ਇਤਿਹਾਸਕ ਸਰੋਤਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅੰਤਿਮ ਸਮੇਂ ਦਾ ਵਿਵਰਣ

By July 5, 2016 0 Comments


ਮੁਹੰਮਦ ਸ਼ਫੀਕ (ਡਾ.)
maharaja ranjit singh

ਪੰਜਾਬ ਅਣਗਿਣਤ ਸਮਰਾਟਾਂ ਦੀ ਸਲਤਨਤ ਰਿਹਾ ਹੈ, ਜਿਨ੍ਹਾਂ ਵਿੱਚ ਸਿਕੰਦਰ ਤੇ ਅਕਬਰ ਦੇ ਨਾਂ ਸ਼ਾਮਲ ਹਨ ਪਰ ਪੰਜਾਬ ਦੀ ਜੋ ਆਨ ਤੇ ਸ਼ਾਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬਣੀ, ਉਹ ਪਹਿਲਾਂ ਕਦੀ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਪਹਿਲਾ ਤੇ ਆਖ਼ਰੀ ਰਾਜਾ ਸੀ, ਜਿਸ ਨੇ ਪੰਜਾਬ ਵਿੱਚ ਸੁਤੰਤਰ ਪੰਜਾਬੀ ਰਾਜ ਕਾਇਮ ਕੀਤਾ ਤੇ ਸੰਸਾਰ ਵਿੱਚ ਪੰਜਾਬੀਆਂ ਦੀ ਵਡਿਆਈ ਤੇ ਦਲੇਰੀ ਦਾ ਸਿੱਕਾ ਜਮਾਇਆ।
ਡਾ. ਹਰਨਾਮ ਸਿੰਘ ਮਾਨ ਅਨੁਸਾਰ ਪੰਜਾਬੀਆਂ ਨੇ ਜਿੰਨਾ ਪਿਆਰ ਤੇ ਸਤਿਕਾਰ ਰਣਜੀਤ ਸਿੰਘ ਨੂੰ ਦਿੱਤਾ ਸੀ, ਉਸ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਹੋਰ ਪੰਜਾਬੀ ਜਾਂ ਗ਼ੈਰ-ਪੰਜਾਬੀ ਨੂੰ ਕਦੇ ਦਿੱਤਾ ਹੋਵੇ। ਸ਼ਾਇਦ ਹੀ ਕਿਸੇ ਰਾਜੇ, ਮਹਾਰਾਜੇ ਦੇ ਚਲਾਣੇ ਉੱਤੇ ਉਹ ਕਦੇ ਇੰਨੇ ਰੋਏ ਤੇ ਕੁਰਲਾਏ ਹੋਣ, ਜਿੰਨੇ ਮਹਾਰਾਜਾ ਰਣਜੀਤ ਸਿੰਘ ਦੇ 27 ਜੂਨ 1839 ਨੂੰ ਅੱਖਾਂ ਮੀਟ ਜਾਣ ’ਤੇ ਰੋਏ ਸਨ। ਮਹਾਰਾਜੇ ਨਾਲ ਹਰੇਕ ਵਰਗ ਦਾ ਪਿਆਰ ਸੀ, ਇਸ ਕਰਕੇ ਉਸ ਸਮੇਂ ਲਾਹੌਰ ਸ਼ਾਹਿਰ ਦਾ ਹਰ ਅਮੀਰ ਤੇ ਗ਼ਰੀਬ, ਮੁਸਲਮਾਨ, ਹਿੰਦੂ ਤੇ ਸਿੱਖ ਰੋਇਆ।
ਸੱਯਦ ਮੁਹੰਮਦ ਲਤੀਫ਼, ਜਿਸ ਨੇ 1891 ਵਿੱਚ ਕਿਤਾਬ ਪੰਜਾਬ ਦਾ ਇਤਿਹਾਸ (ਹਿਸਟਰੀ ਆਫ਼ ਦਿ ਪੰਜਾਬ) ਲਿਖੀ ਸੀ, ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖਦਾ ਹੈ, ‘‘ਮਹਾਰਾਜਾ ਦੀ ਅਰਥੀ ਨਾਲ ਜਾ ਰਹੇ ਢੋਲ ਰੋਣੀਆਂ ਆਵਾਜ਼ਾਂ ਕੱਢ ਰਹੇ ਸਨ, ਰਾਗੀ ਮਾਤਮੀ ਗੀਤ ਗਾ ਰਹੇ ਸਨ ਤੇ ਉਨ੍ਹਾਂ ਦੇ ਸਾਜ਼ ਵੇਖਣ ਵਾਲਿਆਂ ਵਿੱਚ ਰੰਜ ਤੇ ਮਾਤਮ ਪ੍ਰਸਾਰ ਰਹੇ ਸਨ।’’
ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ:
ਮਹਾਰਾਜ ਕੋ ਸਰੀਰ ਦਾਹ ਹੋਤ ਦੇਖਿ ਦੇਖਿ,
ਰੋਵਤੇ ਅਮੀਰ ਔਰ ਫਕੀਰ ਛੋਡ ਤਾਬ ਕੋ।
ਭਾਖੈਂ-ਆਜ ਖਾਕ ਭਈ ਬੀਰਤਾਈ ਬੀਰਨ ਕੀ,
ਮੀਰਨ ਕੀ ਮੀਰਤਾ ਅੰਮੀਰਨ ਪ੍ਰਭਾਵ ਕੋ।
ਹਿੰਦੁਨ ਕੀ ਹਿੰਦ ਜਹੀ ਸਿੰਘਨ ਕੀ ਜਿੰਦ ਜਰੀ,
ਗਾਯਨ ਰਹਿ ਗਵੀਅਨ ਕੋ ਜਰਯੋ ਆਫਤਾਬ ਕੋ।
ਭੁਪਨ ਆਬਾਦੀ ਜਰੀ ਅਵਪੁਰ ਕੀ ਗਾਦੀ ਜਰੀ,
ਜਦ ਗਯੋ ਸੁਹਾਗ ਭਾਗ ਸਗਰੀ ਪੰਜਾਬ ਕੋ।
‘‘ਤਵਾਰੀਖ਼ ਗੁਰੂ ਖ਼ਾਲਸਾ’ ਵਿੱਚ ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ, ‘‘ਜਦੋਂ ਮਹਾਰਾਜਾ ਦਾ ਬਵਾਨ ਕਿਲ੍ਹੇ ਤੋਂ ਬਾਹਰ ਨਿਕਲਿਆ ਤਾਂ ਅੱਗੇ ਬੇਅੰਤ ਖ਼ਲਕਤ ਆਪਣੇ ਪਿਆਰੇ ਮਹਾਰਾਜੇ ਦੇ ਅੰਤਿਮ ਦਰਸ਼ਨ ਕਰਨ ਲਈ ਇਕੱਠੀ ਹੋਈ ਸੀ। ਕੋਈ ਅਜਿਹਾ ਵਿਅਕਤੀ ਨਹੀਂ ਸੀ, ਜਿਸ ਦੇ ਚਿਹਰੇ ’ਤੇ ਉਦਾਸੀਨਤਾ, ਫ਼ਿਕਰ ਅਤੇ ਸ਼ੋਕ ਦੇ ਚਿੰਨ੍ਹ ਨਾ ਪ੍ਰਗਟ ਹੁੰਦੇ ਹੋਣ।’’
