ਕਰਮਸ਼ੀਲ ਅਧਿਆਤਮਵਾਦੀ ਬਾਬਾ ਬੰਦਾ ਸਿੰਘ ਬਹਾਦਰ

By June 29, 2016 0 Comments


guru gobind singh ji baba Banda singh bhadurਸ਼ਤਾਬਦੀ ਸਮਾਰੋਹਾਂ ਦੀ ਨਿਰੰਤਰਤਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਨੂੰ ਫ਼ਤਹਿ ਕਰਨ ਦੀ ਤੀਜੀ ਸ਼ਤਾਬਦੀ ਲਗਪਗ ਪਹਿਲੀ ਵਾਰ ਮਨਾਈ ਜਾ ਰਹੀ ਹੈ। ਸਮੇਂ ਤੇ ਸਾਧਨਾਂ ਦੀ ਵਧੇਰੇ ਵਰਤੋਂ, ਸ਼ਤਾਬਦੀਆਂ ਦੀ ਸਿਆਸਤ ਵਜੋਂ ਹੀ ਹੁੰਦੀ ਆ ਰਹੀ ਹੈ। ਇਸ ਨੂੰ ਧਿਆਨ ਵਿੱਚ ਰੱਖ ਕੇ ‘ਬੰਦਾ-ਸਮਾਰੋਹਾਂ’ ਦੇ ਹਵਾਲੇ ਨਾਲ ਸਿੱਖ ਭਾਈਚਾਰੇ ਦੀ ਦਸ਼ਾ ਤੇ ਦਿਸ਼ਾ ਨੂੰ ਸਮਝਣ ਦਾ ਯਤਨ ਕੀਤਾ ਜਾ ਰਿਹਾ ਹੈ।
ਸਿੱਖ ਭਾਈਚਾਰੇ ਦੀ ਦਸ਼ਾ ਤੇ ਦਿਸ਼ਾ ਦਾ ਸਬੰਧ ਸਿੱਧੇ ਤੌਰ ’ਤੇ ਸਿੱਖ ਮਾਨਸਿਕਤਾ ਨਾਲ ਹੈ। ਸਿੱਖ ਮਾਨਸਿਕਤਾ ਦਾ ਸ੍ਰੋਤ ਬਾਣੀ ਹੈ ਤੇ ਪ੍ਰੇਰਨਾ ਸਿੱਖ ਇਤਿਹਾਸ ਹੈ। ਵਰਤਮਾਨ ਸਮਾਰੋਹ ਆਪਣੇ ਸ੍ਰੋਤ ਤੇ ਪ੍ਰੇਰਨਾ ਨਾਲ ਕਿੰਨਾ ਕੁ ਜੁੜੇ ਹੋਏ ਹਨ, ਇਸ ਬਾਰੇ ਗੱਲ ਕਰਨਾ ਜ਼ਰੂਰੀ ਹੈ। ਇਨ੍ਹਾਂ ਸਮਾਰੋਹਾਂ ਨੂੰ ਮਨਾਈਆਂ ਗਈਆਂ ਸ਼ਤਾਬਦੀਆਂ ਦੀ ਨਿਰੰਤਰਤਾ ਵਿੱਚ ਵੇਖੀਏ ਤਾਂ ਸੌਖਿਆਂ ਹੀ ਸਮਝ ਆ ਜਾਵੇਗਾ ਕਿ ਇਨ੍ਹਾਂ ਵਿੱਚ ਸਿਆਸੀਨੁਮਾ ਵਿਖਾਵੇ ਨੂੰ ਹੀ ਅਹਿਮੀਅਤ ਪ੍ਰਾਪਤ ਹੈ। ਸਿੱਖ ਧਰਮ ਵਿੱਚ ਮੇਲਾਨੁਮਾ ਬੇਲਗਾਮ ਭੀੜ ਨੂੰ ਕਦੇ ਅਹਿਮੀਅਤ ਨਹੀਂ ਦਿੱਤੀ ਗਈ। ਇੱਥੋਂ ਤਕ ਕਿ ਸਿੱਖ ਸੰਘਰਸ਼ਾਂ ਵੇਲੇ ਵੀ ਗਿਣਤੀ ਆਧਾਰਿਤ ਨਹੀਂ, ਗੁਣਤਾ ਆਧਾਰਿਤ ਨੂੰ ਪਹਿਲ ਦਿੱਤੀ ਗਈ ਸੀ। ਅਲਪ ਸੰਖਿਅਕ ਭਾਈਚਾਰਿਆਂ ਕੋਲੋਂ ਗਿਣਤੀ ਆਧਾਰਿਤ ਵਰਤਾਰਿਆਂ ਦੀ ਆਸ ਹੀ ਨਹੀਂ ਕੀਤੀ ਜਾ ਸਕਦੀ। ਇਸ ਵੇਲੇ ਇਹ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਗਿਣਤੀ ਦੇ ਹਿਸਾਬ ਨਾਲ ਸਿੱਖ ਭਾਈਚਾਰਾ ਕੁੰਭ ਵਰਗੇ ਇਕੱਠਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਇਸ ਨਾਲ ਇਹ ਤੱਥ ਸਾਹਮਣੇ ਆ ਜਾਂਦਾ ਹੈ ਕਿ ਭੀੜਨੁਮਾ ਇਕੱਠ ਵਿਅਕਤੀ ਕੇਂਦਰਿਤ ਸਿਆਸਤਨੁਮਾ ਅਵਸਰਾਂ ਨੂੰ ਵੀ ਇਹ ਠੀਕ ਬੈਠਦਾ ਹੈ। ਕਾਰਨ ਇਹ ਹੈ ਕਿ ਮੀਡੀਆ ਦੀ ਸਰਦਾਰੀ ਵਿੱਚ ਅਵਸਰਾਂ ਨੂੰ ਹਨੇਰੀ ਵਾਂਗ ਉਡਾਇਆ ਵੀ ਜਾ ਸਕਦਾ ਹੈ ਤੇ ਹੜ੍ਹ ਵਾਂਗ ਬਹਾਇਆ ਵੀ ਜਾ ਸਕਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਸਮਾਰੋਹ ਸੁਭਾ ਵਿੱਚ ਸਿਆਸੀ ਹੋਣ ਤੇ ਨਤੀਜੇ ਵੀ ਸਿਆਸੀ ਰੰਗ ਵਾਲੇ ਕੱਢਣ, ਉਨ੍ਹਾਂ ਨੂੰ ਵੋਟ ਬੈਂਕ ਦੀ ਸਿਆਸਤ ਨਾਲ ਜੁੜੇ ਹੋਏ ਹੋਣ ਕਰਕੇ ਪੰਥਕ ਰੰਗ ਵਿੱਚ ਨਹੀਂ ਭੁਗਤਾਇਆ ਜਾ ਸਕਦਾ।
ਡਾ. ਬਲਕਾਰ ਸਿੰਘ *

ਕਿਸੇ ਵੇਲੇ ਢਾਡੀ ਵਿਧੀ ਨਾਲ ਸਿੱਖ ਮਾਨਸਿਕਤਾ ਵਿੱਚ ਲਗਾਤਾਰ ਉਤਾਰਿਆ ਜਾਂਦਾ ਸੀ ਕਿ ਸਿੱਖ ਧਰਮ ਦੁਆਰਾ ਲਿਆਂਦਾ ਗਿਆ ਮਾਨਸਿਕ ਪਰਿਵਰਤਨ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਖ਼ਾਲਸਾ ਬਿੰਬ ਪੈਦਾ ਕਰਦਾ ਰਿਹਾ ਹੈ। ਇਸ ਨੂੰ ਸੰਭਾਲਣ ਦੀ ਥਾਂ ਵਿਅਕਤੀਆਂ ਦੇ ਮੂਰਤੀਕਰਨ ਵਾਲੇ ਰਾਹ ਪਾ ਦਿੱਤਾ ਗਿਆ ਹੈ। ਪੰਥਕ ਸੁਰ ਵਿੱਚ ਲੋੜ ਇਹ ਸਾਹਮਣੇ ਲਿਆਉਣ ਦੀ ਹੈ ਕਿ ਬਾਬਾ ਜੀ ਦੇ ਬਿੰਬ ਰਾਹੀਂ ਅਧਿਆਤਮਕਤਾ ਦੀ ਭਾਰਤੀ ਵਿਧੀ ਵਿੱਚੋਂ ਨਿਕਲ ਕੇ ਅਧਿਆਤਮਕਤਾ ਦੀ ਸਿੱਖ ਵਿਧੀ ਨਾਲ ਕਿਹੋ ਜਿਹੇ ਨਤੀਜੇ ਕੱਢੇ ਜਾ ਸਕਦੇ ਹਨ? ਇਸ ਦਾ ਅੰਸ਼ਿਕ ਪ੍ਰਗਟਾਵਾ ਸਵਾਮੀ ਰਾਮ ਦੀ ‘ਗੋਵਿੰਦ ਗੀਤਾ’ (ਅੰਗਰੇਜ਼ੀ,1989) ਵਿੱਚੋਂ ਵੀ ਵੇਖਿਆ ਜਾ ਸਕਦਾ ਹੈ।
ਬਾਬਾ ਜੀ ਨੂੰ ਸਿੱਖ ਅਧਿਆਤਮਕਤਾ ਦੇ ਇਤਿਹਾਸਕ ਪ੍ਰਗਟਾਵੇ ਦੀ ਨਿਰੰਤਰਤਾ ਵਿੱਚ ਵਿਚਰਨ ਦਾ ਗੁਰੂ ਹੁਕਮ ਸੀ। ਇਹ ਸਫ਼ਰ ਉਨ੍ਹਾਂ ਨੇ ਪੰਜ ਪਿਆਰਿਆ ਨੂੰ ਨਾਲ ਲੈ ਕੇ ਸ਼ੁਰੂ ਕੀਤਾ ਸੀ ਤੇ ਪੰਥਕ ਰੰਗ ਵਿੱਚ ਹੀ ਆਪਣੇ ਮਿਸ਼ਨ ਨੂੰ ਅੰਜ਼ਾਮ ਤਕ ਪਹੁੰਚਾਇਆ ਸੀ। ਹਰ ਕਿਸਮ ਦੀ ਸਿਆਸਤ ਨਾਲ ਜੂਝਦਿਆਂ ਵੀ ਪ੍ਰਾਪਤੀਆਂ ਦੀ ਪ੍ਰਧਾਨ-ਸੁਰ ਸਿਆਸਤ ਦੀ ਨਹੀਂ, ਧਰਮ ਦੀ ਹੀ ਰਹੀ ਸੀ। ਚਪੜਚਿੜੀ ਦੇ ਮੈਦਾਨ ਵਿੱਚ ਸਿੱਖ ਲੋਕਤੰਤਰ ਦੀ ਸੁਰ ਵਿੱਚ ਸਥਿਤੀ ਨੂੰ ਭਾਂਪਦਿਆਂ ਬਾਬਾ ਬਿਨੋਦ ਸਿੰਘ ਤੇ ਬਾਬਾ ਬਾਜ ਸਿੰਘ ਨੇ ਕਿਹਾ ਸੀ ਕਿ ਗੁਰੂ ਪਾਤਸ਼ਾਹ ਨੇ ਹਰ ਮੈਦਾਨ ਫ਼ਤਹਿ ਬਖ਼ਸ਼ੀ ਹੈ। ਗੁਰੂ ਹੁਕਮ ਦੇ ਸਨਮੁਖ ਰਹਿ ਕੇ ਅਰਦਾਸ ਕੀਤੀ ਗਈ ਸੀ ਤੇ ਕਲਗੀਆਂ ਵਾਲੇ ਨੂੰ ਜੋਦੜੀ ਕੀਤੀ ਗਈ ਸੀ ਕਿ ਅੰਗ-ਸੰਗ ਸਹਾਈ ਹੋ ਕੇ ਫ਼ਤਹਿ ਬਖ਼ਸ਼ਿਸ਼ ਕਰਨ। ਇਹ ਸਿਆਸੀ ਹਾਰ ਨੂੰ ਧਾਰਮਿਕ ਜਿੱਤ ਵਿੱਚ ਬਦਲਣ ਦੀ ਜਾਹਰੀ ਕਲਾ ਸੀ, ਜੋ ਸਿੱਖ ਇਤਿਹਾਸ ਵਿੱਚ ਵਾਰ-ਵਾਰ ਵਾਪਰਦੀ ਰਹੀ ਹੈ। ਇਸ ਨਾਲ ਸਵਾਲ ਇਹ ਪੈਦਾ ਹੁੰਦਾ ਹੈ ਕਿ ਬਾਬਾ ਜੀ ਦੇ ਜੰਗੀ ਪੈਂਤੜੇ, ਸਮਝ ਤੇ ਪ੍ਰਗਟਾਵੇ ਵਿੱਚ ਧਾਰਮਿਕ ਸਨ ਕਿ ਸਿਆਸੀ ਸਨ? ਜੇ ਸਿਆਸੀਆਂ ਵਾਂਗ ਸੋਚਿਆ ਜਾਵੇ ਤਾਂ ਬਾਬਾ ਜੀ ਨੂੰ ਗੁਰਦਾਸ ਨੰਗਲ ਦੀ ਗੜ੍ਹੀ ਵਿੱਚੋਂ ਨਿਕਲ ਜਾਣਾ ਚਾਹੀਦਾ ਸੀ। ਅਜਿਹੀਆਂ ਹੋਰ ਵੀ ਕਈ ਘਟਨਾਵਾਂ ਹਨ, ਜਿਹੜੀਆਂ ਇਸ ਨੂੰ ਸਿਆਸੀ ਨਾਲੋਂ ਵੱਧ ਧਾਰਮਿਕ ਹੋਣ ਵੱਲ ਲੈ ਕੇ ਜਾਂਦੀਆਂ ਹਨ। ਇੱਥੇ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਵਰਤਮਾਨ ਸਮੇਂ ਇਸ ਪੰਥਕ ਭਾਵਨਾ ਨੂੰ ਨਾਲ ਲੈ ਕੇ ਟੁਰਿਆ ਜਾ ਰਿਹਾ ਹੈ ਜਾਂ ਨਹੀਂ।
