ਮਹਾਰਾਜਾ ਰਣਜੀਤ ਸਿੰਘ ਦਾ ਸਿੱਖੀ ਪ੍ਰੇਮ

By June 29, 2016 0 Comments


ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ
(ਪੇਸ਼ਕਰਤਾ ਸ. ਰਣਜੀਤ ਸਿੰਘ)
maharaja ranjit singh
ਕੁਝ ਕੁ ਲੋਕ ਪੱਖਪਾਤੀ ਇਤਿਹਾਸਕਾਰਾਂ ਦੇ ਲੇਖ ਪੜ੍ਹ ਕੇ ਕਹਿ ਉਠਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਧਾਰਮਿਕ ਜੀਵਨ ਵਿਚ ਢਿੱਲਾ ਸੀ। ਆਓ ਮਹਾਰਾਜਾ ਦੇ ਇਸ ਜੀਵਨ ਦੇ ਇਸ ਪੱਖ ਪਰ ਵੀ ਭੋਰਾ ਕੁ ਵਿਚਾਰ ਕਰੀਏ ਕਿ ਇਹ ਖਿਆਲ ਕਿਥੋਂ ਤੱਕ ਸੱਚ ਹੈ। ਜਦ ਅਸੀਂ ਇਸ ਪੱਖ ਬਾਰੇ ਖੋਜ ਕਰਦੇ ਹਾਂ ਤਾਂ ਉਸ ਸਮੇਂ ਦੀਆਂ ਲਿਖਤਾਂ ਤੋਂ ਪਤਾ ਮਿਲਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਸਾਲ ਵਿਚੋਂ ਬਹੁਤ ਸਾਰਾ ਸਮਾਂ ਸ੍ਰੀ ਅੰਮ੍ਰਿਤਸਰ ਜੀ ਵਿਖੇ ਬਿਤਾਉਂਦਾ ਅਤੇ ਇਥੇ ਵਧੇਰਾ ਸਮਾਂ ਗੁਰੂਬਾਣੀ ਦੀ ਕਥਾ ਦੇ ਸਤਸੰਗ ਵਿਚ ਗੁਜ਼ਾਰਦਾ ਹੁੰਦਾ ਸੀ। ਉਹ ਦਰਬਾਰ ਸਾਹਿਬ ਜੀ ਦੀ ਸੇਵਾ ਅਤੇ ਸ਼ਾਨ ਨੂੰ ਵਧਾਉਣ ਵਿਚ ਲੱਖਾਂ ਰੁਪਏ ਸਾਲਾਨਾ ਅਰਦਾਸ ਕਰਵਾਉਂਦਾ ਹੁੰਦਾ ਸੀ। ‘ਪਿਛਲੇ ਸਾਲ (ਸੰਮਤ 1872 ਬਿ.) ਵਿਚ ਪੰਜਾਹ ਹਜ਼ਾਰ ਰੁਪਿਆ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੰਘਾਸਨ ਬਣਾਉਣ ਲਈ ਦਿੱਤਾ।’ (ਮੈਕਗਰੇਗਰ)

ਸ਼ੇਰਿ ਪੰਜਾਬ ਦੀਆਂ ਸਾਰੀਆਂ ਖੁਸ਼ੀਆਂ ਵਿਚੋਂ ਵੱਡੀ ਖੁਸ਼ੀ ਇਹ ਸੀ ਕਿ ਜਿਹੜੀ ਚੀਜ਼ ਉਸ ਨੂੰ ਵਧੇਰੀ ਪਿਆਰੀ ਲਗਦੀ ਉਹ ਉਸ ਨੂੰ ਪਿਆਰੇ ਸਤਿਗੁਰੂ ਜੀ ਦੇ ਨਾਮ ਪਰ ਸਮਰਪਣ ਕਰਦਾ ਹੁੰਦਾ ਸੀ। ਆਪਣੇ ਸਮੇਂ ਦੀ ਜਰਬ (ਸਿੱਕਾ) ਆਪਣੇ ਨਾਮ ਦੀ ਥਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਪਰ Ḕਨਾਨਕਸ਼ਾਹੀ’ ਚਲਾਇਆ। ਸ੍ਰੀ ਅੰਮ੍ਰਿਤਸਰ ਜੀ ਦੇ ਪ੍ਰਸਿੱਧ ਕਿਲੇ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਪਰ ‘ਗੋਬਿੰਦਗੜ੍ਹ’ ਰੱਖਿਆ। ਇਥੋਂ ਦੇ ਵੱਡੇ ਬਾਗ ਦਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਦੀ ਯਾਦ ਵਿਚ ‘ਰਾਮ ਬਾਗ’ ਚੁਣਿਆ।
ਸੰਨ 1826 ਈ. ਵਿਚ ਨਿਜ਼ਾਮ ਦੱਖਣ ਨੇ ਇਕ ਬਹੁਮੁੱਲੀ ਚਾਂਦਨੀ ਮਹਾਰਾਜਾ ਸਾਹਿਬ ਦੀ ਸੇਵਾ ਵਿਚ ਭੇਜੀ ਜਿਸ ਪਰ ਬਹੁਮੁੱਲਾ ਕਾਰੋਬਾਰੀ ਕੰਮ ਹੋਇਆ ਸੀ। ਇਹ ਚਾਂਦਨੀ ਸ਼ਾਲਾਮਾਰ ਬਾਗ ਦੇ ਵੱਡੇ ਚਮਨ ਵਿਚ ਚਾਂਦੀ ਦੀਆਂ ਚੋਬਾਂ ਤੇ ਤਾਣੀ ਗਈ। ਇਸ ਸਮੇਂ ਦੇਵਨੇਤ ਨਾਲ ਬਸੰਤ ਦਾ ਵਾਰਸ਼ਿਕ ਵੱਡਾ ਦਰਬਾਰ ਸੀ। ਮਹਾਰਾਜਾ ਸਾਹਿਬ ਦਰਬਾਰ ਵਿਚ ਆਏ, ਚਾਂਦਨੀ ਦੀ ਛਬ ਨੂੰ ਜਦ ਨਿਗਾਹ ਭਰ ਕੇ ਤੱਕਿਆ ਤੇ ਉਸ ਦੇ ਦਿਲ ਵਿਚ ਗੁਰੂ ਪਿਆਰ ਨੇ ਇੰਨਾ ਉਛਾਲ ਖਾਧਾ ਕਿ ਉਹ ਇਕਾ ਇਕ ਚਾਂਦਲੀ ਦੇ ਹੇਠੋਂ ਬਾਹਰ ਆ ਗਿਆ, ਉਸ ਨੂੰ ਦੇਖ ਕੇ ਸਾਰੇ ਦਰਬਾਰੀਆਂ ਨੂੰ ਵੀ ਇਸੇ ਤਰ੍ਹਾਂ ਕਰਨਾ ਪਿਆ। ਇਸ ਸਮੇਂ ਸਭ ਤੋਂ ਪਹਿਲੀ ਗੱਲ ਜੋ ਮਹਾਰਾਜੇ ਦੇ ਮੂੰਹੋਂ ਨਿਕਲਦੀ ਹੋਈ ਸੁਣੀ ਗਈ, ਉਹ ਇਹ ਸੀ ਕਿ ਚਾਂਦਨੀ ਅਤਿ ਸੁੰਦਰ ਹੈ ਅਤੇ ਇਹ ਮੇਰੇ ਅਤਿ ਸੁੰਦਰ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਸੁਹਣੇ ਦਰਬਾਰ ਵਿਚ ਸਜਣੀ ਚਾਹੀਦੀ ਹੈ, ਮੈਂ ਇਸ ਹੇਠ ਬੈਠਣ ਦੇ ਯੋਗ ਨਹੀਂ। ਇਸ ਦੇ ਹੇਠ ਸਤਿਗੁਰੂ ਜੀ ਦੀ ਪਿਆਰੀ ਸੰਗਤ ਬੈਠੀ ਹੋਈ ਸ਼ੋਭਦੀ ਹੈ। ਉਸ ਵਕਤ ਇਹ ਚਾਂਦਨੀ ਸਣੇ ਜ਼ਰੂਰੀ ਸਾਮਾਨ ਦੇ ਸ੍ਰੀ ਅੰਮ੍ਰਿਤਸਰ ਜੀ ਭੇਜੀ ਗਈ, ਜੋ ਸ੍ਰੀ ਦਰਬਾਰ ਸਾਹਿਬ ਜੀ ਦੇ ਤੋਸ਼ਖਾਨੇ ਵਿਚ ਅੱਜ ਤੱਕ ਮੌਜੂਦ ਹੈ। (ਨੋਟ: ਸਾਕਾ ਜੂਨ 1984 ਦੇ ਦੌਰਾਨ ਜਦੋਂ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਉਤੇ ਤੋਪਾਂ ਦੇ ਗੋਲੇ ਵਰ੍ਹਾਏ ਗਏ ਤਾਂ ਇਹ ਇਤਿਹਾਸਕ ਚਾਂਦਨੀ ਨੂੰ ਅੱਗ ਨਾਲ ਸੜਕੇ ਰਾਖ ਹੋ ਗਈ ਸੀ।-ਰæਸ਼)
