ਸਿੱਖ ਪੰਥ ਦਾ ਅੰਗ ਆਖੰਡ ਕੀਰਤਨੀ ਜਥਾ

By July 28, 2016 0 Comments


khanda
ਲੇਖਕ: ਭਾ ਬਲਵਿੰਦਰ ਸਿੰਘ ਬਰੈਮਪਟਨ

ਸ. ਸਤਨਾਮ ਸਿੰਘ ਮੌਂਟਰੀਅਲ ਦਾ ਲੇਖ ਖਾਲਸਾ ਨਿਊਜ਼ ਵਿੱਚ ੨੦ ਅਪ੍ਰੈਲ ੨੦੧੬ ਵਿੱਚ ਛਪਿਆ ਹੈ। ਜਿਸ ਦਾ ਸਿਰਲੇਖ ਉਸ ਨੇ ਦਿੱਤਾ ਹੈ “ਸਿੱਖੀ ਨੂੰ ਕਮਜ਼ੋਰ ਕਰਨਾ ਤੇ ਸਿੱਖਾਂ ਵਿੱਚ ਵੰਡੀਆਂ ਕਿਸਨੇ ਪਾਈਆਂ? ਗੁਰਮਤਿ ਤੋਂ ਭਟਕੇ ਹੋਏ ਸਿੱਖਾਂ ਨੂੰ ਕੁਝ ਸਵਾਲ?”
ਮੈਂ ਸਭ ਤੋਂ ਪਹਿਲਾਂ ਤਾਂ ਇਸ ਦਾ ਸਿਰਲੇਖ ਪੜ੍ਹ ਕੇ ਹੈਰਾਨ ਹੋ ਗਿਆ ਕਿ ਆਪਣੇ ਆਪ ਨੂੰ ਜਾਗਰੂਕ ਅਤੇ ਵਿਦਵਾਨ ਅਖਵਾਉਣ ਵਾਲਾ ਮੇਰਾ ਵੀਰ ਇਹ ਕਿਵੇਂ ਭੁੱਲ ਗਿਆ ਕਿ ਸਿੱਖੀ ਕਦੀ ਵੀ ਕਮਜ਼ੋਰ ਨਹੀਂ ਹੋ ਸਕਦੀ ਅਤੇ ਨਾ ਪਹਿਲਾਂ ਹੋਈ ਹੈ ਅਤੇ ਨਾ ਹੀ ਅੱਜ ਕਮਜ਼ੋਰ ਹੈ। ਹਾਂ ਸਿੱਖ ਕਮਜ਼ੋਰ ਪਹਿਲਾਂ ਤੋਂ ਹੀ ਹੁੰਦੇ ਆਏ ਹਨ, ਅੱਜ ਵੀ ਹਨ ਅਤੇ ਅੱਗੋਂ ਵੀ ਰਹਿਣਗੇ। ਮੇਰਾ ਮਤਲਬ ਇਹ ਨਹੀਂ ਕਿ ਸਿੱਖ ਤਾਕਤਵਰ ਨਹੀਂ। ਸਿੱਖ ਦੋਨੋਂ ਤਰ੍ਹਾਂ ਦੇ ਤਾਕਤਵਰ ਅਤੇ ਕਮਜ਼ੋਰ ਚੱਲਦੇ ਆਏ ਹਨ ਹੁਣ ਵੀ ਹਨ ਅਤੇ ਅੱਗੋਂ ਵੀ ਰਹਿਣਗੇ। ਪਰ ਸਿੱਖੀ ਤਾਂ ਗੁਰੂ ਦੀ ਸੋਚ ਹੈ ਉਹ ਕਿਵੇਂ ਕਮਜ਼ੋਰ ਹੋ ਸਕਦੀ ਹੈ। ਕਦੀ ਵੀ ਨਹੀਂ ਹੋਵੇਗੀ।

