ਕਥਨੀ ਤੇ ਕਰਨੀ ਦੇ ਪੂਰੇ ਸੰਤ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲੇ

By June 29, 2016 0 Comments


baba gurbachan singh bhindranwaleਸੱਚਖੰਡ ਵਾਸੀ ਸੰਤ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਮਾਘ ਦੀ ਪੁੰਨਿਆ ਤੇ ਫੱਗਣ ਦੀ ਸੰਗਰਾਂਦ 1959 ਬਿਕਰਮੀ ਮੁਤਾਬਿਕ 12 ਫਰਵਰੀ 1902 ਈ: ਨੂੰ ਪਿਤਾ ਭਾਈ ਰੂੜ ਸਿੰਘ ਦੇ ਘਰ ਮਾਤਾ ਅਨੰਦ ਕੌਰ ਦੀ ਕੁੱਖੋਂ ਅੰਮ੍ਰਿਤ ਵੇਲੇ ਢਾਈ ਵਜੇ ਹੋਇਆ। 13 ਸਾਲ ਦੀ ਉਮਰ ਵਿਚ ਉਨ੍ਹਾਂ ਪਿੰਡ ਕਿਸ਼ਨਪੁਰੇ ਨਜ਼ਦੀਕ ਇਕ ਉਦਾਸੀ ਸਾਧੂ ਮਹੰਤ ਲਾਲ ਦਾਸ ਤੋਂ ਹਿੰਦੂ ਮੱਤ ਗ੍ਰੰਥਾਂ ਦਾ ਅਧਿਐਨ ਕੀਤਾ। 18 ਸਾਲ ਦੀ ਉਮਰ ਵਿਚ ਆਪ ਦਾ ਵਿਆਹ ਸ: ਬਸੰਤ ਸਿੰਘ ਦੀ ਸਪੁੱਤਰੀ ਬੀਬੀ ਕਿਸ਼ਨ ਕੌਰ ਨਾਲ ਪਿੰਡ ਰਾਜੋਆਣਾ, ਜ਼ਿਲ੍ਹਾ ਲੁਧਿਆਣਾ ਵਿਖੇ ਪੂਰਨ ਗੁਰਮਰਿਆਦਾ ਅਨੁਸਾਰ ਹੋਇਆ। ਆਪ ਦੇ ਗ੍ਰਹਿ ਦੋ ਪੁੱਤਰਾਂ ਭਾਈ ਕਰਤਾਰ ਸਿੰਘ ਅਤੇ ਭਾਈ ਭਗਵਾਨ ਸਿੰਘ ਨੇ ਜਨਮ ਲਿਆ।
ਜਦ ਵੀ ਕਿਸੇ ਚੰਗੇ ਭਜਨ-ਬੰਦਗੀ ਵਾਲੇ ਮਹਾਂਪੁਰਸ਼ ਬਾਰੇ ਆਪ ਨੂੰ ਪਤਾ ਲਗਦਾ ਤਾਂ ਆਪ ਬੜੇ ਸ਼ਰਧਾ ਅਤੇ ਪ੍ਰੇਮ ਨਾਲ ਦਰਸ਼ਨਾਂ ਨੂੰ ਜਾਂਦੇ। ਪਰ ਇਨ੍ਹਾਂ ਦੀ ਰੂਹ ਦੀ ਤੜਪ ਗੁਰਬਾਣੀ ਦੇ ਗਿਆਨ ਦੀ ਪ੍ਰਾਪਤੀ ਲਈ ਵਧਦੀ ਗਈ। ਗੁਰਬਾਣੀ ਦੀਆਂ ਡੂੰਘਾਈਆਂ ਨੂੰ ਸਮਝਣ ਲਈ ਇਨ੍ਹਾਂ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਰੀਦਕੋਟ ਵਾਲਾ ਟੀਕਾ’ ਜੋ 52 ਨਿਰਮਲੇ ਵਿਦਵਾਨਾਂ ਦਾ ਤਿਆਰ ਕੀਤਾ ਹੋਇਆ, ਗਹੁ ਨਾਲ ਪੜ੍ਹਿਆ ਅਤੇ ਵਿਚਾਰਿਆ। ਉਸ ਟੀਕੇ ਨੇ ਆਪ ਦੇ ਮਨ ਵਿਚ ਅਨੰਦ ਵਧਾਇਆ ਅਤੇ ਗਿਆਨ ਵਿਸ਼ਾਲ ਕੀਤਾ। 1920 ਵਿਚ ਅਖਾੜੇ ਵਿਖੇ ਸੰਤ ਸੁੰਦਰ ਸਿੰਘ ਦੇ ਮੁਖਾਰਬਿੰਦ ਤੋਂ ਹੋਈ ਅੰਮ੍ਰਿਤ ਰੂਪ ਗੁਰਬਾਣੀ ਦੀ ਕਥਾ ਦਾ ਆਪ ਦੇ ਮਨ ‘ਤੇ ਐਸਾ ਪ੍ਰਭਾਵ ਪਿਆ ਕਿ ਨਿਰਮਲ ਰੂਹ ਪ੍ਰੇਮ ਵਿਚ ਲੀਨ ਹੋ ਗਈ।
ਸੰਤ ਸੁੰਦਰ ਸਿੰਘ ਨੇ ਪੰਜ ਪਿਆਰਿਆਂ ਵਿਚ ਲੱਗ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਪੰਜ ਸੌ ਸਿੰਘਾਂ ਨੂੰ ਅੰਮ੍ਰਿਤ ਛਕਾਇਆ, ਜਿਨ੍ਹਾਂ ਵਿਚ ਗੁਰਬਚਨ ਸਿੰਘ ਵੀ ਅੰਮ੍ਰਿਤ ਛਕ ਕੇ ਐਸਾ ਖ਼ਾਲਸਾ ਸਜਿਆ ਕਿ ਆਪ ਦੇ ਨਾਂਅ ਨਾਲ ‘ਤਖੱਲਸ’ ਖ਼ਾਲਸਾ ਵੀ ਰੱਖਿਆ ਗਿਆ। ਸਾਉਣ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਤੋਂ ਪੱਕੇ ਤੌਰ ‘ਤੇ ਪਿੰਡ ਭਿੰਡਰੀ ਜਥੇ ਵਿਚ ਰਹਿਣ ਲੱਗ ਪਏ। 1921 ਤੋਂ 1930 ਤੱਕ ਆਪ ਲਗਾਤਾਰ ਇਨ੍ਹਾਂ ਦੀ ਸੰਗਤ ਵਿਚ ਰਹੇ। 15 ਫਰਵਰੀ, 1930 ‘ਚ ਗੁਰਦੁਆਰਾ ਸੱਚਖੰਡ ਬੋਪਾਰਾਏ ਵਿਖੇ ਗਿਆਨੀ ਸੁੰਦਰ ਸਿੰਘ ਨੇ ਕਥਾ ਸੁਣਦਿਆਂ ਪ੍ਰਭਾਵਿਤ ਹੋ ਕੇ ‘ਦਮਦਮੀ ਟਕਸਾਲ’ ਦੀ ਸੇਵਾ-ਸੰਭਾਲ ਉਨ੍ਹਾਂ ਨੂੰ ਸੌਂਪ ਦਿੱਤੀ।
ਸੰਤ ਗੁਰਬਚਨ ਸਿੰਘ ਨੇ ਨਿਰੋਲ ਗੁਰਮਤਿ ਦਾ ਪ੍ਰਚਾਰ ਕਰਦਿਆਂ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਹਜ਼ਾਰਾਂ ਨੂੰ ਸ਼ੁੱਧ ਪਾਠ ਕਰਵਾਇਆ ਅਤੇ ਸੈਂਕੜਿਆਂ ਨੂੰ ਗਿਆਨੀ ਬਣਾਇਆ। ਸੰਤ ਜੀ ਨੇ ਗੁਰਮਤਿ ਦੀ ਵਿੱਦਿਆ ਪੜ੍ਹਾਉਣ ਦੇ ਨਾਲ-ਨਾਲ ਕਈ ਗੁਰਦੁਆਰਿਆਂ ਦੀ ਸੇਵਾ ਵੀ ਕੀਤੀ। ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸੰਤ ਜੀ ਨੇ ਦੋ-ਦੋ, ਤਿੰਨ-ਤਿੰਨ ਕਥਾ ਰੋਜ਼ ਕੀਤੀਆਂ। ਸੰਤ ਗੁਰਬਚਨ ਸਿੰਘ ਖ਼ਾਲਸਾ 29 ਜੂਨ, 1969 ਈ: ਨੂੰ 67 ਸਾਲ ਦੀ ਉਮਰ ਭੋਗ ਕੇ ਸੱਚਖੰਡ ਪਿਆਨਾ ਕਰ ਗਏ।
ਸੰਤ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੀ 47ਵੀਂ ਬਰਸੀ 27, 28 ਤੇ 29 ਜੂਨ ਨੂੰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ (ਅੰਮ੍ਰਿਤਸਰ) ਵਿਖੇ ਸੰਤ ਹਰਨਾਮ ਸਿੰਘ ਖ਼ਾਲਸਾ ਦੀ ਸਰਪ੍ਰਸਤੀ ਹੇਠ ਮਨਾਈ ਜਾ ਰਹੀ ਹੈ।
By Karnail Singh MA

Posted in: ਸਾਹਿਤ