ਜਿੱਥੇ ਸ਼ੇਰਿ ਪੰਜਾਬ ਆਪਣੇ ਧਰਮ ਲਈ ਇੰਨੀ ਸ਼ਰਧਾ ਰੱਖਦਾ ਸੀ, ਉਥੇ ਇਹ ਆਪਣੇ ਮੁਸਲਮਾਨ ਅਤੇ ਹਿੰਦੂਆਂ ਭਾਈਆਂ ਦੇ ਮਜ਼੍ਹਬੀ ਭਾਵਾਂ ਦਾ ਪੂਰਾ ਪੂਰਾ ਸਤਿਕਾਰ ਰੱਖਦਾ ਹੁੰਦਾ ਸੀ। ਯੁੱਧ ਸਮੇਂ ਮਹਾਰਾਜਾ ਸਾਹਿਬ ਦਾ ਜਰਨੈਲਾਂ ਲਈ ਇਕ ਆਮ ਹੁਕਮ ਸੀ ਕਿ ‘ਵੈਰੀਆਂ ਦੇ ਧਾਰਮਿਕ ਅਸਥਾਨਾਂ, ਧਾਰਮਿਕ ਪੁਸਤਕਾਂ ਦੀ ਬੇਅਦਬੀ, ਇਸਤਰੀਆਂ ਦੀ ਕੋਈ ਬੇਪਤੀ ਨਾ ਕਰੋ।’ ਮਹਾਰਾਜਾ ਸਾਹਿਬ ਦੇ ਇਨ੍ਹਾਂ ਖਿਆਲਾਂ ਤੋਂ ਨਾ ਕੇਵਲ ਦੇਸੀ ਲੋਕ ਹੀ ਜਾਣੂ ਸਨ ਸਗੋਂ ਉਸ ਸਮੇਂ ਦੀ ਅੰਗਰੇਜ਼ੀ ਹਕੂਮਤ ਵੀ ਚੰਗੀ ਤਰ੍ਹਾਂ ਵਾਕਫ਼ ਸੀ। ਸੰਨ੍ਹ 1828 ਈ. ਵਿਚ ਜਦ ਅੰਗਰੇਜ਼ੀ ਤੇ ਖਾਲਸਾ ਫੌਜ ਨੇ ਸੰਮਲਿਤ ਹੋ ਕੇ ਅਫ਼ਗਾਨਿਸਤਾਨ ਪਰ ਚੜ੍ਹਾਈ ਕੀਤੀ ਤਾਂ ਉਸ ਸਮੇਂ ਜਿਹੜੀਆਂ ਸ਼ਰਤਾਂ ਮਹਾਰਾਜਾ ਸਾਹਿਬ, ਅੰਗਰੇਜ਼ੀ ਹਕੂਮਤ ਤੇ ਸ਼ਾਹਸੁਜ਼ਾ ਵਿਚ ਤਹਿ ਹੋਈਆਂ, ਉਨ੍ਹਾਂ ਵਿਚ ਸ਼ੇਰਿ ਪੰਜਾਬ ਨੇ ਆਪਣੀ ਹਿੰਦੂ ਪਰਜਾ ਦੇ ਧਾਰਮਿਕ ਭਾਵ ਨੂੰ ਮੁੱਖ ਰੱਖ ਕੇ ਹੋਰ ਸ਼ਰਤਾਂ ਤੋਂ ਛੁੱਟ ਇਕ ਇਹ ਸ਼ਰਤ ਵੀ ਸ਼ਾਹਸੁਜ਼ਾ ਨੂੰ ਮਨਵਾਈ ਸੀ ਕਿ ਸੋਮਨਾਥ ਦੇ ਪ੍ਰਸਿੱਧ ਮੰਦਰ ਦਾ ਚੰਦਨ ਦਾ ਦਰਵਾਜ਼ਾ ਜਿਹੜਾ ਸੰਨ 1024 ਵਿਚ ਮਹਿਮੂਦ ਗਜ਼ਨਵੀ ਹਿੰਦ ਤੋਂ ਲੁੱਟ ਕੇ ਲੈ ਗਿਆ ਸੀ, ਉਸ ਦਰਵਾਜ਼ੇ ਨੂੰ ਮੁੜ ਇਥੇ ਵਾਪਸ ਪਹੁੰਚਾ ਦਿੱਤਾ ਜਾਏ।’ ਇਸ ਤੋਂ ਸੌਖਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਆਪਣੇ ਗੁਆਂਢੀ ਭਰਾਵਾਂ ਦੇ ਧਾਰਮਿਕ ਜਜ਼ਬਾਤਾਂ ਦਾ ਕਿੰਨਾ ਪਿਆਰ ਆਪਣੇ ਮਨ ਵਿਚ ਰੱਖਦਾ ਸੀ।
——————————–
ਸ੍ਰੀ ਦਰਬਾਰ ਸਾਹਿਬ ਜੀ ਦੇ ਸ਼ਿਲਾਲੇਖ
ਸ੍ਰੀ ਅੰਮ੍ਰਿਤਸਰ ਜੀ ਦੇ ਦਰਬਾਰ ਸਾਹਿਬ ਦੇ ਗੁੰਬਜ ਤੇ ਜਦ ਸੋਨੇ ਦਾ ਬਹੁਤ ਸਾਰਾ ਕੰਮ ਮਹਾਰਾਜਾ ਸਾਹਿਬ ਵੱਲੋਂ ਹੋਇਆ ਤਦ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ ਛੋਟੀ ਪਰਿਕਰਮਾ ਦੇ ਦਰਸ਼ਨੀ ਦਰਵਾਜ਼ੇ ਦੇ ਉਪਰ ਸੁਨਹਿਰੀ ਪਟੜੇ ਪਰ ਇਹ ਲਿਖਵਾ ਕੇ ਲਾ ਦਿੱਤਾ ਕਿ ਸੋਨੇ ਦਾ ਇਹ ਸਾਰਾ ਕੰਮ ਰਣਜੀਤ ਸਿੰਘ ਨੇ ਕਰਵਾਇਆ ਹੈ। ਆਖ਼ਦੇ ਹਨ ਕਿ ਜਦ ਮਹਾਰਾਜਾ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਉਸੇ ਵਕਤ ਉਸ ਲਿਖਤ ਨੂੰ ਉਠਵਾ ਦਿੱਤਾ ਤੇ ਕਹਿਣ ਲੱਗੇ ਕਿ ਗੁਰੂ ਨੇ ਮਿਹਰ ਕੀਤੀ ਕਿ ਮੇਰੇ ਤੋਂ ਸੇਵਾ ਲੀਤੀ, ਮੈਂ ਕੌਣ ਹਾਂ ਸੇਵਾ ਕਰਨ ਵਾਲਾ? ਛੇਕੜ ਕਈਆਂ ਦੇ ਇਹ ਕਹਿਣ ਪਰ ਕਿ ਪਟੜੇ ਦਾ ਅਸਰ ਔਣ ਵਾਲੀ ਸੰਤਾਨ ‘ਤੇ ਚੰਗਾ ਪਏਗਾ ਤਾਂ ਮਸੇਂ ਕਿਤੇ ਆਗਿਆ ਦਿੱਤੀ, ਪਰ ਪਟੜੇ ਦੀ ਪਹਿਲੀ ਲਿਖਤ ਬਦਲਾ ਕੇ ਉਸ ਦੀ ਥਾਂ ਅੱਗੇ ਲਿਖੀ ਲਿਖਤ ਲਿਖਵਾਈ :-
ੴ ਸਤਿਨਾਮੁ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।।ਜਪ।। ਆਦਿ ਸਚੁ।। ਜੁਗਾਦਿ ਸਚੁ।। ਹੈ ਵੀ ਸਚੁ।। ਨਾਨਕ ਹੋਸੀ ਭੀ ਸਚੁ।।
ਸ੍ਰੀ ਮਹਾਰਾਜਾ ਗੁਰੂ ਸਾਹਿਬ ਜੀ ਨੇ ਆਪਣੇ ਪਰਮ ਸੇਵਕ ਨੂੰ ਸਿੱਖ ਜਾਣਕਾਰ ਸ੍ਰੀ ਦਰਬਾਰ ਸਾਹਿਬ ਜੀ ਦੀ ਸੇਵਾ ਸ੍ਰੀ ਮਹਾਰਾਜਾ ਸਿੰਘ ਸਾਹਿਬ ਰਣਜੀਤ ਸਿੰਘ ਜੀ ਪਰ ਦਯਾ ਕਰਕੇ ਕਰਾਈ। ਸੰਮਤ 1887 ਬਿ.।
ਇਸੇ ਤਰ੍ਹਾਂ ਘੰਟਾ ਘਰ ਦੇ ਪਾਸੇ ਜੋ ਦਰਵਾਜ਼ਾ ਹੈ, ਉਸ ‘ਤੇ ਇਹ ਅੱਖਰ ਲਿਖੇ ਹਨ :-
ੴ ਸਤਿਨਾਮ ਕਰਤਾ ਪੁਰਖ ਨਿਰਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।।