ਇਸ ਲੇਖ ਵਿੱਚ ਜੋ ਭਾਈ ਰਣਧੀਰ ਸਿੰਘ ਉੱਪਰ ਉਂਗਲੀ ਉਠਾਈ ਹੈ ਮੈਂ ਸਿਰਫ ਉਸ ਦੀ ਹੀ ਗੱਲ ਕਰ ਰਿਹਾ ਹਾਂ ਜਿਸ ਨੇ ੧੬ ਸਾਲ ਜਵਾਨੀ ਦੇ ਧਰਮ ਨੂੰ ਨਿਭਾਉਂਦੇ ਹੋਏ ਜੇਲ੍ਹ ਵਿੱਚ ਬਿਤਾਅ ਦਿੱਤੇ। ਜਿਸ ਨੂੰ ਉਸ ਸਮੇਂ ਅਕਾਲ ਤਖ਼ਤ ਤੋਂ ਸਨਮਾਨਿਆ ਗਿਆ। ਇੱਥੇ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਗੁਰ ਫੁਰਮਾਨ ਹੈ:
“ਐਸੇ ਲੋਗਨ ਸਿਉ ਕਿਆ ਕਹੀਐ ॥
ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥1॥ਰਹਾਉ॥”

ਸੋ ਮੈਂ ਸੋਚ ਰਿਹਾ ਸੀ ਕਿ ਕੋਈ ਜੁਆਬ ਦਿੱਤਾ ਜਾਵੇ ਜਾਂ ਨਾ ਇਤਨੇ ਨੂੰ ਖਾਲਸਾ ਨਿਊਜ਼ ਤੋਂ ਹੀ ਸ. ਰਣਜੀਤ ਸਿੰਘ ਵੱਲੋਂ ਗਿਆਨੀ ਜਗਤਾਰ ਸਿੰਘ ਜੀ ਜਾਚਕ ਦਾ ਲੇਖ ੨੪ ਮਈ ੨੦੧੬ ਨੂੰ ਛਪਿਆ ਜਿਸ ਦਾ ਸਿਰਲੇਖ “ਬਾਬੂ ਤੇਜਾ ਸਿੰਘ ਭਸੌੜ ਜਿਸ ਨੇ ਸਾਰੀ ਉਮਰ ਲਈ ਛੇਕਿਆ ਜਾਣਾ ਪ੍ਰਵਾਨ ਕੇ ਪਰ ਧਰਮ ਵਿੱਚ ਰਲਾਵਟ ਪ੍ਰਵਾਨ ਨਹੀਂ ਕੀਤੀ” ਅਗਰ ਇਸ ਲੇਖ ਨੂੰ ਥੋੜ੍ਹਾ ਧਿਆਨ ਨਾਲ ਪੜ੍ਹਦੇ ਹਾਂ ਤਾਂ ਸ. ਸਤਨਾਮ ਸਿੰਘ ਜੀ ਮੌਂਟਰੀਅਲ ਨੇ ਜੋ ਇਲਜਾਮ ਭਾਈ ਸਾਹਿਬ ਰਣਧੀਰ ਸਿੰਘ ਜੀ ਉੱਪਰ ਲਾਏ ਹਨ ਉਹ ਸਭ ਝੂਠੇ ਸਾਬਤ ਹੋ ਜਾਂਦੇ ਹਨ।

ਸਭ ਤੋਂ ਪਹਿਲਾਂ ਉਨ੍ਹਾਂ ਕੇਸਕੀ ਦੀ ਗੱਲ ਕਰਕੇ ਇਹ ਬੇਲੋੜਾ ਝਗੜਾ ਭਾਈ ਸਾਹਿਬ ਦੇ ਗਲ ਪਾਇਆ ਜਦਕਿ ਗਿਆਨੀ ਜਗਤਾਰ ਸਿੰਘ ਜੀ ਨੇ ਲਿਖਿਆ ਹੈ “ਬੀਬੀਆਂ ਲਈ ਸਿਰ ਤੇ ਦਸਤਾਰ ਬੰਨ੍ਹਯਣੀ ਤੇ ਪੰਜ ਕਕਾਰੀ ਰਹਿਣਾ ਹੈ।” ਇਸ ਤੋਂ ਇਲਾਵਾ ਅਗਰ ਸ. ਸਤਨਾਮ ਸਿੰਘ ਨੇ ਥੋੜ੍ਹਾ ਬਹੁਤ ਵੀ ਇਤਿਹਾਸ ਪੜ੍ਹਿਆ ਹੋਵੇਗਾ ਤਾਂ ਉਨ੍ਹਾਂ ਨੂੰ ਜ਼ਰੂਰ ਪਤਾ ਹੋਵੇਗਾ ਕਿ ਇਸ ਤੋਂ ਪਹਿਲਾਂ ਵੀ ਬੀਬੀਆਂ ਦਸਤਾਰਾਂ ਸਜਾਉਂਦੀਆਂ ਰਹੀਆਂ ਸਨ। ਜਾਚਕ ਜੀ ਨੇ ਜੋ ਫੋਟੋ ਨਾਲ ਪਾਈ ਹੈ ਉਸ ਤੋਂ ਸਾਫ਼ ਪਤਾ ਲਗਦਾ ਹੈ ਕਿ ਸਭ ਬੀਬੀਆਂ ਦਸਤਾਰਧਾਰੀ ਸਨ ਅਤੇ ਰਹਿਤ ਮਰਿਯਾਦਾ ਨੇ ਕਿਤੇ ਵੀ ਕੇਸਕੀ ਨੂੰ ਨਕਾਰਿਆ ਨਹੀਂ ਬਲਕਿ ਸਵੀਕਾਰਿਆ ਹੈ।