ਮਹਾਰਾਜਾ ਰਣਜੀਤ ਸਿੰਘ ਸੂਝਵਾਨ ਤੇ ਇਨਸਾਫ਼ ਪਸੰਦ ਇਨਸਾਨ ਸੀ। ਇਹੀ ਕਾਰਨ ਸੀ ਕਿ ਉਸ ਦੇ ਰਾਜ ਨੂੰ ਹਰੇਕ ਵਿਅਕਤੀ ਆਪਣਾ ਰਾਜ ਸਮਝਦਾ ਸੀ। ਇੱਕ ਅੰਗਰੇਜ਼ ਮਿਲਟਰੀ ਸੈਕਟਰੀ ਕੈਪਟਨ ਔਜਬਰਨ ਨੇ ਆਪਣੀ ਇੱਕ ਚਿੱਠੀ ਵਿੱਚ ਉਸ ਸਮੇਂ ਦਾ ਬਿਆਨ ਇਸ ਤਰ੍ਹਾਂ ਕੀਤਾ ਹੈ:
‘‘ਤੁਸੀਂ ਉਨ੍ਹਾਂ ਦੀ ਮੌਤ ਕਾਰਨ ਪੈਦਾ ਹੋਈ ਪੀੜ ਦੀ ਤੀਖਣਤਾ ਨੂੰ ਚਿਤਾਰ ਵੀ ਨਹੀਂ ਸਕਦੇ। ਜਿਨ੍ਹਾਂ ਅਹਿਸਾਸਾਂ ਤੇ ਜਜ਼ਬਿਆਂ ਨਾਲ ਉਨ੍ਹਾਂ ਨੂੰ ਹਰ ਕੋਈ ਪਿਆਰਦਾ ਤੇ ਸਤਿਕਾਰਦਾ ਰਿਹਾ ਸੀ, ਉਹ ਇੰਨੇ ਡੂੰਘੇ ਤੇ ਹਾਰਦਿਕ ਸਨ ਕਿ ਉਨ੍ਹਾਂ ਦੇ ਹੁਕਮਾਂ, ਹਦਾਇਤਾਂ ਤੇ ਇਸ਼ਾਰਿਆਂ (ਜਦੋਂ ਮਹਾਰਾਜਾ ਬੋਲਣੋਂ ਹਟ ਗਏ ਸਨ) ਨੂੰ ਆਖ਼ਰੀ ਦਸਤਕ ਵੱਧ ਤੋਂ ਵੱਧ ਨਿਸ਼ਚਿਤ ਤਾਬੇਦਾਰੀ ਨਾਲ ਮੰਨਿਆ ਜਾਂਦਾ ਰਿਹਾ ਹੈ।’’
ਸੱਯਦ ਵਹੀਦੁਦੀਨ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਫ਼ਕੀਰ ਅਜ਼ੀਜ਼ੁਦੀਨ ਦੇ ਘਰਾਣੇ ਵਿੱਚੋਂ ਸੀ, ਨੇ ਆਪਣੀ ਪੁਸਤਕ ‘ਰਣਜੀਤ ਸਿੰਘ ਅਸਲੀ ਰੂਪ’ ਵਿੱਚ ਲਿਖਿਆ ਹੈ ਕਿ ਬੁੱਢੇ ਸ਼ੇਰ ਨੂੰ ਅਖ਼ੀਰ ਮੌਤ ਨੇ ਆਪਣੇ ਪਿੰਜਰੇ ਵਿੱਚ ਪਾ ਹੀ ਲਿਆ। ਫ਼ਕੀਰ ਅਜ਼ੀਜ਼ੁਦੀਨ, ਜੋ ਆਖ਼ਰੀ ਸਮੇਂ ਤਕ ਮਹਾਰਾਜਾ ਦੇ ਨਾਲ ਸੀ, ਜਿਸ ਨੂੰ ਮਹਾਰਾਜੇ ਨੇ ਦਾਨ ਪੁੰਨ ਲਈ ਕਿਹਾ ਸੀ ਤੇ ਕੋਹੇਨੂਰ ਹੀਰਾ ਵੀ ਜਗਨਨਾਥ ਮੰਦਰ ਨੂੰ ਦੇਣ ਲਈ ਕਿਹਾ ਸੀ। ਮਹਾਰਾਜਾ ਦੀ ਚਿਤਾ ਬਾਰੇ ਲਿਖਦਾ ਹੈ, ‘‘ਪੂਰਾ ਲਾਹੌਰ ਗ਼ਮਗੀਨ ਸੀ। ਮਹਾਰਾਜੇ ਦੀਆਂ ਕੁਝ ਰਾਣੀਆਂ ਤੇ ਦਾਸੀਆਂ ਤੇ ਕੁਝ ਚਹੇਤੇ ਵਜ਼ੀਰ ਸਤੀ ਹੋਣ ਲਈ ਤਿਆਰ ਸਨ। ਸ਼ਹਿਰ ਦੇ ਬਾਜ਼ਾਰਾਂ ਦੇ ਦੋਵਾਂ ਪਾਸਿਆਂ ਦੇ ਲੋਕ ਕਤਾਰਾਂ ਬੰਨੀ ਖੜ੍ਹੇ ਸਨ। ਜਦੋਂ ਅਰਥੀ ਲੰਘੀ ਲੋਕੀ ਉੱਚੀ ਉੱਚੀ ਰੋਂਦੇ ਸਨ। ਮੁਸਲਮਾਨਾਂ, ਹਿੰਦੂਆਂ ਤੇ ਸਿੱਖਾਂ ਨੇ ਆਪੋ-ਆਪਣੇ ਤਰੀਕੇ ਨਾਲ ਪ੍ਰਾਰਥਨਾਵਾਂ ਕੀਤੀਆਂ। ਰਾਣੀਆਂ ਆਪਣੇ ਜ਼ੇਵਰ ਉਤਾਰਦੀਆਂ ਤੇ ਗ਼ਰੀਬਾਂ ਵੱਲ ਸੁੱਟਦੀਆਂ ਜਾ ਰਹੀਆਂ ਸਨ।’’
ਜੀ.ਐਸ ਸਰ ਡਿਸਾਈ ਨੇ ਆਪਣੇ ਇੱਕ ਪੇਪਰ ਵਿੱਚ ਲਿਖਿਆ ਹੈ, ‘ਮਹਾਰਾਜੇ ਦੀ ਚਿਖਾ ਦੁਆਲੇ ਇਕੱਤਰ ਹੋਈ ਭੀੜ ਨੇ ਉਨ੍ਹਾਂ ਦੀ ਦੇਹ ਨਾਲ ਹੀ ਆਪਣੇ ਆਪ ਨੂੰ ਸਾੜਨ ਦਾ ਜੋ ਆਪ ਮੁਹਾਰਾ ਯਤਨ ਕੀਤਾ ਸੀ, ਉਸ ਨੂੰ ਬੜੀ ਮੁਸ਼ਕਲ ਨਾਲ ਠੱਲ੍ਹਿਆ ਤੇ ਰੋਕਿਆ ਗਿਆ।’’
ਸੋਹਨ ਲਾਲ ਸੂਰੀ, ਜੋ ਮਹਾਰਾਜਾ ਰਣਜੀਤ ਸਿੰਘ ਦਾ ਡਾਇਰੀ ਨਵੀਸ ਸੀ ਨੇ ਉਮਦਾ-ਉਤ-ਤਵਾਰੀਖ਼ ਲਿਖੀ ਸੀ, ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਇੱਕ ਦਿਨ ਦਾ ਹਾਲ ਦਰਜ ਹੈ। ਉਹ ਲਿਖਦਾ ਹੈ, ‘‘ਲੋਕਾਂ ਦੀ ਭੀੜ ਦੀ ਆਵਾਜ਼ ਤੇ ਹੜਬੜਾਹਟ ਕਾਰਨ ਦਰਬਾਰ ਵਿੱਚ ਉਥਲ-ਪੁਥਲ ਮਚੀ ਪਈ ਸੀ। ਸਾਰੇ ਪਾਸਿਆਂ ਤੋਂ ਆ ਰਹੀਆਂ ਰੋਣ ਦੀਆਂ ਆਵਾਜ਼ਾਂ ਵਿੱਚ ਮਹਾਰਾਜਾ ਨੂੰ ਚੁੱਕ ਕੇ ਬਵਾਨ ਉੱਪਰ ਪਾਇਆ ਗਿਆ। ਸਾਰੀਆਂ ਰਾਣੀਆਂ ਤੇ ਬੇਗ਼ਮਾਂ ਰੋ ਰਹੀਆਂ ਸਨ, ਜਿਵੇਂ ਉਹ ਆਪਣਾ ਦਿਮਾਗੀ ਸੰਤੁਲਨ ਖੋ ਬੈਠੀਆਂ ਹੋਣ। ਇੰਜ ਲੱਗ ਰਿਹਾ ਸੀ ਜਿਵੇਂ ਪੂਰਾ ਚਮਕਦਾ ਦਿਨ ਹਨੇਰੇ ਵਿੱਚ ਡੁੱਬ ਗਿਆ ਹੈ। ਚਿਤਾ ਦੇ ਦੁਆਲੇ ਸਾਰੇ ਸਰਦਾਰਾਂ ਨੇ ਆਪਣੇ ਸਿਰ ਸਜਦੇ ਵਿੱਚ ਰੱਖ ਲਏ ਸਨ।’’
