ਸਰਕਾਰ-ਏ-ਖਾਲਸਾ ਮਹਾਰਾਜਾ ਰਣਜੀਤ ਸਿੰਘ

By June 29, 2016 0 Comments


18ਵੀਂ ਸਦੀ ਦਾ ਇਤਿਹਾਸ ਸਿੱਖ ਸੰਘਰਸ਼ ਦੀ ਮੂੰਹ ਬੋਲਦੀ ਤਸਵੀਰ ਹੈ। ਇਕ ਪਾਸੇ ਵੱਖ-ਵੱਖ ਮੁਸਲਿਮ ਸ਼ਾਸਕ ਸਿੱਖਾਂ ਦੀ ਹੋਂਦ ਇਸ ਧਰਤੀ ਤੋਂ ਮਿਟਾਉਣ ਲਈ ਤਤਪਰ ਸਨ। ਦੂਜੇ ਪਾਸੇ ਸਿੱਖ ਸਹਾਦਤਾਂ ਦੇ ਰਸਤੇ ਤੁਰ ਕੇ ਸਿੱਖ ਰਾਜ ਸਥਾਪਿਤ ਕਰਨ ਦੀ ਜੱਦੋ-ਜਹਿਦ ਵਿਚ ਲੱਗੇ ਹੋਏ ਸਨ। ਇਸ ਸਦੀ ਦੇ ਅੰਤ ਵਿਚ ਸਿੱਖਾਂ ਨੇ ਮਿਸਲਾਂ ਦੇ ਰੂਪ ਵਿਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਉੱਪਰ ਆਪਣੇ-ਆਪਣੇ ਸੁਤੰਤਰ ਰਾਜ ਸਥਾਪਿਤ ਕਰ ਲਏ। ਪੰਜਾਬ ਦੀ ਧਰਤੀ ਨੂੰ ਹੁਣ ਕਿਸੇ ਅਜਿਹੇ ਨਾਇਕ ਦੀ ਲੋੜ ਸੀ, ਜਿਹੜਾ ਇਨ੍ਹਾਂ ਮਿਸਲਾਂ ਨੂੰ ਸੰਗਠਿਤ ਕਰਕੇ ਸਿੱਖ ਰਾਜ ਦੀ ਸਥਾਪਨਾ ਕਰ ਸਕੇ। ਇਤਿਹਾਸ ਦੀ ਇਸ ਮੰਗ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੂਰਾ ਕੀਤਾ।

ਪੰਜਾਬ ਦੇ ਇਸ ਮਹਾਨ ਨਾਇਕ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਨਵੰਬਰ, 1780 ਈ: ਵਿਚ ਗੁਜਰਾਂਵਾਲਾ ਵਿਖੇ ਸੁਕਰਚੱਕੀਆ ਮਿਸਲ ਦੇ ਸਰਦਾਰ ਸ. ਮਹਾਂ ਸਿੰਘ ਦੇ ਘਰ ਹੋਇਆ। ਮਹਾਰਾਜਾ ਰਣਜੀਤ ਸਿੰਘ ਬਚਪਨ ਤੋਂ ਘੋੜ ਸਵਾਰੀ, ਤਲਵਾਰਬਾਜੀ, ਤੈਰਾਕੀ ਆਦਿ ਬੀਰ ਰੁਚੀਆਂ ਦਾ ਸ਼ੌਕੀਨ ਸੀ। ਵਿਰਸੇ ਵਿਚ ਮਿਲੇ ਸਿੱਖ ਧਰਮ ਦੀ ਪ੍ਰੇਰਣਾ ਸਦਕਾ ਮਹਾਰਾਜਾ ਨਿਰਭੈਤਾ, ਨਿਰਵੈਰਤਾ, ਸ਼ਹਿਣਸ਼ੀਲਤਾ ਤੇ ਉਦਾਰਤਾ ਵਰਗੇ ਦੈਵੀ ਗੁਣਾਂ ਦਾ ਧਾਰਨੀ ਬਣ ਗਿਆ। ਮਹਾਰਾਜੇ ਵਿਚਲੀ ਸਾਹਸ, ਬਹਾਦਰੀ, ਦਲੇਰੀ ਨੇ ਉਨ੍ਹਾਂ ਨੂੰ ਚੜ੍ਹਦੀ ਜਵਾਨੀ ਵਿਚ ਹੀ ਸਿੱਖ ਰਾਜ ਨੂੰ ਸੰਗਠਿਤ ਕਰਨ ਵੱਲ ਪ੍ਰੇਰਿਆ।