ਅਗਲੀ ਗੱਲ ਉਨ੍ਹਾਂ ਨੇ ਨਿਰੋਲ ਕੀਰਤਨ ਅਤੇ ਸਿਮਰਨ ਦੀ ਕੀਤੀ ਹੈ। ਮੈਨੂੰ ਇਹ ਕਿਤੇ ਵੀ ਉਨ੍ਹਾਂ ਦੀ ਲਿਖਤੀ ਵਿੱਚੋਂ ਐਸੀ ਗੱਲ ਨਹੀਂ ਮਿਲੀ ਕਿ ਉਹ ਕੀਰਤਨ ਵਿੱਚ ਸਿਰ ਮਾਰ ਮਾਰ ਵਾਹਿਗੁਰੂ ਕਰਦੇ ਸਨ ਬਲਕਿ ਉਨ੍ਹਾਂ ਨੇ ਵਾਹਿਗੁਰੂ ਨੂੰ ਗੁਪਤ ਰੱਖਣ ਦੀ ਗੱਲ ਕੀਤੀ ਹੈ ਅਤੇ ਸਾਰੀ ਉਮਰ ਨਿਰੋਲ ਕੀਰਤਨ ਹੀ ਕੀਤਾ ਹੈ। ਹਾਂ ਅੱਜ ਕਈ ਮੇਰੇ ਵੀਰ ਅਗਰ ਇਸ ਤਰ੍ਹਾਂ ਕਰਦੇ ਹਨ ਤਾਂ ਉਸ ਨੂੰ ਭਾਈ ਸਾਹਿਬ ਨਾਲ ਜੋੜਨ ਤੋਂ ਲਗਦਾ ਹੈ ਸ. ਸਤਨਾਮ ਸਿੰਘ ਜੀ ਦਾ ਸਾਰਾ ਲੇਖ ਜਾਂ ਸੁਣੀ ਸੁਣਾਈ ਗੱਲ ਤੇ ਨਿਰਭਰ ਕਰਦਾ ਹੈ ਜਾਂ ਫਿਰ ਉਨ੍ਹਾਂ ਦੀ ਵਡਿਆਈ ਇਨ੍ਹਾਂ ਕੋਲੋਂ ਜ਼ਰੀ ਨਹੀਂ ਗਈ ਕਿ ਉਨ੍ਹਾਂ ਦੁਆਰਾ ਜੋ ਬੂਟੇ ਗੁਰੂ ਜੀ ਨੇ ਲਗਵਾਏ ਹਨ ਉਹ ਕਿਵੇਂ ਪ੍ਰਫੁੱਲਤ ਹੋਏ ਹਨ ਅਤੇ ਅੱਜ ਇਸ ਦੇਸ਼ ਵਿਦੇਸ਼ ਵਿੱਚ ਇਹ ਕਿਰਤੀ ਜਥਾ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ ਅਤੇ ਗੁਰੂ ਕੇ ਖਾਲਸੇ ਪੰਥ ਵਿੱਚ ਕੁਰਬਾਨੀ ਦੇਣ ਤੋਂ ਵੀ ਪਿੱਛੇ ਨਹੀਂ ਹਟੇ।