ਸ੍ਰੀ ਸਤਿਗੁਰੂ ਜੀ ਖਾਲਸੇ ਜੀ ਕਾ ਸਦਾ ਬੋਲਾ ਬਾਲਾ ਰੱਖੇ, ਸੇਵਾ ਸ੍ਰੀ ਗੁਰੂ ਰਾਮਦਾਸ ਜੀ ਕੀ ਸਰਣ ਕੀ ਅਰ ਸੰਗ ਸੁਪੈਦ (ਸੰਗ ਮਰਮਰ) ਕੀ ਵਡਭਾਗੀ ਜਾਣ ਕੇ ਸ੍ਰੀ ਮਹਾਰਾਜਾ ਰਣਜੀਤ ਸਿੰਘ ਜੀ ਪਾਸੋਂ ਸੇਵਾ ਕਰਾਈ। ਮਾਰਫ਼ਤ ਸ੍ਰੀ ਭਾਈ ਸੰਤ ਗਿਆਨੀ ਸੰਤ ਸਿੰਘ ਗਿਆਨੀ ਜੀ ਕੀ।।
(ਇਹ ਦੋਵੇਂ ਲਿਖਤਾਂ ਅੱਜ ਤੱਕ ਦੋਵੇਂ ਦਰਵਾਜ਼ਿਆਂ ‘ਤੇ ਮੌਜੂਦ ਹਨ-ਲੇਖਕ)
ਇਸ ਲਿਖਤ ਦੇ ਨਾਲ ਤੀਸਰਾ ਪੱਥਰ ਵੀ ਹੈ, ਜਿਸ ਪਰ ਲਿਖਤ ਹੈ:
ਸਤਿਗੁਰੂ ਜੀ ਦੀ ਕਿਰਪਾ ਕਰ ਰਾਜ ਸਾਜ ਸ੍ਰੀ ਮਹਾਰਾਜਾ ਖੜਗ ਸਿੰਘ ਜੀ ਅਰ ਕੰਵਰ ਸ੍ਰੀ ਨੌਨਿਹਾਲ ਸਿੰਘ ਜੀ ਕੋ ਭਯਾ ਤਿਨ੍ਹੋਂ ਹਿਤ ਕਰ ਭਾਗਯ ਜਾਣ ਕਰ ਸੇਵਾ ਕਰੀ। ਸੰਮਤ 1896 ਬਿ.।)
ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਉਸ ਨੂੰ ਸਤਿਗੁਰੂ ਦੇ ਚਰਨਾਂ ਨਾਲ ਕਿੰਨਾ ਪਿਆਰ ਸੀ। ਜਦ ਮਹਾਰਾਜਾ ਕੋਈ ਫਤਹ ਪਾਉਂਦਾ ਤਾਂ ਸਭ ਤੋਂ ਪਹਿਲਾ ਕੰਮ ਉਸ ਦਾ ਇਹ ਹੁੰਦਾ ਸੀ ਵੱਡੀਆਂ ਵੱਡੀਆਂ ਰਕਮਾਂ ਗੁਰਦੁਆਰਿਆਂ ਦੇ ਟਹਿਲੇ ਲਈ ਭੇਟਾ ਕਰਵਾਂਦਾ। ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਸਾਰੇ ਦੇਸ਼ ਵਿਚ ਬਹੁਤ ਥੋੜ੍ਹੀਆਂ ਸਨ। ਇਹ ਸ਼ੇਰਿ ਪੰਜਾਬ ਦਾ ਹੀ ਉਪਕਾਰ ਸੀ ਕਿ ਉਸ ਨੇ ਬੇਸ਼ੁਮਾਰ ਰੁਪਿਆ ਖਰਚ ਕੇ ਸ੍ਰੀ ਕਰਤਾਰਪੁਰ ਤੇ ਦਮਦਮੇ ਸਾਹਿਬ ਵਾਲੀ ਆਦਿ ਬੀੜ ਦਾ ਉਤਾਰਾ ਸੰਨ੍ਹ 1818 ਈ. ਵਿਚ ਕਰਵਾਇਆ ਅਤੇ ਅੱਗੋਂ ਕਈ ਲਿਖਾਰੀ ਸਰਕਾਰੀ ਖਰਚ ਪਰ ਬਿਠਾ ਕੇ ਸੈਂਕੜੇ ਉਤਾਰੇ ਲਿਖਵਾਏ ਤੇ ਪ੍ਰਸਿੱਧ ਗੁਰਦੁਆਰਿਆਂ, ਡੇਰਿਆਂ ਤੇ ਜੱਥਿਆਂ ਵਿਚ ਅਸਥਾਪਨ ਕਰਾਏ। ਇਨ੍ਹਾਂ ਤੋਂ ਛੁੱਟ ਕਈ ਉਤਾਰੇ ਹਰ ਸਮੇਂ ਤਿਆਰ ਰਹਿੰਦੇ ਸਨ, ਜਦ ਕੋਈ ਸ਼ਰਧਾਲੂ ਆ ਕੇ ਮੰਗੇ ਤਾਂ ਉਨ੍ਹਾਂ ਦੀ ਸ਼ਰਧਾ ਨੂੰ ਦੇਖ ਕੇ ਉਨ੍ਹਾਂ ਨੂੰ ਦੇ ਦਿੱਤੇ ਜਾਂਦੇ ਸਨ। ਛੋਟੀਆਂ ਪੋਥੀਆਂ ਤੇ ਗੁਰਬਾਣੀ ਦਿਆਂ ਗੁਟਕਿਆਂ ਦੀ ਤਾਂ ਕੋਈ ਗਿਣਤੀ ਹੀ ਨਹੀਂ ਸੀ, ਜਿਹੜੇ ਸਾਲਾਨਾ ਮਹਾਰਾਜਾ ਸਾਹਿਬ ਵੱਲੋਂ ਆਮ ਸੰਗਤਾਂ ਦੇ ਪਾਠ ਲਈ ਵੰਡੇ ਜਾਂਦੇ ਸਨ।
ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ, ਸ੍ਰੀ ਨਨਕਾਣਾ ਸਾਹਿਬ, ਸ੍ਰੀ ਤਰਨ ਤਾਰਨ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਬਾਬਾ ਅਟੱਲ ਸਾਹਿਬ, ਸ੍ਰੀ ਕਰਤਾਰਪੁਰ ਦਾ ਗੁਰਦੁਆਰਾ, ਸ੍ਰੀ ਆਨੰਦਪੁਰ, ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ ਤੇ ਦਿੱਲੀ ਦੇ ਗੁਰਦੁਆਰਿਆਂ ਆਦਿ ਸੈਂਕੜੇ ਗੁਰਧਾਮਾਂ ਨੂੰ ਪੱਕਾ ਬਣਵਾਇਆ। 50 ਲੱਖ ਰੁਪਿਆ ਸਾਲਾਨਾ ਦੀਆਂ ਜਾਗੀਰਾਂ ਮਹਾਰਾਜਾ ਸਾਹਿਬ ਵੱਲੋਂ ਗੁਰਦੁਆਰਿਆਂ ਤੇ ਸਾਹਿਬਜ਼ਾਦਿਆਂ ਦੇ ਨਾਮ ਲਵਾਈਆਂ ਗਈਆਂ ਸਨ (ਦੇਵੀ ਪ੍ਰਸ਼ਾਦ ਤਵਾਰੀਖ ਪੰਜਾਬ), ਜਿਨ੍ਹਾਂ ਵਿਚੋਂ ਕਈ ਅੱਜ ਤੱਕ ਗੁਰਦੁਆਰਿਆਂ ਨਾਲ ਕਾਇਮ ਚਲੀਆਂ ਆਉਂਦੀਆਂ ਹਨ। ਇਸ ਤੋਂ ਛੁੱਟ ਉਹ 12 ਲੱਖ ਰੁਪਿਆ ਸਾਲਾਨਾ ਧਰਮ ਤੇ ਉਪਕਾਰ ਦੇ ਕੰਮਾਂ ਲਈ ਦਾਨ ਕਰਦਾ ਸੀ (ਕਰਨਲ ਲਾਰੰਸ ਦੀ ਰਿਪੋਰਟ, ਪੰਜਾਬ ਰਿਕਾਰਡ 1847-48 ਈ. ਸਫ਼ਾ 372)।
ਉਹ ਧਾਰਮਿਕ ਆਗੂਆਂ ਤੇ ਗੁਰਦੁਆਰਿਆਂ ਦੇ ਸਿਦਕੀ ਸੇਵਕਾਂ ਨੂੰ ਭਾਰੀ ਇੱਜਤ ਦੀ ਨਜ਼ਰ ਨਾਲ ਵੇਖਦਾ ਹੁੰਦਾ ਸੀ। ਇਕ ਵਾਰੀ ਦਿੱਲੀ ਦੇ ਗੁਰਦੁਆਰਿਆਂ ਦੇ ਪੁਜਾਰੀ ਸਿੰਘ ਮਹਾਰਾਜਾ ਪਾਸ ਲਾਹੌਰ ਪੁੱਜੇ ਤਾਂ ਮਹਾਰਾਜੇ ਨੇ ਭਰੇ ਦਰਬਾਰ ਵਿਚ ਆਪਣੀ ਦਾੜ੍ਹੀ ਨਾਲ ਇਨ੍ਹਾਂ ਸਿੱਖਾਂ ਦੇ ਚਰਨ ਝਾੜੇ ਅਰ ਦੁਸਾਂਝ ਪਿੰਡ ਜਗੀਰ ਵਜੋਂ ਦਿੱਤਾ (ਪੰਥ ਦੇ ਪ੍ਰਸਿੱਧ ਵਿਦਵਾਨ ਭਾਈ ਕਾਨ੍ਹ ਸਿੰਘ ਜੀ ਨਾਭਾ ਨਿਵਾਸੀ ਦੱਸਦੇ ਹਨ ਕਿ ਇਹ ਘਟਨਾ ਉਨ੍ਹਾਂ ਦੇ ਬਜ਼ੁਰਗ ਬਾਬਾ ਨੌਧ ਸਿੰਘ ਜੀ ਦੀ ਅੱਖੀਂ ਡਿੱਠੀ ਸੀ)।
