ਸੇਵਾ ਦੇ ਪੁੰਜ ਭਾਈ ਕਨ੍ਹੱਈਆ ਜੀ

By May 24, 2016 0 Comments


bhai Kanahiya ji 2
ਭਾਈ ਕਨ੍ਹੱਈਆ ਜੀ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਦੇ ਅਨਿੰਨ ਸੇਵਕ ਸਨ। ਉਨ੍ਹਾਂ ਦਾ ਜਨਮ ਇੱਕ ਖੱਤਰੀ ਪਰਿਵਾਰ ਵਿੱਚ ਸਿਆਲਕੋਟ ਜ਼ਿਲ੍ਹੇ (ਹੁਣ ਪਾਕਿਸਤਾਨ ਵਿੱਚ) ਦੇ ਸੁਢਾਰਾ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਵਪਾਰੀ ਸਨ ਤੇ ਉਹ ਅਮੀਰ ਘਰਾਣੇ ਨਾਲ ਸਬੰਧ ਰੱਖਦੇ ਸਨ। ਭਾਈ ਕਨ੍ਹੱਈਆ ਜੀ ਬਚਪਨ ਤੋਂ ਹੀ ਗ਼ਰੀਬਾਂ ਦੀ ਸੇਵਾ ਕਰਨ ਲਈ ਤਤਪਰ ਰਹਿੰਦੇ ਸਨ।
ਆਪਣੇ ਪਿਤਾ ਦੀ ਮੌਤ ਮਗਰੋਂ ਉਨ੍ਹਾਂ ਨੇ ਕਾਰੋਬਾਰ ਸਾਂਭ ਲਿਆ। ਇਸੇ ਦੌਰਾਨ ਉਹ ਗੁਰੂ ਤੇਗ਼ ਬਹਾਦਰ ਜੀ ਦੇ ਸਿੱਖ ਭਾਈ ਨਨੂਆ ਦੇ ਸੰਪਰਕ ਵਿੱਚ ਆਏ ਤੇ ਉਨ੍ਹਾਂ ਦੇ ਮੂੰਹੋਂ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਸੁਣ ਕੇ ਬਹੁਤ ਪ੍ਰਭਾਵਿਤ ਹੋਏ। ਮਗਰੋਂ ਉਹ ਗੁਰੂ ਤੇਗ਼ ਬਹਾਦਰ ਜੀ ਕੋਲ ਚਲੇ ਗਏ ਤੇ ਉਨ੍ਹਾਂ ਦੇ ਸਿੱਖ ਬਣ ਗਏ। ਇੱਥੇ ਉਹ ਨੌਵੇਂ ਪਾਤਸ਼ਾਹ ਤੇ ਸੰਗਤ ਦੀ ਸੇਵਾ ਕਰਨ ਲੱਗੇ। ਇੱਕ ਦਿਨ ਗੁਰੂ ਜੀ ਉਨ੍ਹਾਂ ਕੋਲ ਆਏ ਤੇ ਮਾਨਵਤਾ ਦੀ ਸੇਵਾ ਕਰਨ ਦਾ ਵਰ ਦਿੱਤਾ। ਮਗਰੋਂ ਭਾਈ ਕਨ੍ਹੱਈਆ ਜੀ ਆਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਕੋਲ ਚਲੇ ਗਏ। ਖ਼ਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਜਬਰ, ਜ਼ੁਲਮ ਦੇ ਖ਼ਾਤਮੇ ਤੇ ਗ਼ਰੀਬਾਂ, ਮਜ਼ਲੂਮਾਂ ਦੀ ਰੱਖਿਆ ਲਈ ਹੋ ਰਹੇ ਧਰਮ ਯੁੱਧ ਵਿੱਚ ਉਹ ਚਮੜੇ ਦੀ ਮਸ਼ਕ ਪਾਣੀ ਨਾਲ ਭਰ ਕੇ, ਲੜਾਈ ਵਿੱਚ ਚੱਲਦੀਆਂ ਤੋਪਾਂ, ਗੋਲੀਆਂ ਦੇ ਮੀਂਹ ਤੇ ਤੀਰਾਂ ਦੀ ਬੁਛਾੜ ਵਿੱਚ ਜਿੱਥੇ ਕੋਈ ਪਾਣੀ ਮੰਗਦਾ, ਪੁੱਜ ਕੇ ਉਸ ਨੂੰ ਪਾਣੀ ਪਿਲਾਉਂਦੇ। ਉਹ ਜ਼ਖ਼ਮੀ ਹੋਏ ਦੁਸ਼ਮਣਾਂ ਦੇ ਸੈਨਿਕਾਂ ਨੂੰ ਵੀ ਪਾਣੀ ਪਿਲਾ ਕੇ ਮੁੜ ਜੀਵਿਤ ਕਰ ਦਿੰਦੇ। ਇਹ ਸਭ ਵੇਖ ਕੇ ਕੁਝ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਸ਼ਿਕਾਇਤ ਕੀਤੀ ਕਿ ਉਹ ਮੈਦਾਨ-ਏ-ਜੰਗ ਵਿੱਚ ਦੁਸ਼ਮਣ ਨੂੰ ਮੁਸ਼ਕਲ ਨਾਲ ਸੁੱਟਦੇ ਹਨ ਪਰ ਭਾਈ ਕਨ੍ਹੱਈਆ ਆਪਣੀ ਮਸ਼ਕ ਨਾਲ ਉਨ੍ਹਾਂ ਨੂੰ ਪਾਣੀ ਪਿਲਾ ਕੇ ਮੁੜ ਨਵਾਂ- ਨਰੋਆ ਕਰ ਦਿੰਦਾ ਹੈ।
ਇਸ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਕਨ੍ਹੱਈਆ ਜੀ ਨੂੰ ਸੱਦ ਲਿਆ, ਉਹ ਹੱਥ ਜੋੜ ਕੇ ਗੁਰੂ ਜੀ ਦੇ ਸਾਹਮਣੇ ਖੜ੍ਹੇ ਹੋ ਗਏ। ਸਿੰਘ ਵੀ ਉੱਥੇ ਆਣ ਖੜ੍ਹੇ ਹੋ ਗਏ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਛਿਆ, ‘‘ਭਾਈ ਕਨ੍ਹੱਈਆ। ਸਾਰੇ ਸਿੰਘ ਸ਼ਿਕਾਇਤ ਕਰਦੇ ਹਨ ਕਿ ਤੂੰ ਵੈਰੀਆਂ ਨੂੰ ਪਾਣੀ ਪਿਲਾ ਕੇ ਮੁੜ ਜੀਵਿਤ ਕਰ ਦਿੰਦਾ ਹੈਂ। ਕੀ ਇਹ ਸੱਚ ਹੈ?’’ ਭਾਈ ਕਨ੍ਹੱਈਆ ਨੇ ਆਖਿਆ, ‘‘ਸੱਚੇ ਪਾਤਸ਼ਾਹ! ਮੈਂ ਕਿਸੇ ਵੈਰੀ ਨੂੰ ਕੋਈ ਪਾਣੀ ਨਹੀਂ ਪਿਲਾਇਆ।’’ ਗੁਰੂ ਜੀ ਨੇ ਕਿਹਾ, ‘‘ਹੋਰ ਕਿਸ ਨੂੰ ਪਾਣੀ ਪਿਲਾਉਂਦਾ ਹੈਂ। ਕੀ ਤੁਸੀਂ ਤੁਰਕ, ਪਹਾੜੀਆਂ ਨੂੰ ਪਾਣੀ ਨਹੀਂ ਪਿਲਾਇਆ?’’ ਭਾਈ ਕਨ੍ਹੱਈਆ ਰਾਮ ਦਾ ਜਵਾਬ ਨਾਂਹ ਵਿੱਚ ਸੀ। ਜਵਾਬ ਸੁਣ ਕੇ ਸੰਗਤਾਂ ਹੈਰਾਨ ਹੋ ਗਈਆਂ। ਗੁਰੂ ਜੀ ਕਹਿਣ ਲੱਗੇ, ‘‘ਜੇ ਤੁਸੀਂ ਤੁਰਕ, ਪਹਾੜੀਆਂ ਨੂੰ ਪਾਣੀ ਨਹੀਂ ਪਿਲਾਇਆ ਤਾਂ ਫਿਰ ਕਿਸ ਨੂੰ ਪਿਲਾਉਂਦਾ ਹੈਂ।’’ ਭਾਈ ਕਨ੍ਹੱਈਆ ਰਾਮ ਕਹਿਣ ਲੱਗਾ,‘‘ਮੈਨੂੰ ਤਾਂ ਹਰ ਕਿਸੇ ਵਿੱਚ ਤੁਹਾਡਾ ਹੀ ਰੂਪ (ਚਿਹਰਾ) ਨਜ਼ਰ ਆਉਂਦਾ ਹੈ। ਮੈਥੋਂ ਤਾਂ ਤੁਸੀਂ ਆਪ ਪਾਣੀ ਮੰਗਦੇ ਹੋ। ਮੈਨੂੰ ਤੁਹਾਡੇ ਬਗੈਰ ਕੋਈ ਨਜ਼ਰ ਨਹੀਂ ਆਉਂਦੀ।’’ ਭਾਈ ਕਨ੍ਹੱਈਆ ਰਾਮ ਦੇ ਬਚਨ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਬੜੇ ਪ੍ਰਸੰਨ ਹੋਏ।
ਭਾਈ ਕਨ੍ਹੱਈਆ ਜੀ ਨੂੰ ਦੁਬਾਰਾ ਜੰਗ ਦੇ ਮੈਦਾਨ ਵਿੱਚ ਭੇਜਦਿਆਂ ਗੁਰੂ ਜੀ ਨੇ ਉਨ੍ਹਾਂ ਦੇ ਹੱਥ ਵਿੱਚ ਮਲ੍ਹਮ-ਪੱਟੀ ਦਾ ਡੱਬਾ ਫੜਾ ਕੇ ਕਿਹਾ ਕਿ, ‘‘ਜਿੱਥੇ ਤੁਸੀਂ ਪਿਆਸਿਆਂ ਨੂੰ ਜਲ ਛਕਾ ਕੇ ਉਨ੍ਹਾਂ ਦੀ ਪਿਆਸ ਦੂਰ ਕਰਦੇ ਹੋ, ਹੁਣ ਉਨ੍ਹਾਂ ਦੇ ਜ਼ਖ਼ਮਾਂ ’ਤੇ ਮਲ੍ਹਮ ਪੱਟੀ ਕਰ ਕੇ ਉਨ੍ਹਾਂ ਦਾ ਦਰਦ ਵੀ ਦੂਰ ਕਰਿਆ ਕਰੋ।’’ ਇਸ ਪਿੱਛੋਂ ਭਾਈ ਕਨ੍ਹੱਈਆ ਨੂੰ ਸਾਰੇ ਸਾਧੂ ਜਾਣਨ ਲੱਗ ਪਏ। ਉਹ ਜਿੱਥੋਂ ਲੰਘਦੇ, ਲੋਕ ਨਮਸਕਾਰ ਕਰਦੇ। ਸੰਤ ਰਤਨ ਮਾਲਾ ਵਿੱਚ ਲਿਖਿਆ ਹੈ, ‘‘ਭਾਈ ਕਨ੍ਹੱਈਆ ਜੀ ਸਿੰਘਾਂ ਤੇ ਤੁਰਕਾਂ ਬੀਚ ਵੀ ਵਿਚਰਦੇ। ਕੋਈ ਇਸ ਕੋ ਅਟਕਾਵੈ ਨਾਹੀ। ਨਿਸੰਗ ਹੀ ਫਿਰੇ। ਇਕ ਸਮਾਨ ਸਭੀ ਕੋ ਜਾਨ ਕੇ ਸੇਵਾ ਬੜੇ ਪ੍ਰੇਮ ਸੇ ਕਰਹਿ।। ਅਰ ਸਾਧੂ ਜਾਣ ਕੇ ਸਭੀ ਨਮਸਕਾਰ ਕਰੈ, ਕੋਈ ਇਸ ਕੋ ਦੁਖਾਵੈ ਨਾਹੀ।।’’ ਭਾਈ ਕਨ੍ਹੱਈਆ ਜੀ ਤੋਂ ਉਤਸ਼ਾਹਿਤ ਹੋ ਕੇ ਕਈ ਹੋਰ ਸਿੱਖ ਵੀ ਮੈਦਾਨ-ਏ-ਜੰਗ ਵਿੱਚ ਜਲ ਦੀ ਸੇਵਾ ਤੇ ਮਲ੍ਹਮ ਪੱਟੀ ਕਰਦੇ। ਭਾਈ ਕਨ੍ਹੱਈਆ ਜੀ ਵੱਲੋਂ ਕੀਤੀ ਸੇਵਾ ਦਾ ਸੰਕਲਪ ਹੀ ਰੈੱਡ ਕਰਾਸ ਦੀ ਰੂਹ ਬਣਿਆ।
ਕਰਨੈਲ ਸਿੰਘ ਐੱਮ.ਏ.
Tags:
Posted in: ਸਾਹਿਤ