ਅਗਲੀ ਗੱਲ ਜੋ ਵੀਰ ਜੀ ਨੇ ਰਾਗਮਾਲਾ ਦੀ ਸਾਰੀ ਭਾਈ ਸਾਹਿਬ ਸਿਰ ਮੜ੍ਹੀ ਹੈ ਇਸ ਤੋਂ ਸਾਬਤ ਹੋ ਜਾਂਦਾ ਹੈ ਕਿ ਵੀਰ ਜੀ ਨੂੰ ਜਾਂ ਤਾਂ ਬਿਲਕੁਲ ਖ਼ਬਰ ਨਹੀਂ ਜਾਂ ਫਿਰ ਸਿਰਫ਼ ਕੋਈ ਰੰਜਿਸ਼ ਜਾਂ ਉਹੋ ਵਡਿਆਈ ਨਾ ਜਰਨ ਵਾਲੀ ਗੱਲ ਹੀ ਹੋ ਸਕਦੀ ਹੈ ਕਿਉਂਕਿ ਇਹ ਗੱਲ ਵੀ ਗਿਆਨੀ ਕਰਤਾਰ ਸਿੰਘ ਜੀ ਨੇ ਆਪਣੇ ਲੇਖ ਵਿੱਚ ਲਿਖੀ ਹੈ ਕਿ ਬਾਬੂ ਤੇਜਾ ਸਿੰਘ ਜੀ ਭਸੌੜ ਨੇ ਤਾਂ ਬੀੜ ਵੀ ਬਿਨਾਂ ਰਾਗਮਾਲਾ ਤੋਂ ਛਾਪ ਦਿੱਤੀ ਸੀ। ਬਾਕੀ ਵਿਦਵਾਨਾਂ ਨੇ ਤਾਂ ਕਈ ਕਿਤਾਬਾਂ ਰਾਗਮਾਲਾ ਬਾਰੇ ਲਿਖੀਆਂ ਹਨ, ਸ਼ਮਸ਼ੇਰ ਸਿੰਘ ਅਸ਼ੋਕ, ਗਿਆਨੀ ਸ਼ੇਰ ਸਿੰਘ, ਗਿਆਨੀ ਗੁਰਦਿੱਤ ਸਿੰਘ ਜੀ ਦੀ “ਮੁੰਦਾਵਣੀ”, ਮਹਿੰਦਰ ਸਿੰਘ ਜੋਸ਼ ਦੀ “ਖਸ਼ਟ ਰਾਗ ਕਿਨ ਗਾਏ” ਆਦਿ ਬਾਕੀ ਮੈਂ ਬਹੁਤੀ ਡਿਟੇਲ ਵਿੱਚ ਨਹੀਂ ਜਾਣਾ ਚਾਹੁੰਦਾ।

ਅਗਲੀ ਗੱਲ ਵੀਰ ਜੀ ਨੇ ਪਦ ਛੇਦ ਬੀੜਾਂ ਦੇਣ ਦੀ ਗੱਲ ਕੀਤੀ ਹੈ। ਹਾਂ ਭਾਈ ਸਾਹਿਬ ਨੇ ਅਤੇ ਜਥੇ ਦੇ ਸਿੰਘਾਂ ਨੇ ਹਮੇਸ਼ਾਂ ਲੜੀਵਾਰ ਸਰੂਪ ਤੋਂ ਪਾਠ ਕੀਤਾ ਹੈ ਅਤੇ ਬਹੁਤੇ ਜਥੇ ਦੇ ਸਿੰਘ ਅੱਜ ਵੀ ਕਰਦੇ ਹਨ। ਪਰ ਪਦ ਛੇਦ ਬੀੜ ਬਾਰੇ ਕਦੇ ਕੋਈ ਗਲਤ ਲਫਜ਼ ਨਹੀਂ ਵਰਤਿਆ। ਬਾਕੀ …… ਕੀ ਸਾਰੀਆਂ ਬੀੜਾਂ ਇੱਕੋਂ ਤਰ੍ਹਾਂ ਹੀ ਪਦ ਛੇਦ ਹਨ? ਜੇ ਨਹੀਂ ਤਾਂ ਫਿਰ ਇਕ ਗੁਰੂ ਤੋਂ ਵੱਖ ਵੱਖ ਵਿਚਾਰਧਾਰਾ ਕਿਵੇਂ । ਹਾਂ ਪੋਥੀ ਪਦ ਛੇਦ ਕਰਨਾ ਕੋਈ ਗਲਤ ਨਹੀਂ ਪਰ ਜਦ ਤੱਕ ਸਾਰਾ ਪੰਥ ਇੱਕੋ ਪਦ ਛੇਦ ਬੀੜ ਨਾਲ ਸਹਿਮਤ ਨਹੀਂ ਹੁੰਦਾ ਉਦੋਂ ਤੱਕ ਗੁਰੂ ਗ੍ਰੰਥ ਸਾਹਿਬ ਪਦ ਛੇਦ ਨਾਲ ਮੈਂ ਵੀ ਸਹਿਮਤ ਨਹੀਂ। ਕਿਉਂਕਿ ਪਦ ਛੇਦ ਅਸੀਂ ਆਪਣੀ ਅਕਲ ਨਾਲ ਕੀਤਾ ਹੈ ਇਸੇ ਕਰਕੇ ਸਰੂਪ ਵੱਖ-ਵੱਖ ਹੋ ਗਏ। ਜਦ ਗੁਰੂ ਸਰਪ ਹੀ ਵੱਖ-ਵੱਖ ਹੋ ਗਏ ਫਿਰ ਸਿੱਖ ਕਿਵੇਂ ਇਕੱਠੇ ਰਹਿ ਸਕਦੇ ਹਨ। “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥” ਦਾ ਸਿਧਾਂਤ ਤਾਂ ਹੀ ਕਾਇਮ ਰਹਿ ਸਕਦਾ ਹੈ ਜੇ ਗੁਰੂ ਸਾਹਿਬ ਸਿਰਫ਼ ਲੜੀਵਾਰ ਹੋਣਗੇ।