ਕਨ੍ਹੱਈਆ ਲਾਲ ਨੇ ਉਸ ਸਮੇਂ ਦਾ ਹਾਲ ਇਸ ਤਰ੍ਹਾਂ ਬਿਆਨ ਕੀਤਾ ਹੈ, ‘‘ਉਸ ਵੇਲੇ ਹਜ਼ਾਰਾਂ ਨੌਕਰ-ਚਾਕਰ ਤੇ ਸ਼ਹਿਰ ਦੇ ਲੋਕ ਮਹਾਰਾਜੇ ਦੀ ਅਰਥੀ ਦੇ ਨਾਲ ਸਨ। ਹਜ਼ਾਰਾਂ ਰੁਪਈਆਂ, ਬੁਤਕੀਆਂ ਤੇ ਮੋਤੀਆਂ ਦੀ ਬਰਸਾਤ ਕੀਤੀ ਗਈ ਤੇ ਮਹਾਰਾਜੇ ਦੇ ਬਿਵਾਨ ਨੂੰ ਹਜ਼ੂਰੀ ਬਾਗ਼ ਦੇ ਪੱਛਮੀ ਦਰਵਾਜ਼ੇ ਰਾਹੀਂ ਦਰਿਆ ਰਾਵੀ ਦੇ ਕੰਢੇ ਲਿਜਾਇਆ ਗਿਆ। ਚਿਤਾ ਬਾਲਣ ਤੋਂ ਬਾਅਦ ਇੱਕ ਕਬੂਤਰਾਂ ਦਾ ਜੋੜਾ ਵੀ ਆ ਕੇ ਚਿਤਾ ਵਿੱਚ ਡਿੱਗ ਕੇ ਮਰ ਗਿਆ ਤੇ ਨਾਲ ਹੀ ਇੱਕ ਬਦਲੀ ਵੀ ਅਕਾਸ਼ ਵਿੱਚ ਉਠੀ ਤੇ ਪਾਣੀਆਂ ਦੀਆਂ ਬੂੰਦਾਂ ਵਗਣ ਲੱਗੀਆਂ। ਇੰਜ ਜਾਪਦਾ ਸੀ ਕਿ ਮਹਾਰਾਜਾ ਦੇ ਮ੍ਰਿਤਕ ਸਰੀਰ ਉਪਰ ਅਸਮਾਨ ਵੀ ਸ਼ੋਕ ਦੇ ਅੱਥਰੂ ਕੇਰ ਰਿਹਾ ਸੀ। ਅਜਿਹੇ ਵਿਆਪਕ ਵਿਰਲਾਪ ਅਜਿਹੀ ਸਮੂਹਿਕ ਕੁਰਲਾਹਟ ਦਾ ਕਾਰਨ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਤੇ ਪੰਜਾਬੀਆਂ ਨਾਲ ਕੀਤਾ ਪਿਆਰ, ਉਨ੍ਹਾਂ ਦੀ ਸੇਵਾ ਤੇ ਸੰਭਾਲ ਲਈ ਕੀਤੀ ਉਮਰਾਂ ਬੱਧੀ ਘਾਲ ਤੇ ਉਨ੍ਹਾਂ ਦਾ ਮਾਣ-ਤਾਣ ਵਧਾਉਣ ਲਈ ਕੀਤਾ ਅਜਿਹਾ ਉੱਦਮ ਸੀ, ਜੋ ਉਨ੍ਹਾਂ ਤੋਂ ਪਹਿਲਾਂ ਕਦੇ ਕਿਸੇ ਹੋਰ ਨੇ ਨਹੀਂ ਕੀਤਾ ਸੀ।’’
