ਛਠਮੁ ਪੀਰੁ ਬੈਠਾ ਗੁਰੁ ਭਾਰੀ

By June 21, 2016 0 Comments


guru hargobind jiਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਸ਼ਖ਼ਸੀਅਤ ਦੇ ਅਨੇਕਾਂ ਗੁਣ ਹਨ। ਉਨ੍ਹਾਂ ਨੂੰ ਕਈ ਵਿਸ਼ੇਸ਼ਣਾਂ ਨਾਲ ਸਤਿਕਾਰਿਆ ਜਾਂਦਾ ਹੈ, ਜਿਵੇਂ ਮੀਰੀ-ਪੀਰੀ ਦੇ ਮਾਲਕ, ਬੰਦੀਛੋੜ ਸਤਿਗੁਰੂ, ਵਡ ਯੋਧਾ, ਪਰਉਪਕਾਰੀ, ਗੁਰ-ਭਾਰੀ ਆਦਿ। ਭਾਈ ਗੁਰਦਾਸ ਜੀ ਆਪ ਜੀ ਦੀ ਸ਼ਖ਼ਸੀਅਤ ਨੂੰ ਬਿਆਨ ਕਰਦਿਆਂ ਲਿਖਦੇ ਹਨ:
ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ।
ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ।
ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ। (ਵਾਰ 1/48)
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ 1595 ਈ: ਨੂੰ ਗੁਰੂ ਕੀ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ ਹੋਇਆ। ਪੰਚਮ ਪਾਤਸ਼ਾਹ ਜੀ ਨੇ ਬਚਨ ਉਚਾਰੇ:
ਸਤਿਗੁਰ ਸਾਚੈ ਦੀਆ ਭੇਜਿ॥ ਚਿਰੁ ਜੀਵਨੁ ਉਪਜਿਆ ਸੰਜੋਗਿ॥
ਉਦਰੈ ਮਾਹਿ ਆਇ ਕੀਆ ਨਿਵਾਸੁ॥ ਮਾਤਾ ਕੈ ਮਨਿ ਬਹੁਤੁ ਬਿਗਾਸੁ॥
ਜੰਮਿਆ ਪੂਤੁ ਭਗਤੁ ਗੋਵਿੰਦ ਕਾ॥
ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ॥ (ਪੰਨਾ 396)
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਹਿਬਜ਼ਾਦੇ ਦੇ ਜਨਮ ਦੀ ਖੁਸ਼ੀ ਵਿਚ ਲੋਕਾਂ ਦੀ ਲੋੜ ਨੂੰ ਮੁੱਖ ਰੱਖ ਕੇ ਛੇ ਹਰਟਾਂ ਵਾਲਾ ਖੂਹ ਲਗਵਾਇਆ। ਇਹ ਅਸਥਾਨ ਅੱਜ ਇਕ ਵੱਡਾ ਕਸਬਾ ਹੈ ਅਤੇ ਛੇਹਰਟਾ ਸਾਹਿਬ ਕਰਕੇ ਜਾਣਿਆ ਜਾਂਦਾ ਹੈ। ਹੁਣ ਇਹ ਅੰਮ੍ਰਿਤਸਰ ਦਾ ਹੀ ਇਕ ਹਿੱਸਾ ਬਣ ਚੁੱਕਾ ਹੈ।
ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਬਚਪਨ ਗੁਰੂ ਕੀ ਵਡਾਲੀ ਵਿਚ ਹੀ ਬੀਤਿਆ। ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਗੁਰਗੱਦੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੇਣ ਕਾਰਨ ਪ੍ਰਿਥੀ ਚੰਦ ਬਹੁਤ ਈਰਖਾ ਕਰਦਾ ਸੀ। ਉਹ ਲਗਾਤਾਰ ਗੁਰੂ-ਘਰ ਉੱਤੇ ਹਮਲੇ ਕਰਦਾ ਆ ਰਿਹਾ ਸੀ। ਬਾਲ (ਗੁਰੂ) ਹਰਿਗੋਬਿੰਦ ਜੀ ਦੇ ਜਨਮ ‘ਤੇ ਪ੍ਰਿਥੀ ਚੰਦ ਹੋਰ ਈਰਖਾਲੂ ਹੋ ਗਿਆ। ਪ੍ਰਿਥੀਏ ਅਤੇ ਉਸ ਦੇ ਪਰਿਵਾਰ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ, ਕਿਉਂਕਿ ਉਹ ਇਹ ਆਸ ਲਾਈ ਬੈਠੇ ਸਨ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਕੋਈ ਔਲਾਦ ਨਹੀਂ ਹੈ, ਇਸ ਲਈ ਉਨ੍ਹਾਂ ਤੋਂ ਪਿੱਛੋਂ ਸਾਡਾ ਪੁੱਤਰ ਮੇਹਰਬਾਨ ਹੀ ਗੱਦੀ ‘ਤੇ ਬੈਠੇਗਾ। ਉਹ ਬਾਲ ਹਰਿਗੋਬਿੰਦ ਜੀ ਨੂੰ ਖਤਮ ਕਰਨਾ ਚਾਹੁੰਦਾ ਸੀ। ਇਸ ਵਾਸਤੇ ਉਸ ਵੱਲੋਂ ਕਈ ਢੰਗਾਂ ਨਾਲ ਹਮਲੇ ਕਰਵਾਏ ਗਏ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ (ਗੁਰੂ) ਹਰਿਗੋਬਿੰਦ ਜੀ ਦੀ ਵਿੱਦਿਆ ਦਾ ਵਿਸ਼ੇਸ਼ ਪ੍ਰਬੰਧ ਕੀਤਾ। ਬਾਬਾ ਬੁੱਢਾ ਜੀ ਦੀ ਨਿਗਰਾਨੀ ਵਿਚ ਜਿਥੇ ਆਪ ਜੀ ਨੂੰ ਗੁਰੂ-ਘਰ ਦੀ ਵਿੱਦਿਆ ਅਤੇ ਸ਼ਾਸਤਰਾਂ ਦੀ ਸਿੱਖਿਆ ਦਿੱਤੀ ਉਥੇ ਸ਼ਸਤਰ ਵਿੱਦਿਆ ਅਤੇ ਘੋੜ ਸਵਾਰੀ ਵਿਚ ਵੀ ਨਿਪੁੰਨ ਕੀਤਾ। ਆਪ ਸਡੌਲ ਸਰੀਰ ਦੇ ਨਰੋਏ ਅਤੇ ਬਲਵਾਨ ਸਨ। ਭਾਈ ਗੁਰਦਾਸ ਜੀ ਨੇ ‘ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ’ ਕਹਿੰਦਿਆਂ ਆਪ ਜੀ ਦੀ ਬਲਵਾਨਤਾ ਨੂੰ ਬਿਆਨ ਕੀਤਾ ਹੈ।
ਜਦ ਸ੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਨੂੰ ਜਾਣ ਲੱਗੇ, ਉਨ੍ਹਾਂ ਨੇ ਸੰਗਤ ਵਿਚ ਐਲਾਨ ਕੀਤਾ ਕਿ ਉਨ੍ਹਾਂ ਪਿੱਛੋਂ ਗੁਰਿਆਈ ਦਾ ਮਾਲਕ ਸਾਹਿਬਜ਼ਾਦਾ ਸ੍ਰੀ ਹਰਿਗੋਬਿੰਦ ਹੋਵੇਗਾ। ਗੁਰੂ ਜੀ ਦੀ ਆਗਿਆ ਅਨੁਸਾਰ 25 ਮਈ 1606 ਈ. ਨੂੰ ਬਾਬਾ ਬੁੱਢਾ ਜੀ ਨੇ ਸ੍ਰੀ ਹਰਿਗੋਬਿੰਦ ਜੀ ਨੂੰ ਗੱਦੀ ‘ਤੇ ਬਿਠਾ ਕੇ ਗੁਰਿਆਈ ਦੀ ਰਸਮ ਅਦਾ ਕੀਤੀ। ਉਸ ਵੇਲੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਉਮਰ 11 ਸਾਲ ਦੇ ਕਰੀਬ ਸੀ। ਗੁਰਿਆਈ ਸਮੇਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਕ੍ਰਿਪਾਨਾਂ ਪਾਉਣ ਲਈ ਕਿਹਾ। ਇਕ ਸੱਜੇ ਪਾਸੇ ਪਹਿਨੀ ਤੇ ਦੂਜੀ ਖੱਬੇ ਪਾਸੇ। ਇਹ ਦੋ ਕ੍ਰਿਪਾਨਾਂ ਜਿਨ੍ਹਾਂ ਵਿਚ ਇਕ ਮੀਰੀ ਦੀ ਪ੍ਰਤੀਕ ਹੈ ਤੇ ਦੂਜੀ ਪੀਰੀ ਦੀ। ਇਹ ਇਸ ਲਈ ਸੀ, ਕਿਉਂਕਿ ਆਪ ਜੀ ਨੂੰ ਅਹਿਸਾਸ ਹੋ ਗਿਆ ਸੀ ਕਿ ਭਗਤੀ ਦੇ ਨਾਲ ਆਤਮ ਰੱਖਿਆ ਲਈ ਸ਼ਕਤੀ ਦੀ ਬਹੁਤ ਵੱਡੀ ਲੋੜ ਹੈ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਵੀ ਹੁਕਮ ਕੀਤਾ ਕਿ ਅੱਜ ਤੋਂ ਉਹ ਸ਼ਸਤਰ ਵੀ ਪਹਿਨਿਆ ਕਰਨ, ਸਿਮਰਨ ਦੇ ਨਾਲ ਸ਼ਸਤਰ ਅਭਿਆਸ ਵੀ ਕਰਨ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਗੱਦੀ ਨੂੰ ਪਾਤਸ਼ਾਹੀ ਤਖ਼ਤ ਦਾ ਰੂਪ ਦੇ ਦਿੱਤਾ। ਆਪ ਸ਼ਸਤਰ ਪਹਿਨ ਕੇ ਸੀਸ ਉੱਪਰ ਕਲਗੀ ਸਜਾ ਕੇ ਗੁਰਗੱਦੀ ਉੱਪਰ ਬੈਠਦੇ ਸਨ। ਗੁਰੂ ਜੀ ਨੇ ਸੰਗਤਾਂ ਨੂੰ ਹੁਕਮਨਾਮੇ ਭੇਜੇ ਕਿ ਉਹ ਬਾਕੀ ਭੇਟਾਵਾਂ ਦੇ ਨਾਲ ਹੁਣ ਚੰਗੇ ਘੋੜੇ ਅਤੇ ਸ਼ਸਤਰ ਵੀ ਭੇਟ ਕਰਿਆ ਕਰਨ। ਜੋ ਸਿੱਖ ਸ਼ਸਤਰ ਜਾਂ ਘੋੜਾ ਭੇਟ ਕਰਦਾ, ਗੁਰੂ ਜੀ ਉਸ ਉੱਤੇ ਬਹੁਤ ਪ੍ਰਸੰਨ ਹੁੰਦੇ। ਆਪ ਸੰਗਤਾਂ ਨੂੰ ਸਿਮਰਨ ਦੇ ਨਾਲ-ਨਾਲ ਆਪਣੇ ਅੰਦਰ ਸ਼ਕਤੀ ਪੈਦਾ ਕਰਨ ਦੀ ਪ੍ਰੇਰਨਾ ਦਿੰਦੇ। ਉਸ ਸਮੇਂ ਬਾਦਸ਼ਾਹ ਜਹਾਂਗੀਰ ਨੇ ਐਲਾਨ ਕੀਤਾ ਹੋਇਆ ਸੀ ਕਿ ਕੋਈ ਵੀ ਵਿਅਕਤੀ ਆਪਣੇ ਬੈਠਣ ਲਈ ਥੜ੍ਹਾ ਵੀ ਉੱਚਾ ਨਹੀਂ ਬਣਾ ਸਕਦਾ।
ਆਪ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓਢੀ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੋਵਾਂ ਦਾ ਆਪਣਾ-ਆਪਣਾ ਮਹੱਤਵ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖੀ ਦਾ ਧਾਰਮਿਕ ਚਿੰਨ੍ਹ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸ਼ਕਤੀ ਦਾ ਪ੍ਰਤੱਖ ਪ੍ਰਮਾਣ। ਇਸ ਤਰ੍ਹਾਂ ਛੇਵੇਂ ਪਾਤਸ਼ਾਹ ਜੀ ਨੇ ਸਿੱਖ ਧਰਮ ਦੇ ਕੇਂਦਰੀ ਧਰਮ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਹੀ ਰਾਜ-ਸ਼ਕਤੀ ਅਤੇ ਸਿੱਖਾਂ ਦੀ ਵਿਲੱਖਣ ਹੋਂਦ ਦਾ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ-ਪੰਥ ਨੂੰ ਬਖ਼ਸ਼ ਦਿੱਤਾ। ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਤਖ਼ਤ ‘ਤੇ ਬੈਠਣਾ, ਦੋ ਕ੍ਰਿਪਾਨਾਂ ਧਾਰਨ ਕਰਨਾ, ਫੌਜ ਤਿਆਰ ਕਰਨੀ, ਨਗਾਰਾ ਵਜਾਉਣਾ, ਸ਼ਿਕਾਰ ਕਰਨਾ ਵਿਰੋਧੀਆਂ ਨੂੰ ਚੁੱਭਣ ਲੱਗਾ। ਉਨ੍ਹਾਂ ਨੇ ਗੁਰੂ ਜੀ ਦੀ ਸ਼ਿਕਾਇਤ ਜਹਾਂਗੀਰ ਪਾਸ ਕੀਤੀ ਅਤੇ ਕਿਹਾ ਕਿ ਗੁਰੂ ਜੀ ਦੀਆਂ ਇਹ ਤਿਆਰੀਆਂ ਹਕੂਮਤ ਲਈ ਖ਼ਤਰਾ ਹਨ।