ਵਰਤਮਾਨ ਸਮੇਂ ਸਿੱਖ ਭਾਈਚਾਰੇ ਵਿੱਚ ਜਿਸ ਤਰ੍ਹਾਂ ਸਿਆਸਤ ਦਾ ਬੋਲਬਾਲਾ ਹੋ ਗਿਆ ਹੈ, ਉਸ ਨਾਲ ਧਾਰਮਿਕ ਚੇਤਨਾ ਦਾ ਰਾਹ ਹੀ ਰੁਕ ਗਿਆ ਜਾਪਣ ਲੱਗਾ ਹੈ। ਇੱਕ ਸੋਚ ਨਾਲ ਜੁੜੀ ਹੋਈ ਕੋਮਲ ਮਾਨਸਿਕਤਾ ਦਾ ਤਲਿੱਸਮੀ-ਨਾਅਰਿਆਂ ਨਾਲ ਕੀਤਾ ਗਿਆ ਸ਼ੋਸ਼ਣ, ਸਿਆਸਤ ਦੀ ਮਨਭਾਉਂਦੀ ਖ਼ੁਰਾਕ ਹੈ। ਅਜਿਹੀਆਂ ਸੰਭਾਵਨਾਵਾਂ, ਭੀੜ-ਮਾਨਸਿਕਤਾ ਵਿੱਚ ਹੀ ਸੰਭਵ ਹੋ ਸਕਦੀਆਂ ਹਨ। ਸਿੱਖ ਆਗੂ ਇਸ ਪਾਸੇ ਸਰਪਟ ਦੌੜੇ ਜਾ ਰਹੇ ਹਨ। ਉਲਾਰ ਜਜ਼ਬਿਆਂ ਦੀ ਬੇਰਹਿਮ ਮਾੜ-ਧਾੜ ਵੀ ਅਜਿਹੇ ਹਾਲਾਤ ਵਿੱਚ ਹੀ ਪੈਦਾ ਹੁੰਦੀ ਹੈ। ਬੇਰਹਿਮ ਮੁਕਾਬਲੇਬਾਜ਼ੀ ਦੇ ਸਨਮੁੱਖ ਸਿੱਖ ਭਾਈਚਾਰਾ ਤਾਂ ਪਹਿਲਾਂ ਹੀ ਚੁਰਾਹੇ ’ਤੇ ਖੜ੍ਹਾ ਹੈ। ਇਸ ਹਾਲਤ ਵਿੱਚ ਸਿੱਖਾਂ ਨੂੰ ਚੁਰਾਹੇ ਤੋਂ ਸਿਰਫ਼ ਸਿਆਸਤ ਵਾਲਾ ਰਾਹ ਹੀ ਕਿਉਂ ਨਜ਼ਰ ਆ ਰਿਹਾ ਹੈ? ਇਸ ’ਤੇ ਤੁਰਨ ਦੇ ਹਾਲਾਤ ਹੀ ਕਿਉਂ ਪੈਦਾ ਕੀਤੇ ਜਾ ਰਹੇ ਹਨ? ਬਾਕੀ ਤਿੰਨ ਰਾਹਾਂ ਦੀ ਨਿਸ਼ਾਨਦੇਹੀ ਕਿਉਂ ਨਹੀਂ ਹੋ ਰਹੀ? ਕੀ ਕਿਰਤ ਕਰਨ, ਨਾਮ ਜਪਣ, ਵੰਡ-ਛਕਣ ਨੂੰ ਇਨ੍ਹਾਂ ਤਿੰਨਾਂ ਰਾਹਾਂ ਵਜੋਂ ਨਹੀਂ ਵੀਚਾਰਿਆ ਜਾ ਸਕਦਾ? ਕੀ ਜੋ ਸਿੱਖ-ਸਿਆਸਤਦਾਨ ਨੂੰ ਠੀਕ ਨਹੀਂ ਬੈਠਦਾ, ਉਸ ਨੂੰ ਅਪੰਥਕ ਪ੍ਰਵਾਨ ਕਰ ਲੈਣਾ ਚਾਹੀਦਾ ਹੈ? ਅਜਿਹੇ ਸਵਾਲਾਂ ਦੇ ਉੱਤਰ ਲੱਭਣ ਦੀ ਅਕਾਦਮਿਕਤਾ ਵਾਸਤੇ ਸ਼ਤਾਬਦੀ ਅਵਸਰਾਂ ਨੂੰ ਨਾ ਅਸੀਂ ਪਹਿਲਾਂ ਵਰਤਿਆ ਹੈ ਤੇ ਨਾ ਹੀ ਹੁਣ ਵਰਤਣਾ ਚਾਹੁੰਦੇ ਹਾਂ। ਜਲਸੇ ਜਲੂਸਾਂ ਨਾਲ ਸਿੱਖ ਪਛਾਣ ਦੀ ਸਿਆਸਤ ਤੋਂ ਅੱਗੇ ਤੁਰਨ ਦੀ ਕੋਈ ਸੰਭਾਵਨਾ ਨਹੀਂ ਹੈ। ਜਲਸੇ ਜਲੂਸਾਂ ਦੀ ਸਿਆਸਤ ਨਾਲ ਗ਼ੈਰ-ਸਿੱਖਾਂ ਨੂੰ ਕਿਵੇਂ ਦੱਸ ਸਕਾਂਗੇ ਕਿ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਵਿਰਾਸਤੀ ਜੜ੍ਹਾਂ ਸਰਬਤ ਦੇ ਭਲੇ ਵਿੱਚ ਸਨ, ‘ਜਗਤ ਜਲੰਦਾ ਰਖਿ ਲੈ’ ਵਿੱਚ ਸਨ। ਲੜਾਈਆਂ ਲੜਦਿਆਂ ਵੀ ਬਾਬਾ ਜੀ ਦਾ ਨਿਸ਼ਾਨਾ ਸਿੱਖ-ਸੱਚ ਸੀ ਤੇ ਜਿੱਤਾਂ ਜਿੱਤ ਕੇ ਵੀ ਉਨ੍ਹਾਂ ਲਈ ਇਹੀ ਰਿਹਾ ਸੀ। ਉਨ੍ਹਾਂ ਦੀ ਅਗਵਾਈ ਵਿੱਚ ਲੜੀਆਂ ਗਈਆਂ ਜੰਗਾਂ, ਧਰਮ ਯੁੱਧ ਦੇ ਚਾਅ ਨਾਲ ਲੜੀਆਂ ਗਈਆਂ ਸਨ ਤੇ ਇਨ੍ਹਾਂ ਵਿੱਚ ਹਾਰਾਂ ਅਤੇ ਜਿੱਤਾਂ ਨੂੰ ਭਾਣੇ ਦੀ ਭਾਵਨਾ ਵਿੱਚ ਹੀ ਵੇਖਿਆ ਤੇ ਪਰਖਿਆ ਜਾਣਾ ਚਾਹੀਦਾ ਹੈ।
ਇਸ ਵੇਲੇ ਲੋੜ, ਬਾਬਾ ਬੰਦਾ ਸਿੰਘ ਦੀਆਂ ਪ੍ਰਾਪਤੀਆਂ ਦੀ ਧਾਰਮਿਕਤਾ, ਸਿੱਖ ਧਰਮ ਦੀ ਅਕਾਦਮਿਕਤਾ ਤੇ ਪੰਥਕ ਕਾਵਿਕਤਾ ਉਸਾਰੇ ਜਾਣ ਦੀ ਹੈ। ਜੇ ਸਿਆਸਤ ਵੀ ਉਸਾਰਨੀ ਹੈ ਤਾਂ ਇਹ ਉਸਾਰਨੀ ਚਾਹੀਦੀ ਹੈ ਕਿ ਬਾਬਾ ਜੀ ਨੇ ਭਾਰਤ ਨੂੰ ਸਦੀਆਂ ਦੀ ਗ਼ੁਲਾਮੀ ਵਿੱਚੋਂ ਨਿਕਲਣ ਦੀਆਂ ਸਿਆਸੀ-ਸੰਭਾਵਨਾਵਾਂ ਨੂੰ ਸਾਹਮਣੇ ਲਿਆਂਦਾ ਸੀ। ਉਨ੍ਹਾਂ ਨੇ ਵਿਰਾਸਤੀ ਜੜ੍ਹਾਂ ਨਾਲੋਂ ਟੁੱਟੇ ਹੋਏ ਆਮ ਆਦਮੀ ਨੂੰ ਉਸ ਦੀ ਵਿਰਾਸਤੀ ਸ਼ਕਤੀ ਪ੍ਰਤੀ ਜਾਗ੍ਰਿਤ ਕੀਤਾ ਸੀ ਤੇ ਸਿਆਸੀ ਭੀੜਾਂ ਨੂੰ ਵਚਨਬੱਧ-ਸੂਰਮਿਆਂ ਵਾਂਗ ਪਛਾੜ ਸਕਣ ਦੇ ਅਹਿਸਾਸ ਨੂੰ ਪ੍ਰਚੰਡ ਕੀਤਾ ਸੀ। ਇਹ ਗੱਲਾਂ ਭਾਸ਼ਣਾਂ ਦੀ ਸਿਆਸਤ ਨਾਲ ਕਿਸੇ ਪਾਸੇ ਨਹੀਂ ਤੁਰ ਸਕਦੀਆਂ। ਇਨ੍ਹਾਂ ਦੀ ਅਕਾਦਮਿਕਤਾ ਨੂੰ ਸਾਹਮਣੇ ਲਿਆਉਣਾ ਪੈਣਾ ਹੈ ਪਰ ਇਸ ਪਾਸੇ ਤੁਰਨ ਦਾ ਰਾਹ ਸਮਾਰੋਹਾਂ ਦੀ ਸਿਆਸਤ ਨਾਲ ਗੁਆਚਦਾ ਨਜ਼ਰ ਆ ਰਿਹਾ ਹੈ।
