ਮਹਾਰਾਜਾ ਰਣਜੀਤ ਸਿੰਘ ਕੋਲ ਕਿਵੇਂ ਪੁੱਜਾ ਕੋਹਿਨੂਰ ਹੀਰਾ?

By June 29, 2016 0 Comments


kohinoor maharaja ranjit singh‘ਕੋਹਿਨੂਰ ਹੀਰਾ’ ਸੰਸਾਰ ਦਾ ਸਭ ਤੋਂ ਵੱਧ ਚਰਚਿਤ ਅਤੇ ਵਡਮੁੱਲਾ ਹੀਰਾ ਹੈ। ਕੋਹਿਨੂਰ ਦੇ ਲਫ਼ਜ਼ੀ ਅਰਥ ਹਨ ‘ਰੋਸ਼ਨੀ ਦਾ ਪਹਾੜ’। ਇਸ ਪ੍ਰਸਿੱਧੀ ਪ੍ਰਾਪਤ ਹੀਰੇ ਦੀ ਤਵਾਰੀਖ ਕਲਪਿਤ ਕਥਾਵਾਂ ਵਿਚ ਦੱਬੀ ਪਈ ਹੈ। ਹਿੰਦੂ ਪੌਰਾਣਿਕ ਕਥਾਵਾਂ ਅਨੁਸਾਰ ਬਾਦਸ਼ਾਹ ‘ਕਰਨ’ ਨਾਲ ਵੀ ਇਹ ਹੀਰਾ ਸਬੰਧਤ ਰਿਹਾ ਹੈ ਜੋ ਈਸਾ ਤੋਂ 3000 ਸਾਲ ਪਹਿਲਾਂ ਹੋਇਆ ਸੀ।
ਇਹ ਹੀਰਾ ਕਾਫ਼ੀ ਸਮਾਂ ਗੁਮਨਾਮੀ ਦੀ ਹਾਲਤ ਵਿਚ ਰਹਿ ਕੇ ਆਖਰ ਗਵਾਲੀਅਰ ਦੇ ਹਿੰਦੂ ਰਾਜੇ ਬਿਕਰਮਾਜੀਤ ਦੇ ਹੱਥ ਆਇਆ। ਬਿਕਰਮਾਜੀਤ ਨੇ ਸੁਲਤਾਨ ਇਬਰਾਹੀਮ ਲੋਧੀ ਵੱਲੋਂ ਪਾਣੀਪਤ ਦੀ ਲੜਾਈ ਵਿਚ ਹਿੱਸਾ ਲਿਆ ਸੀ। ਪਾਣੀਪਤ ਦੀ ਲੜਾਈ ਜਿੱਤਣ ਵਾਲੇ ਦਿਨ ਹੀ ਜ਼ਹੀਰ-ਉਦ-ਦੀਨ ਮੁਹੰਮਦ ਬਾਬਰ ਨੇ ਆਪਣੇ ਬੇਟੇ ਸ਼ਹਿਜ਼ਾਦਾ ਹਮਾਯੂੰ ਨੂੰ ਆਗਰੇ (ਲੋਧੀਆਂ ਦੀ ਰਾਜਧਾਨੀ) ਵੱਲ ਫ਼ੌਜਾਂ ਸਮੇਤ ਭੇਜਿਆ। ਆਗਰੇ ਪਹੁੰਚਦਿਆਂ ਹੀ ਹਮਾਯੂੰ ਨੇ ਸਾਰੇ ਆਗਰਾ ਸ਼ਹਿਰ ਨੂੰ ਘੇਰ ਲਿਆ।
ਇਬਰਾਹੀਮ ਲੋਧੀ ਤਾਂ ਪਹਿਲਾਂ ਹੀ ਪਾਣੀਪਤ ਦੀ ਲੜਾਈ ਵਿਚ ਮਾਰਿਆ ਗਿਆ ਸੀ, ਇਸ ਲਈ ਹਮਾਯੂੰ ਕਿਸੇ ਲੜਾਈ ਦਾ ਸਾਹਮਣਾ ਕੀਤੇ ਬਗੈਰ ਹੀ ਆਗਰੇ ਵਿਚ ਆਪਣੀਆਂ ਜੇਤੂ ਫ਼ੌਜਾਂ ਸਮੇਤ ਦਾਖਲ ਹੋ ਗਿਆ ਸੀ। ਜਦੋਂ ਆਗਰੇ ਦੇ ਕਿਲ੍ਹੇ ਅੰਦਰ ਸ਼ਹਿਜ਼ਾਦਾ ਹਮਾਯੂੰ ਆਪਣੀਆਂ ਜੇਤੂ ਫ਼ੌਜਾਂ ਨਾਲ ਦਾਖਲ ਹੋਇਆ ਸੀ ਤਾਂ ਉਸ ਨੂੰ ਬਹੁਤ ਸਾਰੇ ਹੀਰੇ ਜਵਾਹਰਾਤ, ਸ਼ਾਹੀ ਘਰਾਣੇ ਦੀਆਂ ਔਰਤਾਂ ਨੇ ਭੇਟਾ ਕਰਕੇ ਆਪਣੀ ਜ਼ਿੰਦਗੀ ਦੀ ਖ਼ੈਰ ਮੰਗੀ। ਇਥੇ ਹੀ ਸ਼ਾਹੀ ਘਰਾਣੇ ਦੀ ਇਕ ਬਜ਼ੁਰਗ ਔਰਤ ਨੇ ਇਕ ਡੱਬੀ ਫੜਾ ਕੇ ਆਪਣੀ ਜਾਨ ਬਖ਼ਸ਼ ਦੇਣ ਲਈ ਬੇਨਤੀ ਕੀਤੀ। ਜਦੋਂ ਸ਼ਹਿਜ਼ਾਦੇ ਨੇ ਡੱਬੀ ਖੋਲ੍ਹੀ ਤਾਂ ਸੰਸਾਰ ਦਾ ਬੇਮਿਸਾਲ ਅਤੇ ਵਡਮੁੱਲਾ ‘ਕੋਹਿਨੂਰ ਹੀਰਾ’ ਜਗਮਗਾਂਦਾ ਹੋਇਆ ਉਸ ਦੀ ਨਜ਼ਰੀਂ ਪਿਆ।
ਮੁਗ਼ਲਾਂ ਦੇ ਅਹਿਦ ਵਿਚ : ਬਾਬਰ ਦਿੱਲੀ ਵਿਚ ਫ਼ੌਜੀ ਪ੍ਰਬੰਧ ਸਥਾਪਤ ਕਰਕੇ 1526 ਵਿਚ ਆਗਰੇ ਪੁੱਜਿਆ। ਆਗਰੇ ਪੁੱਜਦਿਆਂ ਹੀ ਹਮਾਯੂੰ ਨੇ ਆਪਣੇ ਪਿਤਾ ਦੇ ਹਜ਼ੂਰ ਪੇਸ਼ ਹੁੰਦਿਆਂ ਇਹ ਕੋਹਿਨੂਰ ਹੀਰਾ ‘ਪੇਸ਼ਕਸ਼’ ਵਜੋਂ ਭੇਟਾ ਕੀਤਾ ਪਰ ਬਾਬਰ ਨੇ ਪ੍ਰਸੰਨ ਹੋ ਕੇ ਬੇਟੇ ਨੂੰ ਤੋਹਫ਼ੇ ਵਜੋਂ ਵਾਪਸ ਦੇ ਦਿੱਤਾ। ਹਮਾਯੂੰ ਦੇ ਹੱਥਾਂ ਵਿਚ ਆਉਣ ਤੋਂ ਪਹਿਲਾਂ ਇਸ ਹੀਰੇ ਦਾ ਇਤਿਹਾਸ ਕਲਮਬੰਦ ਹੋ ਚੁੱਕਾ ਸੀ। ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ 1304 ਵਿਚ ਇਹ ਹੀਰਾ ਸੁਲਤਾਨ ਅਲਾਉਦੀਨ ਖਿਲਜੀ ਨੇ ‘ਮਾਲਵਾ ਦੇ ਰਾਜੇ’ ਕੋਲੋਂ ਪ੍ਰਾਪਤ ਕੀਤਾ ਸੀ। ਮੁਸਲਮਾਨ ਅਧਿਕਾਰੀਆਂ ਤੋਂ ਦੁਬਾਰਾ ਗਵਾਲੀਅਰ ਦੇ ਹਿੰਦੂ ਰਾਜਿਆਂ ਕੋਲ ਇਹ ਕਿਵੇਂ ਪੁੱਜਾ, ਇਸ ਬਾਰੇ ਇਤਿਹਾਸ ਖ਼ਾਮੋਸ਼ ਹੈ।
1526 ਦੀ ਪਾਣੀਪਤ ਦੀ ਪਹਿਲੀ ਲੜਾਈ ਤੋਂ ਬਾਅਦ ਹਿੰਦੁਸਤਾਨ ਵਿਚ ਮੁਗ਼ਲ ਰਾਜ ਅਤੇ ਸ਼ਕਤੀ ਸਥਾਪਤ ਹੋਣ ਮਗਰੋਂ ਇਹ ‘ਕੋਹਿਨੂਰ ਹੀਰਾ’ ਅਫ਼ਗਾਨ ਧਾੜਵੀ, ਕਾਬਲ ਦੇ ਬਾਦਸ਼ਾਹ ਜ਼ਹੀਰ-ਉਦ-ਦੀਨ ਮੁਹੰਮਦ ਬਾਬਰ ਕੋਲ ਆਇਆ। ਜੋ ਸ਼ਤਾਬਦੀਆਂ ਤੱਕ ਇਹ ਕੀਮਤੀ ਹੀਰਾ ਮੁਗਲ ਖਾਨਦਾਨਾਂ ਦੇ ਹਮਾਯੂੰ, ਅਕਬਰ, ਜਹਾਂਗੀਰ ਅਤੇ ਸ਼ਾਹ ਜਹਾਨ ਆਦਿ ਸ਼ਾਹੀ ਖਾਨਦਾਨ ਦੇ ਵਾਰਸਾਂ ਕੋਲ ਰਿਹਾ। ਤਵਾਰੀਖ ਵਿਚ ਇਹ ਵੀ ਜ਼ਿਕਰ ਆਇਆ ਹੈ ਕਿ ਇਹ ਸ਼ਾਹ ਜਹਾਨ ਦੀ ਬੇਗ਼ਮ ‘ਮੁਮਤਾਜ’ ਕੋਲ ਵੀ ਕੁਝ ਦੇਰ ਰਿਹਾ।