1799 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ’ਤੇ ਕਬਜ਼ਾ ਕਰਕੇ ਪੰਜਾਬ ਵਿਚ ਖ਼ਾਲਸਾ ਰਾਜ ਸਥਾਪਿਤ ਕਰ ਲਿਆ। ਸਥਾਪਿਤ ਕੀਤੇ ਰਾਜ ਨੂੰ ਆਪਣੇ ਪਰਿਵਾਰ ਜਾਂ ਮਿਸਲ ਦੇ ਨਾਮ ਹੇਠ ਨਾ ਜੋੜ ਕੇ ਇਸਨੂੰ ਸਰਕਾਰ-ਏ-ਖ਼ਾਲਸਾ ਦੀ ਉਪਾਧੀ ਦਿੱਤੀ। ਰਾਜ ਦੀ ਮੋਹਰ ਉਤੇ ਸ੍ਰੀ ਅਕਾਲ ਜੀ ਸਹਾਇ ਅਤੇ ਸਿੱਕਿਆਂ ਉਤੇ ਨਾਨਕ ਸਹਾਇ ਜਾਂ ਗੋਬਿੰਦ ਸਹਾਇ ਉਕਰਿਆ ਹੁੰਦਾ ਸੀ। ਮਹਾਰਾਜਾ ਆਪਣੇ ਦਿਨ ਦੇ ਕੰਮਾਂਕਾਰਾਂ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ, ਹੁਕਮਨਾਮਾ ਸੁਣਨ ਉਪਰੰਤ ਕਰਦੇ ਸਨ। ਉਹ ਹਰ ਮੁਹਿੰਮ ਤੇ ਜਾਣ ਤੋਂ ਪਹਿਲਾਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਅੱਗੇ ਅਰਦਾਸ ਕਰਦੇ ਅਤੇ ਜਿੱਤ ਤੋਂ ਬਾਅਦ ਸ਼ੁਕਰਾਨੇ ਲਈ ਸ਼ਬਦ ਗੁਰੂ ਸਾਹਮਣੇ ਨਤਮਸਤਕ ਹੁੰਦੇ। ਉਨ੍ਹਾਂ ਦੇ ਰਾਜ ਦੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸ ਵਿਚ ਸਿੱਖਾਂ ਦੀ ਗਿਣਤੀ ਸਿਰਫ 8 ਪ੍ਰਤੀਸ਼ਤ ਸੀ। ਬਾਕੀ 92 ਪ੍ਰਤੀਸ਼ਤ ਜਨਤਾ ਹਿੰਦੂ ਜਾਂ ਇਸਲਾਮ ਧਰਮ ਨਾਲ ਸੰਬੰਧਿਤ ਸੀ। ਉਨ੍ਹਾਂ ਦੇ ਰਾਜ ਵਿਚ ਹਰੇਕ ਧਰਮ ਵਾਲਾ ਅਜ਼ਾਦਾਨਾ ਮਹੌਲ ਦਾ ਆਨੰਦ ਮਾਣਦਾ ਸੀ। ਕੱਟੜਵਾਦ, ਤੰਗਦਿਲੀ ਤੋਂ ਮਹਾਰਾਜਾ ਕੋਹਾਂ ਦੂਰ ਸੀ। ਉਨ੍ਹਾਂ ਦੇ ਮਨ ਅੰਦਰ ਸਾਰੇ ਧਰਮਾਂ ਦਾ ਸਤਿਕਾਰ ਸੀ। ਇਸ ਉਦਾਰਨਿਤੀ ਕਰਕੇ ਹੀ ਉਨ੍ਹਾਂ ਨੇ ਨਾ ਕੇਵਲ ਸਿੱਖ ਗੁਰਦੁਆਰਿਆਂ ਦੇ ਨਾਮ ਵੱਡੀਆਂ ਜਗੀਰਾਂ ਲਗਵਾਈਆਂ ਬਲਕਿ ਹਿੰਦੂ ਮੰਦਰਾਂ, ਮਸਜਿਦਾਂ ਦੇ ਨਿਰਮਾਣ ਵਾਸਤੇ ਵੀ ਭਾਰੀ ਖਜ਼ਾਨੇ ਦਿੱਤੇ।