ਸ਼ਾਹੀ ਮਹਿਲ ਵਿਚ ਸਭ ਤੋਂ ਉਚੀ ਅਟਾਰੀ-ਜੋ ਬਹੁਮੁੱਲੇ ਗਲੀਚਿਆਂ ਤੇ ਸਜਾਵਟਾਂ ਨਾਲ ਸਜਾਈ ਸੀ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਸੀ। ਆਪ ਨਿੱਕੇ ਹੁੰਦਿਆਂ ਤੋਂ ਹੀ ਅੰਮ੍ਰਿਤ ਵੇਲੇ ਉਠਣ ਦੇ ਨੇਮੀ ਸਨ, ਸਦੀਵ ਅੰਮ੍ਰਿਤ ਵੇਲੇ ਉਠਦੇ, ਇਸ਼ਨਾਨ ਪਾਣੀ ਪਿੱਛੋਂ ਨਿੱਤਨੇਮ ਦਾ ਪਾਠ ਕਰਦੇ, ਫਿਰ ਸ਼ਸਤਰ ਬਸਤਰ ਸਜਾ ਕੇ ਸਣੇ ਪਰਿਵਾਰ ਦੇ ਸ੍ਰੀ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿਚ ਹਾਜ਼ਰ ਹੁੰਦੇ ਤੇ ਸਾਰੇ ਸੰਸਾਰੀ ਧੰਦੇ ਭੁਲਾ ਕੇ ਗੁਰਬਾਣੀ ਦਾ ਪਾਠ ਤੇ ਕੀਰਤਨ ਸੁਣਦੇ ਸਨ। ਇਸ ਤੋਂ ਪਿੱਛੋਂ ਫਿਰ ਸ੍ਰੀ ਦਸਮੇਸ਼ ਜੀ ਦੀ ਅਸਚਰਜ ਕਲਗੀ, ਜਿਹੜੀ ਬਹੁਮੁੱਲੇ ਮੋਤੀਆਂ ਨਾਲ ਸਜੀ ਹੋਈ ਸੀ, ਆਪਣੀਆਂ ਅੱਖਾਂ ਤੇ ਮਸਤਕ ਤੇ ਰੱਖ ਅਤੇ ਬਰਕਤਾਂ ਪ੍ਰਾਪਤ ਕਰਕੇ ਦਿਨ ਭਰ ਲਈ ਕੰਮ ਕਾਰ ਆਰੰਭ ਦਿੰਦੇ ਸਨ, ਉਸ ਨੇ ਇਹ ਨੇਮ ਆਪਣੇ ਅੰਤਲੇ ਸਵਾਸਾਂ ਤੱਕ ਨਿਭਾਇਆ। (ਸ੍ਰੀ ਕਲਗੀਧਰ ਪਿਤਾ ਜੀ ਦੀ ਇਹ ਅਮੋਲਕ ਕਲਗੀ ਮਹਾਰਾਜਾ ਸਾਹਿਬ ਨੇ 125000 ਰੁਪਏ ਦਾ ਸੋਨਾ ਭੇਟ ਕਰਕੇ ਭਾਈ ਸੰਤਾ ਸਿੰਘ ਜੀ ਸ਼ਹੀਦ ਦੇ ਪੋਤਰਿਆਂ ਤੇ ਬਹਾਦਰ ਭਾਈ ਹਾੜਾ ਸਿੰਘ ਦੇ ਪੁੱਤਰਾਂ ਤੋਂ ਜਿਹੜੇ ਪਹਿਲਾਂ ਪੱਟੀ ਤੇ ਫਿਰ ਪਿਸ਼ਾਵਰ ਵਿਚ ਆ ਵਸੇ ਸਨ, ਪ੍ਰਾਪਤ ਕੀਤੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਮੁਬਾਰਕ ਕਲਗੀ ਬਾਰੇ ਲੇਡੀ ਲੋਗਨ ਆਪਣੀ ਪੁਸਤਕ ਦੇ ਸਫ਼ਾ 80 ਪਰ ਲਿਖਦੀ ਹੈ ਕਿ ਜਦ ਲਾਹੌਰ ਪਰ ਅੰਗਰੇਜ਼ਾਂ ਦਾ ਕਬਜ਼ਾ ਹੋਇਆ, ਉਦੋਂ ਉਸ ਦੇ ਪਤੀ ਡਾ. ਲੋਗਨ ਨੇ ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ਖਾਨੇ ਤੇ ਕਿਲੇ ਦੇ ਸਾਮਾਨ ਦਾ ਚਾਰਜ ਲਿਆ। ਤੋਸ਼ਖਾਨੇ ਵਿਚ ਉਸ ਸਮੇਂ ਦਸਵੇਂ ਪਾਤਸ਼ਾਹ ਦੀ ਇਹ ਕਲਗੀ ਮੌਜੂਦ ਸੀ। ਲੇਡੀ ਲੋਗਨਜ਼ ਰੀਕਾਲਿ ਕੁਲੈਨਸ਼ਨਜ਼ ਸਫ਼ਾ 80) ਘਰ ਤੋਂ ਛੁੱਟ ਦੌਰੇ ਤੇ ਮੁਹਿੰਮਾਂ ਵਿਚ ਵੀ ਇਹ ਨਿਯਮ ਵਰਤਿਆ ਜਾਂਦਾ ਸੀ। ਮਿਸਟਰ ਪ੍ਰਿੰਸਪ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਸਿੱਖ ਧਰਮ ਵਿਚ ਬਹੁਤ ਹੀ ਸਰਗਰਮ ਸੀ, ਉਹ ਦਿਨ ਵਿਚ ਕਈ ਘੰਟੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਦਾ ਹੁੰਦਾ ਸੀ।
ਸਰ ਲੈਪਲ ਗ੍ਰਿਫਨ ਲਿਖਦਾ ਹੈ ਕਿ (ਮਹਾਰਾਜਾ) ਰਣਜੀਤ ਸਿੰਘ ਦੇ ਸਮੇਂ ਸਿੱਖਾਂ ਦਾ ਰੂਹਾਨੀ ਜੋਸ਼ ਅਤੇ ਕੌਮੀ ਤੇਜ਼ ਪ੍ਰਤਾਪ ਮਿਲਾਵਾਂ ਕੰਮ ਕਰਦਾ ਸੀ, ਜਿਸ ਕਰਕੇ ਇਸ ਧਰਮ ਦੇ ਪੈਰੋਕਾਰਾਂ ਦੀ ਗਿਣਤੀ ਉਸ ਸਮੇਂ ਬਹੁਤ ਵੱਧ ਗਈ। ਉਸ ਦੇ ਮਨ ਦੀਆਂ ਰੀਝਾਂ ਵਿਚੋਂ ਇਕ ਵੱਡੀ ਰੀਝ ਇਹ ਸੀ ਕਿ ਉਹ ਜਦ ਕਦੀ ਕਿਸੇ ਸਹਿਜਧਾਰੀ ਨੂੰ ਸਿੰਘ ਸਜਿਆ ਦੇਖਦਾ ਤਾਂ ਉਸ ਦੇ ਸੀਨੇ ਠੰਢ ਪੈ ਜਾਂਦੀ ਹੁੰਦੀ ਸੀ। ਮਹਾਰਾਜਾ ਦੀ ਤਬੀਅਤ ਦਾ ਝੁਕਾਊ ਇਧਰ ਦੇਖ ਕੇ ਇਲਾਕੇ ਦੇ ਇਲਾਕੇ ਸਿੰਘ ਸਜ ਜਾਂਦੇ। ਸਰ ਅਲੈਗਜ਼ੰਡਰ ਬਾਰਨਸ ਸੰਨ੍ਹ 1831 ਈ. ਵਿਚ ਸਿੱਖੀ ਦੇ ਵਾਧੇ ਬਾਬਤ ਇਕ ਵਾਕਫ਼ਕਾਰ ਸਿੱਖ ਸਰਦਾਰ ਦੀ ਜ਼ੁਬਾਨੀ ਆਪਣੇ ਬੁਖਾਰੇ ਦੇ ਸਫ਼ਰਨਾਮੇ ਦੀ ਜ਼ਿ2, ਸਫ਼ਾ 29 ਤੇ 5000 ਆਦਮੀ ਸਾਲ ਦਾ ਅਨਮਤਾਂ ਤੋਂ ਸਿੰਘ ਸਜਣਾ ਲਿਖਦਾ ਹੈ। ਇਸ ਤਰ੍ਹਾਂ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੁਲਵਾੜੀ ਨੂੰ ਆਪਣੇ ਦਰਬਾਰ ਵਿਚ ਬੜੇ ਬੜੇ ਅਹੁਦੇ ਤੇ ਜਗੀਰਾਂ ਬਖਸ਼ਦਾ। ਸ੍ਰੀ ਕਲਗੀਧਰ ਜੀ ਦੇ ਅੰਮ੍ਰਿਤ ਪ੍ਰਚਾਰ ਲਈ ਦਿਲ ਵਿਚ ਭਾਰੀ ਸ਼ਰਧਾ ਰੱਖਦਾ ਸੀ। ਖਾਲਸਾ ਦਰਬਾਰ ਦੇ ਰਿਕਾਰਡ ਵਿਚ ਇਕ ਪਰਮਾਨ 9 ਵਿਸਾਖ 1891 ਦਾ ਮਿਲਦਾ ਹੈ। ਇਸ ਵਿਚ ਲਿਖਤ ਹੈ ਕਿ ਦੀਵਾਨ ਸਿੰਘ ਦੇ ਅੰਮ੍ਰਿਤ ਪਾਨ ਕਰਨ ਲਈ ਉਸ ਨੂੰ 500 ਰੁਪਏ ਦੀ ਜਗੀਰ ਦਿੱਤੀ ਗਈ। ਮੁਨਸ਼ੀ ਸੋਹਣ ਲਾਲ ਰੋਜ਼ਨਾਮਚਾ ਦਫਤਰ ਸਫ਼ਾ 204 ਤੇ ਲਿਖਦਾ ਹੈ ਕਿ ਮਹਾਰਾਜਾ ਸਾਹਿਬ ਨੇ ਪੰਡਤ ਮਧੂਸੂਦਨ ਦੇ ਪੁੱਤਰ ਨੂੰ ਕਿਹਾ ਕਿ ਇਹ ਕਦੀ ਅੰਮ੍ਰਿਤ ਛਕ ਲਵੇ ਤਾਂ ਉਸ ਨੂੰ ਫੌਜ ਵਿਚ ਅਹੁਦਾ ਦਿੱਤਾ ਜਾਏਗਾ। ਮਿਸਰ ਖੁਸ਼ਹਾਲ ਸਿੰਘ, ਰਾਜਾ ਮਿਸਰ ਤੇਜਾ ਸਿੰਘ, ਰਾਜਾ ਧਿਆਨ ਸਿੰਘ ਆਦਿ ਇਨ੍ਹਾਂ ਬਖਸ਼ਿਸ਼ਾਂ ਦੇ ਰੰਗੇ ਹੋਏ ਸਨ। ਆਨਰੇਬਲ ਅਜ਼ਬਰਨ ਲਿਖਦਾ ਹੈ ਕਿ ਰਣਜੀਤ ਸਿੰਘ ਕਦੇ ਕਿਸੇ ਇਲਾਕੇ ਪਰ ਚੜ੍ਹਾਈ ਯਾ ਕੋਈ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਗਿਆ ਦੇ ਬਿਨਾਂ ਨਹੀਂ ਸੀ ਕਰਦਾ।
ਜਰਨੈਲ ਗਾਰਡਨਰ ਲਿਖਦਾ ਹੈ- ਮਹਾਰਾਜਾ ਰਣਜੀਤ ਸਿੰਘ ਆਪਣੀਆਂ ਕਾਮਯਾਬੀਆਂ ਨੂੰ ਸਤਿਗੁਰੂ ਤੇ ਖਾਲਸੇ ਦੀ ਬਖਸ਼ਿਸ਼ ਮੰਨਦਾ ਹੁੰਦਾ ਸੀ, ਉਹ ਜਦ ਕਿਸੇ ਜੰਗ ਵਿਚ ਫਤਹ ਪਾਉਂਦਾ ਤੇ ਕਹਿੰਦਾ ਕਿ ‘ਸਤਿਗੁਰੂ ਨੇ ਫਤਹ ਬਖਸ਼ੀ ਹੈ’। ਇਹ ਉਸ ਦੀ ਆਮ ਬੋਲਚਾਲ ਸੀ ਕਿ ਰਣਜੀਤ ਸਿੰਘ ਦੇ ਸਿਰ ‘ਤੇ ਸਤਿਗੁਰੂ ਦਾ ਆਪਣਾ ਹੱਥ ਹੈ।
ਮਹਾਰਾਜਾ ਸਾਹਿਬ ਦੇ ਗੁਰ ਦਰਸ਼ਨ ਦੀਆਂ ਰੀਝਾਂ ਨਾਲ ਭਰੇ ਹੋਏ ਦਿਲ ਦੀ ਇਹ ਬੜੀ ਹੀ ਤੀਬਰ ਸਿੱਕ ਸੀ ਕਿ ਕਦੀ ਕੋਈ ਐਸਾ ਬ੍ਰਿਧ ਪੁਰਖ ਮਿਲ ਜਾਏ, ਜਿਸ ਨੇ ਸ੍ਰੀ ਦਸਮੇਸ਼ ਜੀ ਦੇ ਆਪ ਦਰਸ਼ਨ ਕੀਤੇ ਹੋਣ, ਤਦ ਉਸ ਦਾ ਦੀਦਾਰ ਕਰਕੇ ਮਨ ਦੀ ਲੋਚਾ ਪੂਰੀ ਕੀਤੀ ਜਾਵੇ। ਕਹਿੰਦੇ ਹਨ ਕਿ ਬੜੀ ਲੰਬੀ ਢੂੰਡ ਭਾਲ ਪਿਛੋਂ ਇਕ ਬਿਰਧ, ਜਿਸ ਦੀ ਉਮਰ ਸੌ ਸਾਲ ਤੋਂ ਕਾਫ਼ੀ ਵੱਧ ਸੀ, ਜਿਸ ਨੇ ਸ੍ਰੀ ਕਲਗੀਘਰ ਜੀ ਦੇ ਆਪ ਸ਼ਾਂਗੋਪਾਂਗ ਦਰਸ਼ਨ ਕੀਤੇ ਸਨ-ਮਿਲ ਗਿਆ ਅਤੇ ਮਹਾਰਾਜਾ ਸਾਹਿਬ ਦੇ ਪਾਸ ਲਿਆਂਦਾ ਗਿਆ। ਸ਼ੇਰਿ ਪੰਜਾਬ ਉਸ ਬਿਰਧ ਦੇ ਦਰਸ਼ਨ ਕਰਕੇ ਇੰਨੇ ਗਦਗਦ ਹੋਏ ਕਿ ਜਿਸ ਦੀ ਕੋਈ ਹੱਦ ਨਹੀਂ ਸੀ। ਸ੍ਰੀ ਹਜ਼ੂਰ ਜੀ ਪਿਆਰ ਅਤੇ ਸਤਿਕਾਰ ਭਰੇ ਹਿਰਦੇ ਨਾਲ ਉਠੇ ਤੇ ਭੱਜ ਕੇ ਬੜੇ ਚਾਅ ਨਾਲ ਉਨ੍ਹਾਂ ਦੀਆਂ ਅੱਖਾਂ ਨੂੰ ਬੇਗਿਣਤ ਵਾਰ ਚੁੰਮਿਆ ਅਤੇ ਮੂੰਹ ਤੋਂ ਕਿਹਾ ਗੁਰਮੁੱਖਾ ! ਤੂੰ ਧੰਨ ਹੈਂ, ਜਿਸ ਨੇ ਮੇਰੇ ਦੀਨ ਦੁਨੀ ਦੇ ਵਾਲੀ ਸ਼ਹਿਨਸ਼ਾਹ ਜੀ ਦੇ ਇਨ੍ਹਾਂ ਪਾਵਨ ਅੱਖਾਂ ਨਾਲ ਦਰਸ਼ਨ ਕੀਤੇ ਸਨ। ਕਈ ਵਾਰੀ ਉਨ੍ਹਾਂ ਦੇ ਚਰਨਾਂ ਦੀ ਧੂੜ ਲੈ ਕੇ ਆਪਣੇ ਮੱਥੇ ਪਰ ਲਾਈ ਤੇ ਉਸ ਦੀਆਂ ਪਰਕਰਮਾਂ ਕੀਤੀਆਂ, ਉਸ ਨੂੰ ਬਹੁਤ ਸਾਰਾ ਸਮਾਂ ਆਪਣੇ ਪਾਸ ਸੀਸ਼ ਮਹਿਲ ਵਿਚ ਰੱਖਿਆ, ਛੇਕੜ ਬਹੁਤ ਸਾਰੀ ਮਾਇਆ, ਬਸਤਰ ਆਦਿ ਦੇ ਕੇ ਹਾਥੀ ਦੀ ਸਵਾਰੀ ਪੁਰ ਵਿਦਾ ਕੀਤਾ।
ਪੰਡਤ ਸ਼ਰਧਾ ਰਾਮ ਵਰਗੇ ਪੱਖਪਾਤੀ ਲੇਖਕ ਦੀ ਕਲਮ ਤੋਂ ਵੀ ਇਹ ਨਿਕਲਣੋਂ ਨਹੀਂ ਰੁਕ ਸਕਿਆ ਤੇ ਇਕ ਥਾਂ ‘ਤੇ ਲਿਖਦਾ ਹੈ ਕਿ ਸ਼ੇਰਿ ਪੰਜਾਬ ਸਿੱਖ ਧਰਮ ਵਿਚ ਬੜਾ ਪੱਕਾ ਸੀ, ਉਹ ਗੁਰਬਾਣੀ ਤੇ ਕੀਰਤਨ ਦਾ ਬੜਾ ਨੇਮੀ ਸੀ, ਉਸ ਨੂੰ ਆਪਣੇ ਪੰਥ (ਖਾਲਸਾ ਧਰਮ) ਦੇ ਵਧਾਣ ਦੀ ਬਹੁਤ ਹੀ ਚੌਂਪ ਸੀ।’
——————————–
ਸ਼ਹੀਦੀ ਯਾਦਗਾਰਾਂ ਨਾਲ ਪਿਆਰ
ਸ਼ੇਰਿ ਪੰਜਾਬ ਦੇ ਹਿਰਦੇ ਵਿਚ ਸ਼ਹੀਦ ਸਿੰਘਾਂ ਦੀਆਂ ਯਾਦਗਾਰਾਂ ਲਈ ਬੜਾ ਹੀ ਸਤਿਕਾਰ ਸੀ। ਜਿੱਥੇ ਜਿੱਥੇ ਇਹ ਸ਼ਹੀਦ ਗੰਜ ਬਣੇ ਹੋਏ ਸਨ, ਆਪ ਜੀ ਨੇ ਉਨ੍ਹਾਂ ਨਾਲ ਜਗੀਰਾਂ ਦੇ ਰੋਜ਼ੀਨੇ ਲਾ ਦਿੱਤੇ ਸਨ, ਤਾਂ ਕਿ ਇਹ ਪਾਵਨ ਯਾਦਗਾਰਾਂ ਸਦਾ ਵਾਸਤੇ ਕਾਇਮ ਰਹਿਣ ਅਤੇ ਇਹ ਆਉਣ ਵਾਲੀ ਸੰਤਾਨ ਲਈ ਚਾਨਣ ਮੁਨਾਰੇ ਦਾ ਕੰਮ ਦੇਣ। ਸ਼ਹੀਦ ਬਾਬਾ ਫੂਲਾ ਸਿੰਘ ਜੀ ਅਕਾਲੀ ਦੇ ਸ਼ਹੀਦ ਅਸਥਾਨ ਲਈ ਕਈ ਹਜ਼ਾਰ ਵਿੱਘੇ ਜ਼ਮੀਨ ਜਾਗੀਰ ਵਜੋਂ ਲਵਾਈ। ਸ੍ਰੀ ਮੁਕਤਸਰ ਜੀ ਦੀ ਸ਼ਹੀਦੀ ਯਾਦਗਾਰ ਨਾਲ 43000 ਰੁਪਿਆਂ ਦੀ ਜਗੀਰ ਦਿੱਤੀ। ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ (ਸਰਹਿੰਦ) ਵਿਚ ਛੋਟੇ ਸਾਹਿਬਜ਼ਾਦਿਆਂ ਦੀ ਪਾਵਨ ਯਾਦਗਾਰ ਨਾਲ ਬਹੁਤ ਵੱਡੀ ਜਾਗੀਰ ਲਵਾ ਦਿੱਤੀ। ਸ਼ਹੀਦ ਭਾਈ ਤਾਰੂ ਸਿੰਘ ਜੀ ਅਤੇ ਬਹਾਦਰ ਸਿੰਘਣੀਆਂ ਦੇ ਸ਼ਹੀਦ ਗੰਜ ਨਾਲ-ਜਿਹੜਾ ਲੁੰਡਾ ਬਾਜ਼ਾਰ ਤੋਂ ਨੌਲੱਖੇ (ਲਾਹੌਰ) ਵਿਚ ਹੈ-ਸ੍ਰੀ ਹਜ਼ੂਰ ਜੀ ਦੇ ਦਿਲ ਵਿਚ ਬੜਾ ਸਤਿਕਾਰ ਤੇ ਪਿਆਰ ਸੀ। ਆਪ ਜੀ ਅਕਸਰ ਇਸ ਸ਼ਹੀਦ ਗੰਜ ਦੇ ਦਰਸ਼ਨ ਨੂੰ ਆਂਵਦੇ ਤੇ ਨਿਹਾਲ ਹੁੰਦੇ। ਇਸ ਬਾਰੇ ਸੱਯਦ ਮੁਹੰਮਦ ਲਤੀਫ਼ ਆਪਣੀ ਲਿਖਤ ਪੁਸਤਕ ‘ਹਿਸਟਰੀ ਆਫ਼ ਲਾਹੌਰ’ ਵਿਚ ਇਸ ਤਰ੍ਹਾਂ ਲਿਖਦਾ ਹੈ :
ਮਹਾਰਾਜਾ ਰਣਜੀਤ ਸਿੰਘ ਸ਼ਹੀਦ ਗੰਜ ਦਾ ਬੜਾ ਸਤਿਕਾਰ ਕਰਦਾ ਹੁੰਦਾ ਸੀ। ਉਹ ਅਕਸਰ ਇਥੇ ਆਪ ਦਰਸ਼ਨ ਮੇਲੇ ਲਈ ਆਵਦਾ ਹੁੰਦਾ ਸੀ। ਉਸ ਨੇ ਇਸ ਅਸਥਾਨ ਦੇ ਲੰਗਰ ਆਦਿ ਦੇ ਖਰਚਾਂ ਨੂੰ ਚਲਾਉਣ ਲਈ ਜ਼ਿਲ੍ਹਾ ਲਾਹੌਰ ਤੇ ਅੰਮ੍ਰਿਤਸਰ ਵਿਚ ਜ਼ਮੀਨ ਜਗੀਰ ਦੇ ਤੌਰ ਪਰ ਦਿੱਤੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਹ ਆਮ ਮਰਯਾਦਾ ਸੀ ਕਿ 100 ਰੁਪਿਆ ਰੋਜ਼ਾਨਾ ਮਹਾਰਾਜੇ ਦੇ ਸਿਰ੍ਹਾਣੇ ਹੇਠ ਰਾਤ ਨੂੰ ਸੌਣ ਲੱਗਿਆਂ ਰੱਖਿਆ ਜਾਂਦਾ ਸੀ ਅਤੇ ਸਵੇਰੇ ਇਹ ਰੁਪਿਆ ਭਾਈ ਰਾਮ ਸਿੰਘ ਜੀ ਦੇ ਹੱਥੀਂ ਗਰੀਬਾਂ ਤੇ ਧਾਰਮਿਕ ਅਸਥਾਨਾਂ ਨੂੰ ਵੰਡ ਦਿੱਤਾ ਜਾਂਦਾ ਸੀ। ਇਸ 100 ਰੁਪਏ ਵਿਚੋਂ 30 ਰੁਪਏ ਇਸ ਸ਼ਹੀਦ ਗੰਜ ਨੂੰ ਰੋਜ਼ਾਨਾ ਦਿੱਤੇ ਜਾਂਦੇ ਸਨ, ਜਿਨ੍ਹਾਂ ਵਿਚੋਂ 5 ਸ਼ਹੀਦੀ ਦੇਗ ਲਈ ਅਤੇ 25 ਲੰਗਰ ਲਈ ਹੁੰਦੇ ਸਨ। (ਲਾਹੌਰ ਬਾਈ ਸਯਦ ਮੁਹੰਮਦ ਲਤੀਫ਼ ਸਫ਼ਾ 162)
ਇਸ ਪਵਿੱਤਰ ਸ਼ਹੀਦ ਗੰਜ ਵਿਚ ਇਕ ਪੁਰਾਣੇ ਸਮੇਂ ਦੇ ਖੂਹ ਦੀ- ਜਿਸ ਵਿਚ ਸ਼ਹੀਦ ਸਿੰਘ ਸਿੰਘਣੀਆਂ ਤੇ ਉਨ੍ਹਾਂ ਦੇ ਸਿਰ ਕੱਟ ਕੇ ਮੀਰ ਮਨੂੰ ਦੇ ਵਕਤ ਸੁੱਟੇ ਜਾਂਦੇ ਸਨ- ਮੁੜ ਮੁਰੰਮਤ ਕਰਵਾਈ ਤੇ ਗੁਰਦੁਆਰੇ ਦੀ ਇਮਾਰਤ ਦੀ ਸੇਵਾ ਕੀਤੀ। ਇਸ ਵਿਚ ਇਕ ਸੰਗਮਰਮਰ ਦੀ ਸ਼ਿਲਾ ਉਸ ਸਮੇਂ ਦੀ ਜੜੀ ਹੋਈ ਹੈ, ਜਿਸ ਪਰ ਇਹ ਲਿਖਤ ਖੁਦੀ ਹੋਈ ਹੈ :-
ੴ ਸਤਿਗੁਰ ਪ੍ਰਸਾਦਿ।।
ਸ਼ਹੀਦ ਬੁੰਗਾ ਭਾਈ ਤਾਰੂ ਸਿੰਘ ਮਨੀ ਸਿੰਘ ਸੰਮਤ 1883 ਬਿæ ਭਾਦਰੋਂ ਸੁਦੀ ਪੰਚਮੀ ਸ਼ਹੀਦ ਬੁੰਗੇ ਦੀ ਟਹਿਲ-ਸਿੰਘ ਸਾਹਿਬ ਰਣਜੀਤ ਸਿੰਘ, ਖੂਹ ਦੀ ਟਹਿਲ ਸਮੂਹ ਖਾਲਸੇ ਦੇ ਟਹਿਲੀਏ ਜੋਧ ਸਿੰਘ, ਜੀਵਣ ਸਿੰਘ ਦੇ ਹੱਥੀਂ। ਸਰਬੱਤ ਖਾਲਸੇ ਦੀ ਟਹਿਲ ਲੇਖੇ ਲਾਗੀ। ਕੋਟ ਤੀਰਥ ਖੂਹ ਦੇ ਨ੍ਹਾਵਣ ਦਾ ਫਲ ਹੈ। । ਦੋਹਿਰਾ।
ਸ਼ਹੀਦ ਬੁੰਗਾ ਹੈ ਗੁਰੂ ਕਾ, ਜੋ ਸਿੰਘ ਕਰੇ ਇਸ਼ਨਾਨ
ਜਨਮ ਮਰਨ ਤਿਸ ਕੀ ਕਟੀਏ, ਨਿਹਚਲ ਪਾਵੇ ਬਾਨ।।
ਸਤ ਕਰ ਮੰਨਣਾ।
ਇਹ ਖੂਹ ਦਾ ਅੱਧਾ ਹਿੱਸਾ, ਜਿਸ ਨੂੰ ਸ਼ੇਰਿ ਪੰਜਾਬ ਨੇ ਬਣਵਾਇਆ, ਇਸ ਦੀਆਂ ਇੱਟਾ ਹੋਰ ਹਨ ਅਤੇ ਹੇਠਲੇ ਹਿੱਸੇ ਵਿਚ ਪੁਰਾਣੇ ਸਮੇਂ ਦੀਆਂ ਇੱਟਾਂ ਹੋਰ ਹਨ, ਇਹ ਫਰਕ ਸਾਫ਼ ਦਿਸ ਰਿਹਾ ਹੈ, ਗਰਜ ਕਿ ਆਪ ਜੀ ਨੂੰ ਹਰ ਇਕ ਧਾਰਮਿਕ ਸਥਾਨ ਦਾ ਪੂਰਾ ਪੂਰਾ ਧਿਆਨ ਰਹਿੰਦਾ ਸੀ।
——————————–
ਮਹਾਰਾਜੇ ਦੀ ਅਸਚਰਜ ਤਸਵੀਰ
ਇਕ ਵਾਰੀ ਲਾਹੌਰ ਵਿਚ ਇਕ ਚਿੱਤਰਕਾਰ ਆਇਆ ਜੋ ਮੂਰਤਾਂ ਬਣਾਉਣ ਲਈ ਬੜਾ ਪ੍ਰਸਿੱਧ ਸੀ। ਉਸ ਨੇ ਕਈ ਦਰਬਾਰੀਆਂ ਨੂੰ ਮਿਲ ਮਿਲਾ ਕੇ ਰਾਜ਼ੀ ਕਰ ਲਿਆ ਤਾਂ ਕਿ ਮਹਾਰਾਜਾ ਸਾਹਿਬ ਪਾਸ ਉਸ ਦੀ ਸਿਫਾਰਸ਼ ਕਰਨ ਤੇ ਮਹਾਰਾਜਾ ਆਪਣੀ ਮੂਰਤ ਉਸ ਤੋਂ ਤਿਆਰ ਕਰਵਾਉਣ। ਯੋਗ ਸਮਾਂ ਦੇਖ ਕੇ ਦਰਬਾਰੀਆਂ ਬੇਨਤੀ ਕੀਤੀ, ਅੱਗੋਂ ਮਹਾਰਾਜਾ ਸਾਹਿਬ ਨੇ ਆਪਣੀ ਮੂਰਤ ਚਿਤਾਰਣ ਤੋਂ ਇਨਕਾਰ ਕਰ ਦਿੱਤਾ, ਛੇਕੜ ਕਈਆਂ ਦੇ ਮੁੜ ਮੁੜ ਬੇਨਤੀ ਕਰਨ ਪਰ ਆਪ ਜੀ ਨੇ ਫੁਰਮਾਇਆ ਕਿ ਮੈਂ ਆਪਣੀ ਮੂਰਤ ਤਦ ਚਿਤ੍ਰਵਾਣ ਦੀ ਆਗਿਆ ਦੇਵਾਂਗਾ ਜੇ ਉਹ ਮੇਰੀ ਇੱਛਾ ਅਨੁਸਾਰ ਚਿੱਤਰੀ ਜਾਏ, ਉਹ ਇਸ ਤਰ੍ਹਾਂ ਹੋ ਸਕਦਾ ਹੈ, ਮੇਰੇ ਸ਼ਹਿਨਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤਖਤ ‘ਤੇ ਬਿਰਾਜਮਾਨ ਕੀਤੇ ਜਾਣ ਤੇ ਮੇਰਾ ਸੀਸ ਬਾਬਾ ਜੀ ਦੇ ਪਵਿੱਤਰ ਚਰਨਾਂ ਉਪਰ ਧਰਿਆ ਹੋਵੇ। ਚਿੱਤਰਕਾਰ ਨੇ ਆਖਿਆ ਕਿ ਮੂਰਤ ਵਿਚ ਚਿਹਰਾ ਸਾਫ਼ ਦਿਸਣਾ ਹੀ ਕਾਰੀਗਰੀ ਹੈ ਤੇ ਇਸ ਤਰ੍ਹਾਂ ਹਜ਼ੂਰ ਦਾ ਚਿਹਰਾ ਛਿਪਿਆ ਰਹੇਗਾ। ਮਹਾਰਾਜਾ ਨੇ ਫੁਰਮਾਇਆ ਕਿ ਪਹਿਲੀ ਤਸਵੀਰ ਤਾਂ ਇਸੇ ਤਰ੍ਹਾਂ ਬਣਾਈ ਜਾਵੇ ਤੇ ਦੂਜੀ ਇਸ ਤਰ੍ਹਾਂ ਹੋਵੇ ਕਿ ਗੁਰੂ ਬਾਬੇ ਜੀ ਦੀ ਹਜ਼ੂਰੀ ਵਿਚ ਮੈਂ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹੋਵਾਂ। ਸੋ ਦੋਵੇਂ ਮੂਰਤਾਂ ਇਸ ਤਰ੍ਹਾਂ ਨਾਲ ਬੜੇ ਆਕਾਰ ਦੀਆਂ ਤਿਆਰ ਕੀਤੀਆਂ ਗਈਆਂ। ਇਹ ਮੂਰਤਾਂ ਮਿਸਟਰ ਬਾਰ ਨੇ ਪਿਸ਼ਾਵਰ ਜਾਂਦਿਆਂ 21 ਫਰਵਰੀ ਸੰਨ੍ਹ 1839 ਈ. ਨੂੰ ਲਾਹੌਰ ਮਹਾਰਾਜਾ ਸਾਹਿਬ ਦੇ ਮਹਿਲਾਂ ਵਿਚ ਵੇਖੀਆਂ ਸਨ, ਜਿਨ੍ਹਾਂ ਦਾ ਸਵਿਸਥਾਰ ਸਮਾਚਾਰ ਮਿਸਟਰ ਬਾਰ ਨੇ ਆਪਣੇ ਸਫ਼ਰਨਾਮੇ ਦੇ ਸਫ਼ਾ 101 ਵਿਚ ਲਿਖਿਆ ਹੈ। ਇੰਨਾ ਕੁਝ ਹੁੰਦਿਆਂ ਜੇ ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਧਰਮ ਵਿਚ ਢਿੱਲਾ ਦੱਸੇ ਤਾਂ ਇਹ ਉਹਦੇ ਆਪਣੇ ਮਨ ਦਾ ਪ੍ਰਤੀਬਿੰਬ ਹੈ, ਮਹਾਰਾਜਾ ਦਾ ਇਸ ਵਿਚ ਕੀ ਦੋਸ਼?
(ਉਪਰੋਕਤ ਲਿਖਤ ਤੋਂ ਸਾਫ਼ ਹੋ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ‘ਮਾੜੇ’ ਆਚਰਣ ਬਾਰੇ ਲਿਖੀਆਂ ਗਈਆਂ ਲਿਖਤਾਂ ਕੁੱਝ ਅੰਗਰੇਜ਼ ਲਿਖਾਰੀਆਂ ਨੇ ਭੰਡੀ ਪਰਚਾਰ ਦੇ ਮਨੋਰਥ ਨਾਲ ਲਿਖੀਆਂ ਸਨ। ਬਾਅਦ ਵਿਚ ਸੈਕੂਲਰ ਤੇ ਖੱਬੇ-ਪੱਖੀ ਵਿਚਾਰਾਂ ਵਾਲੇ ਲੇਖਕਾਂ ਨੇ, ਅਧੁਨਿਕਵਾਦੀ ਸੋਚ ਦੇ ਦੁਰਪ੍ਰਭਾਵਾਂ ਹੇਠ, ਮਹਾਰਾਜੇ ਬਾਰੇ ਇਨ੍ਹਾਂ ਤੁਅੱਸਬੀ ਵਿਚਾਰਾਂ ਦਾ ਵਿਆਪਕ ਪੱਧਰ ਤੇ ਪਰਚਾਰ ਪਰਸਾਰ ਕੀਤਾ। ਇਸ ਦਾ ਅਸਰ ਕੁੱਝ ਗੈਰ-ਜੁੰਮੇਵਾਰ ਸਿੱਖ ਲੇਖਕਾਂ ਨੇ ਵੀ ਕਬੂਲਿਆ ਤੇ ਉਹ ਅਜੇ ਤਕ ਵੀ ਸ਼ੇਰੇ ਪੰਜਾਬ ਦੇ ਆਚਰਣ ਬਾਰੇ ਵਧਾ ਚੜ੍ਹਾ ਕੇ ਗੱਲਾਂ ਕਰੀ ਜਾ ਰਹੇ ਹਨ-ਰ ਸ਼)
——————————–
ਇਕ ਰਵਾਇਤ ਅਨੁਸਾਰ ਇਕ ਵਾਰ ਪ੍ਰਧਾਨ ਮੰਤਰੀ ਧਿਆਨ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਉਹ ਲੱਕ ਦੇ ਦੁਆਲੇ ਸੇਵਾਦਾਰਾਂ ਦੀ ਤਰ੍ਹਾਂ ਪਟਕਾ ਨਾ ਬੰਨ੍ਹਿਆ ਕਰੇ। ਮਹਾਰਾਜੇ ਨੇ ਅੱਗਿਓਂ ਪੁੱਛਿਆ, ‘ਰਾਜ ਵਿਚ ਸਿੱਕਾ ਕਿਸ ਦੇ ਨਾਂ ਦਾ ਚਲਦਾ ਹੈ?’ ਧਿਆਨ ਸਿੰਘ ਨੇ ਉਤਰ ਦਿੱਤਾ ਕਿ ‘ਗੁਰੂ ਨਾਨਕ ਸਾਹਿਬ ਦੇ ਨਾਂ ਦਾ’। ਮਹਾਰਾਜੇ ਨੇ ਮੁਸਕਰਾ ਕੇ ਜਵਾਬ ਦਿੱਤਾ ਕਿ, ‘ਮੁਲਕ ਦਾ ਹਾਕਮ ਉਹੀ ਹੈ ਜਿਸ ਦੇ ਨਾਂ ਦਾ ਸਿੱਕਾ ਚਲਦਾ ਹੈ ਨਾ ਕਿ ਰਣਜੀਤ ਸਿੰਘ’। ਮਹਾਰਾਜਾ ਸਦਾ ਹੀ ਇਹ ਮਹਿਸੂਸ ਕਰਦਾ ਸੀ ਕਿ ਉਸ ਨੂੰ ਗੁਰੂ ਦੀ ਅਪਾਰ ਕਿਰਪਾ ਨਾਲ ਪੰਥ ਦੀ ਸੇਵਾ ਕਰਨ ਲਈ ਰਾਜ ਮਿਲਿਆ ਸੀ, ਉਹ ਸਦਾ ਆਪਣੇ ਆਪ ਨੂੰ ਗੁਰੂ ਅਤੇ ਪੰਥ ਦਾ ਕੂਕਰ ਸਮਝਦਾ ਸੀ….।
(ਡਾ. ਭਗਤ ਸਿੰਘ, ਮਹਾਰਾਜਾ ਰਣਜੀਤ ਸਿੰਘ, ਸਫ਼ਾ 71)
——————————–
ਸ਼ਹਿਜ਼ਾਦਿਆਂ ਨੂੰ ਖਾਲਸਾ ਦੇ ਨਾਂ ਨਾਲ ਪੁਕਾਰਿਆ ਜਾਂਦਾ ਸੀ, ਜਿਵੇਂ ਖਾਲਸਾ ਖੜਕ ਸਿੰਘ, ਖਾਲਸਾ ਸ਼ੇਰ ਸਿੰਘ ਅਤੇ ਖਾਲਸਾ ਨੌਨਿਹਾਲ ਸਿੰਘ। ਇਸ ਤੋਂ ਪਤਾ ਲਗਦਾ ਹੈ ਕਿ ਖਾਲਸਾ ਪੰਥ ਨਾਲ ਉਸ ਦਾ ਕਿੰਨਾ ਲਗਾਓ ਸੀ। ਰਣਜੀਤ ਸਿੰਘ ਆਪਣੀ ਸਰਕਾਰ ਲਈ ਸਦਾ ‘ਖਾਲਸਾ ਜੀ’ ਜਾਂ ਸਰਕਾਰੇ ‘ਖਾਲਸਾ’ ਦੀ ਵਰਤੋਂ ਕਰਦਾ ਸੀ, ਕਿਉਂਕਿ ਉਹ ਸਮਝਦਾ ਸੀ ਕਿ ਉਸ ਨੂੰ ਰਾਜ ਦੀ ਸਾਰੀ ਸ਼ਕਤੀ ਖਾਲਸੇ ਤੋਂ ਹੀ ਪ੍ਰਾਪਤ ਹੋਈ ਸੀ। ਉਸ ਦੀ ਸਾਰੀ ਖਤੋ-ਕਿਤਾਬਤ ਖ਼ਾਲਸੇ ਦੇ ਨਾਂ ‘ਤੇ ਹੀ ਹੁੰਦੀ ਸੀ। ਉਸ ਦੀ ਸਰਕਾਰ ਵਿਚ Ḕਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’ ਨਾਲ ਹੀ ਇਕ ਦੂਸਰੇ ਨੂੰ ਸੰਬੋਧਨ ਕੀਤਾ ਜਾਂਦਾ ਸੀ ਅਤੇ ਸਰਕਾਰੀ ਤੌਰ ‘ਤੇ ਕਸਮ ਚੁੱਕਣ ਦੀ ਰਸਮ ਵੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕੀਤੀ ਜਾਂਦੀ ਸੀ।
