ਮਹਾਰਾਜਾ ਰਣਜੀਤ ਸਿੰਘ ਦਾ ਆਪਣੀ ਮਾਂ-ਬੋਲੀ ਪੰਜਾਬੀ ਨਾਲ ਪਿਆਰ

By June 29, 2016 0 Comments


maharajaਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੁਘੜਤਾ ਅਤੇ ਬਾਹੂਬਲ ਦੁਆਰਾ ਇਕ ਵਿਸ਼ਾਲ ਰਾਜ ਸਥਾਪਤ ਕਰ ਲਿਆ ਸੀ। ਇਸ ਕੰਮ ਲਈ ਉਨ੍ਹਾਂ ਨੂੰ ਤਕਰੀਬਨ ਸਾਰੀ ਉਮਰ ਹੀ ਤਲਵਾਰ ਚਲਾਉਣੀ ਪਈ। ਉਨ੍ਹਾਂ ਦਾ ਸਾਰਾ ਸਮਾਂ ਲੜਾਈਆਂ, ਯੁੱਧਾਂ ਵਿਚ ਹੀ ਬਤੀਤ ਹੋ ਗਿਆ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਰਾਜ ਪ੍ਰਬੰਧ ਵੱਲ ਘੱਟ ਹੀ ਧਿਆਨ ਦੇਣ ਦੀ ਫੁਰਸਤ ਮਿਲੀ। ਇਸੇ ਲਈ ਉਨ੍ਹਾਂ ਨੇ ਸਰਕਾਰੀ ਕੰਮਾਂ ਲਈ ਪਹਿਲਾਂ ਤੋਂ ਚਲੀ ਆਉਂਦੀ ਫਾਰਸੀ ਬੋਲੀ ਦੀ ਵਰਤੋਂ ਹੀ ਜਾਰੀ ਰੱਖੀ। ਇਸ ਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਦੇ ਵੇਲੇ ਦੇ ਸਰਕਾਰੀ ਕਾਗਜ਼ਾਤ ਜ਼ਿਆਦਾਤਰ ਫਾਰਸੀ ਵਿਚ ਹੀ ਮਿਲਦੇ ਹਨ।
ਇਸ ਤੋਂ ਇਹ ਨਤੀਜਾ ਨਹੀਂ ਕੱਢ ਲੈਣਾ ਚਾਹੀਦਾ ਜਿਵੇਂ ਕੁਝ ਨੇ ਕੱਢਿਆ ਹੈ ਕਿ ਉਨ੍ਹਾਂ ਨੂੰ ਪੰਜਾਬੀ ਬੋਲੀ ਨਾਲ ਪਿਆਰ ਨਹੀਂ ਸੀ। ਇਸ ਦੇ ਉਲਟ ਜੇਕਰ ਨੀਝ ਲਾ ਕੇ ਦੇਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਇਕ ਸੱਚੇ ਪੰਜਾਬੀ ਵਾਂਗ ਉਨ੍ਹਾਂ ਨੂੰ ਪੰਜਾਬੀ ਬੋਲੀ ਨਾਲ ਅਤਿਅੰਤ ਪਿਆਰ ਸੀ। ਉਨ੍ਹਾਂ ਦੇ ਆਪਣੇ ਸਭ ਹੁਕਮ ਪੰਜਾਬੀ ਵਿਚ ਹੀ ਦਿੱਤੇ ਜਾਂਦੇ ਸਨ। ਇਨ੍ਹਾਂ ਹੁਕਮਾਂ ਦਾ ਉਨ੍ਹਾਂ ਦੇ ਦਰਬਾਰੀ ਫਾਰਸੀ ਵਿਚ ਉਲੱਥਾ ਕਰਕੇ ਮਹਾਰਾਜਾ ਸਾਹਿਬ ਨੂੰ ਸੁਣਵਾਉਂਦੇ ਹੁੰਦੇ ਸਨ। (ਮਹਾਰਾਜਾ ਸਾਹਿਬ ਭਾਵੇਂ ਫਾਰਸੀ ਨਹੀਂ ਸੀ ਪੜ੍ਹੇ ਹੋਏ ਪਰ ਉਨ੍ਹਾਂ ਨੂੰ ਇਸ ਬੋਲੀ ਦੇ ਸਮਝਣ ਵਿਚ ਕਾਫੀ ਮੁਹਾਰਤ ਹੋ ਚੁੱਕੀ ਹੋਈ ਸੀ।) ਜੇਕਰ ਇਸ (ਉਲੱਥੇ) ਵਿਚ ਕੋਈ ਘਾਟ ਰਹਿ ਜਾਂਦੀ ਜਾਂ ਗ਼ਲਤੀ ਦਿਸਦੀ ਤਾਂ ਇਸ ਨੂੰ ਸੋਧਣ ਲਈ ਫਿਰ ਪੰਜਾਬੀ ਵਿਚ ਆਗਿਆ ਕਰਦੇ ਅਤੇ ਦਰਬਾਰੀ ਇਸ ਦਾ ਫਿਰ ਫਾਰਸੀ ਵਿਚ ਅਨੁਵਾਦ ਕਰਕੇ ਮਹਾਰਾਜਾ ਸਾਹਿਬ ਨੂੰ ਸੁਣਵਾਉਂਦੇ। ਇੰਜ ਹੁੰਦਾ ਹੀ ਰਹਿੰਦਾ, ਜਦੋਂ ਤੱਕ ਕਿ ਮਹਾਰਾਜਾ ਸਾਹਿਬ ਦੀ ਤਸੱਲੀ ਨਾ ਹੋ ਜਾਂਦੀ।
ਉਹ ਹਮੇਸ਼ਾ ਹੀ ਪੰਜਾਬੀ ਵਿਚ ਗੱਲਬਾਤ ਕਰਿਆ ਕਰਦੇ ਸਨ। ਆਪਣੇ ਰਾਜ ਵਿਖੇ ਆਏ ਰਾਜਦੂਤਾਂ, ਸਫੀਰਾਂ ਜਾਂ ਨਵਾਬਾਂ ਅਤੇ ਰਾਜਿਆਂ, ਪਾਤਸ਼ਾਹਾਂ ਨੂੰ ਮਿਲਣ ਸਮੇਂ ਉਹ ਉਨ੍ਹਾਂ ਨਾਲ ਦੋ-ਭਾਸ਼ੀਏ ਰਾਹੀਂ ਪੰਜਾਬੀ ਵਿਚ ਹੀ ਗੱਲਬਾਤ ਕਰਿਆ ਕਰਦੇ ਸਨ। ਜਦੋਂ ਰੋਪੜ ਅਤੇ ਫਿਰੋਜ਼ਪੁਰ ਵਿਖੇ ਅੰਗਰੇਜ਼ ਗਵਰਨਰ ਜਨਰਲਾਂ ਨਾਲ ਇਨ੍ਹਾਂ ਦੀਆਂ ਮੀਟਿੰਗਾਂ ਹੋਈਆਂ ਤਾਂ ਉਦੋਂ ਵੀ ਇਨ੍ਹਾਂ ਨੇ ਆਪਣੀ ਗੱਲਬਾਤ ਪੰਜਾਬੀ ਵਿਚ ਹੀ ਕੀਤੀ ਸੀ। ਸੀਤਾ ਰਾਮ ਕੋਹਲੀ ਲਿਖਦੇ ਹਨ ਕਿ ਮਹਾਰਾਜਾ ਸਾਹਿਬ ਦੀ ਦਰਬਾਰੀ ਜ਼ਬਾਨ ਭਾਵੇਂ ਫਾਰਸੀ ਸੀ, ਪਰ ਗੱਲਬਾਤ ਲਈ ਅਤੇ ਰੋਜ਼ਮਰਾ ਦੇ ਕੰਮਾਂ ਲਈ ਪੰਜਾਬੀ ਹੀ ਵਰਤੀ ਜਾਂਦੀ ਸੀ।