1739 ਵਿਚ ਪਰਸ਼ੀਆ ਦੇ ਮਸ਼ਹੂਰ ਧਾੜਵੀ ਨਾਦਰਸ਼ਾਹ ਨੇ ਦਿੱਲੀ ਨੂੰ ਤਬਾਹ ਕੀਤਾ ਤਾਂ ਉਸ ਨੇ ਔਰੰਗਜ਼ੇਬ ਦੇ ਕਮਜ਼ੋਰ ਵਾਰਸ ਮੁਹੰਮਦ ਸ਼ਾਹ ਤੋਂ ਸਾਰੇ ਹੀਰੇ-ਜਵਾਹਰਾਤ ਖੋਹ ਲਏ। ਉਨ੍ਹਾਂ ਵਿਚ ‘ਕੋਹਿਨੂਰ ਹੀਰਾ’ ਵੀ ਸੀ। ਨਾਦਰਸ਼ਾਹ ਇਸ ਨੂੰ ਆਪਣੇ ਨਾਲ ਅਫ਼ਗਾਨਿਸਤਾਨ ਲੈ ਗਿਆ। ਨਾਦਰਸ਼ਾਹ ਨੇ ਹੀ ਇਸ ਹੀਰੇ ਨੂੰ ‘ਕੋਹਿਨੂਰ’ ਆਖਿਆ ਜੋ ਸਭ ਤੋਂ ਵੱਧ ਪ੍ਰਮਾਣਿਕ ਨਾਂਅ ਹੈ ਜਿਸ ਨੂੰ ਬਾਬਰ ਅਤੇ ਟ੍ਰੈਵਰਨਿਰ ਨੇ ਹੋਰ ਨਾਂਅ ਦਿੱਤੇ ਸਨ। ਤਵਾਰੀਖ ਵਿਚ ਇਹ ਪਹਿਲੀ ਵਾਰ ਸੀ ਕਿ ਕਿਸੇ ਹੀਰੇ ਨੂੰ ਇਕ ਖਾਸ ਉਪਾਧੀ ਜਾਂ ਵਿਸ਼ੇਸ਼ਣ ਨਾਲ ਨਿਵਾਜਿਆ ਗਿਆ ਸੀ।
ਨਾਦਰਸ਼ਾਹ ਦੀ ਮੌਤ ਤੋਂ ਬਾਅਦ : ਨਾਦਰਸ਼ਾਹ ਨੂੰ 1747 ਵਿਚ ਫ਼ਤਿਹਬਾਦ (ਖੁਰਾਸਨ) ਵਿਚ ਕਤਲ ਕਰ ਦਿੱਤਾ ਗਿਆ। ਉਸ ਦੇ ਕਤਲ ਮਗਰੋਂ ਤਖ਼ਤ ‘ਤੇ ਉਸ ਦੇ ਭਤੀਜੇ ਅਲੀ-ਕੁਲੀ-ਖ਼ਾਨ (ਜਾਂ ਅਲੀ ਸ਼ਾਹ) ਨੂੰ ਬਿਠਾਇਆ ਗਿਆ, ਜਿਸ ਨੂੰ ਇਹ ਹੀਰਾ ਪ੍ਰਾਪਤ ਹੋਇਆ। ਅਲੀ ਸ਼ਾਹ ਨੂੰ ਬਾਅਦ ਵਿਚ ਅੰਨ੍ਹਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਇਸ ਤਰ੍ਹਾਂ ਇਹ ਹੀਰਾ ਉਸ ਦੇ ਜਾਨਸ਼ੀਨ ਸ਼ਾਹ ਰੁਖ਼ ਕੋਲ ਚਲਾ ਗਿਆ, ਜਿਸ ਨੂੰ ਬਾਅਦ ਵਿਚ ਆਗਾ ਮੁਹੰਮਦ ਨੇ ਬੰਦੀ ਬਣਾ ਕੇ ਖੂਬ ਸਰੀਰਕ ਕਸ਼ਟ ਦਿੱਤੇ ਅਤੇ ‘ਕੋਹਿਨੂਰ ਹੀਰੇ’ ਦੀ ਮੰਗ ਕੀਤੀ। ਸ਼ਾਹ ਰੁਖ਼ ਮਿਰਜ਼ਾ ਨੇ 1751 ਵਿਚ ਇਹ ਕੀਮਤੀ ਹੀਰਾ ਅਹਿਮਦ ਸ਼ਾਹ ਦੁਰਾਨੀ ਨੂੰ ਉਸ ਦੀਆਂ ਸੇਵਾਵਾਂ ਬਦਲੇ ਭੇਟਾ ਕੀਤਾ। ਅਹਿਮਦ ਸ਼ਾਹ ਦੀ ਮੌਤ ਬਾਅਦ ਇਹ ਉਸ ਦੇ ਪੁੱਤਰ ਅਤੇ ਜਾਨਸ਼ੀਨ ਤੈਮੂਰਸ਼ਾਹ ਕੋਲ ਆਇਆ। 