ਰਣਜੀਤ ਸਿੰਘ ਨੇ ਆਪਣੇ ਜੀਵਨ ਦੇ ਆਰੰਭ ਵਿਚ ਹੀ ਇਹ ਅਨੁਭਵ ਕਰ ਲਿਆ ਸੀ ਕਿ ਚੂੰਕਿ ਉਸ ਨੂੰ ਲਾਹੌਰ ਦੇ ਵੱਖ ਵੱਖ ਮੱਤਾਂ ਦੇ ਲੋਕਾਂ ਨੇ ਰਾਜ ਕਰਨ ਲਈ ਬੁਲਾਇਆ ਸੀ, ਇਸ ਲਈ ਉਸ ਵਾਸਤੇ ਇਹੀ ਯੋਗ ਗੱਲ ਸੀ ਕਿ ਉਹ ਸਭ ਲੋਕਾਂ ਵੱਲ ਇਕੋ ਜਿਹੀ ਨੀਤੀ ਧਾਰਨ ਕਰੇ ਅਤੇ ਆਪਣੇ ਕਰਮਚਾਰੀਆਂ ਨੂੰ ਆਪਣੇ ਮੁਲਕ ਦੇ ਵੱਖ ਵੱਖ ਧਰਮਾਂ ਅਤੇ ਕੌਮਾਂ ਵਿਚੋਂ, ਬਿਨਾਂ ਕਿਸੇ ਭੇਦਭਾਵ ਦੇ ਆਪਣੀ ਨੌਕਰੀ ਵਿਚ ਲਵੇ। ….ਇਹੋ ਕਹਿਣਾ ਕਿ ਮਹਾਰਾਜੇ ਦਾ …. ਸਭ ਨਾਲ ਇਕੋ ਜਿਹਾ ਵਰਤਾਉ ਕਰਨਾ ਇਕ ਧਰਮ ਨਿਰਪੱਖ ਰਾਜ ਸਥਾਪਤ ਕਰਨ ਦੇ ਵਿਚਾਰਧਾਰਾ ਵਿਚੋਂ ਉਤਪੰਨ ਹੋਇਆ ਸੀ ਠੀਕ ਨਹੀਂ ਹੈ। ਪਰ ਧਰਮ ਨਿਰਪੇਖ ਰਾਜ ਦਾ ਜੋ ਭਾਵ ਅਸੀਂ ਅੱਜ ਸਮਝਦੇ ਹਾਂ, ਰਣਜੀਤ ਸਿੰਘ ਨੂੰ ਉਸ ਦਾ ਗਿਆਨ ਨਹੀਂ ਸੀ, ਉਸ ਦਾ ਰਵੱਈਆ ਅਤੇ ਵਿਹਾਰ ਧਾਰਮਿਕ ਸੀ ਪਰ ਫਿਰਕੂ ਨਹੀਂ। ਧਰਮ ਨਿਰਪੇਖ ਰਾਜ ਉਹ ਹੁੰਦਾ ਹੈ ਜਿਸ ਵਿਚ ਹਾਕਮ ਆਪਣੇ ਧਰਮ ਨੂੰ ਰਾਜ ‘ਤੇ ਲਾਗੂ ਨਹੀਂ ਕਰਦਾ ਅਤੇ ਉਸ ਨੂੰ ਆਪਣੇ ਰਾਜਸੀ ਫਰਜ਼ਾਂ ਤੋਂ ਬਿਲਕੁਲ ਵੱਖ ਰੱਖਦਾ ਹੈ। ਪਰ ਰਣਜੀਤ ਸਿੰਘ ਦਾ ਰਵੱਈਆ ਅਜਿਹਾ ਨਹੀਂ ਸੀ। ਉਹ ਆਪਣੇ ਰਾਜ ਨੂੰ ਪੰਜਾਬੀਆਂ ਦਾ ਰਾਜ ਨਹੀਂ ਖਾਲਸੇ ਦਾ ਰਾਜ ਕਹਿੰਦਾ ਸੀ। ਪਰ ਉਸ ਨੇ ਧਰਮ ਦੇ ਆਧਾਰ ‘ਤੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ।
(ਡਾ. ਭਗਤ ਸਿੰਘ, ਮਹਾਰਾਜਾ ਰਣਜੀਤ ਸਿੰਘ, ਸਫ਼ੇ 133-134)
——————————–
ਮਹਾਰਾਜਾ ਰਣਜੀਤ ਸਿੰਘ ਨੇ ਕੰਧਾਂ ‘ਤੇ ਚਿੱਤਰ ਬਣਾਉਣ ਅਤੇ ਹਰਿਮੰਦਰ ਸਾਹਿਬ ਵਿਚ ਮੋਹਰਾਕਸ਼ੀ ਵਿਚ ਵਿਸ਼ੇਸ਼ ਦਿਲਚਸਪੀ ਲਈ ਸੀ। ਹਰਿਮੰਦਰ ਸਾਹਿਬ ਦੇ ਬਰਾਂਡਿਆਂ ਵਿਚ ਅਤੇ ਪਹਿਲੀ ਮੰਜ਼ਿਲ ਦੀ ਛੱਤ ‘ਤੇ ਮੋਹਰਾਕਸ਼ੀ ਦਾ ਕੰਮ ਕੀਤਾ ਹੋਇਆ ਹੈ। ਦੀਵਾਰਾਂ ‘ਤੇ ਇਸ ਮੋਹਰਾਕਸ਼ੀ ਵਿਚ ਅਸੀਂ ਪੌਦਿਆਂ, ਫੁੱਲਾਂ, ਪੱਤਿਆਂ ਅਤੇ ਪਰਿੰਦਿਆਂ ਦੀਆਂ ਬੜੀਆਂ ਸ਼ਾਨਦਾਰ ਤਸਵੀਰਾਂ ਵੇਖਦੇ ਹਾਂ। ਪੌੜੀਆਂ ਵਿਚ ਗੁਰੂ ਗੋਬਿੰਦ ਸਿੰਘ ਜੀ ਤੇ ਪੰਜ ਪਿਆਰਿਆਂ ਦੀ ਇਕ ਤਸਵੀਰ ਖਿੱਚੀ ਹੋਈ ਹੈ। ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤਿਆਰ ਹੋਈ ਸੀ।
(ਡਾ. ਭਗਤ ਸਿੰਘ, ਮਹਾਰਾਜਾ ਰਣਜੀਤ ਸਿੰਘ, ਸਫ਼ਾ 153)
——————————–
ਹਰਿਮੰਦਰ ਸਾਹਿਬ ਦੀਆਂ ਦੀਵਾਰਾਂ ‘ਤੇ ਸੰਗਮਰਮਰ ਚੜ੍ਹਾਉਣ ਦਾ ਕੰਮ 1837 ਈ. ਵਿਚ ਸ਼ੁਰੂ ਕੀਤਾ ਸੀ। ਇਸ ਦੇ ਫਰਸ਼ ਅਤੇ ਦਰਵਾਜ਼ੇ ਅਤੇ ਹਰਿਮੰਦਰ ਸਾਹਿਬ ਦੀਆਂ ਪੌੜੀਆਂ ਅੱਜ ਦੀ ਸ਼ਕਲ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀਆਂ ਪੂਰੀਆਂ ਕੀਤੀਆਂ ਗਈਆਂ ਹਨ।
(ਉਪਰੋਕਤ, ਸਫ਼ਾ 155)
——————————–
ਅਕਾਲ ਤਖਤ ਜਿਸ ਦੀ ਪਹਿਲੀ ਇਮਾਰਤ 1609 ਈ. ਵਿਚ ਬਣੀ ਸੀ, ਅਜੋਕੇ ਰੂਪ ਵਿਚ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬਣਿਆ ਸੀ। ਇਸ ਦੀ ਪਹਿਲੀ ਮੰਜ਼ਿਲ 1775 ਈæ ਵਿਚ ਬਣੀ ਸੀ ਤੇ ਉਪਰਲੀਆਂ ਮੰਜ਼ਿਲਾਂ ਰਣਜੀਤ ਸਿੰਘ ਨੇ ਬਣਾਈਆਂ ਸਨ। ਹਰੀ ਸਿੰਘ ਨਲਵਾ ਨੇ ਇਸ ਦੇ ਗੁੰਬਦ ਨੂੰ ਸੁਨਹਿਰੀ ਕਰਵਾਇਆ ਸੀ। 1984 ਦੇ ਸੈਨਿਕ ਹਮਲੇ ਸਮੇਂ ਇਸ ਇਮਾਰਤ ਨੂੰ ਬਹੁਤ ਹਾਨੀ ਪੁੱਜੀ ਸੀ।
Tags:
Posted in: ਸਾਹਿਤ