ਮਜੀਠੀਆ ਜੀ! ਮੁੱਛ ਮਰੋੜ ਕੇ ਕਿਸ ਨੂੰ ਧਮਕਾ ਰਹੇ ਹੋ… ?

By July 31, 2016 0 Comments


-ਜਸਪਾਲ ਸਿੰਘ ਹੇਰਾਂ
majithia
ਮੁੱਛ ਮਰੋੜਨਾ, ਮੁੱਛ ਖੜੀ ਕਰਨਾ, ਪੰਜਾਬੀ ਸਭਿਆਚਾਰ ਦਾ ਇਕ ਅਣਖ਼ੀਲਾ ਵੀ ਅਤੇ ਬਦਮਾਸ਼ੀ ਵਾਲਾ ਅਕਸ ਹੈ। ਮੁੱਛ ਖੜੀ ਰੱਖਣਾ, ਬਹਾਦਰੀ ਤੇ ਅਣਖ਼ ਜਿੳੂਂਦੇ ਨਾਲ ਮਰਦ ਦਾ ਪ੍ਰਤੀਕ ਰਿਹਾ ਹੈ। ਪ੍ਰੰਤੂ ਮੁੱਛ ਮਰੋੜਨਾ, ਵਿਰੋਧੀ ਨੂੰ ਵੰਗਾਰ ਅਤੇ ਆਪਣੀ ਬਦਮਾਸ਼ੀ ਦਾ ਪ੍ਰਗਟਾਵਾ ਕਰਨਾ ਹੁੰਦਾ ਹੈ। ਆਪ ਵਾਲਿਆਂ ਨੇ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਦਾ ਸਰਦਾਰ ਆਖਿਆ।
ਮਜੀਠੀਏ ਨੂੰ ਇਹ ਸ਼ਬਦ ਆਪਣੀ ਸ਼ਾਨ ਦੇ ਵਿਰੁੱਧ ਜਾਪੇ ਤੇ ਉਸਨੇ ਅਦਾਲਤ ’ਚ ਮਾਣ-ਹਾਨੀ ਦਾ ਮੁਕੱਦਮਾ ਕਰ ਦਿੱਤਾ। ਕਾਨੂੰਨ ਦਾ ਸਹਾਰਾ ਲੈਣਾ, ਹਰ ਕਿਸੇ ਦਾ ਹੱਕ ਹੈ। ਮਜੀਠੀਏ ਨੇ ਮਾਣ-ਹਾਨੀ ਦਾ ਮੁਕੱਦਮਾ ਕੀਤਾ, ਅਦਾਲਤ ਨੇ ਪ੍ਰਵਾਨ ਕਰ ਲਿਆ ਤੇ ਆਪ ਦੇ ਮੁੱਖੀ ਕੇਜਰੀ ਵਾਲਾ ਨੂੰ ਤਲਬ ਕਰ ਲਿਆ। ਕਾਨੂੰਨ ਦੇ ਆਪਣਾ ਕੰਮ ਕਰਨਾ ਹੈ। ਕਿਹੜੀ ਧਿਰ ਠੀਕ ਹੈ, ਕਿਹੜੀ ਗ਼ਲਤ ਇਸ ਦਾ ਫੈਸਲਾ ਅਦਾਲਤ ਨੇ ਕਰਨਾ ਹੈ। ਪ੍ਰੰਤੂ ਜਿਸ ਤਰਾਂ ਮਜੀਠੀਏ ਨੇ ਆਪਣੇ ਵਿਗੜੈਲ ਲਾਮ ਲਸ਼ਕਰ ਨੂੰ ਲੈ ਕੇ ਕੱਲ ਸ਼ੁਰੂ ਸਾਹਿਬ ਦੀ ਪਵਿੱਤਰ ਧਰਤੀ ਤੇ ਮੁੱਛਾਂ ਮਰੋੜ-ਮਰੋੜ ਜਿਸ ਤਰਾਂ ਬਦਮਾਸ਼ੀ ਦਾ ਨੰਗਾ ਨਾਚ ਨੱਚਿਆ, ਉਸਨੇ ਅਕਾਲੀ ਦਲ ਦੇ ਇਤਿਹਾਸ ਨੂੰ ਕਲੰਕਿਤ ਕੀਤਾ। ਆਖ਼ਰ ਮਜੀਠੀਆ ਸਾਬ, ਮੱਛਾਂ-ਮਰੋੜ ਕੇ ਕੀ ਵਿਖਾਉਣਾ ਚਾਹੁੰਦੇ ਹਨ? ਕੀ ਉਹ ਇਹ ਦੱਸਣਾ ਚਾਹੁੰਦੇ ਹਨ ਕਿ ਅਸੀਂ ਬਦਮਾਸ਼ੀ ਦੇ ਜ਼ੋਰ ਤੇ ਕਿਸੇ ਹੋਰ ਨੂੰ ਪੰਜਾਬ ਦੀ ਧਰਤੀ ਤੇ ਪੈਰ ਨਹੀਂ, ਧਰਨ ਦੇਣਾ। ਕੀ ਬਾਦਲਕੇ ਹੁਣ ਤੋਂ ਇਹ ਦਰਸਾਉਣਾ ਚਾਹੁੰਦੇ ਹਨ ਕਿ ਸਾਡੀ ਬਦਮਾਸ਼ੀ ਅੱਗੇ ਕਿਸੇ ਦੀ ਚੂੰ-ਚਰਾਂ ਕਰਨ ਦੀ ਹਿੰਮਤ ਨਹੀਂ।