ਡਾ. ਮੈਕਗਰੈਗਰ ਨੇ ਆਪਣੀ ਕਿਤਾਬ ‘ਦਿ ਹਿਸਟਰੀ ਆਫ਼ ਦਿ ਸਿੱਖਸ’ ਵਿੱਚ ਲਿਖਿਆ ਹੈ, ‘‘1839 ਵਿੱਚ ਜਦੋਂ ਉਹ ਸਵਰਗਵਾਸ ਹੋਏ ਸਨ ਤਾਂ ਸਾਰੇ ਦੇਸ਼ ਵਿੱਚ ਡੂੰਘਾ ਸੋਗ ਛਾ ਗਿਆ ਗਿਆ ਸੀ।’ ਇਸ ਬਾਰੇ ਸਰ ਗੋਕਲ ਚੰਦ ਨਾਰੰਗ ਨੇ ਲਿਖਿਆ ਹੈ ਕਿ ਉਸ ਸਮੇਂ ਹਰ ਕਿਸੇ ਨੇ ਇੰਜ ਮਹਿਸੂਸ ਕੀਤਾ ਸੀ ਜਿਵੇਂ ਉਸ ਦਾ ਆਪਣਾ ਪਿਤਾ ਤੇ ਰਾਖਾ ਉਸ ਤੋਂ ਖੁੰਝ ਗਿਆ ਹੋਵੇ। ਇਹ ਗੱਲ ਹਰ ਥਾਂ ਕਹੀ ਗਈ ਸੀ ਕਿ ਉਨ੍ਹਾਂ ਦੀ ਮੌਤ ਨਾਲ ਪੰਜਾਬ ਦੀ ਧਰਤੀ ਰੰਡੀ ਹੋ ਗਈ ਹੈ।’’
ਕੁਝ ਇਤਿਹਾਸਕਾਰਾਂ ਵੱਲੋਂ ਚਾਰ ਰਾਣੀਆਂ ਤੇ ਸੱਤ ਦਾਸੀਆਂ ਦਾ ਰਣਜੀਤ ਸਿੰਘ ਦੀ ਚਿਤਾ ਨਾਲ ਸਤੀ ਹੋਣ ਬਾਰੇ ‘ਸਤੀ ਪ੍ਰਥਾ’ ਦੀ ਰਣਜੀਤ ਸਿੰਘ ਦੇ ਸਮੇਂ ਪਾਲਣਾ ਦੀ ਨਿੰਦਿਆ ਕੀਤੀ ਗਈ ਹੈ ਪਰ ਇਨ੍ਹਾਂ ਇਤਿਹਾਸਕ ਸਰੋਤਾਂ ਨੂੰ ਘੋਖ ਕੇ ਇਹ ਸਾਬਤ ਹੋ ਜਾਂਦਾ ਹੈ ਕਿ ਉਹ ‘ਸਤੀ ਪ੍ਰਥਾ’ ਨਹੀਂ ਸੀ, ਸਗੋਂ ਰਾਣੀਆਂ ਦਾ ਰਾਜੇ ਨਾਲ ਪਿਆਰ ਸੀ। ਕਨੱਈਆ ਲਾਲ ‘ਤਾਰੀਖ਼-ਏ-ਪੰਜਾਬ’ ਵਿੱਚ ਲਿਖਦਾ ਹੈ ਕਿ ਕਾਂਗੜੇ ਦੇ ਰਾਜਾ ਸੰਸਾਰ ਚੰਦ ਦੀਆਂ ਲੜਕੀਆਂ ਮਹਾਰਾਜਾ ਨਾਲ ਸਤੀ ਹੋਣ ਲਈ ਤਿਆਰ ਹੋ ਗਈਆਂ। ਪਹਿਲਾਂ ਉਨ੍ਹਾਂ ਨੇ ਹੱਸਦਿਆਂ ਹੱਸਦਿਆਂ ਆਪਣੀਆਂ ਜਾਗੀਰਾਂ, ਮਾਲ, ਧਨ, ਦੌਲਤ, ਨਕਦੀ, ਗਹਿਣੇ ਦਾਨ ਵਿੱਚ ਦੇ ਦਿੱਤੇ ਤੇ ਸੱਚੀ ਪ੍ਰੀਤ ਵਜੋਂ ਪੂਰਨ ਸਥਿਰਤਾ ਨਾਲ ਮਹਿਲਾਂ ਵਿੱਚੋਂ ਨਿਕਲ ਆਈਆਂ। ਜੇ ਅਜਿਹਾ ਹੁੰਦਾ ਤਾਂ ਬਾਕੀ ਰਾਣੀਆਂ ਦਾ ਵੀ ‘ਸਤੀ ਹੋਣਾ’ ਤੈਅ ਸੀ ਤੇ ਦਾਸੀਆਂ ਦੇ ਸਤੀ ਹੋਣ ਦਾ ਕੋਈ ਕਾਰਨ ਨਹੀਂ ਬਣਦਾ ਸੀ।

ਸੰਪਰਕ: 98149-75686
Tags:
Posted in: ਸਾਹਿਤ