ਬਾਬਾ ਬੰਦਾ ਸਿੰਘ ਨੂੰ ਸਿੱਖਾਂ ਤੇ ਪੰਜਾਬ ਤਕ ਸੀਮਿਤ ਕਰ ਕੇ ਵੇਖੇ ਜਾਣ ਨਾਲ ਗ਼ੁਲਾਮ ਭਾਰਤ ਦੇ ਮੁਕਤੀ-ਦਾਤਾ ਵਜੋਂ ਨਿਭਾਈ ਉਨ੍ਹਾਂ ਦੀ ਪਥ-ਪ੍ਰਦਰਸ਼ਕ ਭੂਮਿਕਾ ਸਾਹਮਣੇ ਨਹੀਂ ਆ ਸਕੇਗੀ। ਬਾਬਾ ਬੰਦਾ ਬਹਾਦਰ ਦੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨਾਲ ਨੰਦੇੜ ਵਿੱਚ ਮੁਲਾਕਾਤ 1708 ਵਿੱਚ ਹੋਈ। ਉਸ ਵੇਲੇ ਉਹ 38 ਸਾਲਾਂ ਦਾ ਸੀ। ਪੰਜਾਬ ਵਿੱਚ ਨਿਭਾਈ ਗਈ ਭੂਮਿਕਾ ਸਿਰਫ਼ ਸੱਤ ਸਾਲਾਂ ਵਾਸਤੇ ਸੀ। ਇਹ ਸਾਰਾ ਸਮਾਂ ਸੰਘਰਸ਼ ਵਿੱਚ ਬੀਤਿਆ ਸੀ ਤੇ ਇਸ ਨੂੰ ਪ੍ਰਬੰਧਕੀ-ਢਾਂਚਾ ਸਥਾਪਿਤ ਕਰਨ ਵਾਸਤੇ ਬਹੁਤ ਨਿਗੂਣਾ ਕਿਹਾ ਜਾ ਸਕਦਾ ਹੈ। ਉਨ੍ਹਾਂ ਦੇ ਸਿਆਸੀ ਬਿੰਬ ਨੂੰ ਉਸਾਰਨ ਦੀ ਥਾਂ ਉਨ੍ਹਾਂ ਦਾ ਪੰਥਕ-ਬਿੰਬ ਉਸਾਰਨ ਦੀ ਲੋੜ ਹੈ। ਇਤਿਹਾਸ ਵਿੱਚ ਵੀ ਅਜਿਹੇ ਹਵਾਲੇ ਮਿਲ ਜਾਂਦੇ ਹਨ, ਜਿਨ੍ਹਾਂ ਨਾਲ ਇਹ ਸਾਬਤ ਹੋ ਜਾਂਦਾ ਹੈ ਕਿ ਸਿਆਸੀ ਪ੍ਰਾਪਤੀਆਂ ਜੇ ਵਿਰਾਸਤੀ-ਚੇਤਨਾ ਨਾਲੋਂ ਟੁੱਟ ਜਾਣ ਤਾਂ ਕੌਮਾਂ ਖੜੋਤ ਦਾ ਸ਼ਿਕਾਰ ਹੋ ਜਾਂਦੀਆਂ ਹਨ। ਇਸ ਦੇ ਸਮਰਥਨ ਵਿੱਚ ਆਰਟਿਸਟ ਹਰਦੇਵ ਸਿੰਘ ਦੀ ਪੋਲਿਸ਼ ਪਤਨੀ ਮਾਰੀਆ ਦੇ ਸ਼ਬਦ (ਡਾ. ਹਰਪਾਲ ਸਿੰਘ ਪੰਨੂ ਦੇ ਲੇਖ ਵਿੱਚੋਂ) ਹਨ, ‘‘ਕੱਜ਼ਾਕ ਪੜ੍ਹਦੇ ਨਹੀਂ। ਇਨ੍ਹਾਂ ਦਾ ਸ਼ਾਨਦਾਰ ਇਤਿਹਾਸ ਸਿੱਖਾਂ ਵਰਗਾ ਹੈ। ਅਨਪੜ੍ਹ ਹੋਣ ਕਰਕੇ ਕੱਜ਼ਾਕ ਹੁਣ ਖ਼ਤਮ ਹੋ ਰਹੇ ਹਨ, ਇਨ੍ਹਾਂ ਨੂੰ ਮਰਦਿਆਂ ਦੇਖ ਕੇ ਸਿੱਖਾਂ ਨੂੰ ਬਚਣ ਦਾ ਯਤਨ ਕਰਨਾ ਚਾਹੀਦਾ ਹੈ।”
ਇਹ ਹਵਾਲਾ ਇਹ ਦੱਸਣ ਲਈ ਦਿੱਤਾ ਹੈ ਕਿ ਰੂਸ ਵਿੱਚ ਜੇਤੂਆਂ ਵਜੋਂ ਵਸੇ ਪੋਲ ਬਹਾਦਰਾਂ ਨੂੰ ਹੀ ਰੂਸੀ ਕੱਜ਼ਾਕ ਕਹਿੰਦੇ ਹਨ। ਇਨ੍ਹਾਂ ਦਾ 15ਵੀਂ ਤੋਂ 18ਵੀਂ ਸਦੀ ਤਕ ਰੂਸ, ਪੋਲੈਂਡ ਤੇ ਯੂਕਰੇਨ ’ਤੇ ਰਾਜ ਰਿਹਾ ਸੀ ਪਰ ਅੱਜ ਉਨ੍ਹਾਂ ਦਾ ਹਵਾਲਾ ਹੀ ਮਿਲਦਾ ਹੈ ਤੇ ਉਹ ਆਰਕਾਈਵਲ-ਮਟੀਰੀਅਲ ਹੋ ਗਏ ਹਨ। ਕਿਤੇ ਸਿੱਖ ਵੀ ਇਸ ਪਾਸੇ ਤਾਂ ਨਹੀਂ ਵਧ ਰਹੇ? ਇਸ ਨਾਲੋਂ ਉਲਟ ਉਦਾਹਰਨ ਇਹ ਲਈ ਜਾ ਸਕਦੀ ਹੈ ਕਿ ਜਿਊਜ਼ ਦਾ ਕਿਧਰੇ ਵੀ ਰਾਜ ਨਹੀਂ ਸੀ ਪਰ ਉਹ ਦੁਨੀਆਂ ਭਰ ਨੂੰ ਪ੍ਰਭਾਵਿਤ ਕਰਨ ਵਾਲੀ ਭੂਮਿਕਾ, ਅਤਿ ਦੇ ਮਾੜੇ ਹਾਲਤਾਂ ਵਿੱਚ ਵੀ ਨਿਭਾਉਂਦੇ ਰਹੇ ਹਨ ਤੇ ਆਪਣੀਆਂ ਬੌਧਿਕ ਪ੍ਰਾਪਤੀਆਂ ਸਦਕਾ ਸਤਿਕਾਰੇ ਜਾਂਦੇ ਹਨ। ਹੁਣ ਜਦੋਂ ਸਿੱਖ ਆਲਮੀ ਭਾਈਚਾਰਾ ਹੋ ਗਏ ਹਨ ਤਾਂ ਸਾਨੂੰ ਆਪਣੀ ਇਤਿਹਾਸ-ਕੇਂਦਰਤ ਭੂਤ-ਪੂਜਕ ਬਿਰਤੀ ਤੋਂ ਮੁਕਤ ਹੋ ਕੇ, ਜੋ ਕੁਝ ਵਾਪਰ ਗਿਆ ਤੇ ਵਾਪਰ ਰਿਹਾ ਹੈ, ਉਸ ਨੂੰ ਨਾਲ ਲੈ ਕੇ ਤੁਰਨ ਬਾਰੇ ਸੋਚਣਾ ਚਾਹੀਦਾ ਹੈ। ਬਾਬਾ ਬੰਦਾ ਬਹਾਦਰ ਦੀ ਸ਼ਤਾਬਦੀ ਨੂੰ ਇਸ ਵਾਸਤੇ ਅਵਸਰ ਵਜੋਂ ਵਰਤਣਾ ਚਾਹੀਦਾ ਹੈ।
ਇਹ ਸੱਚ ਹੈ ਕਿ ਬਾਬਾ ਬੰਦਾ ਸਿੰਘ ਬਹਦਾਰ ਨੂੰ ਦਸਮ ਪਾਤਸ਼ਾਹ ਨੇ ‘ਸੰਤਾ ਮਾਨੋ ਦੂਤਾਂ ਡਾਨੋ’ ਦੀ ਭਾਵਨਾ ਵਿੱਚ ਧਰਮ-ਚਲਾਵਨ ਦੀ ਪ੍ਰਚੰਡਤਾ ਵਾਸਤੇ ਤੋਰਿਆ ਸੀ। ਪੰਥ ਦੇ ਨੁਮਾਇੰਦੇ ਪੰਜ-ਪਿਆਰਿਆਂ ਨੂੰ ਨਾਲ ਲੈ ਕੇ, ਲੋੜੀਂਦਾ ਸੰਘਰਸ਼ ਕਰਨ ਦਾ ਹੁਕਮ ਵੀ ਦਿੱਤਾ ਸੀ। ਪਾਤਸ਼ਾਹੀ ਜੇ ਮਿਲਣੀ ਸੀ ਤਾਂ ਗ਼ਰੀਬ ਸਿੱਖਨ ਨੂੰ ਮਿਲਣੀ ਸੀ। ਸਿੱਖਾਂ ਦੇ ਪਾਤਸ਼ਾਹ ਗੁਰੂ ਸਾਹਿਬਾਨ ਆਪ ਸਨ ਤੇ ਇਸ ਦਾ ਬਦਲ ਕੋਈ ਸਿੱਖ ਵਿਅਕਤੀਗਤ ਰੂਪ ਵਿੱਚ ਕਿਵੇਂ ਹੋ ਸਕਦਾ ਸੀ? ਫਿਰ ਬਾਬਾ ਬੰਦਾ ਬਹਾਦਰ ਨੂੰ ਪਹਿਲਾ ਬਾਦਸ਼ਾਹ ਕਿਵੇਂ ਸਾਬਤ ਕਰਾਂਗੇ? ਇਹ ਅਮਲ ਤਾਂ ਈਸਾਈਅਤ ਦੇ ਰੰਗ ਵਾਲੀ ਬਾਦਸ਼ਾਹਤ ਵਰਗਾ ਹੋ ਜਾਵੇਗਾ ਤੇ ਪੰਥਕ ਸੁਰ ਵਿੱਚ ਇਸ ਦੀ ਸਥਾਪਤੀ ਕਰਨੀ ਮੁਸ਼ਕਿਲ ਹੋ ਜਾਵੇਗੀ। ਅਜਿਹੀਆਂ ਅਫ਼ਵਾਹਾਂ ਦੀ ਸਿਆਸਤ ਨੇ ਬਾਬਾ ਜੀ ਦੀ ਪੰਥਕ ਛਬਿ ਨੂੰ ਉਨ੍ਹਾਂ ਦੇ ਜਿਊਂਦੇ ਜੀਅ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਸੀ। ਹੁਣ ਜਦੋਂ ਸਾਰੇ ਤੱਥ ਸਾਹਮਣੇ ਆ ਗਏ ਹਨ ਤਾਂ ਉਨ੍ਹਾਂ ਨੂੰ ਸਿਆਸੀ ਰੋਲ ਮਾਡਲ ਵਜੋਂ ਪੇਸ਼ ਕਰਨਾ ਹੈ ਜਾਂ ਪੰਥਕ ਰੋਲ ਮਾਡਲ ਵਜੋਂ, ਇਸ ਬਾਰੇ ਸੋਚਣ ਦੀ ਲੋੜ ਹੈ। ਬੰਦਾ ਬਹਾਦਰ ਜਦੋਂ ਦਸਮ ਪਾਤਸ਼ਾਹ ਦੇ ਸਨਮੁੱਖ ਹੋਏ ਸਨ ਤਾਂ ਕਰਾਮਾਤੀ ਅਧਿਆਤਮਵਾਦੀ ਸਨ, ਜਦੋਂ ਪੰਜਾਬ ਵੱਲ ਰਵਾਨਾ ਹੋਏ ਸਨ ਤਾਂ ਕਰਮਸ਼ੀਲ ਅਧਿਆਤਮਵਾਦੀ ਸਨ। ਇਹ ਸਫ਼ਰ ਉਨ੍ਹਾਂ ਨੇ ਇਲਾਹੀ-ਨਦਰ ਦੇ ਸਫ਼ਰ ਵਾਂਗ ਤੈਅ ਕੀਤਾ ਸੀ। ਅਜਿਹੇ ਮਾਨਸਿਕ ਪਰਿਵਰਤਨ ਦੇ ਇਤਿਹਾਸਕ ਵਰਤਾਰੇ ਦਾ ਬਾਬਾ ਬੰਦਾ ਸਿੰਘ, ਸਦ-ਜਾਗਤ ਰੋਲ-ਮਾਡਲ ਹਨ। ਇਸ ਨੂੰ ਸਿਆਸੀ ਚਿੱਕੜ ਵੱਲ ਲੈ ਕੇ ਜਾਣ ਦੀ ਨਹੀਂ, ਸਗੋਂ ਇਸ ਤੋਂ ਬਚਾਉਣ ਦੀ ਲੋੜ ਹੈ। ਸਿਆਸਤ ਤਾਂ ਸੱਤਾ ਪ੍ਰਾਪਤੀ ਲਈ ਅਨੈਤਿਕਤਾ ਨੂੰ ਹਥਿਆਰ ਵਜੋਂ ਵਰਤਣ ਦੀ ਆਗਿਆ ਦਿੰਦੀ ਹੈ। ਬਾਬਾ ਜੀ ਨਾਲ ਕੈਦ ਕੀਤੇ ਗਏ ਉਨ੍ਹਾਂ ਦੇ ਸਾਥੀਆਂ ਵਿੱਚੋਂ ਕਿਸੇ ਇੱਕ ਨੇ ਵੀ ਮੁਆਫ਼ੀ ਨਹੀਂ ਮੰਗੀ ਸੀ ਜਾਂ ਉਨ੍ਹਾਂ ਦਾ ਸਾਥ ਨਹੀਂ ਛੱਡਿਆ ਸੀ। ਅਜਿਹਾ ਰਾਜਨੀਤੀ ਵਿੱਚ ਨਹੀਂ ਸਿਰਫ਼ ਧਰਮ ਵਿੱਚ ਹੀ ਵਾਪਰ ਸਕਦਾ ਸੀ ਤੇ ਵਾਪਰ ਸਕਦਾ ਹੈ। ਇਸ ਫਖ਼ਰਯੋਗ ਵਿਰਾਸਤ ਨਾਲੋਂ ਬਾਬਾ ਜੀ ਦੇ ਬਿੰਬ ਨੂੰ ਨਿਖੇੜਣ ਦੀ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ।
ਡਾ. ਬਲਕਾਰ ਸਿੰਘ
* ਪ੍ਰੋਫੈਸਰ ਆਫ਼ ਐਮੀਨੈਂਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 93163-01328
Tags: ,
Posted in: ਸਾਹਿਤ