ਬਾਦਲਕੇ ਸ਼ਾਇਦ ਪੰਜਾਬ ਦੇ ਸਿੱਖੀ ਦਾ ਇਤਿਹਾਸ ਭੁੱਲ ਗਏ ਹਨ ਕਿ ਪੰਜਾਬੀਆਂ ਨੇ ਵੱਡੇ ਤੋਂ ਵੱਡੇ ਜਰਵਾਣੇ ਦੀ ਟੈਂਅ ਨਹੀਂ ਮੰਨੀ। ਮੁੱਛ ਮਰੋੜਨ ਵਾਲੇ ਨੂੰ ਪੰਜਾਬੀ ਨੇ ਹਮੇਸ਼ਾ ਧਰਤੀ ਦੀ ਮਿੱਟੀ ਚਟਾਈ ਹੈ। ਨਿਮਰਤਾ, ਸੰਤੋਖ, ਸਬਰ ਸਾਦਗੀ, ਸਿੱਖੀ ਦੇ ਮੁੱਢਲੇ ਗੁਣ ਹਨ। ਹੳੂਮੈ, ਹੰਕਾਰ ਨੂੰ ਸਿੱਖੀ ’ਚ ਕੋਈ ਥਾਂ ਨਹੀਂ। ਮਜੀਠੀਏ ਨੂੰ ਹਾਲੇਂ ਤੱਕ ਪੰਜਾਬ ਦੇ ਮਾਹੌਲ ਦਾ, ਪੰਜਾਬੀ ਮਨੋ ਅਵਸਥਾ ਦਾ ਪਤਾ ਨਹੀਂ ਲੱਗ ਸਕਿਆ ਤਾਂ ਇਸਦਾ ਅਰਥ ਇਹੋ ਹੈ ਕਿ ਉਹ ਸੱਤਾ ਦੇ ਹੰਕਾਰ ’ਚ ਐਨਾ ਅੰਨਾ ਬੋਲਾ ਹੋ ਚੁੱਕਾ ਹੈ ਕਿ ਸਾਉਣ ਦੇ ਅੰਨੇ ਵਾਗੂੰ ਉਸਨੂੰ ਫ਼ਿਲਹਾਲ ਚਾਰੇ ਪਾਸੇ ਹਰਾ-ਹਰਾ ਵਿਖਾਈ ਦਿੰਦਾ ਹੈ। ਅਸੀਂ ਅਨੇਕਾਂ ਵਾਰ ਲਿਖਿਆ ਹੈ ਕਿ ਸਾਡੀ ਕਿਸੇ ਨਾਲ ਦੋਸਤੀ ਨਹੀਂ ਕਿਸੇ ਨਾਲ ਦੁਸ਼ਮਣੀ ਨਹੀਂ।

ਅਸੀਂ ਚਾਹੁੰਦੇ ਹਾਂ ਕਿ ਗੁਰੂ ਦੀ ਇਸ ਪਵਿੱਤਰ ਧਰਤੀ ਤੇ ਮਾਨਵਤਾ ਦੀ ਅਤੇ ਮਨੁੱਖਤਾ ਦੇ ਭਲੇ ਦੀ ਗੱਲ ਹੋਵੇ। ਡਰ, ਭੈਅ, ਦਹਿਸ਼ਤ ਦਾ ਇਸ ਧਰਤੀ ਤੇ ਕੋਈ ਪ੍ਰਛਾਵਾ ਨਾ ਰਹੇ। ਸਿਆਸੀ ਲੜਾਈਆਂ ਨੂੰ ਨਿੱਜੀ ਦੁਸ਼ਮਣੀਆਂ ਨਾ ਬਣਾਇਆ ਜਾਵੇ। ਚੋਣਾਂ ਨੂੰ ਮੁੱਦਿਆਂ ਤੇ ਅਧਾਰਿਤ ਲੜਿਆ ਜਾਵੇ ਤਾਂ ਕਿ ਪੰਜਾਬ ਦਾ ਭਲਾ ਹੋ ਸਕੇ। ਮੁੱਦਿਆਂ ਦੀ ਥਾਂ ਨਿੱਜੀ ਲੜਾਈ ਨਾਲ ਚੋਣ ਮਾਹੌਲ ਨੂੰ ਗੰਧਲਾ ਬਣਾਉਣ ਦੀ ਕੋਸ਼ਿਸ਼ ਨਾਂਹ ਕੀਤੀ ਜਾਵੇ। ਪੰਜਾਬ ਪਹਿਲਾ ਹੀ ਤਬਾਹੀ ਦੇ ਕੰਢੇ ਖੜਾ ਹੈ। ਇਸਨੂੰ ਧੱਕਾ ਦੇਣ ਦੀ ਥਾਂ ਸੰਭਾਲਣ ਦੀ ਲੋੜ ਹੈ।