ਅਸ਼ੀਸ਼ ਖੇਤਾਨ ਤੇ ਕੰਵਰ ਸੰਧੂ ਨੇ ਮੁਆਫ਼ੀ ਮੰਗੀ

By July 5, 2016 0 Comments


aap‘ਆਪ’ ਦੀ ਮੈਨੀਫੈਸਟੋ ਕਮੇਟੀ ਦੇ ਕੌਮੀ ਚੇਅਰਮੈਨ ਅਸ਼ੀਸ਼ ਖੇਤਾਨ ਤੇ ਪੰਜਾਬ ਦੇ ਕਨਵੀਨਰ ਕੰਵਰ ਸੰਧੂ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣੀ ਪਈ ਹੈ। ਮੈਨੀਫੈਸਟੋ ਤਿਆਰ ਕਰਨ ਵਾਲੇ ਇਨ੍ਹਾਂ ਦੋ ਮੁੱਖ ਆਗੂਆਂ ਨੇ ਮੈਨੀਫੈਸਟੋ ਦੇ ਮੁੱਖ ਪੰਨੇ ’ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨਾਲ ਪਾਰਟੀ ਦਾ ਚੋਣ ਨਿਸ਼ਾਨ ‘ਝਾੜੂ’ ਛਾਪਣ ਲਈ ਬਿਨਾਂ ਸ਼ਰਤ ਮੁਆਫੀ ਮੰਗ ਕੇ ਕਿਹਾ ਕਿ ਉਹ ਮੈਨੀਫੈਸਟੋ ਦਾ ਮੁੱਖ ਪੰਨਾ ਬਦਲ ਕੇ ਮੁੜ ਛੁਪਾਉਣਗੇ।
ਸ੍ਰੀ ਖੇਤਾਨ ਨੇ ਕਿਹਾ ਕਿ ਮੈਨੀਫੈਸਟੋ ਦੀ ਧਾਰਮਿਕ ਗ੍ਰੰਥਾਂ ਨਾਲ ਤੁਲਨਾ ਕਰਨ ਦਾ ਉਨ੍ਹਾਂ ਦਾ ਕੋਈ ਉਦੇਸ਼ ਨਹੀਂ ਸੀ ਪਰ ਇਸ ਦੇ ਬਾਵਜੂਦ ਉਹ ਸਿੱਖ ਭਾਈਚਾਰੇ ਕੋਲੋਂ ਮੁਆਫ਼ੀ ਮੰਗਦੇ ਹਨ। ਦਰਅਸਲ ਮੈਨੀਫੈਸਟੋ ਦੇ ਮੁੱਖ ਪੰਨੇ ਉਪਰ ਸ੍ਰੀ ਹਰਿਮੰਦਰ ਸਾਹਿਬ ਦੀ ਵੱਡੀ ਤਸਵੀਰ ਮੂਹਰੇ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਹੱਥ ਜੋੜ ਕੇ ਖੜ੍ਹੇ ਹਨ। ਇਸ ਪੰਨੇ ਦੇ ਉਪਰ ਤੇ ਹੇਠਾਂ ਪਾਰਟੀ ਦਾ ਚੋਣ ਨਿਸ਼ਾਨ ‘ਝਾੜੂ’ ਵੀ ਛਪਿਆ ਹੈ। ਸ੍ਰੀ ਖੇਤਾਨ ਨੇ 3 ਜੁਲਾਈ ਨੂੰ ਸ੍ਰੀ ਅੰਮ੍ਰਿਤਸਰ ਵਿਖੇ ‘ਯੂਥ ਮੈਨੀਫੈਸਟੋ’ ਜਾਰੀ ਕਰਨ ਮੌਕੇ ਕਿਹਾ ਸੀ, ‘ਇਹ ਮੈਨੀਫੈਸਟੋ ਸਾਡੀ ਬਾਈਬਲ ਵੀ ਹੈ, ਗੀਤਾ ਵੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਹੈ।’
ਸੂਤਰਾਂ ਅਨੁਸਾਰ ਪਹਿਲਾਂ ਹੀ ਮਾਲੇਰਕੋਟਲਾ ਕਾਂਡ ਵਿੱਚ ਘਿਰੀ ‘ਆਪ’ ਲੀਡਰਸ਼ਿਪ ਨੇ ਮੈਨੀਫੈਸਟੋ ਦੇ ਮਾਮਲੇ ਵਿੱਚ ਉਨ੍ਹਾਂ ਵਿਰੁੱਧ ਉਠ ਰਹੇ ਧਾਰਮਿਕ ਰੋਹ ਨੂੰ ਦੇਖਦਿਆਂ ਅੱਜ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਦੀ ਮੌਜੂਦਗੀ ਵਿੱਚ ਇਸ ਮੁੱਦੇ ਉਪਰ ਹੰਗਾਮੀ ਹਾਲਤ ਵਿੱਚ ਮੁਆਫੀ ਮੰਗ ਕੇ ਮਾਮਲਾ ਠੰਢਾ ਕਰਨ ਦਾ ਫੈਸਲਾ ਕੀਤਾ ਸੀ। ਇਸ ਬਾਅਦ ਸ੍ਰੀ ਖੇਤਾਨ ਤੇ ਸ੍ਰੀ ਸੰਧੂ ਨੇ ਬਿਨਾਂ ਸ਼ਰਤ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਦਾ ਐਲਾਨ ਕੀਤਾ। ਅੱਜ ਭਾਜਪਾ ਨੇ ਪੰਜਾਬ ਭਰ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ ਦੇ ਕੇ ਦੋਸ਼ ਲਾਇਆ ਕਿ ‘ਆਪ’ ਨੇ ਪਰਸੋਂ ਜਾਰੀ ਕੀਤੇ ਯੂਥ ਚੋਣ ਮਨੋਰਥ ਪੱਤਰ ਦੇ ਮੁੱਖ ਪੰਨੇ ਉਪਰ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲਾ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਸਿੱਖ ਜਥੇਬੰਦੀਆਂ ਵੱਲੋਂ ਅੱਜ ਲੁਧਿਆਣਾ ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ‘ਆਪ’ ਦੀ ਮੈਨੀਫੈਸਟੋ ਕਮੇਟੀ ਦੇ ਕੌਮੀ ਚੇਅਰਮੈਨ ਅਸ਼ੀਸ਼ ਖੇਤਾਨ ਵਿਰੁੱਧ ਪ੍ਰਦਰਸ਼ਨ ਕਰਕੇ ਦੋਸ਼ ਲਾਇਆ ਕਿ ਉਸ ਨੇ ਆਪਣੇ ਮੈਨੀਫੈਸਟੋ ਨੂੰ ਧਾਰਮਿਕ ਗ੍ਰੰਥਾਂ ਦੇ ਬਰਾਬਰ ਤੁਲਨਾ ਦੇ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਅੱਜ ਕੁਝ ਮੁਸਲਿਮ ਧਿਰਾਂ ਵੱਲੋਂ ‘ਆਪ’ ਦੇ ਵਿਧਾਇਕ ਨਾਰੇਸ਼ ਯਾਦਵ ਦੀ ਪਟਿਆਲਾ ਵਿਖੇ ਪੁਲੀਸ ਅੱਗੇ ਪੇਸ਼ੀ ਦੌਰਾਨ ਪ੍ਰਦਰਸ਼ਨ ਕਰਕੇ ਦੋਸ਼ ਲਾਇਆ ਕਿ ਇਹ ਪਾਰਟੀ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਲਈ ਦੋਸ਼ੀ ਹੈ। ਯੂਥ ਅਕਾਲੀ ਦਲ ਨੇ ਵੱਖਰੇ ਤੌਰ ’ਤੇ ਇਨ੍ਹਾਂ ਮੁੱਦਿਆਂ ਉਪਰ ਐਸਐਸਪੀ ਮੁਹਾਲੀ ਨੂੰ ਮੈਮੋਰੰਡਮ ਦੇ ਕੇ ‘ਆਪ’ ਆਗੂਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਦਿੱਲੀ ਸਥਿਤ ਸ੍ਰੀ ਸੀਸਗੰਜ ਗੁਰਦੁਆਰੇ ਦੇ ਪਿਆਓ ਨੂੰ ਢਾਹੁਣ ਸਮੇਤ ਸਿੱਖ ਧਰਮ ਨਾਲ ਜੁੜੇ ਹੋਰ ਮੁੱਦਿਆਂ ਉਪਰ ਵੀ ‘ਆਪ’ ਵਿਰੁੱਧ ਸਿਆਸੀ ਹਮਲੇ ਕਰਦੀ ਰਹੀ ਹੈ। ਸ੍ਰੀ ਹਰਿਮੰਦਰ ਸਾਹਿਬ ਤੋਂ ਬਾਹਰ ਆਉਣ ਵੇਲੇ ਕੁਝ ਸਿੱਖਾਂ ਵੱਲੋਂ ਉਨ੍ਹਾਂ ਦੇ ਕਾਫ਼ਲੇ ਉਪਰ ‘ਕੇਜਰੀਵਾਲ ਸਿੱਖ ਵਿਰੋਧੀ’ ਲਿਖੇ ਮਾਟੋ ਵੀ ਸੁੱਟੇ ਗਏ। ਇਸ ਤੋਂ ਪਹਿਲਾਂ ਸ੍ਰੀ ਕੇਜਰੀਵਾਲ ਜਦੋਂ ਪੰਜਾਬ ਆਏ ਸਨ ਤਾਂ ਲੁਧਿਆਣਾ ਵਿਖੇ ਉਨ੍ਹਾਂ ਦੀ ਕਾਰ ’ਤੇ ਕੁਝ ਪ੍ਰਦਰਸ਼ਨਕਾਰੀਆਂ ਨੇ ਡੰਡਿਆਂ ਨਾਲ ਹਮਲਾ ਕਰਕੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਸੀ। ਸ੍ਰੀ ਕੇਜਰੀਵਾਲ ਤਿੰਨ-ਰੋਜ਼ਾ ਪੰਜਾਬ ਦੌਰਾ ਸਮਾਪਤ ਕਰਕੇ ਅੱਜ ਸ਼ਾਮ ਦਿੱਲੀ ਵਾਪਸ ਚਲੇ ਗਏ ਹਨ।