ਜਹਾਂਗੀਰ ਨੇ ਵਿਰੋਧੀਆਂ ਦੀਆਂ ਚਾਲਾਂ ਵਿਚ ਆ ਕੇ ਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ। ਇਸ ਖ਼ਬਰ ਨੇ ਸਿੱਖਾਂ ਅੰਦਰ ਬੇਚੈਨੀ ਪੈਦਾ ਕਰ ਦਿੱਤੀ। ਕਰੀਬ ਦੋ ਕੁ ਸਾਲ ਦੀ ਕੈਦ ਉਪਰੰਤ ਗੁਰੂ ਜੀ ਦੀ ਰਿਹਾਈ ਹੋਈ। ਆਪ ਨੇ ਆਪਣੀ ਰਿਹਾਈ ਸਮੇਂ ਜਹਾਂਗੀਰ ਦੀ ਕੈਦ ਕੱਟ ਰਹੇ 52 ਰਾਜਿਆਂ ਨੂੰ ਵੀ ਨਾਲ ਰਿਹਾਅ ਕਰਵਾਇਆ। ਜਦੋਂ ਸ੍ਰੀ ਗੁਰੂ ਹਰਿਗੋਬਿੰਦ ਜੀ ਗਵਾਲੀਅਰ ਤੋਂ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਪਹੁੰਚੇ ਤਾਂ ਸੰਗਤਾਂ ਨੇ ਆਪ ਜੀ ਦੀ ਆਮਦ ਦੀ ਖੁਸ਼ੀ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਘਿਉ ਦੇ ਦੀਵੇ ਜਗਾਏ। ਇਸ ਦਿਨ ਨੂੰ ਸੰਗਤਾਂ ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਖੁਸ਼ੀ ਨਾਲ ਬੰਦੀਛੋੜ ਦਿਵਸ ਦੇ ਰੂਪ ਵਿਚ ਮਨਾਉਂਦੀਆਂ ਹਨ। ਇਹ ਨਜ਼ਾਰਾ ਦੇਖਣਯੋਗ ਹੁੰਦਾ ਹੈ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਜੀਵਨ-ਕਾਲ ਵਿਚ ਜ਼ੁਲਮ ਦੇ ਖਿਲਾਫ਼ ਅੰਮ੍ਰਿਤਸਰ, ਸ੍ਰੀ ਹਰਿਗੋਬਿੰਦਪੁਰ, ਗੁਰੂਸਰ ਮਹਿਰਾਜ ਅਤੇ ਕਰਤਾਰਪੁਰ ਦੀਆਂ ਚਾਰ ਜੰਗਾਂ ਲੜੀਆਂ ਅਤੇ ਜਿੱਤਾਂ ਹਾਸਲ ਕੀਤੀਆਂ। ਆਪ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਅਨੇਕਾਂ ਥਾਵਾਂ ਦਾ ਦੌਰਾ ਕੀਤਾ ਅਤੇ ਕਈ ਨਗਰ ਵਸਾਏ। ਅਖੀਰ ਆਪ ਜੀ ਨੇ ਆਪਣੇ ਪੋਤਰੇ ਸ੍ਰੀ ਹਰਿਰਾਇ ਸਾਹਿਬ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਅਤੇ 3 ਮਾਰਚ 1644 ਈ: ਨੂੰ ਜੋਤੀ ਜੋਤਿ ਸਮਾ ਗਏ, ਜਿਸ ਨਾਲ ਸਬੰਧਤ ਅਸਥਾਨ ਕੀਰਤਪੁਰ ਸਾਹਿਬ ਵਿਖੇ ਸੁਸ਼ੋਭਿਤ ਹੈ।
By Daljit Singh Bedi

-ਮੋਬਾ: 98148-98570
Tags:
Posted in: ਸਾਹਿਤ