1793 ਵਿਚ ਤੈਮੂਰਸ਼ਾਹ ਦੀ ਮੌਤ ਹੋਈ ਅਤੇ ਇਹ ਹੀਰਾ ਉਸ ਦੇ ਵੱਡੇ ਬੇਟੇ ਸ਼ਾਹ ਜ਼ਮਾਨ ਦੇ ਹੱਥ ਆਇਆ। ਸ਼ਾਹ ਮਹਿਮੂਦ ਨੇ ਇਸ ਹੀਰੇ ਨੂੰ ਹਾਸਲ ਕਰਨ ਲਈ ਆਪਣੇ ਭਰਾ ਸ਼ਾਹ ਜ਼ਮਾਨ ਨੂੰ ਅੰਨ੍ਹਾ ਕਰਕੇ ਰਾਜ ਗੱਦੀ ਤੋਂ ਵਾਂਝਿਆ ਕਰ ਦਿੱਤਾ ਪਰ ਉਸ ਨੇ ਹੀਰਾ ਫਿਰ ਵੀ ਆਪਣੇ ਕੋਲ ਹੀ ਸੁਰੱਖਿਅਤ ਰੱਖਿਆ। ਫਿਰ ਇਹ ਕੀਮਤੀ ਹੀਰਾ ਉਸ ਦੇ ਤੀਜੇ ਭਰਾ ਸ਼ਾਹ ਸ਼ੁਜਾਹ ਕੋਲ ਪੁੱਜਾ।
ਹੀਰੇ ਦਾ ਵਜ਼ਨ : ਕਈ ਸਦੀਆਂ ਅਨੇਕਾਂ ਰਾਜਿਆਂ ਮਹਾਰਾਜਿਆਂ, ਵਿਦੇਸ਼ੀ ਹਮਲਾਵਰਾਂ ਅਤੇ ਸ਼ਹਿਨਸ਼ਾਹਾਂ ਦੇ ਹੱਥਾਂ ਵਿਚੋਂ ਗੁਜ਼ਰਨ ਤੋਂ ਪਹਿਲਾਂ ਇਸ ਹੀਰੇ ਦਾ ਵਜ਼ਨ 1000 ਕੈਰੇਟ ਸੀ। 1665 ਵਿਚ ਫਰਾਂਸ ਦੇ ਸੌਦਾਗਰ ਅਤੇ ਜੌਹਰੀ ਟੈਵਰਨਿਰ ਨੇ ਇਸ ਦਾ ਵਜ਼ਨ 279/9/16 ਕੈਰੇਟ ਕੀਤਾ ਸੀ। ਇਹ ਵਜ਼ਨ ਬਾਦਸ਼ਾਹ ਔਰੰਗਜ਼ੇਬ ਦੇ ਸਾਹਮਣੇ ਕੀਤਾ ਗਿਆ ਸੀ। ਟੈਵਰਨਿਰ ਨੇ ਇਸ ਹੀਰੇ ਨੂੰ ‘ਦੀ ਗ੍ਰੇਟ ਮੁਗਲ ਡਾਇਮੰਡ’ ਦਾ ਨਾਂਅ ਦਿੱਤਾ। ਕਦੀ ਇਸ ਨੂੰ ‘ਮੈਚਲੈਸ’ ਜਾਂ ‘ਬਾਬਰ ਡਾਇਮੰਡ’ ਵੀ ਆਖਿਆ ਜਾਂਦਾ ਰਿਹਾ ਹੈ ਜਿਸ ਦਾ ਜ਼ਿਕਰ ‘ਤੋਜ਼ਕੇ-ਬਾਬਰੀ’ ਵਿਚ ਵੀ ਆਇਆ ਹੈ।
1852 ਵਿਚ ਇਸ ਹੀਰੇ ਨੂੰ ਲੰਡਨ ਵਿਚ ਦੁਬਾਰਾ ਕੱਟਿਆ ਗਿਆ। ਇਸ ਦੇ ਕੱਟਣ ਦੀ ਕੀਮਤ 8,000 ਪੌਂਡ ਅਦਾ ਕੀਤੀ ਗਈ। ਐਮਸਟਰਡਮ ਤੋਂ ਇਕ ਪ੍ਰਸਿੱਧ ਹੀਰਾ ਤਰਾਸ਼ ਵੂਰਸਾਂਗਰ ਨੂੰ ਇਸ ਕਾਰਜ ਲਈ ਬੁਲਾਇਆ ਗਿਆ, ਜਿਸ ਨੇ ਇਸ ਨੂੰ ਤਰਾਸ਼ਣ ਲਈ 38 ਦਿਨ ਲਾਏ ਅਤੇ ਇਹ ਹੀਰਾ 106/1/16 ਕੈਰੇਟ ਦਾ ਰਹਿ ਗਿਆ। ਲੰਡਨ ਦੇ ਇਕ ਜੌਹਰੀ ਗੈਰਾਲਡ ਨੇ 186 ਕੈਰੇਟ ਤੋਂ ਤਰਾਸ਼ ਕੇ ਅਜੋਕਾ 108.93 ਕੈਰੇਟ ਵਾਲਾ ਕੋਹਿਨੂਰ ਹੀਰਾ ਮੂਰਤੀਮਾਨ ਕੀਤਾ।
