ਕਲਾਨੌਰ ਤੇ ਗੁਰਾਇਆ ’ਚ ਦੋ ਸਾਧਾਂ ਦਾ ਕਤਲ

By July 4, 2016 0 Comments


ਗੁਰਦਾਸਪੁਰ/ਗੁਰਾਇਆ: klanaurਥਾਣਾ ਕਲਾਨੌਰ ਅਧੀਨ ਪੈਂਦੇ ਪਿੰਡ ਬੋਹੜ ਵਡਾਲਾ ਸਥਿਤ ਗੁਰਦੁਆਰਾ ਬਾਬਾ ਸ੍ਰੀ ਚੰਦ ਵਿਖੇ ਸ਼ਨਿਚਰਵਾਰ ਰਾਤ ਇੱਕ ਸਾਧ ਦਾ ਅਤੇ ਗੁਰਾਇਆ ਇਲਾਕੇ ਦੇ ਪਿੰਡ ਸੰਗ ਢੇਸੀਆਂ ਵਿੱਚ ਸਾਈਂ ਸੋਖੇਂ ਸ਼ਾਹ ਡੇਰੇ ਦੇ ਮੁਖੀ ਦਾ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਥਾਣਾ ਕਲਾਨੌਰ ਅਧੀਨ ਪੈਂਦੇ ਸਰਹੱਦੀ ਪਿੰਡ ਬੋਹੜ ਵਡਾਲਾ ਸਥਿਤ ਗੁਰਦੁਆਰਾ ਬਾਬਾ ਸ੍ਰੀ ਚੰਦ ਵਿਖੇ ਬੀਤੀ ਰਾਤ ਕਿਸੇ ਨੇ ਜਟਾਂਧਾਰੀ ਸਾਧ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਐਸਐਸਪੀ ਗੁਰਦਾਸਪੁਰ ਜਗਦੀਪ ਸਿੰਘ ਹੁੰਦਲ ਪੁਲੀਸ ਪਾਰਟੀ ਸਮੇਤ ਘਟਨਾ ਵਾਲੀ ਥਾਂ ਪੁੱਜ। ਗੁਰਦੁਆਰਾ ਬਾਬਾ ਸ੍ਰੀ ਚੰਦ ਤਪ ਸਥਾਨ ਬੋਹੜ ਵਡਾਲਾ ਦੇ ਮੁੱਖ ਸੇਵਾਦਾਰ ਬਾਬਾ ਮਨੀਦਾਸ ਨੇ ਦੱਸਿਆ ਕਿ ਮ੍ਰਿਤਕ ਓਂਕਾਰ ਦਾਸ ਪੁੱਤਰ ਵਿਵੇਕ ਹਿਮਾਚਲ ਪ੍ਰਦੇਸ਼ ਊਨਾ ਦਾ ਰਹਿਣ ਵਾਲਾ ਸੀ ਅਤੇ ਪਿੰਡ ਭੰਡਿਆਲ ਸਥਿਤ ਬਾਬਾ ਸ੍ਰੀ ਚੰਦ ਦੇ ਡੇਰੇ ’ਤੇ ਰਹਿ ਕੇ ਸੇਵਾ ਕਰ ਰਿਹਾ ਸੀ।
ਬੀਤੇ ਸ਼ਨਿਚਰਵਾਰ ਦੀ ਸ਼ਾਮ ਉਹ ਗੁਰਦੁਆਰਾ ਤਪ ਸਥਾਨ ਬੋਹੜ ਵਾਲਾ ਆਇਆ ਸੀ ਤੇ ਰਾਤ ਨੂੰ ਲੰਗਰ ਛੱਕ ਕੇ ਬਾਹਰ ਬਰਾਂਡੇ ਵਿੱਚ ਸੁੱਤਾ ਪਿਆ ਸੀ। ਰਾਤ ਨੂੰ ਕਿਸੇ ਨੇ ਸਾਧ ਉਂਕਾਰ ਦਾਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ। ਘਟਨਾ ਦਾ ਪਤਾ ਉੱਦੋਂ ਲੱਗਿਆ ਜਦੋਂ ਸਵੇਰੇ ਗੁਰਦੁਆਰੇ ਦੇ ਸੇਵਾਦਾਰ ਦਲਬੀਰ ਸਿੰਘ ਨੇ ਸਾਧ ਓਂਕਾਰ ਦਾਸ ਦੀ ਲਾਸ਼ ਦੇਖੀ। ਉਨ੍ਹਾਂ ਵੱਲੋਂ ਤੁਰੰਤ ਥਾਣਾ ਕਲਾਨੌਰ ਪੁਲੀਸ ਨੂੁੰ ਸੂਚਿਤ ਕਰ ਦਿੱਤਾ ਗਿਆ। ਐਸਪੀ (ਡੀ) ਪ੍ਰਦੀਪ ਕੁਮਾਰ ਨੇ ਦੱਸਿਆ ਕਿ ਥਾਣਾ ਕਲਾਨੌਰ ’ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸੁਪਰ ਲਿਆਂਦਾ ਗਿਆ ਹੈ।
