ਮਲੇਰਕੋਟਲਾ ਕੁਰਾਨ ਸ਼ਰੀਫ਼ ਬੇਅਦਬੀ ਮਾਮਲੇ ‘ਚ ਕਈ ਦਿਲਚਸਪ ਪਰਤਾਂ ਖੁੱਲ੍ਹੀਆਂ

By July 4, 2016 0 Comments


ਡੀ.ਜੀ.ਪੀ. ਪੱਧਰ ਦੇ ਕਈ ਅਧਿਕਾਰੀਆਂ ਦੇ ਨਾਂਅ ਵੀ ਸਾਹਮਣੇ ਆਏ
• ਦੋਸ਼ੀ ਵੱਲੋਂ ‘ਆਪ’ ਦੀਆਂ ਟਿਕਟਾਂ ਦਿਵਾਉਣ ਲਈ ਵਿਚੋਲਗੀ ਦੀ ਵੀ ਪੁਸ਼ਟੀ
quran-beadbi-case-sanjay-ghuggi-shergill-yadav
ਹਰਕਵਲਜੀਤ ਸਿੰਘ
ਚੰਡੀਗੜ੍ਹ, 3 ਜੁਲਾਈ -ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ਼ ਦੀ ਬੇਹੁਰਮਤੀ ਵਾਲੇ ਕੇਸ ਵਿਚ ਜਾਂਚ ਦੌਰਾਨ ਕਈ ਦਿਲਚਸਪ ਪ੍ਰਤਾਂ ਖੁੱਲ੍ਹ ਰਹੀਆਂ ਹਨ ਅਤੇ ਵੱਡੇ-ਵੱਡੇ ਵਿਅਕਤੀਆਂ ਦੇ ਨਾਂਅ ਵੀ ਸਾਹਮਣੇ ਆ ਰਹੇ ਹਨ | ਪੰਜਾਬ ਪੁਲਿਸ ਵੱਲੋਂ ਮੁੱਖ ਕਥਿਤ ਦੋਸ਼ੀ ਵਿਜੇ ਗਰਗ ਅਤੇ ਗੌਰਵ ਉਰਫ਼ ਗੋਲਡੀ ਦੀ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਕਈ ਅਜਿਹੇ ਪਹਿਲੂ ਸਾਹਮਣੇ ਆ ਰਹੇ ਹਨ, ਜਿਸ ਨੇ ਪੁਲਿਸ ਨੂੰ ਵੀ ਦੰਗ ਕਰ ਦਿੱਤਾ ਹੈ | ਸੂਚਨਾ ਅਨੁਸਾਰ ਪੁਲਿਸ ਵੱਲੋਂ ਅੱਜ ਮੋਗਾ ਦੇ ਇਕ ਐਨ.ਆਰ.ਆਈ. ਕੇਵਲ ਸਿੰਘ ਸੰਘਾ ਅਤੇ ਉਸ ਦੇ ਮਿੱਤਰ ਸ਼ਿਵਦੇਵ ਸਿੰਘ ਸਿਰਸਾ ਅਤੇ ਨਵੀਨ ਸੈਣੀ (ਪਿੰਡ ਡੀਟਾਸੈਣੀਆਂ) ਦੀ ਕੀਤੀ ਗਈ ਪੁੱਛਗਿੱਛ ਦੌਰਾਨ ਅੱਜ ਇਹ ਪੁਸ਼ਟੀ ਹੋ ਗਈ ਕਿ ਮੁੱਖ ਦੋਸ਼ੀ ਵੱਲੋਂ ਕੇਵਲ ਸਿੰਘ ਸੰਘਾ ਨੂੰ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦਿਵਾਉਣ ਲਈ ਇਨ੍ਹਾਂ ਸਾਰਿਆਂ ਦੀ 28 ਜੂਨ ਲਈ ਸ੍ਰੀ ਨਰੇਸ਼ ਯਾਦਵ ਨਾਲ ਮੀਟਿੰਗ ਨਿਸ਼ਚਿਤ ਕੀਤੀ ਗਈ ਸੀ ਜੋ 27 ਜੂਨ ਨੂੰ ਕਥਿਤ ਦੋਸ਼ੀਆਂ ਦੇ ਗਿ੍ਫਤਾਰ ਹੋਣ ਕਾਰਨ ਸਿਰੇ ਨਾ ਚੜ੍ਹ ਸਕੀ | ਸੂਚਨਾ ਅਨੁਸਾਰ ਦੋਸ਼ੀ ਵੱਲੋਂ ਇਹ ਮੰਨਿਆ ਗਿਆ ਕਿ ਟਿਕਟ ਬਦਲੇ ਉਸ ਵੱਲੋਂ ਇਕ ਕਰੋੜ ਰੁਪਿਆ ਪਾਰਟੀ ਫੰਡ ਦੀ ਵੀ ਗੱਲ ਕੀਤੀ ਗਈ ਸੀ | ਦੂਸਰਾ ਪਹਿਲੂ ਜੋ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਉਹ ਇਹ ਕਿ ਮੁੱਖ ਦੋਸ਼ੀ ਦੇ ਦੇਸ਼ ਦੀਆਂ ਇੰਟੈਲੀਜੈਂਸ ਏਜੰਸੀਆਂ ਦੇ ਅਧਿਕਾਰੀਆਂ ਨਾਲ ਵੀ ਸਬੰਧ ਸਨ | ਉਸ ਵੱਲੋਂ 2014 ਦੌਰਾਨ ਦੇਸ਼ ਪਰਤ ਕੇ ਇਕ ਭਾਰਤੀ ਸਿਟੀਜ਼ਨ ਸੁਰੱਖਿਆ ਕੌਾਸਲ ਨਾਂਅ ਦੀ ਅਤੇ ਸ਼ਿਵਾ ਬਲਿਸ਼ ਫਾਊਾਡੇਸ਼ਨ ਨਾਂਅ ਦੀਆਂ ਜਥੇਬੰਦੀਆਂ ਬਣਾਈਆਂ ਸਨ ਅਤੇ ਇਸ ਦੇ ਨਾਂਅ ‘ਤੇ ਉਸ ਵੱਲੋਂ ਕਈ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਮਿਲਣ ਦਾ ਵੀ ਦਾਅਵਾ ਕੀਤਾ ਗਿਆ, ਜਿਨ੍ਹਾਂ ਵਿਚ ਇੱਕ ਸਾਬਕਾ ਡੀ. ਜੀ. ਪੀ. ਸ੍ਰੀ ਟੀ. ਸੀ. ਨਾਥ, ਆਰ. ਕੇ. ਓਹਰੀ, ਕੇ. ਪੀ.ਐਸ. ਗਿੱਲ, ਸ੍ਰੀ ਪ੍ਰਕਾਸ਼ ਸਿੰਘ ਅਤੇ ਸ. ਐਸ.ਐਸ. ਵਿਰਕ ਆਦਿ ਨੂੰ ਵੀ ਮਿਲਣ ਦਾ ਉਸ ਵੱਲੋਂ ਦਾਅਵਾ ਕੀਤਾ ਗਿਆ
ਹੈ | ਪੁਲਿਸ ਨੂੰ ਜਾਂਚ ਦੌਰਾਨ ਉਸ ਨੇ ਦੱਸਿਆ ਕਿ 1983 ਤੋਂ 1991 ਤੱਕ ਉਹ ਆਰ. ਐਸ. ਐਸ. ਦੀ ਸ਼ਾਖ਼ਾ ਲਗਾਉਂਦਾ ਰਿਹਾ ਅਤੇ 1991 ਤੋਂ 2001 ਤੱਕ ਆਰ.ਐਸ.ਐਸ. ਦੇ ਪ੍ਰਚਾਰਕ ਵਜੋਂ ਵੀ ਕੰਮ ਕਰਦਾ ਰਿਹਾ | ਵਿਧਾਨਕਾਰ ਨਰੇਸ਼ ਯਾਦਵ ਨਾਲ ਉਸ ਦੇ ਸਬੰਧ 1999 ਤੋਂ 2001 ਦੌਰਾਨ ਸਾਊਥ ਦਿੱਲੀ ਵਿਖੇ ਆਰ.ਐਸ.