ਸਿੱਖਾਂ ਕੋਲ ਕਿਵੇਂ ਆਇਆ : ਜਦੋਂ ਖ਼ਾਲਸਾ ਪੰਥ ਦੀ ਲਗਾਤਾਰ ਜੱਦੋਜਹਿਦ ਰਾਹੀਂ ‘ਸਰਕਾਰ-ਏ-ਖ਼ਾਲਸਾ’ ਪੰਜਾਬ ਵਿਚ ਸਥਾਪਤ ਹੋਈ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਅਫ਼ਗਾਨਿਸਤਾਨ ਦੇ ਸ਼ਹਿਰ ਕਾਬਲ ਕੰਧਾਰ ਆਦਿ ਨੂੰ ਵੀ ਆਪਣੇ ਅਧੀਨ ਕਰ ਲਿਆ। ਅਹਿਮਦਸ਼ਾਹ ਦੁਰਾਨੀ ਦੇ ਵਾਰਸ ਸ਼ਾਹ-ਸ਼ੁਜਾਹ ਨੇ ਈਨ ਮੰਨ ਲਈ। ਇਸ ਸਾਬਕਾ ਬਾਦਸ਼ਾਹ ਕਾਬਲ ਨੂੰ ਦੀਵਾਨ ਮੁਹਕਮ ਚੰਦ ਮਾਰਚ 1813 ਵਿਚ ਲਾਹੌਰ ਲੈ ਆਇਆ। ਉਸ ਦੇ ਰੁਤਬੇ ਕਾਰਨ ਕੰਵਰ ਖੜਕ ਸਿੰਘ ਨੂੰ ਸ਼ਾਹਦਰੇ ਉਸ ਦੇ ਸਵਾਗਤ ਲਈ ਭੇਜਿਆ ਗਿਆ।
ਲਾਹੌਰ ਵਿਚ ਮੁਬਾਰਕ ਹਵੇਲੀ ਸ਼ਾਹ ਸ਼ੁਜਾਹ ਲਈ ਰਾਖਵੀਂ ਰੱਖੀ ਗਈ। ਪਹਿਲਾਂ ਸ਼ਾਹ ਨਾਂਹ-ਨੁੱਕਰ ਕਰਦਾ ਰਿਹਾ ਪਰ ਉਸਦੀ ਬੇਗਮ ‘ਵਫ਼ਾ ਬੇਗਮ’ ਨੇ ਇਹ ਕੀਮਤੀ ਹੀਰਾ ਦੇਣ ਲਈ ਇਕਰਾਰ ਕੀਤਾ। ਕੁਝ ਸਮੇਂ ਤੱਕ ਫਿਰ ਸ਼ਾਹ ਨੇ ਹੀਰਾ ਦੇਣ ਤੋਂ ਘੇਸਲ ਮਾਰ ਛੱਡੀ। ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸ਼ੁਜਾਹ ਨੂੰ ਕਈ ਤਕਲੀਫਾਂ ਦਿੱਤੀਆਂ ਅਤੇ ਉਸ ਨੂੰ ਚਿਤਾਵਨੀ ਦਿੱਤੀ ਕਿ ਪਰਿਵਾਰ ਨਾਲੋਂ ਵੱਖ ਕਰਕੇ ਅੰਮ੍ਰਿਤਸਰ ਦੇ ਗੋਬਿੰਦਗੜ੍ਹ ਕਿਲ੍ਹੇ ਵਿਚ ਕੈਦ ਕਰ ਦਿੱਤਾ ਜਾਵੇਗਾ। ਸ਼ਾਹ ਸ਼ੁਜਾਹ ਦੀ ਬੇਗਮ ਨੇ ਆਪਣੇ ਪਤੀ ਦੀ ਜ਼ਿੰਦਗੀ ਬਦਲੇ ਮਹਾਰਾਜਾ ਨੂੰ ਕੋਹਿਨੂਰ ਹੀਰਾ ਦੇਣ ਦਾ ਬਚਨ ਦਿੱਤਾ ਸੀ।
ਪਹਿਲੀ ਜੂਨ, 1813 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਭਾਈ ਗੁਰਮੁਖ ਸਿੰਘ, ਫ਼ਕੀਰ ਅਜ਼ੀਜ਼-ਉਦ-ਦੀਨ ਅਤੇ ਜਮਾਦਾਰ ਖੁਸ਼ਹਾਲ ਸਿਹੁੰ ਨੂੰ ਸ਼ਾਹ ਸ਼ੁਜਾਹ ਕੋਲ ਇਹ ਨਾਯਾਬ ਹੀਰਾ ਲਿਆਉਣ ਲਈ ਭੇਜਿਆ। ਸ਼ਾਹ ਨੇ ਤਿੰਨਾਂ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਕਿ ਮਹਾਰਾਜਾ ਆਪ ਆ ਕੇ ਹੀਰਾ ਲਵੇ। ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਖ਼ਬਰ ਮਿਲੀ ਤਾਂ ਉਸ ਨੇ ਖੁਸ਼ੀ-ਖੁਸ਼ੀ ਘੋੜ ਸਵਾਰ ਹੋ ਕੇ ਆਪਣੀਆਂ ਫ਼ੌਜਾਂ ਸਮੇਤ, ਇਕ ਹਜ਼ਾਰ ਰੁਪਿਆ ਨਕਦ ਚੁੱਕ ਕੇ ਮੁਬਾਰਕ ਹਵੇਲੀ ਵੱਲ ਕੂਚ ਕੀਤਾ। ਅਫ਼ਗਾਨੀ ਸ਼ਹਿਨਸ਼ਾਹ ਨੇ ਮਹਾਰਾਜਾ ਰਣਜੀਤ ਸਿੰਘ ਦਾ ਖੂਬ ਸਤਿਕਾਰ ਕੀਤਾ ਅਤੇ ਖੁਸ਼-ਆਮਦੀਦ ਆਖੀ। ਇਕ ਘੰਟਾ ਦੋਵਾਂ ਵਿਚਕਾਰ ਵਿਚਾਰਾਂ ਹੁੰਦੀਆਂ ਰਹੀਆਂ। ਆਖਰ ਸ਼ਾਹ ਨੇ ‘ਕੋਹਿਨੂਰ ਹੀਰਾ’ ਲਿਆ ਕੇ ਮਹਾਰਾਜਾ ਰਣਜੀਤ ਸਿੰਘ ਦੇ ਅੱਗੇ ਰੱਖ ਦਿੱਤਾ। ਆਪਸੀ ਦੋਸਤੀ ਦਾ ਐਲਾਨ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਨੂੰ ਇਸ ਦੀ ਕੀਮਤ ਪੁੱਛੀ ਤਾਂ ਸ਼ਾਹ ਨੇ ਆਖਿਆ, ‘ਇਸ ਦੀ ਕੀਮਤ ਲਾਠੀ ਹੈ। ਮੇਰੇ ਪੁਰਖਿਆਂ ਨੇ ਇਸ ਨੂੰ ਇਸੇ ਤਰ੍ਹਾਂ ਹਾਸਲ ਕੀਤਾ ਸੀ। ਤੁਸਾਂ ਇਸ ਨੂੰ ਮੇਰੇ ਤੋਂ ਘਸੁੰਨਾਂ-ਮੁੱਕਿਆਂ ਨਾਲ ਹਾਸਲ ਕੀਤਾ ਹੈ। ਜਦੋਂ ਤੁਹਾਡੇ ਤੋਂ ਵੀ ਤਾਕਤਵਰ ਰਾਜ ਆਇਆ, ਉਹ ਵੀ ਇਸੇ ਢੰਗ-ਤਰੀਕੇ ਨਾਲ ਤੁਹਾਡੇ ਤੋਂ ਲੈ ਲਵੇਗਾ।’ ਮਹਾਰਾਜਾ ਇਹ ਸੁਣ ਕੇ ਨਿਰਾਸ਼ ਨਹੀਂ ਹੋਇਆ ਅਤੇ ‘ਕੋਹਿਨੂਰ ਹੀਰਾ’ ਆਪਣੀ ਜੇਬ ਵਿਚ ਪਾ ਕੇ ਲੈ ਆਇਆ। ਮਹਾਰਾਜਾ ਨੇ ਸ਼ਾਹੀ ਮਹਿਲਾਂ ਵਿਚ ਪੁੱਜ ਕੇ ਇਕ ਵੱਡਾ ਦਰਬਾਰ ਬੁਲਾਇਆ ਅਤੇ ਇਸ ਵਡਮੁੱਲੇ ਹੀਰੇ ਦੀ ਪ੍ਰਾਪਤੀ ਦੀ ਖੁਸ਼ੀ ਵਿਚ ਸਾਰਾ ਸ਼ਹਿਰ ਰੋਸ਼ਨੀਆਂ ਨਾਲ ਰੋਸ਼ਨ ਕੀਤਾ ਗਿਆ। ਮਹਾਰਾਜਾ ਇਸ ਹੀਰੇ ਨੂੰ ਦੋ ਹੋਰ ਕੀਮਤੀ ਹੀਰਿਆਂ ਨਾਲ ਜੜ ਕੇ ਖਾਸ ਮੌਕਿਆਂ ‘ਤੇ ਆਪਣੀ ਬਾਂਹ ਨਾਲ ਬੰਨ੍ਹਦਾ ਸੀ।
ਇਹ ਹੀਰਾ ਲਾਹੌਰ ਦੇ ਸ਼ਾਹੀ ਖਜ਼ਾਨੇ ਵਿਚ 1849 ਤੱਕ ਰਿਹਾ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖੜਕ ਸਿੰਘ ਅਤੇ ਕੰਵਰ ਨੌਨਿਹਾਲ ਸਿੰਘ ਨੂੰ ਜਦੋਂ ਇਕ ਖਾਸ ਸਾਜ਼ਿਸ਼ ਤਹਿਤ ਗੂੜ੍ਹੀ ਨੀਂਦ ਸੁਆ ਦਿੱਤਾ ਗਿਆ ਤਾਂ ਚੰਦ ਕੌਰ ਦੇ ਦਾਅਵੇ ਇਕ ਪਾਸੇ ਰੱਖ ਕੇ, ਸ਼ੇਰ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾਇਆ ਗਿਆ ਤੇ ਇਹ ਨਾਯਾਬ ਤੋਹਫ਼ਾ ਉਸ ਦੇ ਹੱਥ ਆਇਆ।
ਇੰਗਲੈਂਡ ਵਿਚ ਪੁੱਜਣਾ : ਜਦੋਂ ਅੰਗਰੇਜ਼ਾਂ ਨੇ ਸਾਜ਼ਿਸ਼ਾਂ ਤਹਿਤ ਪੰਜਾਬ ਨੂੰ ਆਪਣੇ ਸਾਮਰਾਜ ਵਿਚ ਮਿਲਾਉਣ ਵਿਚ ਸਫ਼ਲਤਾ ਹਾਸਲ ਕੀਤੀ ਤਾਂ ਨਾਬਾਲਗ ਮਹਾਰਾਜਾ ਦਲੀਪ ਸਿੰਘ ਨੂੰ 18 ਵਰ੍ਹੇ ਦਾ ਹੋਣ ‘ਤੇ ਲਾਹੌਰ ਦਾ ਮਹਾਰਾਜਾ ਬਣਾਉਣ ਦਾ ਬਹਾਨਾ ਵੀ ਕੀਤਾ ਗਿਆ। ਉਸ ਸਮੇਂ ਮਹਾਰਾਜਾ ਦਲੀਪ ਸਿੰਘ ਨੂੰ ਧੋਖੇਬਾਜ਼ੀ ਨਾਲ ਅੰਗਰੇਜ਼ ਇੰਗਲੈਂਡ ਲੈ ਗਏ। ਲਾਹੌਰ ਦੇ ਸਿੱਖ ਦਰਬਾਰ ਵਿਚ ਕੋਹਿਨੂਰ ਹੀਰਾ, ਤਖ਼ਤ ਕੁਰਸੀ ਅਤੇ ਸਿੱਖ ਰਾਜ ਨਾਲ ਸਬੰਧਤ ਅਨੇਕਾਂ ਕਲਾਕ੍ਰਿਤੀਆਂ ਵੀ ਇੰਗਲੈਂਡ ਪੁੱਜੀਆਂ। ਇੰਗਲੈਂਡ ਪੁੱਜਣ ਤੋਂ ਪਹਿਲਾਂ ਇਹ ਸਾਰਾ ਖਜ਼ਾਨਾ ਗਵਰਨਰ ਜਨਰਲ 1850 ਵਿਚ ਬੰਬਈ ਲੈ ਗਿਆ, ਜਿਥੇ ਉਸ ਨੇ ਲੈਟ. ਕਰਨਲ ਸੀ.ਬੀ. ਮੈਕਸਨ ਅਤੇ ਕੈਪਟਨ ਰਾਮਸੇ ਦੇ ਹਵਾਲੇ ਕੀਤਾ ਜਿਥੋਂ ਉਹ ਯੂਰਪ ਲੈ ਗਏ। ਯੂਰਪ ਪੁੱਜ ਕੇ ਉਨ੍ਹਾਂ ਇਹ ਸਿੱਖ ਖਜ਼ਾਨਾ ਬੋਰਡ ਆਫ਼ ਡਾਇਰੈਕਟਰਜ਼ ਦੇ ਹਵਾਲੇ ਕੀਤਾ ਅਤੇ ਆਖਰ ਉਨ੍ਹਾਂ 3 ਜੁਲਾਈ, 1850 ਨੂੰ ਦੁਨੀਆ ਦਾ ਇਹ ਕੀਮਤੀ ਹੀਰਾ ‘ਮਹਾਰਾਣੀ’ ਨੂੰ ਭੇਟ ਕੀਤਾ। ਪਹਿਲੀ ਵਾਰ 1851 ਵਿਚ ਲੰਦਨ ਵਿਚ ਹੋਈ ਪਹਿਲੀ ਵੱਡੀ ਪ੍ਰਦਰਸ਼ਨੀ ਵਿਚ ਇਸ ਨੂੰ ਪ੍ਰਦਰਸ਼ਤ ਕੀਤਾ ਗਿਆ ਸੀ।
