਿੰਗ ਈਸਟ ਇੰਡੀਆ ਐਸੋਸੀਏਸ਼ਨ ਐਂਡ ਸੈਂਟਰਲ ਏਸ਼ੀਅਨ ਸੁਸਾਇਟੀ, ਜਿਸ ਦਾ ਅੱਜਕਲ੍ਹ ਨਾਂਅ ਰੋਇਲ ਸੁਸਾਇਟੀ ਫਾਰ ਏਸ਼ੀਅਨ ਅਫੇਅਰਜ਼ ਹੈ, ਦੁਆਰਾ ਬ੍ਰਿਟਿਸ਼ ਸਾਮਰਾਜਵਾਦੀ ਨੀਤੀਆਂ ਨੂੰ ਪ੍ਰਫੁਲਿਤ ਕਰਨ ਲਈ ਕੀਤੀ ਗਈ ਸੀ। ਮੀਟਿੰਗ ਖ਼ਤਮ ਹੋਣ ਉਪਰੰਤ ਊਧਮ ਸਿੰਘ ਨੇ ਗੋਲੀ ਚਲਾ ਕੇ ਪੰਜਾਬ ਦੇ ਸਾਬਕਾ ਗਵਰਨਰ ਮਾਈਕਲ ਫਰਾਂਸਿੰਸ ਉਡਵਾਇਰ ਨੂੰ ਮੌਕੇ ‘ਤੇ ਹੀ ਮਾਰ ਦਿੱਤਾ।

ਲਾਰਡ ਜੈਟਲੈਂਡ ਲਾਰਡ ਲਮਿੰਗਟਨ ਅਤੇ ਲੂਈਨ ਡੇਨ ਨੂੰ ਜ਼ਖ਼ਮੀ ਕਰ ਦਿੱਤਾ। ਊਧਮ ਸਿੰਘ ਦੁਆਰਾ ਗੋਲੀਆਂ ਚਲਾਉਣ ਲਈ ਜੋ ਰਿਵਾਲਵਰ ਵਰਤਿਆ ਗਿਆ, ਉਹ ਉਸ ਨੇ ਮਲਸੀਆਂ ਪਿੰਡ ਦੇ ਪੂਰਨ ਸਿੰਘ ਤੋਂ ਪ੍ਰਾਪਤ ਕੀਤਾ ਸੀ। ਊਧਮ ਸਿੰਘ ਦਾ ਮੰਤਵ ਜਲਿਆਂਵਾਲੇ ਬਾਗ ਦਾ ਬਦਲਾ ਲੈਣਾ ਅਤੇ ਭਾਰਤ ਨੂੰ ਆਜ਼ਾਦ ਕਰਵਾਉਣਾ ਸੀ। ਗੋਲੀਆਂ ਚਲਾਉਣ ਉਪਰੰਤ ਨਾ ਹੀ ਊਧਮ ਸਿੰਘ ਨੇ ਭੱਜਣ ਦੀ ਕੋਸ਼ਿਸ ਕੀਤੀ ਅਤੇ ਨਾ ਹੀ ਉਸ ਦੇ ਚਿਹਰੇ ‘ਤੇ ਕੋਈ ਡਰ ਜਾਂ ਸਹਿਮ ਸੀ। ਗ੍ਰਿਫ਼ਤਾਰੀ ਉਪਰੰਤ 1 ਅਪਰੈਲ 1940 ਨੂੰ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ।

4 ਜੂਨ 1940 ਨੂੰ ਉਸ ਵਿਰੁੱਧ ਮੁੱਕਦਮਾ ਸੈਂਟਰਲ ਕੋਰਟ, ਉਲਡ ਬੇਲੀ ਵਿਖੇ ਚਲਾਇਆ ਗਿਆ। 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਪੈਨਟਨਵਿਲੈ ਜੇਲ੍ਹ ਵਿਖੇ ਫਾਂਸੀ ਦਿੱਤੀ ਗਈ ਅਤੇ ਜੇਲ੍ਹ ਦੇ ਅੰਦਰ ਹੀ ਉਸ ਦੀਆਂ ਅਸਥੀਆਂ ਨੂੰ ਦਬਾਅ ਦਿੱਤਾ ਗਿਆ। ਊਧਮ ਸਿੰਘ ਇਕ ਮਹਾਨ ਕ੍ਰਾਂਤੀਕਾਰੀ ਸੀ, ਜਲਿਆਂਵਾਲੇ ਭਾਗ ਦਾ ਸਾਕਾ, ਪਹਿਲੇ ਮਹਾਂਯੁੱਧ ਅਤੇ ਦੂਸਰੇ ਮਹਾਂਯੁੱਧ ਵਿਚ ਭਾਰਤੀਆਂ ਨੂੰ ਜ਼ਬਰਦਸਤੀ ਸ਼ਾਮਿਲ ਕਰਨਾ, ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਆਦਿ ਹੋਰ ਭਾਰਤ ਦੀ ਆਜ਼ਾਦੀ ਨਾਲ ਜੁੜੀਆਂ ਘਟਨਾਵਾਂ ਨੇ ਉਸ ਦੇ ਮਨ ‘ਤੇ ਬਦਲਾ ਲੈਣ ਲਈ ਡੂੰਘਾ ਪ੍ਰਭਾਵ ਪਾਇਆ।

ਸੰਘਰਸ਼ਮਈ ਜੀਵਨ ਦੌਰਾਨ ਉਹ ਗਦਰ ਪਾਰਟੀ, ਹਿੰਦੁਸਤਾਨ ਸੋਸ਼ਲਿਸਟ, ਰਿਪਬਲਿਕਨ ਐਸੋਸੀਏਸ਼ਨ ਅਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਨਾਲ ਜੁੜਿਆ ਰਿਹਾ। ਉਸ ਨੇ 40 ਸਾਲ ਦੀ ਉਮਰ ਵਿਚ ਦੇਸ਼ ਦੀ ਰੱਖਿਆ ਲਈ ਕੁਰਬਾਨੀ ਦਿੱਤੀ। ਭਾਵੇਂ ਉਸ ਨੂੰ ਇੰਗਲੈਂਡ ਵਿਖੇ ਦਫ਼ਨ ਕੀਤਾ ਗਿਆ ਸੀ, ਪਰੰਤੂ ਊਧਮ ਸਿੰਘ ਦੀ ਅੰਤਿਮ ਇੱਛਾ ਅਨੁਸਾਰ 1974-75 ਵਿਚ ਉਸ ਦੀਆਂ ਅਸਥੀਆਂ ਨੂੰ ਭਾਰਤ ਲਿਆਂਦਾ ਗਿਆ। ਸੁਨਾਮ ਵਿਚ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਸਸਕਾਰ ਉਪਰੰਤ ਰਾਖ ਦੇ ਕੁਝ ਭਾਗ ਨੂੰ ਸਤਲੁਜ ਦਰਿਆ ਵਿਚ ਜਲ ਪ੍ਰਵਾਹ ਕੀਤਾ ਗਿਆ ਅਤੇ ਕੁਝ ਭਾਗ ਨੂੰ ਜਲਿਆਂਵਾਲੇ ਭਾਗ ਵਿਖੇ ਸੁਰੱਖਿਅਤ ਰੂਪ ਵਿਚ ਰੱਖਿਆ ਗਿਆ।
Tags: , ,
Posted in: ਸਾਹਿਤ