ਐਸ. ਪ੍ਰਚਾਰਕ ਵਜੋਂ ਕੰਮ ਕਰਦਿਆਂ ਬਣੇ | ਪੁਲਿਸ ਨੂੰ ਉਸ ਇਹ ਵੀ ਦੱਸਿਆ ਕਿ 2008 ਅਤੇ ਦੂਜੀ ਵਾਰ 2010 ਦੌਰਾਨ ਉਹ ਅਮਰੀਕਾ ਗਿਆ ਜਿੱਥੇ ਉਸ ਨੇ ਹਿਊਸਟਨ ਵਿਖੇ ਹਿੰਦੂ ਕਾਂਗਰਸ ਵਿਚ ਸ਼ਮੂਲੀਅਤ ਕੀਤੀ | ਲੇਕਿਨ ਹਿਊਸਟਨ ਹਵਾਈ ਅੱਡੇ ਤੋਂ ਉਡਾਣ ਲੈਣ ਲੱਗਿਆਂ ਉਸ ਨੂੰ ਸਮਾਨ ਵਿਚ ਕੁਝ ਇਤਰਾਜ਼ਯੋਗ ਚੀਜ਼ ਮਿਲਣ ਕਾਰਨ ਹਿਰਾਸਤ ਵਿਚ ਲੈ ਕੇ 20 ਦਿਨ ਜੇਲ੍ਹ ਵਿਚ ਰੱਖਿਆ ਗਿਆ | ਲੇਕਿਨ ਉਸ ਤੋਂ ਬਾਅਦ 2011 ਤੋਂ 2014 ਦੌਰਾਨ ਉਹ ਸਿਆਸੀ ਸ਼ਰਨ ਲੈ ਕੇ ਕੈਨੇਡਾ ਵਿਚ ਰਿਹਾ | 2004 ਦੌਰਾਨ ਦੇਸ਼ ਵਾਪਸ ਆਉਣ ਤੋਂ ਬਾਅਦ ਉਸ ਨੇ ਨਾਬਾਰਡ ਤੋਂ 1 ਕਰੋੜ 40 ਲੱਖ ਦਾ ਕਰਜ਼ਾ ਲੈ ਕੇ ਬਾਇਓਫਰਟੇਲਾਈਜ਼ਰ ਦਾ ਕੰਮ ਸ਼ੁਰੂ ਕੀਤਾ ਪਰ 2006 ਦੌਰਾਨ ਲੋੜੀਂਦੇ ਲਾਇਸੈਂਸ ਤੋਂ ਬਿਨਾਂ ਕੰਮ ਕਰਨ ਦੇ ਦੋਸ਼ ਵਿਚ ਦੀਨਾਨਗਰ ਵਿਖੇ ਉਸ ਦੇ ਖਿਲਾਫ਼ ਪਰਚਾ ਦਰਜ ਹੋਣ ਕਾਰਨ ਉਸ ਨੂੰ ਇਹ ਕੰਮ ਬੰਦ ਕਰਨਾ ਪਿਆ | ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਨਰੇਸ਼ ਯਾਦਵ ਦਾ ਮੈਨੂੰ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਦਾ ਸਮੁੱਚਾ ਦਾਰੋਮਦਾਰ ਹੁਣ ਪੰਜਾਬ ‘ਤੇ ਹੈ ਅਤੇ ਜੇ ਪਾਰਟੀ ਪੰਜਾਬ ਵਿਚ ਨਾ ਜਿੱਤ ਸਕੀ ਤਾਂ ਇਹ ਪਾਰਟੀ ਖ਼ਤਮ ਹੋ ਜਾਵੇਗੀ | ਮੁੱਖ ਦੋਸ਼ੀ ਨੇ ਮਗਰਲੇ ਸਾਲ ਅਕਤੂਬਰ ਵਿਚ ਦਿੱਲੀ ਬਸੰਤ ਕੁੰਜ ਵਿਖੇ ਇਕ ਫਲੈਟ ਵੀ ਖਰੀਦਿਆ, ਜਿਸ ਵਿਚ ਉਸ ਵੱਲੋਂ ਸ਼ਿਵਾ ਬਲਿਸ਼ ਫਾਊਾਡੇਸ਼ਨ ਦੇ ਨਾਮ ‘ਤੇ ਇੱਕ ਇਕੱਠ ਵੀ ਕੀਤਾ ਗਿਆ, ਜਿਸ ਵਿਚ ਨਰੇਸ਼ ਯਾਦਵ ਅਤੇ ਸਾਬਕਾ ਡੀ.ਜੀ.ਪੀ. ਟੀ.ਸੀ. ਨਾਥ ਤੋਂ ਇਲਾਵਾ ਕੁਝ ਹੋਰ ਪ੍ਰਮੁੱਖ ਵਿਅਕਤੀ ਵੀ ਪੁੱਜੇ | ਪੁੱਛਗਿੱਛ ਦੌਰਾਨ ਦੂਸਰੇ ਦੋਸ਼ੀ ਗੌਰਵ ਨੇ ਦੱਸਿਆ ਕਿ ਮਲੇਰਕੋਟਲਾ ਘਟਨਾ ਵਾਲੇ ਦਿਨ ਉਹ ਥਾਰ ਮਹਿੰਦਰਾ ਗੱਡੀ ਚਲਾ ਰਿਹਾ ਸੀ, ਜਦੋਂਕਿ ਵਿਜੇ ਗਰਗ ਨਾਲ ਬੈਠੇ ਸਨ, ਪ੍ਰੰਤੂ ਨਰੇਸ਼ ਯਾਦਵ ਨਾਲ ਸਵੇਰ ਦੀ ਮੀਟਿੰਗ ਲਈ ਕੇਵਲ ਵਿਜੇ ਗਰਗ ਹੀ ਅੰਦਰ ਗਏ, ਜਦੋਂਕਿ ਉਹ ਬਾਹਰ ਗੱਡੀ ਵਿਚ ਬੈਠੇ ਰਹੇ ਅਤੇ ਇਸ ਮੀਟਿੰਗ ਤੋਂ ਬਾਅਦ ਉਹ ਸਿੱਧੇ ਮਲੇਰਕੋਟਲਾ ਲਈ ਰਵਾਨਾ ਹੋ ਗਏ | ਪੁਲਿਸ ਨੂੰ ਜਾਮਾ ਮਸਜਿਦ ਤੋਂ ਖਰੀਦੀਆਂ ਗਈਆਂ 4 ਕੁਰਾਨ ਸ਼ਰੀਫ਼ ਦੀਆਂ ਪੁਸਤਕਾਂ ਦੀ ਰਸੀਦ ਵੀ ਦੋਸ਼ੀਆਂ ਦੀ ਗੱਡੀ ਵਿਚੋਂ ਮਿਲ ਗਈ ਹੈ, ਜੋ ਉਨ੍ਹਾਂ ਵੱਲੋਂ ਪਾੜ ਕੇ ਮਲੇਰਕੋਟਲਾ ਵਿਚ ਸੁੱਟੀਆਂ ਗਈਆਂ | ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਦੋਸ਼ੀਆਂ ਦਾ ਬਰਗਾੜੀ ਘਟਨਾ ਨਾਲ ਕੋਈ ਸਬੰਧ ਹੋਣ ਦੀਆਂ ਸੰਭਾਵਨਾਵਾਂ ਦਾ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪੁਲਿਸ ਦਾ ਮੰਨਣਾ ਹੈ ਕਿ ਬਰਗਾੜੀ ਘਟਨਾ ਵਿਚ ਵੀ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆਂ ਨੂੰ ਪਾੜ ਕੇ ਸੁੱਟਣ ਦੀ ਕਾਰਵਾਈ ਲਈ ਵੀ ਅਜਿਹਾ ਤੌਰ ਤਰੀਕਾ ਹੀ ਵਰਤਿਆ ਗਿਆ ਸੀ, ਭਾਵੇਂ ਉਸ ਲਈ ਕੋਈ ਟੀਮ ਵੱਖਰੀ ਜ਼ਰੂਰ ਹੋ ਸਕਦੀ ਹੈ | ਪੁਲਿਸ ਨੂੰ ਅੱਜ ਨਰੇਸ਼ ਯਾਦਵ ਅਤੇ ਵਿਜੇ ਗਰਗ ਦਰਮਿਆਨ ਮੋਬਾਈਲ ਟੈਲੀਫੋਨ ‘ਤੇ ਇੱਕ ਦੂਸਰੇ ਨੂੰ ਦਿੱਤੇ ਗਏ ਸੁਨੇਹਿਆਂ ਦੀ ਜੋ ਕਾਪੀ ਟੈਲੀਫੋਨ ਕੰਪਨੀ ਤੋਂ ਮਿਲੀ ਹੈ, ਉਸ ਤੋਂ ਪੁਲਿਸ ਦਾ ਮੰਨਣਾ ਹੈ ਕਿ ਨਰੇਸ਼ ਯਾਦਵ ਅਤੇ ਵਿਜੇ ਗਰਗ ਦੇ ਆਪਸ ਵਿਚ ਗੂੜ੍ਹੇ ਸਬੰਧ ਸਨ | ਪੁਲਿਸ ਵੱਲੋਂ ਅੱਜ ਅਦਾਲਤ ਤੋਂ ਉਕਤ ਦੋਵਾਂ ਦੋਸ਼ੀਆਂ ਵਿਜੇ ਗਰਗ ਅਤੇ ਗੌਰਵ ਉਰਫ਼ ਗੋਲਡੀ ਦਾ ਪੌਲੀਗਰਾਫ਼ ਲਾਈ ਡਿਟੈਕਟਰ ਟੈਸਟ ਕਰਵਾਉਣ ਲਈ ਵੀ ਅਦਾਲਤ ਤੋਂ ਇਜਾਜ਼ਤ ਮੰਗੀ ਗਈ ਹੈ | ਪੁੱਛਗਿੱਛ ਦੌਰਾਨ ਸੂਤਰਾਂ ਅਨੁਸਾਰ ਮੁੱਖ ਦੋਸ਼ੀ ਵਿਜੇ ਗਰਗ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਵਿਧਾਨਕਾਰ ਨਰੇਸ਼ ਯਾਦਵ ਆਮ ਆਦਮੀ ਪਾਰਟੀ ਦੇ ਪੰਜਾਬ ਲਈ ਮੁੱਖ ਪ੍ਰਭਾਰੀ ਦੇ ਅਤਿ ਨਿਕਟਵਰਤੀਆਂ ਵਿਚੋਂ ਹਨ ਅਤੇ ਸੰਜੇ ਸਿੰਘ ਦੀਆਂ ਕੋਸ਼ਿਸ਼ਾਂ ਨਾਲ ਹੀ ਸ੍ਰੀ ਨਰੇਸ਼ ਯਾਦਵ ਨੂੰ ਆਮ ਆਦਮੀ ਪਾਰਟੀ ਦਾ ਦਿੱਲੀ ਵਿਚ ਟਿਕਟ ਮਿਲਿਆ ਸੀ ਅਤੇ ਇਸੇ ਨੇੜਤਾ ਕਾਰਨ ਸ੍ਰੀ ਸੰਜੈ ਸਿੰਘ ਵੱਲੋਂ ਨਰੇਸ਼ ਯਾਦਵ ਨੂੰ ਆਪਣੇ ਨਾਲ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦਾ ਸਹਿ ਪ੍ਰਭਾਰੀ ਰੱਖਿਆ ਗਿਆ ਸੀ | ਪੰਜਾਬ ਦੇ ਸਹਿ ਪ੍ਰਭਾਰੀ ਹੋਣ ਕਾਰਨ ਸ੍ਰੀ ਨਰੇਸ਼ ਯਾਦਵ ਦਾ ਵੀ ਚੰਡੀਗੜ੍ਹ ਅਤੇ ਪੰਜਾਬ ਲਈ ਕਾਫ਼ੀ ਆਉਣਾ ਜਾਣਾ ਲੱਗਿਆ ਰਹਿੰਦਾ ਹੈ |
ਮੇਰੇ ਖਿਲਾਫ਼ ਸਾਜ਼ਿਸ਼ ਤਹਿਤ ਲਗਾਏ ਜਾ ਰਹੇ ਦੋਸ਼ -ਨਰੇਸ਼ ਯਾਦਵ
ਚੰਡੀਗੜ੍ਹ, 3 ਜੁਲਾਈ (ਵਿਕਰਮਜੀਤ ਸਿੰਘ ਮਾਨ)-ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਜਿਨ੍ਹਾਂ ਖਿਲਾਫ ਪੰਜਾਬ ਪੁਲਿਸ ਮਲੇਰਕੋਟਲਾ ਘਟਨਾ ਨੂੰ ਲੈ ਕੇ ਸਬੂਤ ਇਕੱਠੇ ਕਰ ਰਹੀ ਹੈ, ਅੱਜ ਸਫ਼ਾਈ ਦੇਣ ਚੰਡੀਗੜ੍ਹ ਪੁੱਜੇ | ਨਰੇਸ਼ ਯਾਦਵ ਨੇ ਮਲੇਰਕੋਟਲਾ ‘ਚ ਕੁਰਾਨ ਬੇਅਦਬੀ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਉਹ ਵਿਜੇ ਗਰਗ ਨਾਂਅ ਦੇ ਵਿਅਕਤੀ ਨੂੰ ਇਕ ਵਾਰ ਓਦੋਂ ਮਿਲਿਆ ਸੀ ਜਦੋਂ ਸਾਲ 2000 ਵਿਚ ਉਹ ਬਿ੍ਟਿਸ਼ ਕੌਾਸਲ ‘ਚ ਕੋਰਸ ਕਰ ਰਿਹਾ ਸੀ ਤੇ ਮੁੜ ਕੇ ਹੁਣ ਤੱਕ ਉਸ ਨਾਲ ਕੋਈ ਸੰਪਰਕ ਨਹੀਂ ਰਿਹਾ ਪਰ ਅਚਾਨਕ ਹੁਣ ਕਈ ਦਿਨ ਪਹਿਲਾਂ ਉਸ ਦਾ ਫ਼ੋਨ ਆਇਆ ਤੇ ਮਿਲਣ ਲਈ ਕਿਹਾ | ਯਾਦਵ ਨੇ ਕਿਹਾ ਕਿ ਵਿਜੇ ਕੁਮਾਰ ਨੇ ਇਸ ਮੌਕੇ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਕੁਝ ਵਿਚਾਰ ਕਰਨ ਨੂੰ ਕਿਹਾ ਪਰ ਮੈਂ ਉਸ ਨੂੰ ਕਿਹਾ ਕਿ ਉਹ ਸਿਰਫ਼ ਪੰਜਾਬ ਦਾ ਸਹਿ-ਇੰਚਾਰਜ ਹੈ ਜਦਕਿ ਸਾਰੀ ਜ਼ਿੰਮੇਵਾਰੀ ਸੰਜੇ ਸਿੰਘ ਕੋਲ ਹੈ | ਇਸ ਲਈ ਜੇ ਕੋਈ ਗੱਲ ਕਰਨੀ ਹੈ ਤਾਂ ਉਨ੍ਹਾਂ ਨਾਲ ਹੀ ਕੀਤੀ ਜਾਵੇ | ਯਾਦਵ ਨੇ ਕਿਹਾ ਕਿ ਇਸ ਮਾਮਲੇ ਨੂੰ ਬੇਅਦਬੀ ਮਾਮਲੇ ਨਾਲ ਜੋੜਨਾ ਅਕਾਲੀ-ਭਾਜਪਾ ਸਰਕਾਰ ਦੀ ਸਾਜ਼ਿਸ਼ ਹੈ | ਇਸ ਮੌਕੇ ਆਪ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਪਹਿਲਾਂ ਇਸ ਪਿੱਛੇ ਆਰ.ਐਸ.ਐਸ. ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਹੱਥ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਸੀ ਪਰ ਕੇਜਰੀਵਾਲ ਦੀ ਪੰਜਾਬ ਫੇਰੀ ਦੇ ਇਕ ਦਿਨ ਪਹਿਲਾਂ ਪਾਰਟੀ ਨੂੰ ਬਦਨਾਮ ਕਰਨ ਲਈ ਇਹ ਦੋਸ਼ ਲਾ ਦਿੱਤੇ ਹਨ | ਪਾਰਟੀ ਨੂੰ ਪੰਜਾਬ ਪੁਲਿਸ ‘ਤੇ ਭਰੋਸਾ ਨਹੀਂ, ਇਸ ਮਸਲੇ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ‘ਚ ਬਣਾਈ ਐਸ.ਆਈ.ਟੀ ਤੋਂ ਕਰਵਾਈ ਜਾਵੇ |
ਡੀ.ਜੀ.ਪੀ. ਨੂੰ ਅੱਜ ਮਿਲਣਗੇ ਸੰਜੇ ਸਿੰਘ
ਮਲੇਰਕੋਟਲਾ ਵਿਵਾਦ ਨੂੰ ਲੈ ਕੇ ਸੰਜੇ ਸਿੰਘ ਕੱਲ੍ਹ 4 ਜੁਲਾਈ ਨੂੰ ਸੂਬੇ ਦੇ ਪੁਲਿਸ ਮੁਖੀ ਸ੍ਰੀ ਸੁਰੇਸ਼ ਅਰੋੜਾ ਨੂੰ ਮਿਲਣਗੇ | ਸੰਜੇ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ‘ਚ ਨਿਰਪੱਖ ਜਾਂਚ ਦੀ ਮੰਗ ਨੂੰ ਲੈ ਕੇ ਪੁਲਿਸ ਮੁਖੀ ਨੂੰ ਮਿਲਣਗੇ |
Source: Ajit Jalandhar