ਇਕ ਫਰਾਂਸੀਸੀ ਸੈਲਾਨੀ ਜੈਕੋਮਾਂਟ ਜਦ ਲਾਹੌਰ ਆਇਆ ਤਾਂ ਉਹਨੇ ਰਣਜੀਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਗੱਲਬਾਤ ਵਿਚ ਮਹਾਰਾਜਾ ਸਾਹਿਬ ਦੀ ਸੇਵਾ ਵਿਚ ਆਏ ਵਿਦੇਸ਼ੀ ਅਫਸਰ ਦੀ ਵਫਾਦਾਰੀ ਦਾ ਵੀ ਜ਼ਿਕਰ ਆਇਆ। ਇਸ ‘ਤੇ ਉਹ ਲਿਖਦਾ ਹੈ ਕਿ ਮਹਾਰਾਜਾ ਸਾਹਿਬ ਨੇ ਇਕ ਬੜੀ ਵੱਡੀ ਸਹੁੰ ਖਾ ਕੇ ਉੱਚੀ ਆਵਾਜ਼ ਵਿਚ ਕਿਹਾ ਕਿ ‘ਜਰਮਨ, ਫਰਾਂਸੀਸੀ, ਅੰਗਰੇਜ਼ ਇਹ ਹ…ਦੇ ਸਭ ਇਕੋ ਜਿਹੇ ਹੀ ਹਨ।’ ਇਸ ਖਾਲੀ ਛੱਡੀ ਥਾਂ ਵਾਲੇ ਲਫਜ਼ ਬਾਰੇ ਉਹ ਲਿਖਦਾ ਹੈ ਕਿ ‘ਮੈਨੂੰ ਇਸ ਲਈ ਕਾਫੀ ਲੰਮੀ ਥਾਂ ਛੱਡਣੀ ਚਾਹੀਦੀ ਸੀ, ਜੋ ਕਿ ਹਿੰਦੁਸਤਾਨੀ ਵਿਚ ਭਾਵੇਂ ਬੜੀ ਛੋਟੀ ਜਿਹੀ ਹੈ ਪਰ ਇਹ ਏਨੀ ਜ਼ੋਰਦਾਰ ਹੈ ਕਿ ਫਰਾਂਸੀਸੀ ਵਿਚ ਇਹਨੂੰ ਕਹਿਣ ਲਈ ਇਕ ਪੂਰੀ ਸਤਰ ਦੀ ਲੋੜ ਹੈ।’ ਇਸ ਤੋਂ ਪੰਜਾਬੀ ਬੋਲੀ ਦੀ ਸੰਖੇਪਤਾ ਅਤੇ ਇਹਦੇ ਜ਼ੋਰਦਾਰ ਹੋਣ ਦਾ ਸਬੂਤ ਮਿਲਦਾ ਹੈ।
ਇਕ ਵਾਰੀ ਮਹਾਰਾਜਾ ਸਾਹਿਬ ਅਤੇ ਉਨ੍ਹਾਂ ਦੇ ਦਰਬਾਰੀਆਂ ਵਿਚਕਾਰ ਲਾਹੌਰ ਨੇੜੇ ਇਕ ਬਾਗ ਦੇ ਨਾਂਅ ਸ਼ਾਲਾਮਾਰ ਉੱਪਰ ਬਹਿਸ ਛਿੜ ਪਈ। ਮਹਾਰਾਜਾ ਸਾਹਿਬ ਦੇ ਵਿਚਾਰ ਅਨੁਸਾਰ ‘ਸ਼ਾਲਾਮਾਰ’ ਦਾ ਪੰਜਾਬੀ ਵਿਚ ਮਤਲਬ ਹੈ ‘ਰੱਬ ਦੀ ਮਾਰ’, ਜੋ ਕਿ ਸ਼ੁੱਭ ਨਹੀਂ ਮੰਨਿਆ ਜਾਂਦਾ। ਇਸ ਲਈ ਉਹ ਚਾਹੁੰਦੇ ਸਨ ਕਿ ਇਹ ਨਾਂਅ ਬਦਲ ਦਿੱਤਾ ਜਾਵੇ। ਇਸ ‘ਤੇ ਇਕ ਦਰਬਾਰੀ ਨੇ ਬੇਨਤੀ ਕੀਤੀ ਕਿ ‘ਸ਼ਾਲਾਮਾਰ’ ਇਕ ਤੁਰਕੀ ਲਫਜ਼ ਹੈ ਅਤੇ ਉਸ ਬੋਲੀ ਵਿਚ ‘ਸ਼ਾਲਾ’ ਦਾ ਭਾਵ ਹੁੰਦਾ ਹੈ ‘ਖੁਸ਼ੀ’, ‘ਅਨੰਦ’ ਅਤੇ ‘ਮਾਰ’ ਦਾ ਮਤਲਬ ਹੁੰਦਾ ਹੈ ‘ਅਸਥਾਨ’। ਸੋ ‘ਸ਼ਾਲਾਮਾਰ’ ਦਾ ਮਤਲਬ ਹੁੰਦਾ ਹੈ ‘ਮੌਜ ਮੇਲੇ ਦਾ ਅਸਥਾਨ’। ਕੁਝ ਦਰਬਾਰੀਆਂ ਨੇ ਕਿਹਾ ਕਿ ਚੁਗਤਾਈ ਪਾਤਸ਼ਾਹਾਂ ਨੇ ਆਪਣੇ ਦੇਸ਼ ਦੀ ਰਵਾਇਤ ਅਨੁਸਾਰ ਕਈ ਹੋਰ ਥਾਈਂ ਲਗਾਏ ਬਾਗਾਂ ਦੇ ਨਾਂਅ ਵੀ ਇਹੋ ਜਿਹੇ ਰੱਖੇ ਹਨ। ਇਸ ‘ਤੇ ਮਹਾਰਾਜਾ ਸਾਹਿਬ ਨੇ ਹੱਸ ਕੇ ਕਿਹਾ ਕਿ ਪੰਜਾਬ ਪੰਜਾਬੀਆਂ ਦਾ ਦੇਸ਼ ਹੈ ਅਤੇ ਇਸ ਦੇਸ਼ ਵਿਚ ਮਹੱਤਵਪੂਰਨ ਵਸਤਾਂ, ਅਸਥਾਨਾਂ ਆਦਿ ਦੇ ਨਾਂਅ ਵੀ ਉਨ੍ਹਾਂ ਦੀ ਆਪਣੀ ਬੋਲੀ ਵਿਚ ਹੋਣੇ ਚਾਹੀਦੇ ਹਨ, ਤਾਂ ਕਿ ਆਮ ਲੋਕੀਂ ਸਮਝ ਸਕਣ। ਇਸ ‘ਤੇ ਦਰਬਾਰੀ ਲਾਜਵਾਬ ਹੋ ਗਏ ਅਤੇ ਇਸ ਬਾਗ ਦਾ ਨਾਂਅ ‘ਸ਼ਾਲਾਬਾਗ’ ਰੱਖ ਦਿੱਤਾ ਗਿਆ।
ਮਹਾਰਾਜਾ ਸਾਹਿਬ ਨੇ ਕਈ ਪੰਜਾਬੀ ਸ਼ਬਦ ਜਿਵੇਂ ਕਿ ‘ਇਸ਼ਨਾਨ’, ‘ਪਰਸ਼ਾਦ’ ਆਦਿ ਨੂੰ ਫਾਰਸੀ ਰੂਪ ਦੇਣੋਂ ਰੋਕੀ ਰੱਖਿਆ। ਉਨ੍ਹਾਂ ਦੇ ਆਪਣੇ ਦਸਤਖਤ ਅਤੇ ਸਰਕਾਰੀ ਮੋਹਰ ਪੰਜਾਬੀ ਵਿਚ ਹੁੰਦੇ ਸਨ। ਮੋਹਰ ਉੱਪਰ ਖੁਦਵਾਏ ਪੰਜਾਬੀ ਲਫਜ਼ ਸਨ : ‘ਅਕਾਲ ਸਹਾਇ, ਰਣਜੀਤ ਸਿੰਘ’। ਐੱਨ. ਡੀ. ਆਹੂਜਾ ਲਿਖਦਾ ਹੈ ਕਿ ‘ਰਣਜੀਤ ਸਿੰਘ ਦੀ ਪੰਜਾਬੀ ਦੀ ਸਹਾਇਤਾ ਸਦਕਾ ਹੀ ਹਾਸ਼ਮ ਵਰਗੇ ਪੰਜਾਬੀ ਲੇਖਕਾਂ ਦੀ ਹੌਸਲਾ-ਅਫਜ਼ਾਈ ਹੋਈ ਅਤੇ ਉਹਨੇ ਸ਼ੀਰੀ-ਫਰਹਾਦ, ਲੈਲਾ-ਮਜਨੂੰ, ਸੋਹਣੀ-ਮਹੀਂਵਾਲ, ਸੱਸੀ-ਪੁੰਨੂੰ ਵਰਗੇ ਕਿੱਸੇ ਪੰਜਾਬੀ ਵਿਚ ਲਿਖੇ।’
ਇਹ ਸੱਚ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬੀ ਦੇ ਸਰਕਾਰੀ ਭਾਸ਼ਾ ਬਣਨ ਦਾ ਇਕ ਚੰਗਾ ਮੌਕਾ ਹੱਥੋਂ ਜਾਂਦਾ ਰਿਹਾ, ਜਿਸ ਕਾਰਨ ਇਹਦੀ ਉੱਨਤੀ ਵਿਚ ਕਾਫੀ ਰੁਕਾਵਟ ਪਈ। ਫਿਰ ਵੀ ਮਹਾਰਾਜਾ ਸਾਹਿਬ ਨੇ ਕਈ ਢੰਗਾਂ ਨਾਲ ਇਹਨੂੰ ਅਪਣਾਇਆ। ਇਸ ਦੇ ਨਤੀਜੇ ਵਜੋਂ ‘ਦੀਵਾਨਾ’ ਲਿਖਦਾ ਹੈ ਕਿ ‘ਉਸ ਵੇਲੇ ਦੇ ਕਈ ਉੱਚ-ਕੋਟੀ ਦੇ ਵਾਰਤਕ ਅਤੇ ਕਵਿਤਾ ਦੇ ਰੂਪ ਵਿਚ ਤਿਆਰ ਹੋਏ ਕੰਮਾਂ ਵਿਚ ਸਰਕਾਰ ਦੇ ਸਿੱਧੇ ਅਤੇ ਅਸਿੱਧੇ ਰਸੂਖ ਦਾ ਅਸਰ ਰੂਪਮਾਨ ਹੁੰਦਾ ਹੈ। ਸੋ, ਉਸ ਵੇਲੇ ਦੀਆਂ ਪੰਜਾਬੀ ਵਿਚ ਕਿੰਨੀਆਂ ਹੀ ਅਸਲੀ ਲਿਖਤਾਂ, ਉਲੱਥੇ ਹੋਰਨਾਂ ਲਿਪੀਆਂ ਨੂੰ (ਗੁਰਮੁਖੀ) ਪੰਜਾਬੀ ਵਿਚ ਉਤਾਰਨਾ, ਟਿੱਪਣੀਆਂ ਅਤੇ ਡਾਇਰੀਆਂ ਮਿਲਦੀਆਂ ਹਨ।
ਸਿੱਖਾਂ ਦੇ ਯੁੱਧਾਂ ਦੇ ਵੀ ਕਈ ਜ਼ਬਰਦਸਤ ਕਿੱਸੇ ਤਿਆਰ ਹੋਏ, ਸਿੱਖ ਸਿਪਾਹੀਆਂ ਨੇ ਕਈ ਨਵੇਂ ਲਫਜ਼ ਅਤੇ ਮੁਹਾਵਰੇ ਘੜੇ ਜੋ ਕਿ ‘ਐਥੇ ਔਥੇ ਵੇਲੇ ਦੀ ਕਵਿਤਾ ਅਤੇ ਵਾਰਤਕ ਨੂੰ ਜਿਵੇਂ ਨਿੱਘ ਪਹੁੰਚਾਉਂਦੇ ਹਨ। ਉਰਦੂ ਅਤੇ ਹਿੰਦੀ ਵਿਚੋਂ ਕਈ ਕਿਤਾਬਾਂ ਦੇ ਉਲੱਥੇ ਕੀਤੇ ਗਏ ਅਤੇ ਕਈਆਂ ਨੂੰ ਸਿਰਫ ਗੁਰਮੁਖੀ ਅੱਖਰਾਂ ਵਿਚ ਪੰਜਾਬੀ ਦਾ ਰੂਪ ਦਿੱਤਾ ਗਿਆ। ਮਿਸਾਲ ਵਜੋਂ ਪੰਜਾਬੀ ਹਿੰਦੂਆਂ ਦੀ ਖਾਤਰ ਤੁਲਸੀ ਰਮਾਇਣ ਦਾ ਪੰਜਾਬੀ (ਗੁਰਮੁਖੀ ਲਿਪੀ) ਵਿਚ ਉਲੱਥਾ ਕਰਵਾਇਆ ਗਿਆ। ਜਰਨੈਲ ਮਤਾਬ ਸਿੰਘ ਦੀ ਆਗਿਆ ਅਨੁਸਾਰ ਫਕੀਰ ਨੂਰ ਹੁਸੈਨ ਨੇ ਭਾਗਵਤ ਗੀਤਾ ਦਾ ਫਾਰਸੀ ਬੋਲੀ ਵਿਚੋਂ ਪੰਜਾਬੀ (ਗੁਰਮੁਖੀ ਲਿਪੀ) ਵਿਚ ਉਲੱਥਾ ਕੀਤਾ। ਅਤੇ 1847 ਈ: ਵਿਚ ਅਤਰ ਸਿੰਘ ਨੇ ਉਰਦੂ ਦੀਆਂ ਰੁਮਾਂਟਿਕ ਕਿਤਾਬਾਂ ਨਿਹਾਲ ਅਤੇ ਗੁਲਬਦਨ ਨੂੰ ਪੰਜਾਬੀ (ਗੁਰਮੁਖੀ ਅੱਖਰਾਂ ਦਾ) ਰੂਪ ਦਿੱਤਾ। ਅੰਮ੍ਰਿਤਸਰ ਵਿਖੇ ਨਿਰਮਲਿਆਂ ਨੇ ਪੰਜਾਬੀ ਲਿਟਰੇਚਰ ਵਿਚ ਕਾਫੀ ਵਾਧਾ ਕੀਤਾ।
ਉੱਪਰਲੀ ਲਿਖਤ ਤੋਂ ਸਪੱਸ਼ਟ ਹੁੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੀ ਬੋਲੀ ਨਾਲ ਕਿੰਨਾ ਸਨੇਹ ਸੀ। ਉਹ ਇਕ ਸੱਚੇ ਪੰਜਾਬੀ ਵਾਂਗ ਆਪਣੀ ਮਾਂ-ਬੋਲੀ ਉੱਪਰ ਫਖ਼ਰ ਕਰਿਆ ਕਰਦੇ ਸਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇਕਰ ਉਨ੍ਹਾਂ ਨੂੰ ਸਮਾਂ ਮਿਲਦਾ ਤਾਂ ਜ਼ਰੂਰ ਉਨ੍ਹਾਂ ਨੇ ਪੰਜਾਬੀ ਦੇ ਵਿਕਾਸ ਲਈ ਹੋਰ ਯਤਨ ਕਰਨੇ ਸਨ।
ਬੋਲੀ ਦਾ ਸਬੰਧ ਉਸ ਦੇ ਇਲਾਕੇ ਨਾਲ ਹੁੰਦਾ ਹੈ, ਨਾ ਕਿ ਕਿਸੇ ਧਰਮ ਨਾਲ। ਜੇਕਰ ਬੋਲੀ ਦਾ ਆਧਾਰ ਧਰਮ ਹੁੰਦਾ ਤਾਂ ਦੁਨੀਆ ਭਰ ਦੇ ਈਸਾਈਆਂ ਦੀ ਇਕੋ ਹੀ ਬੋਲੀ ਹੁੰਦੀ। ਇੰਜ ਹੀ ਸਾਰੇ ਮੁਸਲਮਾਨਾਂ ਦੀ ਬੋਲੀ ਵੀ ਇਕੋ ਹੀ ਹੁੰਦੀ। ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਅੱਡ ਹੋਣ ਦਾ ਇਕ ਵੱਡਾ ਕਾਰਨ ਬੋਲੀ ਹੀ ਸੀ, ਭਾਵੇਂ ਕਿ ਇਹ ਦੋਵੇਂ ਦੇਸ਼ ਮੁਸਲਮਾਨੀ ਹੀ ਹਨ। ਇਵੇਂ ਹੀ ਭਾਰਤ ਵਿਚ ਵਸਦੇ ਸਭ ਹਿੰਦੂਆਂ ਦੀ ਬੋਲੀ ਇਕ ਨਹੀਂ ਹੈ, ਉਨ੍ਹਾਂ ਦੀਆਂ ਵੱਖੋ-ਵੱਖ ਬੋਲੀਆਂ ਹਨ, ਜਿਵੇਂ ਕਿ ਪੰਜਾਬੀ, ਬੰਗਾਲੀ, ਤੇਲਗੂ, ਤਾਮਿਲ, ਗੁਜਰਾਤੀ, ਮਰਾਠੀ, ਹਿੰਦੀ ਆਦਿ। ਰਣਜੀਤ ਸਿੰਘ ਨੇ ਠੀਕ ਕਿਹਾ ਸੀ ਕਿ ਕਿਸੇ ਦੇਸ਼ ਵਿਚ ਉਹਦੀ ਆਪਣੀ ਹੀ ਬੋਲੀ ਵਰਤੀ ਜਾਣੀ ਚਾਹੀਦੀ ਹੈ।
(ਪੁਸਤਕ ‘ਮਹਾਰਾਜਾ ਰਣਜੀਤ ਸਿੰਘ ਜੀਵਨ ਦੇ ਕੁਝ ਪੱਖ’ ‘ਚੋਂ)

By ਲੈਫ ਕਰਨਲ ਗੁਲਚਰਨ  ਸਿੰਘ
Tags:
Posted in: ਸਾਹਿਤ