ਬੇਸ਼ੱਕ 1809 ਈ: ਵਿਚ ਅੰਗਰੇਜ਼ਾਂ ਨਾਲ ਹੋਈ ਅੰਮ੍ਰਿਤਸਰ ਦੀ ਸੰਧੀ ਨੇ ਮਹਾਰਾਜੇ ਦੀ ਸਮੁੱਚੇ ਸਿੱਖ ਖੇਤਰ ਨੂੰ ਸਰਕਾਰੇ-ਏ-ਖ਼ਾਲਸਾ ਦਾ ਹਿੱਸਾ ਬਣਾਉਣ ਦੀ ਅਭਿਲਾਸ਼ਾ ਪੂਰੀ ਨਾ ਹੋਣ ਦਿੱਤੀ ਪਰ ਫਿਰ ਉਨ੍ਹਾਂ ਦੇ ਰਾਜ ਦੀਆਂ ਹੱਦਾਂ ਚੀਨ, ਦੱਰਾ ਖੈਬਰ ਤੇ ਅਫ਼ਗਾਨਿਸਤਾਨ ਨਾਲ ਜਾ ਲਗਦੀਆਂ ਸਨ। ਮਹਾਰਾਜੇ ਦੀ ਦੂਰ ਦ੍ਰਿਸ਼ਟੀ, ਤਾਕਤ, ਖ਼ਾਲਸਾ ਫ਼ੌਜ ਤੋਂ ਤਾਂ ਅੰਗਰੇਜ਼ ਵੀ ਥਰ-ਥਰ ਕੰਬਦੇ ਸਨ। ਇਸੇ ਲਈ ਤਾਂ ਮਹਾਰਾਜੇ ਦੇ ਜੀਉਂਦੇ ਜੀਅ ਸਿੱਖ ਰਾਜ ਨੂੰ ਹਥਿਆਉਣ ਦੀ ਸੋਚ ਵੀ ਨਾ ਸਕੇ। ਜਿੱਥੇ ਮਹਾਰਾਜਾ ਆਪ ਇਕ ਮਹਾਨ ਜਰਨੈਲ ਸੀ, ਉੱਥੇ ਉਹ ਬਹਾਦਰ ਜਰਨੈਲਾਂ ਦਾ ਕਦਰਦਾਨ ਵੀ ਸੀ। ਸ. ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਪ੍ਰਤੀ ਮਹਾਰਾਜੇ ਦਾ ਸਤਿਕਾਰ ਇਸ ਤੱਥ ਦੀ ਪ੍ਰੋੜਤਾ ਕਰਦਾ ਹੈ।ਇਸ ਦੇ ਨਾਲ-ਨਾਲ ਮਹਾਰਾਜਾ ਲਿਖਾਰੀਆਂ ਤੇ ਵਿਦਵਾਨਾਂ ਦਾ ਵੀ ਬਹੁਤ ਕਦਰਦਾਨ ਸੀ। ਮੁਨਸ਼ੀ ਸੋਹਣ ਲਾਲ, ਦੀਵਾਨ ਅਮਰ ਨਾਥ, ਗਨੇਸ਼ ਦਾਸ, ਕਾਦਰਯਾਰ ਤੇ ਹਾਸ਼ਮ ਸ਼ਾਹ ਮਹਾਰਾਜੇ ਦੇ ਸਤਿਕਾਰ ਤੇ ਪਿਆਰ ਦੇ ਪਾਤਰ ਸਨ।

ਮਹਾਰਾਜਾ ਕੁਦਰਤ ਦਾ ਵੀ ਬਹੁਤ ਕਦਰਦਾਨ ਸੀ। ਉਹ ਬਾਗ-ਬਗੀਚੇ ਲਗਾਉਣ ਵਿਚ ਖਾਸ ਦਿਲਚਸਪੀ ਰੱਖਦੇ ਸਨ। ਉਹ ਆਪਣੇ ਦਰਬਾਰੀਆਂ ਤੇ ਸਰਦਾਰਾਂ ਨੂੰ ਵੀ ਬਾਗ ਬਗੀਚੇ ਲਗਾਉਣ ਲਈ ਉਤਸ਼ਾਹਿਤ ਕਰਦੇ ਰਹਿੰਦੇ ਸਨ। ਉਨ੍ਹਾਂ ਨੇ ਕਈ ਬਾਗ ਨਵੇਂ ਆਬਾਦ ਕਰਵਾਏ ਤੇ ਕਈ ਉਜੜਿਆਂ ਬਾਗਾਂ ਨੂੰ ਪੁਨਰ ਅਬਾਦ ਕਰਵਾਇਆ। ਦੀਨਾਨਾਥ ਦਾ ਬਗੀਚਾ, ਲਾਹੌਰ ਦਾ ਬਦਾਮੀ ਬਾਗ, ਦੀਵਾਨ ਰਤਨ ਚੰਦ ਦੜ੍ਹੀਵਾਲ ਦਾ ਬਾਗ, ਰਾਮ ਬਾਗ, ਅੰਮ੍ਰਿਤਸਰ, ਸ਼ਾਹ ਆਲਮ ਗੇਟ, ਲਾਹੌਰ ਦੇ ਹਜ਼ੂਰੀ ਬਾਗ ਉਨ੍ਹਾਂ ਦੇ ਸਮੇਂ ਦੇ ਪ੍ਰਸਿੱਧ ਬਾਗ਼ ਸਨ। ਇਸ ਤੋਂ ਇਲਾਵਾ ਦੀਨਾਨਗਰ, ਬਟਾਲੇ, ਮੁਲਤਾਨ ਅਤੇ ਕਈ ਹੋਰ ਥਾਵਾਂ ’ਤੇ ਵੀ ਉਨ੍ਹਾਂ ਨੇ ਪ੍ਰਸਿੱਧ ਬਾਗ ਬਣਵਾਏ।ਮਹਾਰਾਜਾ ਗਰਮੀ ਦੇ ਮਹੀਨੇ ਦੀਨਾਨਗਰ ਅਤੇ ਬਟਾਲੇ ਵਿਚ ਬਣੇ ਆਪਣੇ ਮਹੱਲਾਂ ਵਿਚ ਗੁਜਾਰਦੇ ਸਨ। ਦੋ ਮੰਜ਼ਲਾਂ ਮਕਾਨ ਉਨ੍ਹਾਂ ਨੇ ਪਹੀਆਂ ਉੱਪਰ ਵੀ ਬਣਾਇਆ ਹੁੰਦਾ ਸੀ। ਜਿਸ ਨੂੰ ਉਹ ਅਕਸਰ ਦੀਨਾਨਗਰ ਲੈ ਜਾਂਦੇ ਸਨ। ਦੀਨਾਨਗਰ ਵਿਖੇ ਅੱਜ ਵੀ ਮਹਾਰਾਜੇ ਦੇ ਮਹੱਲ ਦੇ ਮੱਧਮ ਨਿਸ਼ਾਨ ਇਨ੍ਹਾਂ ਯਾਦਾਂ ਨੂੰ ਤਾਜ਼ਾ ਕਰਵਾਉਂਦੇ ਹਨ।

ਇਨ੍ਹਾਂ ਸਾਰੇ ਗੁਣਾਂ ਤੋਂ ਇਲਾਵਾ ਉਨ੍ਹਾਂ ਦਾ ਨਿਆ ਪ੍ਰਬੰਧ ਅਤਿ ਸਲਾਹੁਣ ਯੋਗ ਸੀ ਕਿਉਂ ਕਿ ਉਨ੍ਹਾਂ ਦੇ ਰਾਜ ਵਿਚ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਸੀ ਦਿੱਤੀ ਜਾਂਦੀ। ਗਲਤੀ ਕਰਨ ਵਾਲਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਕੰਮ ਤੋਂ ਬਰਖ਼ਾਸਤ ਕਰਨ, ਤਨਖਾਹ ਕੱਟਣ, ਜਗੀਰ ਖੋਹ ਲੈਣ, ਜੁਰਮਾਨਾ ਲਾਉਣ, ਕੈਦ ਕਰਨ ਵਰਗੀਆਂ ਸਜਾਵਾਂ ਦਿੱਤੀਆਂ ਜਾਂਦੀਆਂ ਸਨ।

ਉਨ੍ਹਾਂ ਦੇ ਰਾਜ ਵਿਚ ਅਹੁਦਿਆਂ ਦੀ ਵੰਡ ਕਰਨ ਲੱਗਿਆਂ ਧਰਮ, ਜਾਤੀ ਨੂੰ ਅਧਾਰ ਨਹੀਂ ਸੀ ਬਣਾਇਆ ਜਾਂਦਾ। ਮਹਾਰਾਜਾ ਰਣਜੀਤ ਸਿੰਘ ਹਰ ਖੇਤਰ ਤੋਂ ਆਪਣੇ ਰਾਜ ਨੂੰ ਉਚਾ ਚੁਕਣਾ ਚਾਹੁੰਦੇ ਸਨ। ਉਨ੍ਹਾਂ ਦੇ ਰਾਜ ਵਿਚ ਹਰ ਮਨੁਖ ਅਜ਼ਾਦੀ ਨਾਲ ਜੀਵਨ ਬਸਰ ਕਰ ਸਕੇ ਇਹੀ ਉਨ੍ਹਾਂ ਦਾ ਮੁਖ ਉਦੇਸ਼ ਸੀ।

