‘ਆਪ’ ਵਿਧਾਇਕ ਯਾਦਵ ਤੋਂ ਪੰਜ ਘੰਟੇ ਪੁੱਛ ਪੜਤਾਲ

By July 5, 2016 0 Comments


aapਮਾਲੇਰਕੋਟਲਾ ‘ਚ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਦਿੱਲੀ ਤੋਂ ‘ਆਪ’ ਦੇ ਵਿਧਾਇਕ ਨਰੇਸ਼ ਯਾਦਵ ਤੋਂ ਅੱਜ ਪਟਿਆਲਾ ਤੇ ਸੰਗਰੂਰ ਪੁਲੀਸ ਨੇ ਇਥੇ ਸੀਆਈਏ ਸਟਾਫ ਵਿੱਚ ਪੰਜ ਘੰਟੇ ਪੁੱਛ ਪੜਤਾਲ ਕੀਤੀ ਪਰ ਇਸ ਦੌਰਾਨ ਪੁਲੀਸ ਨੂੰ ਇਸ ਤਰ੍ਹਾਂ ਦਾ ਕੁਝ ਨਹੀਂ ਮਿਲਿਆ ਜਿਸ ਤੋਂ ਵਿਧਾਇਕ ਖ਼ਿਲਾਫ਼ ਕਾਰਵਾਈ ਅੱਗੇ ਵਧਾਈ ਜਾ ਸਕੇ| ਆਹਮੋ ਸਾਹਮਣੇ ਬਿਠਾਅ ਕੇ ਕਰਾਈ ਗੱਲਬਾਤ ਦੌਰਾਨ ਮੁਲਜ਼ਮ ਵਿਜੈ ਕੁਮਾਰ ਆਪਣੇ ਦਾਅਵੇ ‘ਤੇ ਅੜਿਆ ਰਿਹਾ| ਵਿਜੈ ਦਾ 6 ਜਾਂ 7 ਜੁਲਾਈ ਨੂੰ ‘ਪੌਲੀਗਰਾਫ’ ਟੈਸਟ ਕਰਾਇਆ ਜਾਵੇਗਾ| ਪੁਲੀਸ ਨੇ ਮੁਲਜ਼ਮ ਦੀ ਸਹਿਮਤੀ, ਅਦਾਲਤ ਤੋਂ ਪ੍ਰਵਾਨਗੀ ਤੇ ਲੈਬ ਤੋਂ ਸਮਾਂ ਵੀ ਲਿਆ ਹੋਇਆ ਹੈ| ਐਸਪੀ (ਡੀ) ਜਸਕਰਨ ਸਿੰਘ ਤੇਜਾ ਨੇ ਇਸ ਦੀ ਪੁਸ਼ਟੀ ਕੀਤੀ ਹੈ| ਸੂਤਰਾਂ ਅਨੁਸਾਰ ਵਿਧਾਇਕ ਨੇ ਮੁਲਜ਼ਮ ਨਾਲ ਸਬੰਧ ਤਾਂ ਕਬੂਲ ਲਏ ਹਨ ਪਰ ਬੇਅਦਬੀ ਘਟਨਾ ਕੋਈ ਵਾਸਤਾ ਨਾ ਹੋਣ ਦੀ ਗੱਲ ਕਹੀ| ਵਿਧਾਇਕ ਤੇ ਮੁਲਜ਼ਮ ਦਰਮਿਆਨ 19 ਤੋਂ 23 ਜੂਨ ਤਕ ਹੋਈਆਂ ਚਾਰ ਕਾਲਾਂ ਤੇ ਅੱਠ ਫੋਨ ਸੁਨੇਹਿਆਂ ਬਾਰੇ ਵੀ ਚਰਚਾ ਹੋਈ| ਇਕ ਕਾਲ ਤੇ ਤਿੰਨ ਸੁਨੇਹੇ ਵਿਧਾਇਕ ਵੱਲੋਂ ਸਨ| ਵਿਧਾਇਕ ਦੇ ਜਵਾਬ ’ਤੇ ਅਸੰਤੁਸ਼ਟੀ ਜ਼ਾਹਿਰ ਕਰਦਿਆਂ ਸੰਗਰੂਰ ਦੇ ਐਸਐਸਪੀ ਪ੍ਰਿਤਪਾਲ ਸਿੰਘ ਥਿੰਦ ਨੇ ਪੁੱਛ ਪੜਤਾਲ ਲਈ ਉਨ੍ਹਾਂ ਨੂੰ ਮੁੜ ਸੱਦੇ ਜਾਣ ਦੀ ਗੱਲ ਆਖੀ| ਸੀਆਈਏ ਸਟਾਫ ਬਾਹਰ ‘ਆਪ’ ਕਾਰਕੁਨ ਸਰਕਾਰ ਖ਼ਿਲਾਫ਼ ਤੇ ਅਕਾਲੀ ਵਰਕਰ ‘ਆਪ’ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ| ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਯਾਦਵ ਨੇ ਬੇਅਦਬੀ ਦੀ ਘਟਨਾ ਨਾਲ ਕੋਈ ਵਾਸਤਾ ਨਾ ਹੋਣ ਦੀ ਗੱਲ ਕਰਦਿਆਂ ਪੁਲੀਸ ਦੇ ਹਰੇਕ ਸਵਾਲ ਦਾ ਜਵਾਬ ਦੇਣ ਦਾ ਦਾਅਵਾ ਕੀਤਾ|