ਕਥਾ ਦੀ ਗੱਲ ਬਾਰੇ ਅਗਰ ਆਪ ਨੇ ਤਵਾਰੀਖ ਆਖੰਡ ਕੀਰਤਨੀ ਜਥਾ ਪੜ੍ਹੀ ਹੁੰਦੀ ਤਾਂ ਆਪ ਇਹ ਦੋਸ਼ ਵੀ ਨਹੀਂ ਸੀ ਲਾ ਸਕਦੇ। ਕੀ ਇਹ ਤੁਸੀਂ ਆਪਾ ਵਿਰੋਧੀ ਗੱਲ ਨਹੀਂ ਕਰ ਦਿੱਤੀ ਕਿ ਭਾਈ ਸਾਹਿਬ ਕਥਾ ਨਹੀਂ ਸੁਣਦੇ ਸੀ ਅਤੇ ਕੀਰਤਨ ਵੀ ਨਿਰੋਲ ਨਹੀਂ ਰਹਿਣ ਦਿੱਤਾ। ਹਾਂ ਅਗਰ ਆਪ ਨੇ ਕਿਸੇ ਵਿੱਚ ਨੁਕਸ ਹੀ ਕੱਢਣੇ ਹੋਣ ਤਾਂ ਆਪ ਪੂਰੀ ਤਰ੍ਹਾਂ ਆਜ਼ਾਦ ਹੋ ਕਿਉਂਕਿ ਆਪ ਨੂੰ ਭਾਈ ਸਾਹਿਬ ਵਿੱਚ ਇੱਕ ਵੀ ਗੁਣ ਨਜ਼ਰ ਨਹੀਂ ਆਇਆ। ਏਥੇ ਆਪ ਜੀ ਦਾ ਕਸੂਰ ਕੋਈ ਨਹੀਂ ਗੁਰ ਫੁਰਮਾਣ ਹੈ:
“ਮਨ ਮੇਰੇ ਜਿਨਿ ਅਪੁਨਾ ਭਰਮੁ ਗਵਾਤਾ॥
ਤਿਸ ਕੈ ਭਾਣੈ ਕੋਇ ਨ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ॥ਰਹਾਉ॥”
ਫਿਰ ਵੀ ਅਗਰ ਆਪ ਦੇ ਲਗਾਏ ਦੋਸ਼ਾਂ ਨੂੰ ਸਪੱਸ਼ਟ ਕਰਦਿਆਂ ਕੋਈ ਲਫਜ਼ ਆਪ ਜੀ ਦੀ ਸ਼ਾਨ ਦੇ ਖਿਲਾਫ਼ ਲਿਖਿਆ ਗਿਆ ਹੋਵੇ ਤਾਂ ਮੁਆਫ਼ੀ ਦਾ ਜਾਚਕ ਹਾਂ।

Posted in: ਸਾਹਿਤ