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜੋਰ ਦੇ ਮੁਲਕ ਹਿਲਾਇ ਗਿਆ।

ਮੁਲਤਾਨ ਕਸ਼ਮੀਰ, ਪਸ਼ੌਰ ਚੰਬਾ, ਜੰਮੂ, ਕਾਂਗੜਾ ਕੋਟ ਨਿਵਾਇ ਗਿਆ।

ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ, ਅਛਾ ਰਜ ਕੇ ਰਾਜ ਕਮਾਇ ਗਿਆ।

ਸ਼ਾਹ ਮੁਹੰਮਦ ਦੇ ਇਸ ਕਥਨ ਦੀ ਸਚਾਈ ਦਾ ਸਬੂਤ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਤੇਜ ਪਰਤਾਪ ਸਚਮੁਚ ਚਮਕਦੇ ਸੂਰਜ ਵਾਂਗ ਸੀ। ਉਸਦੀ ਸ਼ਕਤੀ ਅਟਕ ਦੇ ਅਥਰੇਪਣ ਨੂੰ ਅਟਕਾਉਣ ਦੇ ਸਮਰਥ ਸੀ। ਉਸ ਦੀ ਤੇਗ ਦੀ ਤਿਖੀ ਧਾਰ ਅੱਗੇ ਕਾਬਲ ਕੰਧਾਰ ਦੇ ਜ਼ਾਲਮ ਪਠਾਣਾਂ ਨੇ ਸੀਸ ਨਿਵਾ ਦਿੱਤੇ। ਫਤਹ ਸਦਾ, ਉਸ ਦੇ ਪੈਰ ਚੁੰਮਦੀ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ, ਜਿਸ ਨੇ ਅਠਾਰਵੀਂ ਸਦੀ ਵਿਚ ਖਿੰਡਰੀ-ਪੁੰਡਰੀ ਤੇ ਲਹੂ-ਲੁਹਾਨ ਹੋਈ ਖਾਲਸੇ ਦੀ ਸ਼ਕਤੀ ਦਾ ਏਕੀਕਰਨ ਕਰਦਿਆਂ ਇਕ ਮਜ਼ਬੂਤ ਖਾਲਸਾ-ਰਾਜ ਦੀ ਸਥਾਪਨਾ ਕੀਤੀ ਸੀ। ਉਸ ਦੀ ਕੀਤੀ ਘਾਲ ਕਮਾਈ ਉਪਰ ਅੱਜ ਸਮੁਚਾ ਪੰਥ ਮਾਣ ਕਰ ਸਕਦਾ ਹੈ।

ਉਨ੍ਹਾਂ ਦਾ ਰਾਜ-ਭਾਗ, ਗੁਰੂ ਸਾਹਿਬ ਦੇ ਬਚਨਾਂ ‘ਰਾਜਾ ਤਖਤ ਟਿਕੈ ਗੁਣੀ ਭੈ ਪੰਚਾਇਣ ਰਤ’ ਦਾ ਪੂਰਕ ਸੀ, ਪਰੰਤੂ ਪੰਜਾਬ ਦੇ ਸੁਨਹਿਰੀ ਯੁੱਗ ਦਾ ਪਤਨ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ (ਜੂਨ 1839 ਈ:) ਨਾਲ ਹੀ ਹੋ ਗਿਆ। ਮਹਾਰਾਜੇ ਦਾ ਸਸਕਾਰ ਛੋਟੀ ਰਾਵੀ ਦੇ ਕੰਡੇ ਲਾਹੌਰ ਕਿਲ੍ਹੇ ਦੇ ਬਾਹਰ ਗੁਰਦੁਆਰਾ ਡੇਰਾ ਸਾਹਿਬ ਦੇ ਸਾਹਮਣੇ ਕੀਤਾ ਗਿਆ। 1947 ਈ: ਵਿਚ ਹੋਈ ਵੰਡ ਕਾਰਣ ਇਹ ਸਭ ਯਾਦਗਾਰਾਂ ਪੱਛਮੀ ਪੰਜਾਬ ਵਿਚ ਰਹਿ ਗਈਆਂ। ਪੰਜਾਬ ਦੇ ਇਸ ਮਹਾਨ ਨਾਇਕ ਦੀ 173ਵੀਂ ਬਰਸੀ ਹਰ ਸਾਲ ਵਾਂਗ 29 ਜੂਨ ਨੂੰ ਦੇਸ਼-ਵਿਦੇਸ਼ ਵਿਚ ਮਨਾਈ ਜਾਂਦੀ ਹੈ।

ਅਵਤਾਰ ਸਿੰਘ

ਪ੍ਰਧਾਨ,

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,

ਸ੍ਰੀ ਅੰਮ੍ਰਿਤਸਰ।

Posted in: ਸਾਹਿਤ