ਇਸ ਸਮੇਂ ਕਿੱਥੇ ਹੈ : ਇਹ ਹੀਰਾ ਪਹਿਲਾਂ ਬਰਤਾਨੀਆ ਦੀ ਰਾਣੀ ਮੇਰੀ ਦੀ ਸ਼ਾਹੀ ਤਖ਼ਤਪੋਸ਼ੀ ਲਈ ਤਿਆਰ ਕੀਤਾ ਗਿਆ ਸੀ। ਦੁਬਾਰਾ 1937 ਵਿਚ ਜਾਰਜ ਛੇਵੇਂ ਦੀ ਤਾਜਪੋਸ਼ੀ ਸਮੇਂ ਇਸ ਹੀਰੇ ਨੂੰ 2800 ਹੋਰ ਹੀਰਿਆਂ ਨਾਲ ਅਜੋਕੀ ਮਲਕਾ ਐਲਿਜ਼ਾਬੈਥ (ਦੂਜੀ) ਦੀ ਮਾਂ ਰਾਜਮਾਤਾ ਐਲਿਜ਼ਾਬੈਥ ਦੇ ਸ਼ਾਹੀ ਤਾਜ ਵਿਚ ਜੜਿਆ ਗਿਆ। ਅੱਜਕਲ੍ਹ ਇੰਗਲੈਂਡ ਦੇ ‘ਟਾਵਰ ਆਫ਼ ਲੰਡਨ’ ਵਿਚ ਸਖ਼ਤ ਹਿਫਾਜ਼ਤ ਅਧੀਨ ਪ੍ਰਦਰਸ਼ਤ ਹੈ। ਇਸ ਹੀਰੇ ਦੇ ਆਸ-ਪਾਸ ਸ਼ਾਹੀ ਘਰਾਣੇ ਦੇ ਹੋਰ ਸ਼ਾਹੀ ਤਾਜ ਵੀ ਰੱਖੇ ਗਏ ਹਨ। ਕੁਝ ਵਰ੍ਹੇ ਪਹਿਲਾਂ ਇਸ ਕੀਮਤੀ ਹੀਰੇ ਨੂੰ ‘ਕਰਿਸਟਲ ਮਹੱਲ’ ਵਿਚ ਪ੍ਰਦਰਸ਼ਤ ਕੀਤਾ ਗਿਆ ਸੀ। ਇਸ ਹੀਰੇ ਨੂੰ 2800 ਛੋਟੇ-ਛੋਟੇ ਹੀਰਿਆਂ ਦੇ ਕੇਂਦਰ ਵਿਚ ਜੜ੍ਹ ਕੇ ਰੱਖਿਆ ਗਿਆ ਹੈ ਤੇ ਇਸ ਦੀ ਖਾਸ ਅਤੇ ਪ੍ਰਭਾਵਸ਼ਾਲੀ ਅਕਾਸੀ ਦਿਲਫਰੇਬ ਨਜ਼ਾਰਾ ਪੇਸ਼ ਕਰਦੀ ਹੈ।
ਵਾਪਸੀ ਦੀ ਮੰਗ : ਬਰਤਾਨਵੀ ਸਰਕਾਰ ਕੋਲ ਸਮੇਂ-ਸਮੇਂ ਸਿੱਧੇ ਜਾਂ ਅਸਿੱਧੇ ਢੰਗ ਨਾਲ ਇਸ ਕੋਹਿਨੂਰ ਹੀਰੇ, ਸ਼ਾਹੀ ਸਿੱਖ ਖਜ਼ਾਨੇ ਅਤੇ ਹੋਰ ਕਲਾਕ੍ਰਿਤੀਆਂ ਦੀ ਵਾਪਸੀ ਦੀ ਮੰਗ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਵਰ੍ਹਿਆਂ ਵਿਚ ਭਾਰਤ ਦੇ ਸੰਸਦ ਮੈਂਬਰਾਂ ਨੇ ਵੀ ਇਸ ਅਹਿਮ ਸਿੱਖ ਖਜ਼ਾਨੇ ਨੂੰ ਵਾਪਸ ਕਰਨ ਦੀ ਮੰਗ ਰੱਖੀ ਸੀ। ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਤਾਜਪੋਸ਼ੀ ਦੇ 200 ਸਾਲਾ ਦਿਵਸ ‘ਤੇ ਇਹ ਨੁਕਤਾ ਹੋਰ ਵੀ ਸੁਚੱਜੇ ਢੰਗ ਨਾਲ ਅਖ਼ਬਾਰਾਂ ਦੀ ਜ਼ੀਨਤ ਬਣਿਆ ਹੈ ਪਰ ਬਰਤਾਨਵੀ ਸਰਕਾਰ ਇਸ ਖਜ਼ਾਨੇ ਨੂੰ ਵਾਪਸ ਕਰਨ ਦੀ ਮੰਗ ‘ਤੇ ਘੇਸਲ ਮਾਰੀ ਰੱਖਣ ਦੀ ਨੀਤੀ ‘ਤੇ ਚੱਲ ਰਹੀ ਹੈ।
ਡਾ. ਜਸਬੀਰ ਸਿੰਘ ਸਰਨਾ




Tags: , ,
Posted in: ਸਾਹਿਤ