ਇਸ ਤੋਂ ਇਲਾਵਾ ਗੁਰਾਇਆ ਖੇਤਰ ਦੇ ਪਿੰਡ ਸੰਗ ਢੇਸੀਆਂ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਬੀਤੀ ਰਾਤ ਤੇਜ਼ਧਾਰ ਹਥਿਆਰਾਂ ਨਾਲ 45 ਸਾਲਾ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਭਤੀਜੇ ਹਰਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਚਾਚਾ ਸੁਖਦੇਵ ਸਿੰਘ ਉਰਫ਼ ਤੋਤੀ ਪਿਛਲੇ ਅੱਠ ਮਹੀਨੇ ਤੋਂ ਆਪਣੇ ਖੂਹ ’ਤੇ ਜਿੱਥੇ ਉਸ ਨੇ ਸਾਈਂ ਸੋਖੇਂ ਸ਼ਾਹ ਦੇ ਨਾਮ ’ਤੇ ਇੱਕ ਡੇਰਾ ਬਣਾਇਆ ਹੋਇਆ ਸੀ, ਵਿਖੇ ਇਕੱਲਾ ਰਹਿੰਦਾ ਸੀ ਤੇ ਸੇਵਾ ਕਰਦਾ ਸੀ। ਬੀਤੀ ਰਾਤ ਕੁਝ ਵਿਅਕਤੀਆਂ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਨੂੰ ਇਸ ਕਤਲ ਬਾਰੇ ਸਵੇਰੇ ਪਤਾ ਲੱਗਿਆ ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਉਥੇ ਸੁਖਦੇਵ ਸਿੰਘ ਦੀ ਲਾਸ਼ ਪਈ ਸੀ। ਸੂਚਨਾ ਮਿਲਦੇ ਹੀ ਐੱਸ.ਪੀ.ਡੀ. ਪਰਮਿੰਦਰ ਸਿੰਘ ਭੰਡਾਲ, ਡੀ.ਐੱਸ.ਪੀ. ਸਰਬਜੀਤ ਰਾਏ ਅਤੇ ਐੱਸ.ਐਚ.ਓ. ਗੁਰਾਇਆ ਜਰਨੈਲ ਸਿੰਘ ਨੇ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਐੱਸ.ਪੀ.ਡੀ. ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ 1986 ਤੋਂ ਲੈ ਕੇ 2001 ਤੱਕ ਸੁਖਦੇਵ ਸਿੰਘ ਉਰਫ਼ ਤੋਤੀ ਖ਼ਿਲਾਫ਼ ਗੁਰਾਇਆ ਅਤੇ ਫਿਲੌਰ ਥਾਣੇ ਵਿੱਚ 11 ਕੇਸ ਦਰਜ ਸਨ। ਉਨ੍ਹਾਂ ਕਿਹਾ ਕਿ ਇਹ ਕਤਲ ਰੰਜਿਸ਼ ਤਹਿਤ ਵੀ ਕੀਤਾ ਗਿਆ ਹੋ ਸਕਦਾ ਹੈ। ਪੁਲੀਸ ਵੱਲੋਂ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਲਾਕੇ ’ਚ ਵੱਧ ਰਹੀਆਂ ਵਾਰਦਾਤਾਂ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ।